ਇੱਕ ਦਿਨ ਇੱਕ ਅਧਿਆਪਕ ਨੇ ਕਿਹਾ ਕਿ ਜਗਰਾਓਂ (ਲੁਧਿਆਣਾ) ਨੇੇੜੇ ਇੱਕ ਧਾਰਮਿਕ ਸਥਾਨ ‘ਤੇ ਪੰਜਾਹ ਸਾਲ ਪਹਿਲਾਂ ਮਰੇ ਸੰਤ ਆਉਂਦੇ ਹਨ। ਉਹਨਾਂ ਲਈ ਰੱਖੀ ਦਾਤਣ ਕਰ ਜਾਂਦੇ ਹਨ ਅਤੇ ਗੜਬੇ ਦੇ ਪਾਣੀ ਨਾਲ ਮੂੰਹ ਹੱਥ ਵੀ ਧੋ ਜਾਂਦੇ ਹਨ। ਇੱਕ ਹੋਰ ਅਧਿਆਪਕ ਨੇ ਦੱਸਿਆ ਕਿ ਪਿੰਡ ਠੀਕਰੀਵਾਲ (ਬਰਨਾਲਾ) ਵਿਖੇ ਇੱਕ ਘਰ ਵਿੱਚ ਚੀਜ਼ਾਂ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਹੈ। ਜਿੰਦਾ ਲੱਗੀਆਂ ਪੇਟੀਆਂ ਵਿੱਚ ਪਏ ਕੱਪੜੇ ਵੀ ਮੱਚ ਜਾਂਦੇ ਹਨ। ਅਸੀਂ ਇਹਨਾਂ ਅਧਿਆਪਕਾਂ ਨੂੰ ਸਮਝਾਉਂਦੇ ਰਹੇ ਕਿ ਇਹ ਗੱਲਾਂ ਅਸੰਭਵ ਹਨ। ਜਦੋਂ ਉਹ ਸਾਡੇ ਸਾਹਮਣੇ ਬੇਦਲੀਲ ਹੋ ਜਾਂਦੇ ਤਾਂ ਕਹਿੰਦੇ, ”ਤੁਸੀਂ ਤਾਂ ਖੂਹ ਦੇ ਡੱਡੂ ਹੋ, ਸਕੂਲ ਵਿੱਚ ਭਕਾਈ ਮਾਰਨਾ ਤੁਹਾਡਾ ਕੰਮ ਹੈ। ਜੇ ਤੁਸੀਂ ਇਹ ਗੱਲਾਂ ਪੰਜਾਬ ਦੇ ਪਿੰਡਾਂ ਵਿੱਚ ਕਰੋਂ ਤਾਂ ਕੋਈ ਫ਼ਾਇਦਾ ਵੀ ਹੋਵੇ।” ਉਹਨਾਂ ਦੀ ਇਸ ਗੱਲ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ। ਪਰ ਮਨ ਹੀ ਮਨ ਵਿੱਚ ਅਸੀਂ ਕਿਸੇ ਅਜਿਹੀ ਜਥੇਬੰਦੀ ਦੀ ਅਣਹੋਂਦ ਜ਼ਰੂਰ ਮਹਿਸੂਸ ਕਰਦੇ। ਅਗਸਤ 1983 ਵਿੱਚ ਮੈਂ ਕਿਸੇ ਕੰਮ ਲਈ ਧੂਰੀ (ਸੰਗਰੂਰ) ਗਿਆ ਤਾਂ ਉਥੇ ਮੈਨੂੰ ਇੱਕ ਪੁਰਾਣਾ ਦੋਸਤ ਸੁਰਿੰਦਰ ਧੂਰੀ ਮਿਲਿਆ। ਉਸਦੇ ਹੱਥ ਵਿੱਚ ਸ੍ਰੀਲੰਕਾ ਨਿਵਾਸੀ ਡਾ. ਅਬਰਾਹਮ ਟੀ. ਕੋਵੂਰ ਦੀ ਅੰਗਰੇਜ਼ੀ ਦੀ ਕਿਤਾਬ ”ਬੀਗੌਨ ਗੌਡਮੈਨ” ਸੀ। ਮੈਂ ਉਸਤੋਂ ਇਹ ਕਿਤਾਬ ਪੜਨ ਲਈ ਲੈ ਲਈ। ਮੈਂ ਤੇ ਸਾਥੀ ਸੰਤੋਖ ਟਿਵਾਣੇ ਨੇ ਇਹ ਕਿਤਾਬ ਪੜੀ। ਕਿਤਾਬ ਬਹੁਤ ਦਿਲਚਸਪ ਸੀ, ਪਰ ਇਸਦਾ ਵਿਸ਼ਾ ਨਿਵੇਕਲਾ ਹੋਣ ਕਾਰਨ ਇਸਦੀ ਅੰਗਰੇਜ਼ੀ ਕੁਝ ਔਖੀ ਸੀ। ਕਿਤਾਬ ਪੜਨ ਤੋਂ ਬਾਅਦ ਵੀ ਅਸੀਂ ਇਸ ਕਿਤਾਬ ਬਾਰੇ ਹੀ ਸਾਥੀ ਅਧਿਆਪਕਾਂ ਨਾਲ ਗੱਲਾਂ ਕਰਦੇ ਰਹੇ। ਸਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਇੱਕ ਹੋਰ ਅਧਿਆਪਕ ਦੋਸਤ ਨੇ ਇਹ ਕਿਤਾਬ ਪੜਨ ਲਈ ਲੈ ਲਈ। ਤਿੰਨ ਦਿਨਾਂ ਬਾਅਦ ਉਹ ਕਿਤਾਬ ਵਾਪਿਸ ਲੈ ਆਇਆ ਤੇ ਮੈਨੂੰ ਕਹਿਣ ਲੱਗਿਆ, ”ਮੈਨੂੰ ਇਹ ਕਿਤਾਬ ਪੰਜਾਬੀ ਵਿੱਚ ਚਾਹੀਦੀ ਹੈ। ਮੈਂ ਪੰਜਾਬੀ ਵਿੱਚ ਇਸ ਦੀ ਇੱਕ ਕਾਪੀ ‘ਤੇ ਪੰਜ ਸੌ ਰੁਪਿਆ ਵੀ ਖ਼ਰਚ ਕਰ ਸਕਦਾ ਹਾਂ।” ਮੈਂ ਉਹਨਾਂ ਨੂੰ ਪੁੱਛਿਆ ਕਿ ”ਤੁਸੀਂ ਇਸ ਕਿਤਾਬ ‘ਤੇ ਪੰਜ ਸੌ ਰੁਪਿਆ ਖ਼ਰਚ ਕਰਕੇ ਪੰਜਾਬੀ ਵਿੱਚ ਕਿਉਂ ਲੈਣਾ ਚਾਹੁੰਦੇ ਹੋ।” ਉਹਨਾਂ ਦਾ ਜਵਾਬ ਸੀ, ”ਮੈਂ ਇਸ ਤੋਂ 1500 ਰੁਪਏ ਦੀ ਕਮਾਈ ਕਰਨੀ ਚਾਹੁੰਦਾ ਹਾਂ” ਮੈਂ ਫਿਰ ਪੁੱਛਿਆ ”ਤੁਸੀਂ ਇਹ ਕਮਾਈ ਕਿਵੇਂ ਕਰੋਗੇ?” ਉਸ ਦਾ ਜੁਆਬ ਸੀ ਕਿ ਮੇਰੀ ਘਰਵਾਲੀ ਪਿਛਲੇ ਤਿੰਨ ਸਾਲਾਂ ਤੋਂ ਇੱਕ ਜੋਤਸ਼ੀ ਦੇ ਚੁੰਗਲ ਵਿੱਚ ਫਸੀ ਹੋਈ ਹੈ ਤੇ ਤਿੰਨ ਸਾਲਾਂ ਵਿੱਚ 3000/- ਰੁਪਿਆ ਜੋਤਸ਼ੀ ਸਾਥੋਂ ਲੁੱਟ ਚੁੱਕਿਆ ਹੈ। ਉਸ ਜੋਤਸ਼ੀ ਨੇ ਦੋ ਸਾਲਾਂ ਲਈ ਮੇਰੀ ਪਤਨੀ ਨੂੰ ਕੁਝ ਉਪਾਅ ਵੀ ਦੱਸੇ ਹੋਏ ਹਨ। ਜਿਸਦਾ ਮਤਲਬ ਹੈ ਕਿ ਉਹ ਅਜੇ ਹੋਰ ਦੋ ਸਾਲ ਮੇਰੇ ਘਰ ਵਾਲੀ ਤੋਂ ਲੁੱਟ ਖਸੁੱਟ ਕਰਦਾ ਰਹੇਗਾ ਤੇ ਘੱਟੋ-ਘੱਟ ਦੋ ਹਜ਼ਾਰ ਰੁਪਏ ਹੋਰ ਲਏਗਾ। ਮੇਰੀ ਪਤਨੀ ਪੰਜਾਬੀ ਚੰਗੀ ਤਰਾਂ ਪੜ ਸਕਦੀ ਹੈ। ਜੇ ਮੈਂ ਉਸਨੂੰ ਪੰਜਾਬੀ ਵਿੱਚ ਇਹ ਕਿਤਾਬ ਪੜਾ ਦੇਵਾਂ ਤਾਂ ਲਾਜ਼ਮੀ ਪੰਜ ਸੌ ਰੁਪਿਆ ਖ਼ਰਚ ਕਰਕੇ ਵੀ 1500/- ਰੁਪਏ ਦੀ ਬੱਚਤ ਕਰ ਸਕਾਂਗਾ” ਇਸ ਅਧਿਆਪਕ ਦੋਸਤ ਪ੍ਰਤੀ ਮੇਰੇ ਦਿਲ ਵਿੱਚ ਇੱਕ ਸ਼ਰਧਾ ਸੀ। ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਸਾਰੀਆਂ ਗੱਲਾਂ ਹੀ ਬਹੁਤ ਯੋਜਨਾਬੱਧ ਢੰਗ ਨਾਲ ਕਰਦਾ ਸੀ। ਇਂੱਕ ਨਿੱਕੀ ਜਿਹੀ ਗੱਲ ਤੋਂ ਹੀ ਉਸ ਦੀ ਯੋਜਨਾਵੱਧ ਜ਼ਿੰਦਗੀ ਦਾ ਪਤਾ ਲੱਗ ਸਕਦਾ ਹੈ। ਆਪਣਾ ਮਕਾਨ ਬਣਾਉਣ ਸਮੇਂ ਉਸਨੇ ਬਰਨਾਲੇ ਦੇ ਆਲੇ-ਦੁਆਲੇ ਦੇ ਸਾਰੇ ਭੱਠਿਆਂ ਦੀ ਇੱਕ ਇੱਕ ਇੱਟ ਲੈ ਕੇ ਉਸਦਾ ਆਕਾਰ ਮਾਪਿਆ ਅਤੇ ਭਾਰ ਤੋਲਿਆ ਅਤੇ ਫੇਰ ਹੀ ਉਸਨੇ ਆਪਣੀ ਕੋਠੀ ਦੀ ਉਸਾਰੀ ਵਿੱਚ ਉਸ ਇੱਟ ਦੀ ਹੀ ਵਰਤੋਂ ਕੀਤੀ। ਇਸ ਤਰਾਂ ਉਸ ਦੁਆਰਾ ਆਖੀ ਗਈ ਇਹ ਸਰਸਰੀ ਗੱਲ ਮੇਰੇ ਮਨ ‘ਤੇ ਡੂੰਘਾ ਅਸਰ ਕਰ ਗਈ ਅਤੇ ਪਹਿਲਾਂ ਹੀ ਸੋਚੇ ਗਏ ਆਪਣੇ ਮਨ ਦੇ ਸੰਕਲਪਾਂ ਨੂੰ ਪੂਰਾ ਕਰਨ ਲਈ ਮੈਂ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ।
ਅਨੁਵਾਦ ਕਰਨ ਜਾਂ ਕਿਸੇ ਕਿਸਮ ਦੀਆਂ ਹੋਰ ਲਿਖਤਾਂ ਲਈ ਮੇਰੇ ਕੋਲ ਕੋਈ ਤਜ਼ਰਬਾ ਨਹੀਂ ਸੀ। ਇਸ ਲਈ ਪਹਿਲੇ ਸੱਤ ਦਿਨਾਂ ਵਿੱਚ ਮੈਂ ਇਸ ਕਿਤਾਬ ਦੇ ਸੱਤ ਸਫ਼ੇ ਹੀ ਅਨੁਵਾਦ ਕਰ ਸਕਿਆ। ਇਸ ਤੋਂ ਬਾਅਦ ਮੈਂ ਕਈ ਵਿਅਕਤੀਆਂ ਕੋਲ ਇਸ ਅਨੁਵਾਦ ਵਿੱਚ ਸਹਿਯੋਗ ਲੈਣ ਲਈ ਗਿਆ, ਪਰ ਅਨੁਵਾਦ ਦਾ ਕੰਮ ਕਰਵਾਉਣ ਲਈ ਕਿਸੇ ਨੇ ਵੀ ਹਾਮੀ ਨਾ ਭਰੀ। ਅੰਤ ਮੈਂ ਆਪਣੇ ਨਿੱਜੀ ਦੋਸਤ ਸਰਜੀਤ ਤਲਵਾਰ ਨੂੰ ਬੇਨਤੀ ਕੀਤੀ, ਜਿਸਨੇ ਅੱਧੀ ਕਿਤਾਬ ਦਾ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਲੈ ਲਈ। ਪੰਜਾਬ ਵਿੱਚ ਤਰਕਸ਼ੀਲ ਲਹਿਰ ਉਸਾਰਨ ਵਿੱਚ ਮੈਨੂੰ ਸਰਜੀਤ ਤਲਵਾਰ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਹੈ। ਅਸੀਂ ਦੋਵਾਂ ਨੇ ਮਿਲਕੇ ਤਰਕਸ਼ੀਲ ਸਾਹਿਤ ਅਤੇ ਲਹਿਰ ਨੂੰ ਘਰ-ਘਰ ਪਹੁੰਚਾਉਣ ਲਈ ਇੱਕ-ਦੂਜੇ ਦਾ ਹੱਥ ਵਟਾਉਂਦੇ ਹੋਏ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।
ਤਰਕਸ਼ੀਲ ਸ਼ਬਦ ਅਤੇ ਤਰਕਸ਼ੀਲ ਲਹਿਰ, ਪੰਜਾਬ ਵਿੱਚ ਪਹਿਲੀ ਵਾਰ ਹੋਂਦ ਵਿੱਚ ਆਏ ਸਨ। ਇਸ ਲਈ ਸਾਨੂੰ ਅੰਗਰੇਜ਼ੀ ਸ਼ਬਦਾਂ ਦੇ ਢੁੱਕਵੇਂ ਪੰਜਾਬੀ ਸ਼ਬਦ ਅਰਥ ਚੁਣਨ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਆਈਆਂ। ‘ਬਦਕਿਸਮਤ’ ਅਤੇ ‘ਸਵਰਗਵਾਸੀ’ ਆਦਿ ਕੁਝ ਅਜਿਹੇ ਸ਼ਬਦ ਹਨ, ਜਿੰਨਾਂ ਲਈ ਢੁੱਕਵੇਂ ਤਰਕਸ਼ੀਲ ਸ਼ਬਦ ਸਾਨੂੰ ਅਜੇ ਤੱਕ ਨਹੀਂ ਸੁੱਝੇ। ਤਿੰਨ ਮਹੀਨਿਆਂ ਦੀ ਲਗਾਤਾਰ ਮਿਹਨਤ ਨਾਲ ਅਸੀਂ ਇਸ ਕਿਤਾਬ ਦੇ ਅਨੁਵਾਦ ਦਾ ਕੰਮ ਨਿਬੇੜ ਲਿਆ। ਸਰਜੀਤ ਤਲਵਾਰ ਦੁਆਰਾ ਅਨੁਵਾਦ ਕੀਤੇ ਕੰਮ ਨੂੰ ਮੈਂ ਦਰੁਸਤ ਕਰ ਦਿੱਤਾ ਅਤੇ ਮੇਰੇ ਦੁਆਰਾ ਅਨੁਵਾਦ ਕੀਤੇ ਕੰਮ ਨੂੰ ਕਿਸੇ ਹੋਰ ਸਾਥੀ ਨੇ ਦਰੁਸਤ ਕਰ ਦਿੱਤਾ। ਮੈਂ ਇਸ ਅਧਿਆਪਕ ਦਾ ਨਾਂ ਧੰਨਵਾਦ ਵਾਲਿਆਂ ਦੀ ਸੂਚੀ ਵਿੱਚ ਹੀ ਪਾਉਣਾ ਚਾਹੁੰਦਾ ਸੀ। ਪਰ ਇਸ ਅਧਿਆਪਕ ਨੇ ਆਪਣਾ ਨਾਂ ਪਹਿਲੇ ਸਫ਼ੇ ‘ਤੇ ਪਵਾਉਣ ਲਈ ਸਿਫ਼ਾਰਸ਼ ਪਵਾਉਣੀ ਸ਼ੁਰੂ ਕਰ ਦਿੱਤੀ। ਨਾ ਚਾਹੁੰਦੇ ਹੋਏ ਵੀ ਮੈਨੂੰ ਉਸਦਾ ਨਾਂ ਪਹਿਲੇ ਸਫ਼ੇ ‘ਤੇ ਲਿਖਣਾ ਪਿਆ।
ਚੀਨ ਦੀਆਂ ਤਸਵੀਰਾਂ ਵਾਲੀ ਕਿਤਾਬ ਵੀ ਮੇਰੀ ਲਾਇਬਰੇਰੀ ਵਿੱਚ ਮੌਜੂਦ ਸੀ। ਇਸ ਕਿਤਾਬ ਵਿੱਚ ਚੀਨ ਦੇ ਕਿਸੇ ਅਜਾਇਬ ਘਰ ਵਿੱਚ ਮਿੱਟੀ ਦੇ ਬੁੱਤਾਂ ਦੀਆਂ ਉਹ ਤਸਵੀਰਾਂ ਸਨ, ਜਿੰਨਾਂ ਵਿੱਚ ਜਗੀਰਦਾਰਾਂ ਵੱਲੋਂ ਕਿਸਾਨਾਂ ‘ਤੇ ਬੀਤੇ ਸਮੇਂ ਵਿੱਚ ਹੋਏ ਅੱਤਿਆਚਾਰ ਤਸਵੀਰਾਂ ਰਾਹੀਂ ਵਿਖਾਏ ਹੋਏ ਸਨ। ਇਹਨਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਅਜਿਹੇ ਕਿਸਾਨ ਦੀ ਸੀ, ਜੋ ਜਗੀਰਦਾਰਾਂ ਦੇ ਅੱਤਿਆਚਾਰਾਂ ਤੋਂ ਬਹੁਤ ਹੀ ਦੁਖੀ ਹੋ ਕੇ ਉਸਦਾ ਫਸਤਾ ਵੱਢਣ ਲਈ ਤਿਆਰ ਬੈਠਾ ਸੀ। ਇਸ ਲਈ ਉਸਨੇ ਆਪਣੇ ਹੱਥ ਵਿੱਚ ਇੱਕ ਕੁਹਾੜੀ ਫੜੀ ਹੋਈ ਸੀ। ਮੈਂ ਇਸ ਤਸਵੀਰ ਨੂੰ ਕਿਤਾਬ ‘…ਤੇ ਦੇਵ ਪੁਰਸ਼ ਹਾਰ ਗਏ’ ਦਾ ਟਾਈਟਲ ਬਣਾਉਣ ਲਈ ਚੁਣ ਲਿਆ ਕਿਉਂਕਿ ਸਾਡੇ ਵਲੋਂ ਟਾਈਟਲ ਦੀ ਵਿਆਖਿਆ ਨਹੀਂ ਸੀ ਕੀਤੀ ਗਈ। ਕਾਫ਼ੀ ਵਿਅਕਤੀ ਇਸ ਕਿਸਾਨ ਨੂੰ ਇੱਕ ‘ਭੂਤ’ ਹੀ ਸਮਝਣ ਲੱਗ ਪਏ।
