ਅੱਜ ਦਾ ਡਾਕਟਰੀ ਵਿਗਿਆਨ

– ਮੇਘ ਰਾਜ ਮਿੱਤਰ

ਸਾਡੇ ਦੇਸ਼ ਦੇ ਬਹੁਤੇ ਲੋਕਾਂ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਸਾਧਾਂ, ਸੰਤਾਂ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ। ਜਦੋਂ ਵੀ ਘਰ ਦਾ ਕੋਈ ਜੀਅ ਬੀਮਾਰ ਹੋ ਜਾਂਦਾ ਹੈ ਤੇ ਡਾਕਟਰਾਂ ਨੂੰ ਦੇਣ ਲਈ ਉਹਨਾਂ ਪਾਸ ਪੈਸੇ ਨਹੀਂ ਹੁੰਦੇ ਤਾਂ ਉਹ ਪਿੰਡ ਦੇ ਹੀ ਕਿਸੇ ਸਿਆਣੇ ਤੋਂ ਪੁੜੀ ਲੈ ਕੇ ਜਾਂ ਧਾਗਾ ਤਵੀਤ ਕਰਵਾ ਕੇ ਆਪਣਾ ਡੰਗ ਸਾਰ ਲੈਂਦੇ ਹਨ। ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਜਿੰਨੇ ਦਿਨ ਟੂਣਾ ਕਰਨਾ ਹੁੰਦਾ ਹੈ ਉਨੇ ਦਿਨ ਵਿਚ ਆਪਣੇ ਆਪ ਠੀਕ ਹੋ ਜਾਂਦੀਆਂ ਹਨ ਇਸ ਤਰ੍ਹਾਂ ਇਹਨਾਂ ਲੋਕਾਂ ਦਾ ਸਿਆਣਿਆਂ ਤੇ ਵਿਸ਼ਵਾਸ ਵੱਧ ਜਾਂਦਾ ਹੈ। ਪਰ ਕਈ ਵਾਰੀ ਪਡ਼੍ਹ ਲਿਖੇ ਲੋਕ ਵੀ ਅਜਿਹੇ ਸਿਆਣਿਆਂ ਦੇ ਚੁੰਗਲ ਵਿਚ ਜਾ ਫਸਦੇ ਹਨ ਭਾਵੇਂ ਉਹਨਾਂ ਪਾਸ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਅੱਜ ਦੇ ਵਿਗਿਆਨਕ ਯੁੱਗ ਵਿੱਚ ਤਾਂ ਬੱਚੇ ਦਾ ਇਲਾਜ ਉਸਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਗਰਭਵਤੀ ਮਾਵਾਂ ਵਿਚ ਖੂਨ ਦੀ ਮਾਤਰਾ ਪਰਖ ਕੇ ਉਸਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਸ ਵਿੱਚ ਖੂਨ ਦੀ ਮਾਤਰਾ ਵਧ ਜਾਵੇ। ਬੱਚੇ ਨੂੰ ਖੁਰਾਕ ਮਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਇਸ ਲਈ ਮਾਂ ਦੀ ਖੁਰਾਕ ਨੂੰ ਵਧਾ ਕੇ ਪੈਦਾ ਹੋਣ ਵਾਲੇ ਬੱਚੇ ਦੀ ਸੇਹਤ ਬਣਾਈ ਜਾਂਦੀ ਹੈ। ਜਨਮ ਸਮੇਂ ਹੀ ਮਾਂ ਤੇ ਬੱਚੇ ਨੂੰ ਧੁਨਖਵਾਹ ਦਾ ਟੀਕਾ ਲਾ ਕੇ ਉਸਨੂੰ ਧੁਨਖਵਾਹ ਹੋਣ ਦੇ ਖਤਰੇ ਤੋਂ ਬਚਾਅ ਲਿਆ ਜਾਂਦਾ ਹੈ। ਭਾਵੇਂ ਸਾਡੇ ਦੇਸ਼ ਵਿਚ ਘਟੀਆ ਦਵਾਈਆਂ ਕਾਰਨ ਅਤੇ ਉਹਨਾਂ ਦੀ ਸੰਭਾਲ ਵਿਚ ਵਰਤੀ ਕੋਤਾਹੀ ਕਾਰਨ ਅਜੇ ਵੀ ਧੁਨਖਵਾਹ ਦੇ ਕੁਝ ਕੇਸ ਮਿਲ ਹੀ ਜਾਂਦੇ ਹਨ ਫਿਰ ਵੀ ਅਜਿਹੇ ਕੇਸਾਂ ਵਿਚ ਡਾਕਟਰ ਬਹੁਤੇ ਸਾਰੇ ਕੇਸਾਂ ਨੂੰ ਤੰਦਰੁਸਤ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ।
ਅੱਜ ਤੋਂ ਲੱਗਭਗ 40 ਸਾਲ ਪਹਿਲਾਂ ਤਾਂ ਪੋਲੀਓ ਨੂੰ ਰੋਕਣ ਦਾ ਡਾਕਟਰੀ ਵਿਗਿਆਨ ਵਿੱਚ ਕੋਈ ਇਲਾਜ ਨਹੀਂ ਸੀ ਪਰ 1954 ਵਿਚ ਕੁਝ ਵਿਗਿਆਨਕਾਂ ਨੇ ਇਸ ਬਿਮਾਰੀ ਦਾ ਟੀਕਾ ਤਿਆਰ ਕਰਕੇ ਉਸ “ਸਰਵ ਸ਼ਕਤੀ ਮਾਨ ਪ੍ਰਮਾਤਮਾ%% ਦਾ ਇਕ ਹੋਰ ਮਾਰੂ ਹਥਿਆਰ ਖੁੰਡਾ ਕਰ ਦਿੱਤਾ ਜਿਸ ਨਾਲ ਉਹ ਹਰ ਸਾਲ ਕਰੋੜਾਂ ਹੀ ਬੱਚਿਆਂ ਨੂੰ ਉਹਨਾਂ ਦੇ ਬਚਪਨ ਵਿਚ ਹੀ ਸਰੀਰਕ ਤੌਰ ਤੇ ਅਪਾਹਜ ਕਰ ਦਿੰਦਾ ਸੀ। ਭਾਵੇਂ ਇਸ ਬਿਮਾਰੀ ਦੇ ਚਿੰਨ ਦੁਨੀਆਂ ਦੇ ਕੋਨੇ ਕੋਨੇ ਵਿਚ ਖਤਮ ਹੋ ਰਹੇ ਹਨ ਪਰ ਸਾਡੇ ਪਿਆਰੇ ਦੇਸ਼ ਵਿਚ ਇਸ ਦੇ ਕੁਝ ਨਾ ਕੁਝ ਕੇਸ ਅਜੇ ਵੀ ਮਿਲ ਜਾਂਦੇ ਹਨ। ਇਸਦਾ ਕਾਰਨ ਵਿਗਿਆਨਕਾਂ ਦੀ ਖੋਜ ਵਿਚ ਨੁਕਸ ਨਹੀਂ ਹੈ ਸਗੋਂ ਸਾਡੇ ਹੀ ਵਤਨ ਵਾਸੀਆਂ ਵੱਲੋਂ ਇਹਨਾਂ ਦਵਾਈਆਂ ਨੂੰ ਸੰਭਾਲਣ ਸਮੇਂ ਵਰਤੀ ਗਈ ਕੋਤਾਹੀ ਹੈ। ਕਿਉਂਕਿ ਪੋਲੀਓ ਦੇ ਟੀਕੇ ਹਮੇਸ਼ਾ ਫਰਿੱਜ਼ਾਂ ਵਿਚ ਪਏ ਰਹਿਣੇ ਚਾਹੀਦੇ ਹਨ ਪਰ ਇਸ ਦੇਸ਼ ਵਿਚ ਬਿਜਲੀ ਦੀ ਘਾਟ ਹੋਣ ਕਾਰਨ ਬਹੁਤ ਵਾਰੀ ਇਹ ਹਸਪਤਾਲਾਂ ਲਈ ਵੀ ਬੰਦ ਕਰ ਦਿੱਤੀ ਜਾਂਦੀ ਹੈ। ਸਿੱਟੇ ਵੱਜੋਂ ਫਰਿੱਜ਼ਾਂ ਵਿਚ ਪਈਆਂ ਦਵਾਈਆਂ ਵੀ ਨਕਾਰਾ ਹੋ ਜਾਂਦੀਆਂ ਹਨ ਅਤੇ ਇਹਨਾਂ ਨਕਾਰਾ ਦਵਾਈਆਂ ਦੇ ਟੀਕੇ ਹੀ ਬੱਚਿਆਂ ਨੂੰ ਲਾ ਦਿੱਤੇ ਜਾਂਦੇ ਹਨ।
ਅੱਜ ਤੋਂ ਕੁਝ ਸਾਲ ਪਹਿਲਾਂ ਹਜ਼ਾਰਾਂ ਬੱਚੇ ਸਕਰਵੀ ਨਾਂ ਦੇ ਰੋਗ ਕਾਰਨ ਮਰ ਜਾਂਦੇ ਸਨ। ਕਿਉਂਕਿ ਇਸ ਰੋਗ ਦਾ ਕਾਰਨ ਅਤੇ ਇਲਾਜ ਵਿਗਿਆਨਕਾਂ ਨੂੰ ਨਹੀਂ ਸੀ ਪਤਾ। ਭਾਵੇਂ ਅੱਜ ਇਕ ਸਾਧਾਰਣ ਵਿਅਕਤੀ ਵੀ ਜਾਣਦਾ ਹੈ ਕਿ ਇਹ ਰੋਗ ਵਿਟਾਮਿਨ ਸੀ ਦੀ ਕਮੀ ਕਾਰਨ ਹੁੰਦਾ ਹੈ ਇਸ ਲਈ ਬੱਚੇ ਨੂੰ ਸੰਤਰੇ ਜਾਂ ਨਿੰਬੂ ਦਾ ਰਸ ਦੇਣ ਨਾਲ ਅੱਜ ਇਹ ਰੋਗ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ।
ਜੇ ਅਸੀਂ ਧਿਆਨ ਨਾਲ ਵੇਖੀਏ ਪੰਜਾਹ ਸਾਲ ਦੀ ਉਮਰ ਤੋਂ ਵੱਡੇ ਕੁਝ ਵਿਅਕਤੀਆਂ ਦੇ ਚਿਹਰਿਆਂ ਤੇ ਸਾਨੂੰ ਡੂੰਘੇ ਡੂੰਘੇ ਨਿਸ਼ਾਨ ਸੈਂਕੜਿਆਂ ਦੀ ਗਿਣਤੀ ਵਿਚ ਨਜ਼ਰ ਆਉਣਗੇ। ਲੋਕਾਂ ਨੇ ਆਪਣੇ ਅੰਧ ਵਿਸ਼ਵਾਸਾਂ ਕਾਰਨ ਇਸ ਬਿਮਾਰੀ ਦਾ ਕਾਰਨ ਇੱਕ ਦੇਵੀ ਮਾਤਾ ਨੂੰ ਹੀ ਸਮਝਿਆ। ਇਸ ਲਈ ਇਸ ਬਿਮਾਰੀ ਨੂੰ ਵੱਡੀ ਮਾਤਾ ਕਹਿਣ ਲੱਗ ਪਏ। ਪਰ “ਵੱਡੀ ਮਾਤਾ%% ਦੇ ਇਸ ਤਿੱਖੇ ਸੂਏ ਨੂੰ ਵਿਗਿਆਨੀਆਂ ਨੇ ਸਦਾ ਲਈ ਹੀ ਨਕਾਰਾ ਕਰ ਦਿੱਤਾ ਹੈ। ਇਸ ਬਿਮਾਰੀ ਦਾ ਸ਼ਿਕਾਰ ਵੀਹ ਸਾਲ ਤੋਂ ਘੱਟ ਉਮਰ ਦਾ ਕੋਈ ਵਿਅਕਤੀ ਤੁਸੀਂ ਸਾਰੀ ਦੁਨੀਆਂ ਵਿੱਚੋਂ ਨਹੀਂ ਲੱਭ ਸਕੋਗੇ। ਭਾਵੇਂ ਇਸ ਬਿਮਾਰੀ ਨੂੰ ਡਾਕਟਰਾਂ ਨੇ ਆਪਣੀ ਖੋਜ ਨਾਲ ਧਰਤੀ ਤੋਂ ਸਦਾ ਲਈ ਖਤਮ ਕਰ ਦਿੱਤਾ ਹੈ ਪਰ ਤਾਂ ਵੀ ਕੁਝ ਅੰਧ ਵਿਸ਼ਵਾਸੀ ਅਜੇ ਵੀ ਇਸ’ ਮਾਤਾ’ ਦੀ ਪੂਜਾ ਕਰੀ ਜਾ ਰਹੇ ਹਨ।
ਅੱਜ ਤੋਂ ਪੰਜਾਹ ਸਾਲ ਪਹਿਲਾਂ ਦਿਲ ਦੇ ਉਪਰੇਸ਼ਨ ਨਹੀਂ ਸਨ ਹੁੰਦੇ ਪਰ ਅੱਜ ਹਰ ਹਫਤੇ ਸੈਂਕੜੇ ਵਿਅਕਤੀਆਂ ਦੇ ਦਿਲ ਬਦਲ ਦਿੱਤੇ ਜਾਂਦੇ ਹਨ। ਕੇਵਲ ਦਿਲ ਬਦਲੇ ਹੀ ਨਹੀਂ ਜਾਂਦੇ ਉਹਨਾਂ ਵਿਚ ਪਏ ਵੱਡੇ ਵੱਡੇ ਨੁਕਸਾਂ ਦੀ ਵੀ ਮੁਰੰਮਤ ਕਰ ਦਿੱਤੀ ਜਾਂਦੀ ਹੈ। ਦਿਲ ਦੇ ਦੌਰਿਆਂ ਕਾਰਨ ਬੰਦ ਹੋਈਆਂ ਨਾਲੀਆਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਤਾਂ ਬਾਈਪਾਸ ਸਰਜਰੀ ਰਾਹੀਂ ਹੋਰ ਨਵੀਆਂ ਨਾਲੀਆਂ ਪਾ ਦਿੱਤੀਆਂ ਜਾਂਦੀਆਂ ਹਨ। ਪੇਸ ਮੇਕਰ ਲਾ ਕੇ ਕਮਜ਼ੋਰ ਦਿਲਾਂ ਨੂੰ ਮਜ਼ਬੂਤ ਕਰ ਦਿੱਤਾ ਜਾਂਦਾ ਹੈ। ਬਿਜਲੀ ਦੇ ਹਲਕੇ ਜਿਹੇ ਕਰੰਟ ਰਾਹੀਂ ਦਿਲ ਦੇ ਨੁਕਸਾਂ ਦਾ ਪਤਾ ਕਰ ਲਿਆ ਜਾਂਦਾ ਹੈ। ਇਹ ਸਾਰਾ ਕੁਝ ਵਿਗਿਆਨਕਾਂ ਦੁਆਰਾ ਈਜਾਦ ਕੀਤਾ ਗਿਆ ਹੈ ਨਾ ਕਿ ਇਹ ਢੰਗ ਕਿਸੇ ਧਾਰਮਿਕ ਪੁਸਤਕ ਵਿਚ ਦਰਜ ਸਨ।
ਦਿਮਾਗ ਦੇ ਖੇਤਰ ਵਿਚ ਵੀ ਅੱਜ ਦੇ ਡਾਕਟਰਾਂ ਨੇ ਵੱਡੀਆਂ ਪੁਲਾਘਾਂ ਪੁੱਟੀਆਂ ਹਨ। ਭਾਵੇਂ ਉਹ ਸਮੁੱਚੇ ਦਿਮਾਗਾਂ ਨੂੰ ਬਦਲਣ ਦੇ ਯੋਗ ਨਹੀਂ ਹੋਏ ਪਰ ਕਿਸੇ ਨਾ ਕਿਸੇ ਦਿਨ ਉਹ ਅਜਿਹਾ ਕਰਨ ਵਿਚ ਵੀ ਜ਼ਰੂਰ ਸਫਲ ਹੋ ਜਾਣਗੇ। ਕੰਪਿਊਟਰਾਂ ਦੀ ਸਹਾਇਤਾ ਨਾਲ ਦਿਮਾਗ ਦੇ ਐਕਸ ਰੇ ਕੀਤੇ ਜਾਂਦੇ ਹਨ। ਦਿਮਾਗ ਦੇ ਜਿਸ ਹਿੱਸੇ ਵਿਚ ਕੋਈ ਨੁਕਸ ਹੁੰਦਾ ਹੈ ਉਹ ਐਕਸਰੇ ਦੇ ਉਪਰ ਲਿਖਤੀ ਤੌਰ ਤੇ ਹੀ ਆ ਜਾਂਦਾ ਹੈ। ਰੇਡੀਉ ਐਕਟਿਵ ਆਈਸੋਟੋਪਾਂ ਰਾਹੀਂ ਕੀਤੇ ਜਾਂਦੇ ਰੰਗੀਨ ਐਕਸਰੇ ਵੀ ਦਿਮਾਗ ਵਿਚ ਰੁਕਾਵਟਾਂ ਨੂੰ ਲੱਭ ਲੈਂਦੇ ਹਨ ਮਹਿੰਗੇ ਹੋਣ ਦੇ ਬਾਵਜੂਦ ਵੀ ਇਹ ਸਾਰੀਆਂ ਸਹੂਲਤਾਂ ਸਾਡੇ ਦੇਸ਼ ਵਿਚ ਉਪਲਬਧ ਹਨ। ਇਹ ਸਾਰੀਆਂ ਖੋਜਾਂ ਮਨੁੱਖੀ ਦਿਮਾਗਾਂ ਨੇ ਆਪਣੀ ਮਿਹਨਤ ਨਾਲ ਪੈਦਾ ਕੀਤੀਆਂ ਹਨ।
