ਮੇਘ ਰਾਜ ਮਿੱਤਰ
ਮੇਰੀ ਨਿਊਜੀਲੈਂਡ ਦੀ ਯਾਤਰਾ ਸਮੇਂ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਆਗੂ ਵੀ ਸੀ। ਉਹ ਉਹਨੀ ਦਿਨੀ ਆਪਣੀ ਧੀ ਕੋਲ ਯਾਤਰੀ ਵੀਜੇ ਤੇ ਪੁੱਜਿਆ ਹੋਇਆ ਸੀ। ਉਹ ਜਿੱਥੇ ਵੀ ਬੋਲਦਾ ਦੱਸਦਾ ਸੀ ਕਿ ਉਹਨਾਂ ਦੀ ਜਥੇਬੰਦੀ ਨੇ ਦਰਜਨਾਂ ਵਾਰ ਪੁਲਸ ਨੂੰ ਕੁੱਟਿਆ ਹੈ। ਉੱਥੋਂ ਦੇ ਵਸਨੀਕ ਇਸ ਗੱਲ ’ਤੇ ਬੜੀ ਹੈਰਾਨੀ ਪ੍ਰਗਟ ਕਰਦੇ ਕਿ ਪੁਲਸ ਤਾਂ ਲੋਕਾਂ ਦੀ ਹਮਦਰਦ ਹੁੰਦੀ ਹੈ ਇਹ ਭੜੂਏ ਪੁਲਸ ਨੂੰ ਹੀ ਕੁੱਟੀ ਜਾਂਦੇ ਨੇ। ਅਸਲ ਵਿੱਚ ਪੰਜਾਬ ਪੁਲਸ ਤੇ ਨਿਊਜੀਲੈਂਡ ਪੁਲਸ ਦਾ ਜਮੀਨ ਅਸਮਾਨ ਦਾ ਅੰਤਰ ਹੈ। ਪੰਜਾਬ ਦੀ ਪੁਲਸ ਨੇ ਆਪਣੀਆਂ ਕਰਤੂਤਾਂ ਰਾਹੀਂ ਲੋਕ ਦੁਸ਼ਮਣ ਦਾ ਰੂਪ ਅਖਤਿਆਰ ਕਰ ਲਿਆ ਹੈ। ਪਰ ਨਿਊਜੀਲੈਂਡ ਦੀ ਪੁਲਸ ਅਜਿਹੀ ਨਹੀਂ ਹੈ। ਜੇ ਕਾਰ ਡਰਾਈਵ ਕਰ ਰਹੀ ਕਿਸੇ ਇਸਤਰੀ ਦੀ ਕਾਰ ਪੈਂਚਰ ਹੋ ਜਾਵੇ ਤਾਂ ਨਿਊਜੀਲੈਂਡ ਦੀ ਪੁਲਸ ਦਾ ਉੱਥੋਂ ਲੰਘ ਰਿਹਾ ਸਿਪਾਹੀ ਆਪਣੀ ਗੱਡੀ ਉਸਦੀ ਗੱਡੀ ਦੇ ਪਿੱਛੇ ਖੜ੍ਹੀ ਕਰੇਗਾ ਤੇ ਇਸਤਰੀ ਦੀ ਕਾਰ ਦਾ ਟਾਇਰ ਖੁਦ ਬਦਲੇਗਾ ਜੇ ਕਾਰ ਡਰਾਈਵ ਕਰਨ ਵਾਲਾ ਮਰਦ ਹੈ ਤਾਂ ਵੀ ਪੁਲਸ ਵਾਲਾ ਉਸਦੀ ਮਦਦ ਕਰੇਗਾ।
ਨਿਊਜੀਲੈਂਡ ਦੀ ਪੁਲਸ ਨੂੰ ਕਿਤੇ ਵੀ ਲਾਠੀ ਚਾਰਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਂਝ ਵੀ ਇਸ ਦੇਸ਼ ਦੀ ਸਰਹੱਦ ਕਿਸੇ ਹੋਰ ਦੇਸ਼ ਨਾਲ ਨਹੀਂ ਲੱਗਦੀ। ਇਸ ਲਈ ਉਸਨੂੰ ਵੱਡੀ ਫੌਜ ਰੱਖਣ ਦੀ ਲੋੜ ਹੀ ਨਹੀਂ। ਭਾਰਤੀ ਸਰਕਾਰ ਦੇ ਬੱਜਟ ਦਾ ਵੱਡਾ ਹਿੱਸਾ ਇਥੋਂ ਦੀ ਮਿਲਟਰੀ ’ਤੇ ਖਰਚ ਹੋ ਜਾਂਦਾ ਹੈ। ਇਸ ਲਈ ਲੋਕਾਂ ਵਾਸਤੇ ਸਰਕਾਰ ਕੋਲ ਬਹੁਤ ਘੱਟ ਬਚਦਾ ਹੈ ਪਰ ਨਿਊਜੀਲੈਂਡ ਦੇ ਬੱਜਟ ਦਾ ਨਿਗੂਣਾ ਭਾਗ ਹੀ ਫੌਜੀ ਗਤੀਵਿਧੀਆਂ ਤੇ ਖਰਚ ਹੁੰਦਾ ਹੈ। ਸਿਆਸੀ ਢਾਂਚਾ ਅੰਗਰੇਜਾਂ ਦੀ ਤਰ੍ਹਾਂ ਹੈ। ਇੰਗਲੈਂਡ ਦੀ ਮਾਹਰਾਣੀ ਨੂੰ ਹੀ ਨਿਊਜੀਲੈਂਡ ਦੀ ਮਾਹਰਾਣੀ ਸਮਝਿਆ ਜਾਂਦਾ ਹੈ। ਉਹ ਇਸ ਦੇਸ਼ ਦੇ ਵੱਡੇ ਆਹੁਦਿਆਂ ਤੇ ਆਪਣੇ ਨੁਮਾਇੰਦੇ ਨਿਯੁਕਤ ਕਰਦੀ ਹੈ। ਇੱਥੇ ਦੋ ਵੱਡੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਕੁਝ ਕਮਿਊਨਿਸਟ ਧਿਰਾਂ ਗਰੀਨਜ ਪਾਰਟੀ ਦੇ ਨਾਂ ਹੇਠ ਕੰਮ ਕਰਦੀਆਂ ਹਨ। ਨਿਊਜੀਲੈਂਡ ਦੀ ਸਰਕਾਰ ਨੇ ਜਦੋਂ ਕੋਰੋਮੰਡਲ ਦੀਆਂ ਖਾਣਾਂ ਦੇ ਠੇਕੇ ਵਿਦੇਸ਼ੀ ਕੰਪਨੀਆਂ ਨੂੰ ਦੇਣੇ ਚਾਹੇ ਤਾਂ ਪੰਜਾਹ ਹਜ਼ਾਰ ਵਿਅਕਤੀ ਗਰੀਨਜ ਪਾਰਟੀ ਦੀ ਅਗਵਾਈ ਹੇਠ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਏ ਸਿੱਟੇ ਵਜੋਂ ਉਹਨਾਂ ਨੂੰ ਆਪਣਾ ਇਹ ਫੈਸਲਾ ਅੱਗੇ ਪਾਉਣਾ ਪਿਆ।