? ਇੱਕ ਬੱਚਾ ਗਰਭ ਦੇ ਵਿੱਚ ਬਹੁਤ ਜ਼ਿਆਦਾ ਤਾਪਮਾਨ ਵਿੱਚ ਜਿੰਦਾ ਰਹਿੰਦਾ ਹੈ, ਜੇਕਰ ਬੱਚੇ ਨੂੰ ਬਾਹਰ ਇੰਨੇ ਤਾਪਮਾਨ ਵਿੱਚ ਰੱਖਿਆ ਜਾਵੇ ਤਾਂ ਉਹ ਜਲਦੀ ਹੀ ਮਰ ਜਾਏਗਾ। ਅਜਿਹਾ ਕਿਉਂ ਹੁੰਦਾ ਹੈ।

ਮੇਘ ਰਾਜ ਮਿੱਤਰ

? ਅਕਸਰ ਹੀ ਕਿਹਾ ਜਾਂਦਾ ਹੈ ਕਿ ਖਰਬੂਜਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਹੈਜਾ ਹੋ ਜਾਂਦਾ ਹੈ। ਕੀ ਇਹ ਗੱਲ ਠੀਕ ਹੈ।
? ਕੀ ਅਸਮਾਨੀ ਬਿਜਲੀ ਤੋਂ ਕਿਸੇ ਢੰਗ ਨਾਲ ਬਚਿਆ ਜਾ ਸਕਦਾ ਹੈ।
-ਹੈਪੀ ਅਤੇ ਪਰਵੀਨ ਬਾਂਸਲ, ਪਿੰਡ ਕਣਕਵਾਲ ਚਹਿਲਾਂ, ਜ਼ਿਲ੍ਹਾ ਮਾਨਸਾ।
– ਗਰਭ ਵਿੱਚ ਬੱਚੇ ਦਾ ਤਾਪਮਾਨ ਲਗਭਗ 370 ਸੈਲਸੀਅਸ ਹੀ ਹੁੰਦਾ ਹੈ। ਰਾਜਸਥਾਨ ਵਰਗੇ ਗਰਮ ਇਲਾਕਿਆਂ ਵਿੱਚ ਤਾਂ ਆਮ ਤੌਰ `ਤੇ ਹੀ ਬੱਚਿਆਂ ਨੂੰ ਇਸ ਤਾਪਮਾਨ ਤੋਂ ਵੱਧ ਤਾਪਮਾਨ ਤੇ ਸਮਾਂ ਗੁਜ਼ਾਰਨਾ ਪੈਂਦਾ ਹੈ। ਸੋ ਤੁਹਾਡੀ ਜਾਣਕਾਰੀ ਇਸ ਵਿਸ਼ੇ ਬਾਰੇ ਠੀਕ ਨਹੀਂ ਜਾਪਦੀ।
– ਹੈਜਾ ਜੀਵਾਣੂੰਆਂ ਰਾਹੀਂ ਫੈਲਦਾ ਹੈ। ਇਸਦਾ ਖਰਬੂਜੇ ਜਾਂ ਤਰਬੂਜ ਨਾਲ ਕੋਈ ਸੰਬੰਧ ਨਹੀਂ ਹੈ ਪਰ ਸਫਾਈ ਤਾਂ ਰੱਖਣੀ ਹੀ ਚਾਹੀਦੀ ਹੈ। ਤਰਬੂਜ ਅਤੇ ਖਰਬੂਜੇ ਗਰਮੀਆਂ ਦਾ ਫਲ ਹਨ। ਹੈਜੇ ਦਾ ਜੀਵਾਣੂੰ ਵੀ ਗਰਮੀਆਂ ਵਿੱਚ ਵੱਧ ਵਧਦਾ-ਫੁਲਦਾ ਹੈ। ਇਸ ਲਈ ਹੀ ਹੈਜੇ ਨੂੰ ਤਰਬੂਜ ਤੇ ਖਰਬੂਜਿਆਂ ਨਾਲ ਜੋੜ ਦਿੱਤਾ ਜਾਂਦਾ ਹੈ।
– ਅਸਮਾਨੀ ਬਿਜਲੀ ਤੋਂ ਆਪਣੇ ਆਪ ਨੂੰ ਬਚਾਉਣ ਦਾ ਸੁਰੱਖਿਅਤ ਤਰੀਕਾ ਤਾਂ ਇਹੀ ਹੈ ਕਿ ਤੁਸੀਂ ਸਿੱਧਾ ਧਰਤੀ ਦੇ ਸੰਪਰਕ ਵਿੱਚ ਨਹੀਂ ਹੋਣੇ ਚਾਹੀਦੇ।
***