ਟੀ. ਬੀ. ਵਰਗੇ ਮਾਰੂ ਰੋਗ ਜਿਹੜੇ ਹਰ ਸਾਲ ਕਰੋੜਾਂ ਮਨੁੱਖੀ ਜਾਨਾਂ ਨੂੰ ਡਕਾਰ ਜਾਂਦੇ ਸਨ। ਅੱਜ ਡਾਕਟਰਾਂ ਦੀਆਂ ਗੋਲੀਆਂ ਅਤੇ ਟੀਕਿਆਂ ਅੱਗੇ ਬੇਬੱਸ ਹੋ ਗਏ ਹਨ। ਰੋਗੀ ਦੀ ਹਾਲਤ ਕੁਝ ਵੀ ਹੋਵੇ ਟੀ. ਬੀ. ਦੇ ਮਰੀਜ਼ ਠੀਕ ਢੰਗ ਦੇ ਇਲਾਜ ਨਾਲ ਅਕਸਰ ਠੀਕ ਹੋ ਜਾਂਦੇ ਹਨ। ਨਮੂਨੀਏ ਦੇ ਰੋਗੀਆਂ ਦੇ ਜਾਮ ਹੋਏ ਫੇਫੜੇ ਵੀ ਰੋਟੀਆਂ ਦੀ ਉ=ੱਲੀ ਤੋਂ ਤਿਆਰ ਕੀਤੀ ਜਾਂਦੀ ਦਵਾਈ ਪੈਨਸਲੀਨ ਨਾਲ ਠੀਕ ਹੋਣ ਲੱਗ ਪਏ ਹਨ। ਪੈਨਸਲੀਨ ਦੀ ਕਾਢ ਨੇ ਸੈਂਕੜੇ ਕਿਸਮ ਦੇ ਬੀਮਾਰੀਆਂ ਫੈਲਾਉਣ ਵਾਲੇ ਜੀਵਾਂ ਨੂੰ ਨਕਾਰਾ ਕਰ ਦਿੱਤਾ ਹੈ।
ਅੱਜ ਕੈਂਸਰ ਵਰਗੀਆਂ, ਭਿਆਨਕ ਬੀਮਾਰੀਆਂ ਵੀ ਡਾਕਟਰਾਂ ਦੀਆਂ ਕੈਂਚੀਆਂ, ਬਿਜਲੀ ਦੇ ਕਰੰਟਾਂ ਅਤੇ ਰੇਡੀਓ ਵਿਕੀਰਣਾਂ ਰਾਹੀਂ ਇਲਾਜ ਯੋਗ ਹੋ ਗਈਆਂ ਹਨ। ਸੌ ਵਿੱਚੋਂ ਅੱਸੀ ਕੈਂਸਰ ਦੇ ਮਰੀਜ਼ ਅਕਸਰ ਵੱਡੇ ਸਰਕਾਰੀ ਹਸਪਤਾਲਾਂ ਵਿਚ ਲਗਾਤਾਰ ਇਲਾਜ ਨਾਲ ਠੀਕ ਹੋ ਜਾਂਦੇ ਹਨ। ਟੁੱਟੀਆਂ ਹੱਡੀਆਂ ਵਾਲੇ ਵਿਅਕਤੀਆਂ ਨੂੰ ਤਾਂ ਅੱਜ ਕੁੱਝ ਹਫ਼ਤਿਆਂ ਵਿਚ ਬਗੈਰ ਪਲਸਤਰ ਲਾਏ ਹੀ ਨਵੇਂ ਢੰਗਾਂ ਰਾਹੀਂ ਠੀਕ ਕਰ ਦਿੱਤਾ ਜਾਂਦਾ ਹੈ ਭਾਵੇਂ ਇਹ ਪ੍ਰਣਾਲੀ ਅਜੇ ਸਾਡੇ ਦੇਸ਼ ਵਿਚ ਵਿਕਸਿਤ ਨਹੀਂ ਹੈ ਪਰ ਆਉਣ ਵਾਲੇ ਕੁਝ ਸਾਲਾਂ ਵਿਚ ਇਹ ਪ੍ਰਣਾਲੀ ਸਾਡੇ ਦੇਸ਼ ਵਿਚ ਵੀ ਪ੍ਰਚਲਤ ਹੋਵੇਗੀ।
ਬੱਚਿਆਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਲੜਕਾ ਜਾਂ ਲੜਕੀ ਹੋਣ ਬਾਰੇ ਦੱਸਣ ਦੀ ਸਹੂਲਤ ਅੱਜ ਹਰ ਵੱਡੇ ਸ਼ਹਿਰ ਵਿਚ ਉਪਲਬਧ ਹੈ। ਭਾਵੇਂ ਇਹ ਸਹੂਲਤ ਵਸੋਂ ਨੂੰ ਕਾਬੂ ਵਿਚ ਰੱਖਣ ਲਈ ਇਕ ਵਧੀਆ ਢੰਗ ਹੈ ਪਰ ਸਾਡੇ ਦੇਸ਼ ਦੇ ਲੋਕ ਤਾਂ ਲੜਕੀਆਂ ਦੀ ਗਿਣਤੀ ਨੂੰ ਘਟਾਉਣ ਲਈ ਇਸ ਦਾ ਇਸਤੇਮਾਲ ਕਰ ਰਹੇ ਹਨ। ਇਸ ਚੰਗੀ ਸਹੂਲਤ ਦੀ ਗਲਤ ਵਰਤੋਂ ਨਾਲ ਹੀ ਸਾਡੇ ਦੇਸ਼ ਵਿਚ ਹੋਰ ਸਪੱਸਿਆਵਾਂ ਖੜ•ੀਆਂ ਹੋ ਜਾਣੀਆਂ ਹਨ। ਚੰਗਾ ਹੋਵੇ ਜੇ ਸਮਝਦਾਰ ਮਾਪੇ ਇਕ ਲੜਕਾ ਅਤੇ ਇਕ ਲੜਕੀ ਪੈਦਾ ਕਰਨ ਲਈ ਹੀ ਇਸ ਸਹੂਲਤ ਦਾ ਫਾਇਦਾ ਉਠਾਉਣ।
ਦੰਦਾਂ ਦੇ ਖੇਤਰ ਵਿਚ ਵਿਗਿਆਨ ਪਿੱਛੇ ਨਹੀਂ ਰਿਹਾ ਹੈ। ਪ੍ਰਮਾਤਮਾ ਦੁਆਰਾ ਪੈਦਾ ਕੀਤੇ ਟੇਢੇ ਮੇਢੇ ਦੰਦਾਂ ਨੂੰ ਅੱਜ ਦੇ ਡਾਕਟਰ ਪੂਰੀ ਤਰ੍ਹਾਂ ਤਰਤੀਬ ਵਿਚ ਲਿਆ ਦਿੰਦੇ ਹਨ। ਨਿਕਲੇ ਹੋਏ ਦੰਦਾਂ ਦੀ ਥਾਂ ਤੇ ਨਕਲੀ ਦੰਦ ਲਾ ਕੇ ਅਸਲੀ ਦੰਦਾਂ ਨੂੰ ਮਾਤ ਕਰ ਦਿੰਦੇ ਹਨ। ਅੱਗ ਨਾਲ ਪੱਚੇ ਹੋਏ ਜਾਂ ਜ਼ਖ਼ਮਾਂ ਰਾਹੀਂ ਕਰੂਪ ਹੋਏ ਚਿਹਰਿਆਂ ਨੂੰ ਪਲਾਸਟਿਕ ਸਰਜਰੀ ਰਾਹੀਂ ਸੁੰਦਰ ਬਣਾ ਦਿੱਤਾ ਜਾਂਦਾ ਹੈ।
ਇਨਸੂਲੀਨ ਦੀ ਕਾਢ ਨੇ ਸ਼ੂਗਰ ਦੇ ਰੋਗੀਆਂ ਲਈ ਜ਼ਿੰਦਗੀ ਦੀ ਨੁਹਾਰ ਹੀ ਬਦਲ ਦਿੱਤੀ ਹੈ। ਇਸ ਕਾਢ ਤੋਂ ਪਹਿਲਾਂ ਇਸ ਬੀਮਾਰੀ ਦੇ ਰੋਗੀਆਂ ਨੂੰ ਪਲ ਭਰ ਦਾ ਵੀ ਭਰੋਸਾ ਨਹੀਂ ਸੀ ਹੁੰਦਾ ਅੱਜ ਜਦੋਂ ਕਿ ਇਸ ਬਿਮਾਰੀ ਦੇ ਰੋਗੀ ਵੀ ਸੌ ਸੌ ਸਾਲ ਦੀ ਜ਼ਿੰਦਗੀ ਬਤੀਤ ਕਰ ਜਾਂਦੇ ਹਨ। ਉਹ ਦਿਨ ਵੀ ਦੂਰ ਨਹੀਂ ਜਦੋਂ ਮਨੁੱਖ ਨੇ ਨਕਲੀ ਖੂਨ ਤਿਆਰ ਕਰਕੇ ਮਨੁੱਖੀ ਜ਼ਿੰਦਗੀ ਨੂੰ ਹੋਰ ਲੰਬਾ ਕਰ ਦੇਣਾ ਹੈ।
ਕੰਪਿਊਟਰ ਦੀ ਕਾਢ ਨੇ ਤਾਂ ਡਾਕਟਰੀ ਵਿਗਿਆਨ ਵਿਚ ਇਨਕਲਾਬ ਹੀ ਲਿਆ ਦੇਣਾ ਹੈ। ਹਰ ਹਸਪਤਾਲ ਵਿਚ ਡਾਕਟਰਾਂ ਦੇ ਨਾਲ ਨਾਲ ਕੰਪਿਊਟਰ ਵੀ ਹੋਇਆ ਕਰਨਗੇ। ਰੋਗੀਆਂ ਵੱਲੋਂ ਆਪਣੀਆਂ ਬਿਮਾਰੀਆਂ ਦੀਆਂ ਅਲਾਮਤਾਂ ਲਿਖ ਕੇ ਕੰਪਿਊਟਰ ਵਿਚ ਪਾ ਦਿੱਤੀਆਂ ਜਾਇਆ ਕਰਨਗੀਆਂ ਅਤੇ ਕੰਪਿਊਟਰ ਨੇ ਖੁਦ ਹੀ ਉਹਨਾਂ ਦੀ ਬਿਮਾਰੀ ਦਾ ਨਾਂ, ਦਵਾਈ ਅਤੇ ਵਰਤੋਂ ਢੰਗ ਲਿਖ ਕੇ ਉਹਨਾਂ ਹਵਾਲੇ ਕਰ ਦਿਆ ਕਰਨਾ ਹੈ।
ਇਹ ਉਪਰੋਕਤ ਉਦਾਹਰਣਾਂ ਇਹ ਸਪਸ਼ਟ ਕਰਦੀਆਂ ਹਨ ਕਿ ਅੱਜ ਦਾ ਡਾਕਟਰੀ ਵਿਗਿਆਨ ਬਹੁਤ ਤਰੱਕੀ ਕਰ ਚੁੱਕਿਆ ਹੈ। ਜੇ ਉਪਰੋਕਤ ਸਹੂਲਤਾਂ ਸਾਡੇ ਦੇਸ਼ ਦੇ ਮੁੱਠੀ ਭਰ ਲੋਕਾਂ ਤੱਕ ਹੀ ਸੀਮਤ ਹਨ ਤਾਂ ਇਸ ਦਾ ਕਾਰਣ ਸਾਡੇ ਦੇਸ਼ ਦੇ ਆਰਥਕ ਢਾਂਚੇ ਦੀ ਅਸਾਂਵੀ ਵੰਡ ਹੈ। ਜਦੋਂ ਵੀ ਇਸ ਦੇਸ਼ ਦੇ ਮਿਹਨਤੀ ਲੋਕ ਇਸ ਰਾਜ ਭਾਗ ਨੂੰ ਆਪਣੇ ਹੱਥਾਂ ਵਿਚ ਲੈ ਕੇ ਇਸ ਅਸਾਂਵੀ ਵੰਡ ਨੂੰ ਸਾਂਵੀ ਕਰ ਦੇਣਗੇ ਤਾਂ ਇਹ ਡਾਕਟਰੀ ਸਹੂਲਤਾਂ ਵੀ ਘਰ ਘਰ ਪਹੁੰਚ ਜਾਣਗੀਆਂ।

Back To Top