ਚੀਨੀ ਖਾਣਾ…(8)

ਮੇਘ ਰਾਜ ਮਿੱਤਰ

ਚੀਨੀ ਹੋਟਲਾਂ ਵਿੱਚ ਆਮ ਤੌਰ `ਤੇ ਵੇਟਰਜ਼ ਕੁੜੀਆਂ ਹੁੰਦੀਆਂ ਹਨ। ਸਾਨੂੰ ਦੇਖ ਕੇ ਉਹ ਮੁਸਕਰਾਉਂਦੀਆਂ ਹੋਈਆਂ ਚਾਪਸਟਿੱਕਾਂ ਦੀ ਬਜਾਏ ਕਾਂਟੇ-ਛੁਰੀਆਂ ਅਤੇ ਚਮਚੇ ਹੀ ਰੱਖ ਜਾਂਦੀਆਂ। ਚੀਨੀ ਆਮ ਤੌਰ `ਤੇ ਆਪਣਾ ਸਵੇਰ ਦਾ ਨਾਸ਼ਤਾ ਸਵੇਰੇ ਸਾਢੇ ਛੇ ਵਜੇ ਤੋਂ ਸੱਤ ਵਜੇ ਦੇ ਵਿਚਕਾਰ ਕਰਦੇ ਹਨ। ਕਿਉਂਕਿ ਬਹੁਤੇ ਚੀਨੀ ਸਰਕਾਰੀ ਮੁਲਾਜ਼ਮ ਹਨ ਅਤੇ ਸਾਰੇ ਦਫਤਰ ਲਗਭਗ 8 ਵਜੇ ਤੱਕ ਖੁੱਲ੍ਹ ਜਾਂਦੇ ਹਨ। ਇਸ ਲਈ ਉਹ ਸਵੇਰ ਦਾ ਨਾਸ਼ਤਾ ਪੂਰਾ ਰੱਜ ਕੇ ਖਾਂਦੇ ਹਨ। ਇਹਨਾਂ ਦੇ ਖਾਣੇ ਵਿੱਚ ਲੂਣ, ਮਿਰਚ ਅਤੇ ਦੁੱਧ-ਘਿਓ ਦੀ ਹੋਂਦ ਜਾਂ ਤਾਂ ਹੁੰਦੀ ਹੀ ਨਹੀਂ, ਜੇ ਹੁੰਦੀ ਹੈ ਤਾਂ ਬਹੁਤ ਹੀ ਘੱਟ। ਮੀਟ ਦੀ ਵਰਤੋਂ ਤਾਂ ਬਹੁਤ ਜ਼ਿਆਦਾ ਹੈ। ਕਣਕ ਅਤੇ ਚਾਵਲ ਵੀ ਖਾਣੇ ਵਿੱਚ ਕਦੇ-ਕਦਾਈਂ ਹੀ ਹੁੰਦਾ ਹੈ। ਮੀਟ ਹਰ ਕਿਸਮ ਦਾ ਵਰਤੋਂ ਵਿੱਚ ਆਉਂਦਾ ਹੈ। ਜਿਵੇਂ ਮੁਰਗੀ, ਬੱਕਰਾ, ਘੋੜਾ, ਗਊ, ਮਰਗਾਬੀ, ਕਬੂਤਰ, ਬੱਤਖ, ਝੀਗਾਂ ਮੱਛੀ, ਮੱਛੀ, ਸੂਰ ਆਦਿ ਆਮ ਹੀ ਵਰਤੇ ਜਾਂਦੇ ਹਨ। ਇਹਨਾਂ ਜਾਨਵਰਾਂ ਦੇ ਵੱਖ-ਵੱਖ ਅੰਗਾਂ ਤੋਂ ਵੱਖ-ਵੱਖ ਪ੍ਰਕਾਰ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਤਾਂ ਮੀਟ ਮਿੱਠਾ ਵੀ ਹੁੰਦਾ ਹੈ।
ਸਮੁੰਦਰ ਤੋਂ ਪ੍ਰਾਪਤ ਹੋਈਆਂ ਸਬਜ਼ੀਆਂ ਅਤੇ ਜੰਗਲੀ ਖੁੰਬਾਂ ਦਾ ਵੀ ਇਸਤੇਮਾਲ ਹੁੰਦਾ ਹੈ। ਉਹ ਸਬਜ਼ੀਆਂ ਨੂੰ ਸਿਰਫ ਉਬਾਲਦੇ ਹਨ। ਮਿਰਚ ਮਸਾਲੇ ਦੀ ਵਰਤੋਂ ਹੁੰਦੀ ਹੀ ਨਹੀਂ। ਆਮ ਤੌਰ `ਤੇ ਚੀਨੀ ਜਨਤਾ ਸਵੇਰੇ ਹੀ ਆਪਣੇ ਘਰਾਂ ਵਿੱਚ ਚੀਨੀ ਜੜੀ-ਬੂਟੀਆਂ ਦੀ ਬਣੀ ਹੋਈ ਚਾਹ ਦੀ ਕੁਝ ਮਾਤਰਾ 5-7 ਲਿਟਰ ਪਾਣੀ ਵਿੱਚ ਉਬਾਲ ਲੈਂਦੇ ਹਨ। ਸਾਰਾ ਦਿਨ ਉਹ ਇਹ ਚਾਹ ਪੀਂਦੇ ਰਹਿੰਦੇ ਹਨ। ਖਾਣੇ ਸਮੇਂ ਵੀ ਪਾਣੀ ਦੀ ਬਜਾਇ ਇਸ ਚਾਹ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਨੇ ਉਬਲਿਆ ਹੋਇਆ ਪਾਣੀ ਪੀਣ ਦੀ ਪਿਰਤ ਬਣਾਈ ਹੋਈ ਹੈ। ਇਸ ਢੰਗ ਨਾਲ ਬਹੁਤ ਸਾਰੀ ਚੀਨੀ ਜਨਤਾ ਪਾਣੀ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਟਾਈਫਾਈਡ, ਪੀਲੀਆ ਆਦਿ ਤੋਂ ਬਚ ਜਾਂਦੀ ਹੈ। ਦੁਪਹਿਰ ਦਾ ਭੋਜਨ ਉਹ ਲੱਗਭਗ 12 ਵਜੇ ਦੇ ਕਰੀਬ ਖਾਂਦੇ ਹਨ। ਦੁਪਹਿਰ ਦਾ ਭੋਜਨ ਸਭ ਨੂੰ ਉਹਨਾਂ ਦੇ ਦਫਤਰਾਂ ਵਿੱਚ ਸਰਕਾਰ ਵੱਲੋਂ ਹੀ ਮਿਲਦਾ ਹੈ। ਇਹ ਵੀ ਬਹੁਤ ਸ਼ਾਨਦਾਰ ਹੁੰਦਾ ਹੈ ਕਿਉਂਕਿ ਜਦੋਂ ਖਾਣ ਵਾਲੇ ਬਹੁਤੇ ਹੋਣ ਤਾਂ ਉਸ ਵਿੱਚ ਬਹੁਤੀ ਵੰਨਗੀ ਸ਼ਾਮਿਲ ਕਰਨੀ ਸੌਖੀ ਹੁੰਦੀ ਹੈ। ਸ਼ਾਮ ਦਾ ਭੋਜਨ ਉਹ ਛੇ ਤੋਂ ਸੱਤ ਵਜੇ ਦੇ ਵਿਚਕਾਰ ਕਰਦੇ ਹਨ। ਉਸ ਤੋਂ ਬਾਅਦ ਉਹਨਾਂ ਨੂੰ ਤਿੰਨ ਘੰਟੇ ਦਾ ਸਮਾਂ ਟੈਲੀਵਿਜ਼ਨ ਆਦਿ ਦੇਖਣ ਲਈ, ਅਖਬਾਰਾਂ ਪੜ੍ਹਨ ਲਈ ਅਤੇ ਸੈਰ ਕਰਨ ਲਈ ਮਿਲ ਜਾਂਦਾ ਹੈ। ਇਹ ਪੂਰੇ ਪਰਿਵਾਰ ਦੇ ਮਨੋਰੰਜਨ ਲਈ ਹੁੰਦਾ ਹੈ। ਲਗਭਗ 10 ਵਜੇ ਦੇ ਕਰੀਬ ਚੀਨੀ ਜਨਤਾ ਆਪਣੇ ਬਿਸਤਰਿਆਂ ਵਿੱਚ ਜਾ ਸੌਂਦੀ ਹੈ।
ਸਾਨੂੰ ਵੀ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਅਧਿਕਾਰੀਆਂ ਵੱਲੋਂ ਇਹ ਹਿਦਾਇਤ ਮਿਲੀ ਸੀ ਕਿ ਵਧੀਆ ਗੱਲ ਇਹ ਹੋਵੇਗੀ ਕਿ ਜੇ ਅਸੀਂ ਆਪਣੀ ਠਹਿਰ ਦੌਰਾਨ ਆਪਣੇ ਖਾਣ-ਪੀਣ ਦਾ ਸਮਾਂ ਉਨ੍ਹਾਂ ਅਨੁਸਾਰ ਢਾਲ ਸਕੀਏ। ਮਿਸਟਰ ਵਾਂਗ ਅਤੇ ਮਿਸਟਰ ਸੌਂਗ ਨੇ ਸਾਨੂੰ ਕਿਹਾ ਕਿ, ‘‘ਹੁਣ ਤੁਸੀਂ ਆਰਾਮ ਕਰੋ। ਥੱਕ ਕੇ ਲੰਬੇ ਸਫ਼ਰ ਤੋਂ ਆਏ ਹੋ। ਅਸੀਂ ਕੱਲ੍ਹ ਨੂੰ ਸਵੇਰੇ 9 ਵਜੇ ਆਵਾਂਗੇ ਅਤੇ ਤੁਹਾਨੂੰ ਪੂਰੇ ਪ੍ਰੋਗਰਾਮ ਦੇ ਵੇਰਵੇ ਦੇ ਦੇਵਾਂਗੇ। ਇੱਕ ਕੰਮ ਤੁਸੀਂ ਕਰਨਾ, ਜੋ-ਜੋ ਜਾਦੂ ਦੀਆਂ ਚਲਾਕੀਆਂ ਤੁਸੀਂ ਕਰਨੀਆਂ ਹਨ ਅਤੇ ਸਾਨੂੰ ਸਿਖਾਉਣੀਆਂ ਹਨ, ਉਹਨਾਂ ਲਈ ਲੋੜੀਂਦੇ ਸਮਾਨ ਦੀ ਲਿਸਟ ਜ਼ਰੂਰ ਤਿਆਰ ਕਰ ਲੈਣਾ।’’ ਇਹ ਕਹਿ ਕੇ ਉਹਨਾਂ ਨੇ ਅਗਲੇ ਦਿਨ ਤੱਕ ਸਾਥੋਂ ਵਿਦਾਇਗੀ ਲੈ ਲਈ।
ਅਸੀਂ ਥੋੜ੍ਹਾ ਆਰਾਮ ਕੀਤਾ। ਜਗਦੇਵ ਤਾਂ ਬਿਸਤਰੇ ਵਿੱਚ ਲੇਟ ਗਿਆ। ਮੈਂ ਬਹੁਤ ਕੁਝ ਦੇਖਣ ਅਤੇ ਸੁਣਨ ਲਈ ਖਾਸਾ ਉਤਸੁਕ ਸਾਂ। ਸੋ ਮੈਂ ਲਿਫਟ ਰਾਹੀਂ ਹੇਠਾਂ ਉੱਤਰ ਆਇਆ ਅਤੇ ਹੋਟਲੋਂ ਬਾਹਰ ਹੋ ਤੁਰਿਆ ਤਾਂ ਜੋ ਹੋਟਲ ਦੇ ਨਜ਼ਦੀਕ ਹੀ ਕੁਝ ਥਾਂਵਾਂ ਦੀ ਸੈਰ ਕਰ ਸਕਾਂ। ਇਸ ਬਹਾਨੇ ਮੇਰਾ ਕੁਝ ਤੁਰਨ ਫਿਰਨ ਦਾ ਸ਼ੌਕ ਵੀ ਪੂਰਾ ਹੋ ਜਾਵੇਗਾ। ਨਜ਼ਦੀਕ ਹੀ ਇੱਕ ਪੁਰਾਣਾ ਮਿਊਜ਼ਿਅਮ ਸੀ। ਉਸ ਸਮੇਂ ਉਹ ਖੁੱਲ੍ਹਾ ਤਾਂ ਨਹੀਂ ਸੀ ਪਰ ਉਸਦੇ ਦੁਆਲੇ ਗੇੜੇ ਤਾਂ ਦਿੱਤੇ ਹੀ ਜਾ ਸਕਦੇ ਸਨ। ਮੈਂ ਉਹਨਾਂ ਦੀ ਪਾਰਕਾਂ ਅਤੇ ਦਰਖਤਾਂ ਦੀ ਸਾਂਭ-ਸੰਭਾਲ ਤੋਂ ਅੰਦਾਜ਼ਾ ਲਾਇਆ ਕਿ ਚੀਨੀ ਲੋਕ ਜੋ ਕੁਝ ਵੀ ਕਰਦੇ ਹਨ, ਬੜੀ ਲਗ਼ਨ ਅਤੇ ਸਮਰਪਣ ਦੀ ਭਾਵਨਾ ਨਾਲ ਕਰਦੇ ਹਨ। ਉਹਨਾਂ ਨੇ ਪਾਰਕਾਂ, ਦਰਖਤਾਂ ਅਤੇ ਫੁੱਲ ਬੂਟਿਆਂ ਦੀ ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਹੋਈ ਸੀ।

Back To Top