– ਮੇਘ ਰਾਜ ਮਿੱਤਰ
1. ਸਵੇਰੇ 6.00 ਵਜੇ ਉੱਠਦਾ ਹੈ। ਸੈਰ ਨੂੰ ਜਾਂਦਾ ਹੈ। ਕਸਰਤ ਕਰਦਾ ਹੈ। ਅਖਬਾਰ ਪੜਦਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਕਿ ਕਿਸੇ ਹੋਰ ਦੀ ਨੀਂਦ ਉਸਦੀ ਕਿਸੇ ਹਰਕਤ ਨਾਲ ਖਰਾਬ ਨਾ ਹੋਵੇ।
2. ਵਿਗਿਆਨਕ ਸੋਚ ਵਿੱਚ ਯਕੀਨ ਰੱਖਦਾ ਹੈ। ਉਹ ਸਮਝਦਾ ਹੈ ਕਿ 90% ਜ਼ਿੰਦਗੀ ਉਸਦੇ ਆਪਣੇ ਹੱਥ ਹੈ। ਇਸ ਲਈ ਹੀ ਨਾਸ਼ਤੇ ਵਿਚ ਮੋਟਾਪੇ ਤੋਂ ਬਚਣ ਲਈ ਖੰਡ ਤੇ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਤੋਂ ਬਚਣ ਦਾ ਯਤਨ ਕਰਦਾ ਹੈ।
3. ਆਪਣੇ ਅਦਾਰੇ ਵਿੱਚ ਜਾਂਦਾ ਹੈ। ਮਨੁੱਖ ਨੂੰ ਮੂਰਤੀਆਂ, ਗ੍ਰੰਥਾਂ ਅਤੇ ਅਸਥਾਨਾਂ ਤੋਂ ਵੱਧ ਜ਼ਰੂਰੀ ਸਮਝਦਾ ਹੈ। ਆਪਣੇ ਅਦਾਰੇ ਵਿੱਚ ਆਪਣੇ ਫਰਜਾਂ ਦੀ ਪੂਰਤੀ ਸਮੇਂ ਆਪਣੇ ਕੋਲ ਆਉਣ ਵਾਲੇ ਮਨੁੱਖਾਂ ਪ੍ਰਤੀ ਵਤੀਰਾ ਬਹੁਤ ਵਧੀਆ ਰੱਖਦਾ ਹੈ। ਹਰ ਆਉਣ ਵਾਲੇਵਿਅਕਤੀ ਦਾ ਜਾਇਜ਼ ਕੰਮ ਕਰਨ ਦਾ ਯਤਨ ਕਰਦਾ ਹੈ, ਉਹਨਾਂ ਦੀ ਜਾਤ-ਪਾਤ ਨਹੀਂ ਪੁੱਛਦਾ। ਨਾ ਹੀ ਕੋਈ ਭੇਦ-ਭਾਵ ਵਰਤਦਾ ਹੈ। ਉਸ ਲਈ ਕੋਈ ਵੀ ਦਿਨ, ਸਮਾਂ ਜਾਂ ਵਿਅਕਤੀ ਅਸ਼ੁਭ ਨਹੀਂ।
4. ਖਾਲੀ ਸਮੇਂ ਵਿੱਚ ਦੁਨੀਆਂ ਨੂੰ ਬਦਲਣ ਵਾਲੇ ਵਿਗਿਆਨਕਾਂ, ਫਿਲਾਸਫਰਾਂ, ਨਾਵਲਾਂ ਕਹਾਣੀਆਂ ਨੂੰ ਪੜ•ਦਾ ਹੈ, ਕਿੰਤੂ ਕਰਦਾ ਹੈ। ਅਸਲੀਅਤ ਨਾਲ ਜੁੜੀਆਂ ਸੱਚਾਈਆਂ ਦਾ ਜ਼ਿਕਰ ਆਪਣੇ ਨਜ਼ਦੀਕੀਆਂ ਵਿੱਚ ਕਰਦਾ ਹੈ।
5. ਹੋਂਦ ਰੱਖਣ ਵਾਲੀਆਂ ਸੰਸਥਾਵਾਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਬਿਰਧ ਆਸ਼ਰਮਾਂ, ਪਿੰਗਲਵਾੜਿਆਂ ਵਿੱਚ ਯਕੀਨ ਕਰਦਾ ਹੈ। ਇਹਨਾਂ ਰਾਹੀਂ ਲੋਕਾਂ ਦਾ ਭਲਾ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਸਵਰਗ-ਨਰਕ ਵਿੱਚ ਯਕੀਨ ਨਹੀਂ, ਇਸ ਲਈ ਡਰਦਾ ਨਹੀਂ। ਸਵੈ-ਵਿਸ਼ਵਾਸ ਤੇ ਚੰਗੀ ਯੋਜਨਾਬੰਦੀ ਬਣਾ ਕੇ 90% ਕੰਮਾਂ ਵਿੱਚ ਸਫਲ ਹੀ ਹੁੰਦਾ ਹੈ।
6. ਸਿਹਤ ਪ੍ਰਤੀ ਜਾਗਰੂਕ ਹੈ। ਇਸ ਲਈ ਭੋਗ ਦੇ ਨਾਂ ‘ਤੇ ਠੰਡੀਆਂ, ਬਾਸੀ ਚੀਜ਼ਾਂ ਦਾ ਸੇਵਨ ਨਹੀਂ ਕਰਦਾ ਅਤੇ ਨਾ ਹੀ ਗੰਦੇ ਪਾਣੀ ਵਿੱਚ ਨਹਾਉਂਦਾ ਹੈ ਤੇ ਨਾ ਹੀ ਪੀਂਦਾ ਹੈ।
7. ਆਪਣੇ ਮਾਪਿਆਂ, ਬੱਚਿਆਂ ਦੇ ਜਨਮ ਦਿਨ ਮਨਾਉਂਦਾ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨਾਂ ਵਿੱਚ ਯਕੀਨ ਕਰਦਾ ਹੈ।