– ਮੇਘ ਰਾਜ ਮਿੱਤਰ
ਕਾਹਨੂੰਵਾਲ,
28.11.84
ਜੈ ਹਿੰਦ
ਬੇਨਤੀ ਹੈ, ਕਿ ਮੈਂ ਡਾਕਟਰ ਇਬਰਾਹਮ ਟੀ. ਕਾਵੂਰ ਜੀ ਦੀ ਪੁਸਤਕ ‘…….ਤੇ ਦੇਵ ਪੁਰਸ਼ ਹਾਰ ਗਏ’ ਪੜ੍ਹ ਲਈ ਹੈ, ਜਿਸ ਨੂੰ ਮੈਂ ਆਪਣਾ ਸੁਭਾਗ ਸਮਝਦਾ ਹਾਂ। ਮੈਂ ਇਕ ਜੇ. ਬੀ. ਟੀ. ਟੀਚਰ ਤੇ ਗੋ. ਟੀਚਰ ਯੂਨੀਅਨ ਦਾ ਕੋਈ 15 ਸਾਲਾਂ ਤੋਂ ਵਰਕਰ ਹਾਂ। ਮੈਂ ਬਚਪਨ ਤੋਂ ਹੀ ਸ੍ਰੀ ਕਾਵੂਰ ਜੀ ਦੇ ਵਿਚਾਰਾਂ ਦਾ ਧਾਰਨੀ ਹਾਂ ਤੇ ਉਹਨਾਂ ਦੀ ਤਰ੍ਹਾਂ ਆਪਣੇ ਇਲਾਕੇ ਦੇ ਇਹਨਾਂ ਭਰਮਾਂ, ਵਹਿਮਾਂ ਤੇ ਜਾਦੂ ਟੂਣਿਆਂ, ਜੋਤਿਸ਼ ਤੇ ਰੱਬੀ ਸ਼ਕਤੀ ਦਾ ਵਿਰੋਧੀ ਹਾਂ ਅਤੇ ਹਰ ਅਜਿਹੇ ਬੰਦੇ ਨਾਲ ਜਿਦ ਪੈਂਦਾ ਹਾਂ ਜੋ ਇਹਨਾਂ ਦਾ ਹਮਾਇਤੀ ਹੋਵੇ। ਮੈਂ ਕੋਈ ਦਸ ਸਾਲਾਂ ਤੋਂ ਸ਼ਰਤ ਰੱਖੀ ਹੋਈ ਹੈ ਕਿ ਜੇ ਕੋਈ ਮੇਰੀ ਮੁੱਠੀ ਦੇ ਪੈਸੇ ਦੱਸ ਦੇਵੇ ਤਾਂ ਇਕ ਹਜ਼ਾਰ ਰੁਪਏ ਇਨਾਮ ਦੇਵਾਂਗਾ। ਪਰ ਅਜੇ ਤੱਕ ਕੋਈ ਇਸ ਵਿਚ ਸਫ਼ਲ ਨਹੀਂ ਹੋਇਆ ਹੈ। ਮੈਂ ਕੋਈ ਜ਼ਮਾਨਤ ਨਹੀਂ ਰੱਖੀ ਹੋਈ ਫੇਰ ਵੀ ਮੇਰੇ ਪਾਸ ਕੋਈ ਨਹੀਂ ਆਉਂਦਾ।
ਕਈ ਭਗਤ ਆਪਣੇ ਗੁਰੂ ਨੂੰ ਲੈਣ ਜਾਂਦੇ ਹਨ ਪਰ ਕੋਈ ਨਹੀਂ ਆਉਂਦਾ। ਕਈ ਮੈਥੋਂ ਅਗਾਉਂ ਕਿਰਾਏ ਦੇ ਕੁਝ ਪੈਸੇ ਵੀ ਲੈ ਗਏ ਪਰ ਕੋਈ ਨਹੀਂ ਆਇਆ। ਮਜ਼ਮਾ ਲਾਉਣ ਵਾਲਿਆਂ ਕੋਲ ਮੈਂ ਆਪ ਜਾਂਦਾ ਹਾਂ ਤੇ ਉਹ ਇਕ ਤਰਫ ਕਰਕੇ ਮਾਫ਼ੀ ਮੰਗਦੇ ਹਨ ਤੇ ਚੁੱਪ ਕਰਨ ਲਈ ਕਹਿੰਦੇ ਹਨ ਪਰ ਮੇਰੇ ਚੁੱਪ ਨਾ ਕਰਨ ਤੇ ਖੇਡ ਖ਼ਤਮ ਕਰ ਦਿੰਦੇ ਹਨ ਜਾਂ ਝਗੜਾ ਕਰਦੇ ਹਨ।
ਸੋ ਬਾਕੀ ਫਿਰ। ਮੈਂ ਆਪ ਦੀ ਰੈਸ਼ਨੇਲਿਸਟ ਸੁਸਾਇਟੀ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ਮੈਨੂੰ ਜਲਦੀ ਨਾਲ ਆਪਣੀ ਸੁਸਾਇਟੀ ਦੇ ਨਿਯਮਾਂ ਬਾਰੇ ਲਿਖੋ। ਇਸ ਬਾਰੇ ਜ਼ਰੂਰੀ ਜਾਣਕਾਰੀ ਦਿਉ। ਮੈਂ ਹੋਰ ਕਿਤਾਬਾਂ ਵੀ ਮੰਗਵਾ ਕੇ ਆਪਣੇ ਸਾਥੀਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗਾ। ਉਹਨਾਂ ਨੂੰ ਵੀ ਤੁਹਾਡੇ ਮੈਂਬਰ ਬਣਾਵਾਂਗਾ। ਮੈਨੂੰ ਇਸ ਪੱਤਰ ਦਾ ਉੱਤਰ ਜਲਦੀ ਮਿਲ ਜਾਣਾ ਚਾਹੀਦਾ ਹੈ ਤਾਂ ਕਿ ਮੈਂ ਆਪਣੀ ਸਰਗਰਮੀ ਵਧਾ ਸਕਾਂ। ਤੁਹਾਡਾ ਧੰਨਵਾਦ ਹੋਵੇਗਾ। ਮੇਰੀ ਉਮਰ 45 ਸਾਲ ਦੀ ਹੈ। ਮੈਂ ਹਿੰਦੂ ਰਾਜਪੂਤ ਘਰਾਣੇ ਵਿਚ ਪੈਦਾ ਹੋਇਆ ਹਾਂ।
ਤੁਹਾਡਾ ਸਾਥੀ,
ਰਣਧੀਰ ਸਿੰਘ
ਪੰਜਾਬ ਦੇ ਕੋਨੇ-ਕੋਨੇ ਵਿਚ ਬੈਠੇ ਅਜਿਹੇ ਸਾਥੀਆਂ ਦੇ ਪ੍ਰਚਾਰ ਤੇ ਚੁਣੌਤੀਆਂ ਸਦਕਾ ਹੀ ਸਾਡੇ ਸੂਬੇ ਵਿਚ ਤਰਕਸ਼ੀਲ ਲਹਿਰ ਵਧੀ ਫੁੱਲੀ ਹੈ। ਜੇ ਸਾਡਾ ਪ੍ਰਚਾਰ ਇੰਝ ਹੀ ਜਾਰੀ ਰਿਹਾ ਤਾਂ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਬਹੁਸੰਮਤੀ ਲੋਕ ਤਰਕਸ਼ੀਲ ਹੋਣਗੇ।