ਨਿਊਜੀਲੈਂਡ ਵਿਚ ਵੱਸਦੇ ਪੰਜਾਬੀ (ਪਰਿਵਾਰਕ ਸਮੱਸਿਆਵਾਂ…(1))

ਮੇਘ ਰਾਜ ਮਿੱਤਰ

ਨਿਊਜੀਲੈਂਡ ਦੀ ਯਾਤਰਾ ਸਮੇਂ ਮੈਨੂੰ ਇੱਕ ਅਜਿਹੀ ਪੰਜਾਬੀ ਇਸਤਰੀ ‘ਨੀਤੂ’ ਨੂੂੰ ਮਿਲਣ ਦਾ ਮੌਕਾ ਵੀ ਮਿਲਿਆ। 30 ਕੁ ਵਰਿ੍ਹਆਂ ਦੀ ਨੀਤੂ ਹਰ ਸਮੇਂ ਪਾਠ ਹੀ ਕਰਦੀ ਰਹਿੰਦੀ ਸੀ। ਜਦੋਂ ਮੈਂ ਉਸਦੇ ਬੀਤੇ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਬੜੀ ਹੈਰਾਨੀ ਹੋਈ। ਉਸਦੇ ਆਪਣੇ ਮੌਜੂਦਾ ਪਤੀ ਨਾਲ ਸਬੰਧ ਬਹੁਤੇ ਠੀਕ ਨਹੀਂ ਸੀ ਚੱਲ ਰਹੇ ਸੋ ਉਸਨੇ ਉਸਤੋਂ ਤਲਾਕ ਦੇ ਕਾਗਜ਼ ਲੈ ਲਏ ਤੇ ਪਰ ਰਹਿੰਦੀ ਉਸ ਨਾਲ ਹੀ ਰਹੀ। ਉਸਦੇ ਮਾਪਿਆਂ ਨੇ ਪੰਜਾਬ ਵਿਚੋਂ ਇੱਕ ਮੁੰਡੇ ਨਾਲ ਗਿੱਟਮਿੱਟ ਕਰ ਲਈ। ਮੁੰਡੇ ਨੂੰ ਦੋ ਕਿੱਲੇ ਪੈਲੀ ਆਉਂਦੀ ਸੀ। ਉਸਨੇ ਉਹ ਵੇਚ ਦਿੱਤੀ ਅਤੇ ਪੈਸੇ ਉਸ ਕੁੜੀ ਕੋਲ ਨਿਊਜ਼ੀਲੈਂਡ ਲੈ ਗਿਆ। ਉਧਰ ਪਹੁੰਚ ਕੇ ਨੀਤੂ ਦੀ ਸਕੀ ਭਰਜਾਈ ਹੀ ਉਸ ਮੁੰਡੇ ਤੇ ਮਰ ਮਿਟੀ। ਮੁੰਡੇ ਦੀ ਹਰਕਤ ਤੋਂ ਨਰਾਜ਼ ਹੋ ਕੇ ਨੀਤੂ ਦੇ ਮਾਪਿਆਂ ਨੇ ਉਸ ਮੁੰਡੇ ਦੀ ਸ਼ਿਕਾਇਤ ਨਿਊਜੀਲੈਂਡ ਦੀ ਇਮੀਗਰੇਸ਼ਨ ਵਾਲਿਆਂ ਕੋਲ ਕਰ ਦਿੱਤੀ। ਮੁੰਡੇ ਨੇ ਪਹਿਲਾਂ ਹੀ ਦੋ ਪਾਸਪੋਰਟ ਜਾਰੀ ਕਰਵਾਏ ਹੋਏ ਸਨ। ਸ਼ਿਕਾਇਤਾਂ ਤੇ ਸ਼ਿਕਾਇਤਾਂ ਹੁੰਦੀਆਂ ਰਹੀਆਂ। ਅੱਜ ਕੱਲ੍ਹ ਉਹ ਮੁੰਡਾ ਭਾਰਤੀ ਜੇਲ੍ਹਾਂ ਵਿੱਚ ਦਿਨ ਕੱਟ ਰਿਹਾ ਹੈ। ਆਪਣੀ ਜਮੀਰ ਹੱਥੋਂ ਦੁਖੀ ਹੋਈ ਨੀਤੂ ਅੱਜ ਵੀ ਆਪਣੇ ਪਹਿਲੇ ਪਤੀ ਨਾਲ ਹੀ ਰਹਿ ਕੇ ਪਾਠ ਪੂਜਾ ਕਰ ਰਹੀ ਹੈ।
ਇਹ ਕੋਈ ਇੱਕ ਕੇਸ ਨਹੀਂ। ਨਿਊਜੀਲੈਂਡ ਦੇ ਘਰਾਂ ਵਿੱਚ ਸੈਂਕੜੇ ਅਜਿਹੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ। ਪੰਜਾਬੀਆਂ ਵਿਚੋਂ ਬਹੁਤਿਆਂ ਨੇ ਆਪਣੇ ਮਿਆਰ ਕਾਇਮ ਰੱਖੇ ਹੋਏ ਹਨ ਅਤੇ ਉਹ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਨ ਤੋਂ ਪ੍ਰਹੇਜ ਕਰਦੇ ਹਨ। ਪਰ ਫਿਰ ਵੀ ਤੁਹਾਨੂੰ ਉੱਕਾ ਦੁੱਕਾ ਘਟਨਾਵਾਂ ਅਜਿਹੀਆਂ ਮਿਲ ਹੀ ਜਾਂਦੀਆਂ ਹਨ ਜਿਹੜੀਆਂ ਗੋਰਿਆਂ ਦੀ ਨਜ਼ਰ ਵਿੱਚ ਭਾਰਤੀਆਂ ਨੂੰ ਨੀਵੇਂ ਕਰ ਦਿੰਦੀਆਂ ਹਨ।
ਕਈ ਪਤੀ ਪਤਨੀ ਉਂਝ ਤਾਂ ਇਕੱਠੇ ਰਹਿੰਦੇ ਹੁੰਦੇ ਹਨ ਪਰ ਡੋਲ ਲੈਣ ਲਈ ਉਹ ਆਪਣੀਆਂ ਇਸਤਰੀਆਂ ਨੂੰ ਤਲਾਕ ਦੇ ਦਿੰਦੇ ਹਨ। ਕਿਸੇ ਇਕੱਲੀ ਰਹਿਣ ਵਾਲੀ ਤਲਾਕਸ਼ੁਦਾ ਬੇਰੁਜਗਾਰ ਇਸਤਰੀ ਨੂੰ ਉਥੋਂ ਦੀ ਸਰਕਾਰ ਹਰ ਹਫਤੇ 250 ਡਾਲਰ ਡੋਲ ਦੇ ਦਿੰਦੀ ਹੈ ਤੇ ਇਹ ਰਾਸ਼ੀ ਪ੍ਰਤੀ ਬੱਚੇ ਲਈ 250 ਡਾਲਰ ਹੋਰ ਮਿਲਣੀ ਸ਼ੁਰੂ ਹੋ ਜਾਂਦੀ ਹੈ, ਇਸ ਤਰ੍ਹਾਂ ਦੋ ਬੱਚਿਆਂ ਵਾਲੀ ਇਸ ਮਾਂ ਨੂੰ ਸਿੰਗਲ ਮਾਮ ਕਹਿੰਦੇ ਹਨ ਤੇ ਇਹ ਬਗੈਰ ਡੱਕਾ ਦੂਹਰਾ ਕੀਤੇ ਤੋਂ ਹਰ ਹਫਤੇ 750 ਡਾਲਰ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਸਦੇ ਭਾਰਤੀ ਕਰੰਸੀ ਵਿੱਚ 23000/- ਰੁਪਏ ਬਣ ਜਾਂਦੇ ਹਨ। ਐਨੇ ਪੈਸਿਆਂ ਨਾਲ ਕਿਰਾਏ ਦਾ ਘਰ ਲੈ ਕੇ ਵੀ ਖਾਣ ਪੀਣ ਦਾ ਗੁਜਾਰਾ ਵਧੀਆ ਹੋ ਜਾਂਦਾ ਹੈ।

Back To Top