ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ

4. ਮੈਡੀਕਲ ਸਾਇੰਸ ਹੋਮਿਓਪੈਥੀ ਨੂੰ ਅਪਰੂਵ ਕਿਉਂ ਨਹੀਂ ਕਰਦੀ? ਜਦੋਂ ਕਿ ਸੰਸਾਰ ਪੱਧਰ ਦੀ ਮੈਡੀਕਲ ਕੌਂਸਿਲ ਨੇ ਹੋਮਿਓਪੈਥੀ ਨੂੰ Scintfic Method of treatment ਦਾ ਦਰਜਾ ਦਿੱਤਾ ਹੋਇਆ ਹੈ। ਵੇਖਿਆ ਜਾਵੇ ਤਾਂ ਹੋਮਿਓਪੈਥੀ ਦੀਆਂ ਦਵਾਈਆਂ ਕੁਦਰਤੀ ਜੜੀ-ਬੂਟੀਆਂ ਤੋਂ ਬਣਾਈਆਂ ਜਾਂਦੀਆਂ ਹਨ। ਫਿਰ ਇਹਨਾਂ ਦਵਾਈਆਂ ਵਿੱਚ ਨੁਕਸਾਨਦਾਇਕ ਕੀ ਹੁੰਦਾ ਹੈ?
5. ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਹਜ਼ਰਤ ਮੁਹੰਮਦ ਦੇ ਸਮਿਆਂ ਦੇ ਵਿਗਿਆਨਿਕਾਂ ਦੇ ਨਾਂ ਦੱਸਣ ਦੀ ਖੇਚਲ ਕਰਨਾ, ਖਾਸ ਤੌਰ `ਤੇ ਜਿਹੜੇ ਵਿਗਿਆਨਕਾਂ ਨੇ ਮਨੁੱਖ, ਜੀਵ ਜੰਤੂਆਂ ਤੇ ਬ੍ਰਹਿਮੰਡ ਦੇ ਪੈਦਾ ਹੋਣ ਦੇ ਕਾਰਨਾਂ ਬਾਰੇ ਉਸ ਸਮੇਂ ਵਿਗਿਆਨਿਕ ਖੋਜਾਂ ਕੀਤੀਆਂ?
6. ਧਾਰਮਿਕ ਸੰਸਥਾਵਾਂ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੀਆਂ ਹਨ। ਜੇਕਰ ਧਾਰਮਿਕ ਸਥਾਨ ਨਹੀਂ ਹੋਣਗੇ ਤਾਂ ਕਾਫੀ ਗਿਣਤੀ ਵਿੱਚ ਇੱਥੇ ਕੰਮ ਕਰ ਰਹੇ ਲੋਕ ਵਿਹਲੇ ਹੋ ਜਾਣਗੇ ਤੇ ਹੋਰ ਪਾਸੇ ਕੰਮ ਭਾਲਣਗੇ ਜਦੋਂਕਿ ਨੌਕਰੀਆਂ ਦੀ ਪਹਿਲਾਂ ਹੀ ਵੱਡੀ ਘਾਟ ਹੈ। ਕੀ ਰੁਜ਼ਗਾਰ ਦੇਣਾ ਧਾਰਮਿਕ ਸੰਸਥਾਵਾਂ ਦਾ ਚੰਗਾ ਪੱਖ ਨਹੀਂ? ਤੁਸੀਂ ਇਸ ਬਾਰੇ ਕੀ ਸੋਚਦੇ ਹੋ?
– ਜਿੰਦਰਜੀਤ, 157/ਏ, ਚੰਡੀਗੜ੍ਹ

– ਹੋਮੀਓਪੈਥੀ ਵਿੱਚ ਦਵਾਈਆਂ ਨੂੰ ਉਸ ਹੱਦ ਤੱਕ ਪਤਲਾ ਕੀਤਾ ਜਾਂਦਾ ਹੈ ਕਿ ਇਸ ਵਿੱਚ ਦਵਾਈ ਦਾ ਇੱਕ ਵੀ ਪ੍ਰਮਾਣੂ ਜਾਂ ਅਣੂ ਨਹੀਂ ਰਹਿ ਸਕਦਾ। ਇਸ ਲਈ ਸੰਸਾਰ ਪੱਧਰ ਦੀਆਂ ਦਵਾਈਆਂ ਦੀਆਂ ਵਿਗਿਆਨਕ ਸੰਸਥਾਵਾਂ ਇਸ ਪੈਥੀ ਨੂੰ ਕੋਈ ਮਾਨਤਾ ਨਹੀਂ ਦਿੰਦੀਆਂ। ਮੈਂ ਅੱਜਕੱਲ੍ਹ ਕੈਨੇਡਾ ਤੇ ਅਮਰੀਕਾ ਵਿੱਚ ਹਾਂ। ਇੱਥੇ ਹੋਮੀਓਪੈਥੀ ਨੂੰ ਕੋਈ ਵੀ ਮਾਨਤਾ ਨਹੀਂ। ਹੋਮੀਓਪੈਥੀ ਦਵਾਈਆਂ ਨੁਕਸਾਨਦਾਇਕ ਹੋ ਹੀ ਨਹੀਂ ਸਕਦੀਆਂ ਕਿਉਂਕਿ ਨੁਕਸਾਨ ਤਾਂ ਹੀ ਕਰ ਸਕਦੀਆਂ ਹਨ ਜੇ ਇਹਨਾਂ ਵਿੱਚ ਕੁਝ ਹੋਊ। ਜਦੋਂ ਹੁੰਦਾ ਹੀ ਕੁਝ ਨਹੀਂ ਫਿਰ ਨੁਕਸਾਨ ਵੀ ਕਿਵੇਂ ਹੋਊ।
– ਕਾਪਰੀਨਿਕਸ ਦਾ ਜਨਮ 1473 ਵਿੱਚ ਹੋਇਆ ਸੀ ਤੇ ਉਸਨੇ ਪਹਿਲੀ ਵਾਰ ਇਹ ਸਿੱਧ ਕੀਤਾ ਕਿ ਧਰਤੀ ਸੂਰਜ ਦੁਆਲੇ ਚੱਕਰ ਲਾਉਂਦੀ ਹੈ। ਗਲੈਲੀਓ ਨੇ ਦੂਰਬੀਨ ਉਸ ਤੋਂ ਬਾਅਦ ਬਣਾਈ। ਹੱਬਲ, ਕਾਰਲ ਸੇਗਲ ਆਈਨਸਟਾਈਨ, ਮੇਰੀ ਕਿਉਰੀ, ਐਡੀਸ਼ਨ, ਨਿਊਟਨ ਤੇ ਫਲੈਮਿੰਗ, ਬਰੂਨੋ ਵਾਸਿਲੀਆ ਤੇ ਬਹੁਤ ਸਾਰੇ ਹੋਰ ਅਜਿਹੇ ਵਿਗਿਆਨਕ ਸਨ ਜਿਨ੍ਹਾਂ ਨੇ ਮਹਾਨ ਖੋਜਾਂ ਕੀਤੀਆਂ ਹਨ। ਦੁਨੀਆਂ ਦੇ ਬਹੁਤ ਸਾਰੇ ਸੁੱਖ-ਆਰਾਮ ਉਹਨਾਂ ਦੀ ਬਦੌਲਤ ਹਨ।
– ਧਾਰਮਿਕ ਸੰਸਥਾਵਾਂ ਲੋਕਾਂ ਵਿੱਚ ਵਿਹਲੇ ਰਹਿ ਕੇ ਖਾਣ ਦੀ ਰੁਚੀ ਨੂੰ ਵਧਾ ਰਹੀਆਂ ਹਨ। ਜਦੋਂ ਕੋਈ ਮਨੁੱਖ ਅਜਿਹੇ ਵਿਅਕਤੀ ਨੂੰ ਵੇਖਦਾ ਹੈ ਜਿਹੜਾ ਵਿਹਲਾ ਰਹਿ ਕੇ ਵਧੀਆ ਖਾਂਦਾ ਪਹਿਨਦਾ ਹੈ ਤੇ ਉਪਦੇਸ਼ ਦਿੰਦਾ ਹੈ ਤਾਂ ਲੋਕਾਂ ਵਿੱਚ ਵੀ ਅਜਿਹੀਆਂ ਰੁਚੀਆਂ ਪੈਦਾ ਹੁੰਦੀਆਂ ਹਨ।

Back To Top