ਲੋਕਾਂ ਤੋਂ ਸਿੱਖੋ…(13)

ਮੇਘ ਰਾਜ ਮਿੱਤਰ

ਚੀਨ ਦੇ ਚੇਅਰਮੈਨ ਮਾਓ-ਜੇ-ਤੁੰਗ ਨੇ ਚੀਨੀ ਜਨਤਾ ਨੂੰ ਇਹ ਸਿਖਾਇਆ ਸੀ ਕਿ ‘‘ਲੋਕਾਂ ਨੂੰ ਸਿਖਾਉਣ ਲਈ ਲੋਕਾਂ ਤੋਂ ਸਿੱਖੋ।’’ ਸੋ ਮੈਂ ਇਹ ਵੇਖਿਆ ਕਿ ਚੀਨੀ ਟੈਲੀਵਿਜ਼ਨ ਦੇ ਅਧਿਕਾਰੀਆਂ ਦਾ ਮੁੱਖ ਜ਼ੋਰ ਇਸ ਗੱਲ `ਤੇ ਲੱਗਿਆ ਹੋਇਆ ਸੀ ਕਿ ਅਸੀਂ ਆਪਣੇ ਤਰਕਸ਼ੀਲ ਮੇਲਿਆਂ ਵਿੱਚ ਲੋਕਾਂ ਨੂੰ ਵੱਡੇ ਪੱਧਰ `ਤੇ ਕਿਵੇਂ ਇਕੱਠੇ ਕਰ ਲੈਂਦੇ ਹਾਂ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਵਿੱਚ ਜਦੋਂ ਵੀ ਅਸੀਂ ਕੋਈ ਮੇਲਾ ਕਰਨਾ ਹੁੰਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੀ ਸੰਸਥਾ ਦੀ ਮੀਟਿੰਗ ਵਿੱਚ ਸਮਾਂ, ਸਥਾਨ ਤੇ ਮਿਤੀ ਤਹਿ ਕਰਦੇ ਹਾਂ। ਉਸ ਤੋਂ ਬਾਅਦ ਨਾਟਕ ਅਤੇ ਜਾਦੂ ਦਿਖਾਉਣ ਵਾਲੀਆਂ ਟੀਮਾਂ ਬਾਰੇ ਫੈਸਲਾ ਕਰਦੇ ਹਾਂ। ਸੁਸਾਇਟੀ ਦੇ ਮੁੱਖ ਬੁਲਾਰੇ ਬਾਰੇ ਵੀ ਫੈਸਲਾ ਕੀਤਾ ਜਾਂਦਾ ਹੈ। ਇਸ ਮੀਟਿੰਗ ਤੋਂ ਬਾਅਦ ਅਸੀਂ ਅਖਬਾਰਾਂ ਵਿੱਚ ਆਪਣੇ ਪ੍ਰੋਗਰਾਮ ਦਾ ਵੇਰਵਾ ਖ਼ਬਰਾਂ ਦੇ ਰੂਪ ਵਿੱਚ ਛਪਵਾਉਂਦੇ ਹਾਂ ਅਤੇ ਫਿਰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਨਾਦੀ ਕਰਵਾਈ ਜਾਂਦੀ ਹੈ। ਇਸ਼ਤਿਹਾਰ ਤੇ ਦੋ-ਵਰਕੀਆਂ ਵੰਡੀਆਂ ਜਾਂਦੀਆਂ ਹਨ, ਕੰਧਾਂ `ਤੇ ਨਾਅਰੇ ਲਿਖਵਾਏ ਜਾਂਦੇ ਹਨ, ਸਕੂਲ-ਮੁਖੀਆਂ ਤੇ ਪੰਚਾਇਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ। ਪਤਵੰਤੇ ਸੱਜਣਾਂ ਨੂੰ ਸੱਦਾ-ਪੱਤਰ ਭੇਜੇ ਜਾਂਦੇ ਹਨ। ਆਮ ਜਨਤਾ ਤੋਂ ਫੰਡ ਦੀ ਉਗਰਾਹੀ ਕੀਤੀ ਜਾਂਦੀ ਹੈ। ਸਮੁੱਚੇ ਰੂਪ ਵਿੱਚ ਇਹ ਤਰਕਸ਼ੀਲ ਮੇਲੇ ਜਨਤਾ ਲਈ ਜਨਤਾ ਦੁਆਰਾ ਹੀ ਕੀਤੇ ਜਾਂਦੇ ਹਨ। ਸੈਂਕੜੇ ਵਿਅਕਤੀ ਇਸ ਮੇਲੇ ਦੀ ਸਫਲਤਾ ਲਈ ਸਰਗਰਮ ਭੂਮਿਕਾ ਨਿਭਾਉਂਦੇ ਹਨ। ਕੁਝ ਦਰੀਆਂ ਵਿਛਾਉਂਦੇ ਹਨ, ਕੁਝ ਕੁਰਸੀਆਂ ਲਗਾਉਂਦੇ ਹਨ ਤੇ ਕੁਝ ਕਿਤਾਬਾਂ ਦੀਆਂ ਸਟਾਲਾਂ ਲਗਾਉਂਦੇ ਹਨ। ਇਸ ਤਰ੍ਹਾਂ ਨਿਸ਼ਚਿਤ ਦਿਨ `ਤੇ ਇਹ ਪ੍ਰੋਗਰਾਮ ਹੁੰਦਾ ਹੈ। ਪ੍ਰੋਗਰਾਮ ਤਿੰਨ ਤੋਂ ਪੰਜ ਘੰਟੇ ਲਈ ਚਲਦਾ ਹੈ। ਨਾਟਕਾਂ ਦੇ ਵਿਚਕਾਰਲੇ ਸਮੇਂ ਵਿੱਚ ਜਾਦੂ ਦੇ ਟ੍ਰਿੱਕ ਵਿਖਾਏ ਜਾਂਦੇ ਹਨ ਜਾਂ ਮੁੱਖ-ਮੁੱਖ ਬੁਲਾਰੇ ਬੁਲਾਏ ਜਾਂਦੇ ਹਨ।
ਸਾਡੇ ਦੁਆਰਾ ਦੱਸੀਆਂ ਗਈਆਂ ਉਪਰੋਕਤ ਗੱਲਾਂ ਅਨੁਸਾਰ ਹੀ ਉਨ੍ਹਾਂ ਨੇ ਟੈਲੀਵਿਜ਼ਨ ਪ੍ਰੋਗਰਾਮ ਵੀ ਜਨਤਾ ਨੂੰ ਇਸੇ ਢੰਗ ਨਾਲ ਵਿਖਾਉਣ ਦਾ ਫੈਸਲਾ ਕੀਤਾ।

Back To Top