? ਮੈਂ ਇੱਕ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਜਗਜੀਤ ਸਿੰਘ ਸੈਹੰਬੀ ਹਨ। ਜੋ ਆਪ ਜੀ ਦੇ ਪਾਠਕ ਹਨ। ਮੈਂ ਵੀ ਆਪ ਜੀ ਦਾ ਪਾਠਕ ਹਾਂ। ਆਪ ਜੀ ਦਾ ਤਰਕਸ਼ੀਲ ਮੈਗਜ਼ੀਨ ਮੈਂ ਪੜ੍ਹਦਾ ਹਾਂ। ਤੇ ਆਪ ਜੀ ਦੀ ਜੀਵਨੀ ‘ਪੈੜ ਜੋ ਕਾਫਲਾ ਬਣੀ’ ਪੜ੍ਹੀ। ਆਪ ਜੀ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤੀ ਹੈ। ਅੱਜ ਦੇ ਯੁੱਗ ਵਿੱਚ ਵੀ ਆਪ ਜੀ ਇਸ ਅੰਧ-ਵਿਸ਼ਾਵਾਸ ਦੇ ਹਨੇਰੇ ਨੂੰ ਦੂਰ ਕਰਨ ਲਈ ਜੋ ਯਤਨ ਕਰ ਰਹੇ ਹੋ, ਸੱਚ ਸ਼ਲਾਘਾ ਯੋਗ ਹਨ। ਮੈਂ ਵੀ ਤਰਕਵਾਦੀ ਵਿਚਾਰਾਂ ਨੂੰ ਅਪਣਾਇਆ ਹੈ। ਮੈਂ ਜਾਦੂ-ਟੂਣਿਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਪਰ ਮੇਰੇ ਮਨ ਵਿੱਚ ਸ਼ੰਕਾ ਹੈ ਜੋ ਆਪ ਜੀ ਨੂੰ ਬਿਆਨ ਕਰ ਰਿਹਾ ਹਾਂ।
ਸ਼ੰਕਾ : ਅਸੀਂ ਸਾਰੇ ਆਪਣੇ ਸਿੱਖ ਇਤਿਹਾਸ ਬਾਰੇ ਜਾਣਦੇ ਹਾਂ। ਵੈਸੇ ਤਾਂ ਮੈਂ ਜਾਦੂ ਟੂਣੇ ਆਦਿ ਵਿੱਚ ਵਿਸ਼ਵਾਸ ਨਹੀਂ ਰੱਖਦਾ। ਪਰ ਜਿਵੇਂ ਅਸੀਂ ਪੜ੍ਹਿਆ ਕਿ ਗੁਰਦੁਵਾਰਾ ਪੰਜਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਇੱਕ ਹੱਥ ਨਾਲ ਇੱਕ ਭਾਰੀ ਪੱਥਰ ਰੋਕ ਲਿਆ ਸੀ ਤੇ ਲੁਧਿਆਣੇ ਤੋਂ ਕੁਝ ਦੂਰੀ ਤੇ ਗੁਰਦੁਵਾਰਾ (ਆਲਮਗੀਰ) ਵਿਖੇ ਕਿਸੇ ਗੁਰੂ ਨੇ ਨਾਂ ਮੈਂ ਪੱਕੇ ਤੌਰ `ਤੇ ਨਹੀਂ ਜਾਣਦਾ ਪਰ ਕਿਹਾ ਜਾਂਦਾ ਹੈ ਕਿ ਇੰਨਾ ਨੇ ਧਰਤੀ ਵਿੱਚ ਤੀਰ ਮਾਰ ਕੇ ਪਾਣੀ ਕੱਢ ਦਿੱਤਾ ਸੀ। ਕੀ ਇਸ ਤਰ੍ਹਾ ਹੋ ਸਕਦਾ ਹੈ ? ਜੇਕਰ ਮੈਂ ਆਪਣੇ ਦੋਸਤਾਂ ਜਾਂ ਹੋਰਨਾਂ ਲੋਕਾਂ ਨੂੰ ਇਸ ਬਾਰੇ ਦਸਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਨਹੀਂ ਇੰਨਾ ਗੱਲਾਂ ਨਾਲ (ਪਾਪ) ਲਗਦਾ ਹੈ। ਕੀ ਅਸੀਂ ਇੰਨਾ ਗੱਲਾਂ ਨੂੰ ਸੱਚਾਈ ਮੰਨ ਸਕਦੇ ਹਾਂ।
ਸੋ ਆਸ ਹੈ ਤੁਸੀਂ ਮੇਰੀ ਇਹ ਸ਼ੰਕਾ ਜ਼ਰੂਰ ਦੂਰ ਕਰੋਗੇ। ਮੈਂ ਤੁਹਾਡੇ ਅਨਮੋਲ ਸ਼ਬਦਾਂ ਨਾਲ ਭਰੇ ਖ਼ਤ ਦਾ ਇੰਤਜ਼ਾਰ ਕਰਾਂਗਾ।
-ਗੁਰਚੇਤਨ ਸਿੰਘ, ਪਿੰਡ ਸੂੰਧ, ਜ਼ਿਲਾ ਨਵਾਂ ਸ਼ਹਿਰ
– ਸ੍ਰੀ ਗੁਰੂ ਨਾਨਕ ਬਾਰੇ ਬਹੁਤ ਸਾਰੀਆਂ ਸਾਖੀਆਂ ਦਾ ਵਰਨਣ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਕੁਝ ਤਾਂ ਬਿਲਕੁਲ ਹੀ ਮਨਘੜਤ ਹਨ। ਗੁਰੂ ਨਾਨਕ ਦੇਵ ਜੀ ਖੁਦ ਕਰਾਮਾਤਾਂ ਦੇ ਵਿਰੋਧੀ ਰਹੇ ਹਨ। ਇਸ ਲਈ ਉਹਨਾਂ ਦੇ ਨਾਂ ਨਾਲ ਮਨਘੜਤ ਗੱਲਾਂ ਜੋੜ ਕੇ ਲੋਕਾਂ ਨੂੰ ਗੁਮਰਾਹ ਕਰਨਾਂ ਉਹਨਾਂ ਦੇ ਪਾਏ ਪੂਰਨਿਆਂ ਦਾ ਵਿਰੋਧ ਕਰਨਾ ਹੀ ਹੈ। ***

Back To Top