– ਮੇਘ ਰਾਜ ਮਿੱਤਰ
ਆਦਮਪੁਰ
26-2-85
ਨਮਸਕਾਰ
ਮੈਂ ਇਕ ਪਦਾਰਥਵਾਦ ਨੂੰ ਮੰਨਣ ਵਾਲਾ ਵਿਅਕਤੀ ਹਾਂ। 25 ਫਰਵਰੀ 1985 ਦੇ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਇਕ ਖ਼ਬਰ ਨੇ ਮੇਰਾ ਧਿਆਨ ਖਿੱਚਿਆ ਹੈ। ਖ਼ਬਰ ਦਾ ਸਿਰਲੇਖ ਹੈ ‘‘ਪਾਇਲਟ ਬਾਬਾ ਸਮਾਧੀ ਤੋਂ ਬਾਹਰ ਆਉਂਦਾ ਹੈ।’’ ਇਸ ਖ਼ਬਰ ਵਿਚ ਦੱਸਿਆ ਹੈ ਕਿ ਪਾਇਲਟ ਬਾਬਾ ਛੇ ਦਿਨ ਤੇ ਛੇ ਰਾਤਾਂ ਦੀ ਸਮਾਧੀ ਜੋ ਕਿ 9¿9 ਫੁੱਟ ਦੇ ਪਾਣੀ ਦੇ ਟੈਂਕ ਵਿਚ ਸੀ, ਤੋੋਂ ਉੱਠਿਆ ਹੈ। ਕ੍ਰਿਪਾ ਕਰਕੇ ਮੈਨੂੰ ਇਹ ਦੱਸਣ ਦੀ ਖੇਚਲ ਕੀਤੀ ਜਾਵੇ ਕਿ ਕੀ ਇਹ ਸੰਭਵ ਹੈ ਕਿ ਕੋਈ ਵਿਅਕਤੀ ਛੇ ਦਿਨ ਤੇ ਛੇ ਰਾਤਾਂ ਪਾਣੀ ਨੀਚੇ ਰਹਿ ਕੇ ਬਿਨਾਂ ਆਕਸੀਜਨ ਤੋਂ ਜ਼ਿੰਦਾ ਰਹਿ ਸਕਦਾ ਹੈ? ਭਾਵੇਂ ਉਹ ਵਿਅਕਤੀ ਮਹਾਂ ਯੋਗੀ ਹੀ ਕਿਉਂ ਨਾ ਹੋਵੇ। ਮੇਰੇ ਵਿਚਾਰ ਅਨੁਸਾਰ ਇਹ ਪਾਖੰਡ ਹੈ ਅਤੇ ਸਸਤੀ ਸ਼ੁਹਰਤ ਪ੍ਰਾਪਤ ਕਰਨ ਤੋਂ ਸਿਵਾ ਕੁਝ ਵੀ ਨਹੀਂ ਹੈ। ਇਸਦੇ ਨਾਲ ਹੀ ਮੈਂ ਆਪ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਇਸ ਖ਼ਬਰ ਬਾਰੇ ਅਖ਼ਬਾਰ ਵਿਚ ਖੰਡਨ ਕਰੋ ਅਤੇ ਮਹਾਂਯੋਗੀ ਪਾਇਲਟ ਬਾਬਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰੋ।
ਆਪ ਜੀ ਦਾ ਸ਼ੁਭਚਿੰਤਕ
ਡਾ. ਦਿਆਲ ਸਰੂਪ
ਪਾਇਲਟ ਬਾਬਾ ਬਹੁਤ ਹੀ ਵੱਡਾ ਪਾਖੰਡੀ ਹੈ। ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਕੋਈ ਵਿਅਕਤੀ ਆਕਸੀਜਨ ਤੋਂ ਬਗੈਰ ਪੰਜ ਮਿੰਟ ਲਈ ਵੀ ਜਿਉਂਦਾ ਨਹੀਂ ਰਹਿ ਸਕਦਾ ਹੈ। ਅਜਿਹੇ ਪਾਖੰਡੀ ਕਿਸੇ ਨਾ ਕਿਸੇ ਢੰਗ ਨਾਲ ਪਾਣੀ ਜਾਂ ਮਿੱਟੀ ਵਿਚ ਵੀ ਆਪਣੀ ਆਕਸੀਜਨ ਦੀ ਪ੍ਰਾਪਤੀ ਨਿਰਵਿਘਨ ਜਾਰੀ ਰੱਖ ਲੈਂਦੇ ਹਨ। ਇਹ ਸਾਰਾ ਕੁਝ ਉਹਨਾਂ ਵਿਚ ਕਿਸੇ ਗੈਬੀ ਕਾਰਨ ਕਰਕੇ ਨਹੀਂ ਹੁੰਦਾ ਸਗੋਂ ਲੋਕਾਂ ਤੋਂ ਛੁਪਾ ਕੇ ਕੀਤੀ ਚਲਾਕੀ ਕਾਰਨ ਹੀ ਹੁੰਦਾ ਹੈ।
