ਮੇਘ ਰਾਜ ਮਿੱਤਰ
ਇਜਰਾਈਲ ਦੀ ਸਰਕਾਰ ਵੱਲੋਂ ਫਲਸਤੀਨੀਆਂ ਦੇ ਖਿਲਾਫ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਵੀ ਜੂਨ 2010 ਦੇ ਪਹਿਲੇ ਹਫਤੇ ਆਕਲੈਂਡ ਦੇ ਸਿਟੀ ਸੈਂਟਰ ਵਿੱਚ ਇਥੋਂ ਦੀ ਗਰੀਨਜ ਪਾਰਟੀ ਨੇ ਇੱਕ ਰੋਸ ਮੁਜਾਹਰਾ ਕੀਤਾ। ਟਰੱਸਟ ਦੇ ਇੱਕ ਵਰਕਰ ਧਰਮਪਾਲ ਤੇ ਉਸਦੀ ਪਤਨੀ ਤੇ ਦੋਵੇਂ ਬੱਚੇ ਵੀ ਸ਼ਾਮਲ ਹੋਏ, ਮੈਂ ਵੀ ਉਹਨਾਂ ਨਾਲ ਇਸ ਮੁਜਾਹਰੇ ਵਿੱਚ ਸ਼ਮੂਲੀਅਤ ਕੀਤੀ।
ਅੰਗਰੇਜ਼ ਬਹੁਤ ਨਗੋਚੀ ਹੁੰਦੇ ਹਨ ਤੇ ਆਪਣਾ ਕੰਮ ਬਹੁਤ ਹੀ ਲਗਨ ਤੇ ਬਾਰੀਕੀ ਨਾਲ ਕਰਦੇ ਹਨ। ਆਪਣੇ 7-8 ਦਿਨਾਂ ਦੇ ਬੱਚਿਆਂ ਨੂੰ ਪਾਣੀ ਦੇ ਤਲਾਅ ਵਿੱਚ ਤੈਰਨਾ ਸਿਖਾ ਦੇਣਾ ਉਹਨਾਂ ਲਈ ਖੱਬੇ ਹੱਥ ਦੀ ਖੇਡ ਹੁੰਦੀ ਹੈ। ਮੌਸਮ ਸਿੱਲਾ ਹੋਣ ਕਾਰਨ ਉਹਨਾਂ ਦੀ ਚਮੜੀ ’ਤੇ ਖਾਜ ਹੋ ਜਾਂਦੀ ਹੈ ਪਰ ਉਹਨਾਂ ਨੇ ਇਸਤੋਂ ਬਚਣ ਦੇ ਢੰਗ ਤਰੀਕੇ ਵੀ ਆਜ਼ਾਦ ਕਰ ਲਏ ਹਨ। ਗੋਰੇ ਇਸਤਰੀਆਂ ਪੁਰਸ਼ਾਂ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਜਿੰਨਾ ਚਿਰ ਉਹਨਾਂ ਦੀ ਨਿਭਦੀ ਹੈ ਉਹ ਨਿਭਾਈ ਜਾਂਦੇ ਹਨ। ਪਰ ਜਦੋਂ ਉਹਨਾਂ ਦੀ ਨਿਭਣੋ ਹਟ ਜਾਂਦੀ ਹੈ। ਉਹ ਇੱਕ ਦੂਜੇ ਨੂੰ ਤਲਾਕ ਦੇ ਦਿੰਦੇ ਹਨ ਪਰ ਇੱਕ ਦੂਜੇ ਨਾਲ ਦੋਸਤਾਨਾ ਸਬੰਧ ਕਾਇਮ ਰੱਖਦੇ ਹਨ। ਬੱਚਿਆਂ ਨੂੰ ਮਿਲਾਉਣ ਲਈ ਇੱਕ ਦੂਜੇ ਦੇ ਘਰਾਂ ਵਿੱਚ ਜਾਂਦੇ ਰਹਿੰਦੇ ਹਨ ਤੇ ਇੱਕ ਦੂਜੇ ਦੇ ਖੁਸ਼ੀ ਗਮੀ ਦੇ ਫੰਕਸਨਾਂ ਵਿੱਚ ਵੀ ਭਾਗ ਲੈਂਦੇ ਰਹਿੰਦੇ ਹਨ। ਪਰ ਸਾਡੇ ਪੰਜਾਬੀ ਵਰ ਤਲਾਕ ਲੈਂਦੇ ਹੀ ਨਹੀਂ ਜੇ ਲੈਂਦੇ ਵੀ ਹਨ ਤਾਂ ਥਾਣੇ, ਕੋਰਟ ਕਚਹਿਰੀਆਂ ਵਿੱਚ ਜਾ ਕੇ ਅਜਿਹਾ ਕਰਦੇ ਹਨ। ਉਸਤੋਂ ਬਾਅਦ ਵੀ ਉਹਨਾਂ ਦੇ ਸਬੰਧ ਦੁਸ਼ਮਣਾਂ ਵਾਲੇ ਹੁੰਦੇ ਹਨ।
ਕਿਸੇ ਵਿਅਕਤੀ ਦੇ ਸੰਸਕਾਰ ’ਤੇ ਆਏ ਗੋਰੇ ਸੋਗਮਈ ਮੂੰਹ ਨਹੀਂ ਬਣਾਉਂਦੇ। ਸਗੋਂ ਮਰਨ ਵਾਲੇ ਬਾਰੇ ਕਹਿੰਦੇ ਹਨ ਜਿੰਨੀ ਉਮਰ ਸੀ ਉਸ ਨੇ ਭੋਗ ਲਈ ਹੈ। ਹੁਣ ਸੋਗਮਈ ਹਾਲਤ ਬਣਾਉਣ ਨਾਲ ਉਸਨੇ ਮੁੜ ਥੋੜ੍ਹਾ ਆਉਣਾ ਹੈ। ਸਿਰਫ ਪ੍ਰੀਵਾਰ ਦੇ ਨਜਦੀਕੀ ਹੀ ਦੁੱਖ ਮੰਨਾਉਂਦੇ ਹਨ।
ਗੋਰਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ।
ਬਿਆਲੀ ਲੱਖ ਦੀ ਆਬਾਦੀ ਹੋਣ ਦੇ ਬਾਵਜੂਦ ਵੀ ਇਹ ਸਾਡੇ ਭਾਰਤੀਆਂ ਦੀ ਇੱਕ ਅਰਬ ਵੀਹ ਕਰੋੜ ਦੀ ਗਿਣਤੀ ਨਾਲੋਂ ਉਲੰਪਿਕ ਖੇਡਾਂ ਵਿੱਚ ਅੱਗੇ ਰਹਿੰਦੇ ਹਨ। ਸਾਈਕਲ, ਰਗਵੀ, ਕ੍ਰਿਕੇਟ ਆਦਿ ਵਿੱਚ ਉਹ ਸਾਥੋਂ ਪਿੱਛੇ ਨਹੀਂ।