ਉਸ ਸਮੇਂ ਕਿਤਾਬਾਂ ਛਪਵਾਉਣ ਲਈ ਸਾਡੇ ਕੋਲ ਕੋਈ ਤਜ਼ਰਬਾ ਨਹੀਂ ਸੀ। ਇਸ ਲਈ ਅਸੀਂ ਕਿਤਾਬਾਂ ਛਪਵਾਉਣ ਲਈ ਅਜਿਹੇ ਛਾਪਕ ਕੋਲ ਪਹੁੰਚ ਕੀਤੀ ਜੋ ਲਹਿਰ ਦਾ ਸਮਰਥਕ ਸੀ, ਪਰ ਉਸ ਨੂੰ ਕਿਤਾਬਾਂ ਛਾਪਣ ਬਾਰੇ ਤਜ਼ਰਬਾ ਘੱਟ ਹੀ ਸੀ। ਸਿੱਟੇ ਵਜੋਂ ਕਿਤਾਬ ‘ਤੇ ਖ਼ਰਚ ਵੀ ਲੋੜੋਂ ਵੱਧ ਆਇਆ ਅਤੇ ਕਿਤਾਬ ਦੀ ਦਿੱਖ ਅਤਿ ਘਟੀਆ ਬਣੀ। ਕਿਤਾਬ ਛਪਵਾਉਣ ਲਈ 8500 ਰੁਪਏ ਦੀ ਜ਼ਰੂਰਤ ਸੀ। ਇਸ ਲਈ ਮੈਂ ਆਪਣੇ ਨਿੱਜੀ ਦੋਸਤ ਟਿਵਾਣੇ ਤੋਂ 500 ਰੁਪੈ, ਦੇਵਿੰਦਰ ਤੋਂ 1000 ਰੁਪਏ, ਅਤੇ ਸਰਜੀਤ ਤੋਂ 2000 ਰੁਪਏ ਉਧਾਰ ਫੜੇ। ਬਾਕੀ ਪੈਸਿਆਂ ਦਾ ਇੰਤਜ਼ਾਮ ਮੈਂ ਆਪਣੇ ਕੋਲੋਂ ਕਰ ਲਿਆ। ਕਿਤਾਬ ਛਪਣ ਸਮੇਂ ਮੈਂ ਤੇ ਤਲਵਾਰ ਹੀ ਅਕਸਰ ਲੁਧਿਆਣੇ ਜਾਂਦੇ। ‘ਕਮਿਊਨਿਸਟ ਵਰਕਰ’ ਵਾਲੇ ਸਾਥੀਆਂ ਕੋਲ ਹੀ ਅਕਸਰ ਅਸੀਂ ਰਾਤਾਂ ਕੱਟਦੇ। ਇਹਨਾਂ ਸਾਥੀਆਂ ਦੁਆਰਾ ਮਿਲਿਆ ਸਹਿਯੋਗ ਵੀ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਿੱਚ ਸਹਾਈ ਹੋਇਆ।
ਕਿਤਾਬ ਛਪਣ ਸਮੇਂ ਵੀ ਕੁਝ ਮਾਮੂਲੀ ਘਟਨਾਵਾਂ ਵਾਪਰੀਆਂ। ਛਾਪਕ ਦਾ ਭਰਾ ਉਹਨਾਂ ਦਿਨਾਂ ਵਿੱਚ ਪ੍ਰੈਸ ‘ਤੇ ਹੁੰਦਾ ਸੀ। ਉਸਨੂੰ ਰਾਤ ਨੂੰ ਭੂਤ ਵਿਖਾਈ ਦੇਣ ਲੱਗ ਪਏ। ਕੰਪੋਜ਼ ਕਰਨ ਵਾਲੀਆਂ ਕੁੜੀਆਂ ਵੀ ਅਕਸਰ ਕਿਤਾਬ ਦੀ ਸਮੱਗਰੀ ਨੂੰ ਦੇਖ ਕੇ ਹੱਸਦੀਆਂ ਰਹਿੰਦੀਆਂ।
ਕਿਤਾਬ ਦੀ ਸਾਰੀ ਛਪਵਾਈ ਤੋਂ ਬਾਅਦ ਇਸ ਦੇ ਮੁੱਢਲੇ ਸਫ਼ੇ ਤਿਆਰ ਹੋਣੇ ਸਨ। ਇਸ ਸਮੇਂ ਸਾਡੇ ਧਿਆਨ ਵਿੱਚ ਆਇਆ ਕਿ ਜੇ ਇਹ ਕਿਤਾਬ ਕਿਸੇ ਅਦਾਰੇ ਵਲੋਂ ਛਪੇ ਤਾਂ ਚੰਗੀ ਗੱਲ ਹੋਵੇਗੀ। ਅਸੀਂ ਕਿਸੇ ਅਜਿਹੀ ਸੰਸਥਾ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਫਲਤਾ ਨਾ ਮਿਲੀ। ਮਜ਼ਬੂਰਨ ਸਾਨੂੰ ਖੁਦ ਹੀ ਰੈਸ਼ਨਲਿਸਟ ਸੁਸਾਇਟੀ ਪੰਜਾਬ ਨਾਂ ਦਾ ਅਦਾਰਾ ਅਪ੍ਰੈਲ 1984 ਵਿੱਚ ਸਥਾਪਿਤ ਕਰਨਾ ਪਿਆ। ਸਾਥੀ ਸਰਜੀਤ ਤਲਵਾਰ ਇਸਦੇ ਪਹਿਲੇ ਸਕੱਤਰ ਅਤੇ ਮੈਂ ਇਸਦਾ ਪ੍ਰਧਾਨ ਬਣ ਗਏ। ਪ੍ਰੋਫ਼ੈਸਰ ਕੋਵੂਰ ਦੀ ਤਰਾਂ ਅਸੀਂ ਵੀ ਚੁਣੌਤੀ ਲਈ ਇਨਾਮ ਦੀ ਰਾਸ਼ੀ ਇੱਕ ਲੱਖ ਰੁਪਏ ਰੱਖਣਾ ਚਾਹੁੰਦੇ ਸੀ। ਪਰ ਸਾਡੀ ਦੋਹਾਂ ਵਿਅਕਤੀਆਂ ਦੀ ਵਿਤੀ ਸਮਰੱਥਾ ਦਸ ਹਜ਼ਾਰ ਰੁਪਏ ਤੋਂ ਵੱਧ ਨਹੀਂ ਸੀ। ਇਸ ਲਈ ਅਸੀਂ ਇਨਾਮ ਦੀ ਰਾਸ਼ੀ ਘਟਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ। ਅਸੀਂ 1968 ਤੋਂ ਕਮਿਊਨਿਸਟ ਲਹਿਰ ਨਾਲ ਪੂਰੀ ਤਰਾਂ ਜੁੜੇ ਹੋਏ ਸੀ। ਇਸ ਲਈ ਅਸੀਂ ਹਰੀਹਰਨ ਪੁੰਜਾਰ ਦੀਆਂ ਇਹ ਲਾਈਨਾਂ, ”ਭਰਮਾਂ ਵਹਿਮਾਂ ਦੀ ਇਸ ਲੜਾਈ ਨੂੰ ਪ੍ਰੋਲੇਤਾਰੀ ਦੀ ਮੁਕਤੀ ਦੀ ਲੜਾਈ ਨਾਲ ਜੋੜ ਕੇ ਹੀ ਜਿੱਤਿਆ ਜਾ ਸਕਦਾ ਹੈ।” ਮੂਹਰਲੇ ਸਫ਼ੇ ‘ਤੇ ਦਰਜ ਕਰ ਦਿੱਤੀਆਂ।
ਉਹਨੀਂ ਦਿਨੀਂ ਹੀ ਮੈਂ ਸਕੂਲ ਆ ਕੇ ਸਟਾਫ਼ ਦੇ ਸਾਥੀਆਂ ਨੂੰ ‘ਰੈਸ਼ਨਲਿਸਟ ਸੁਸਾਇਟੀ ਪੰਜਾਬ’ ਨਾਂ ਦੀ ਸੰਸਥਾ ਬਣਾ ਕੇ ਦਸ ਹਜ਼ਾਰ ਰੁਪਏ ਦਾ ਇਨਾਮ ਰੱਖਣ ਦੀ ਗੱਲ ਦੱਸੀ। ਉਸ ਸਮੇਂ ਸਾਡੇ ਸਕੂਲ ਦੇ ਦੋ ਅਧਿਆਪਕ ਸ੍ਰੀ ਦੇਸ ਰਾਜ ਜਿੰਦਲ ਅਤੇ ਸ੍ਰੀ ਸੁਖਦੇਵ ਰਾਮ ਜੋਤਸ਼ੀਆਂ ਨੂੰ ਲਿਆਉਣ ਲਈ ਆਪਣੇ ਸਕੂਟਰਾਂ ‘ਤੇ ਚੜ ਗਏ। ਪਰ ਕਿਸੇ ਵੀ ਜੋਤਸ਼ੀ ਨੂੰ ਲਿਆ ਕੇ ਉਹ ਸਾਥੋਂ ਇਨਾਮ ਦੀ ਰਾਸ਼ੀ ਜਿਤਾਉਣ ਵਿੱਚ ਨਾ ਕਾਮਯਾਬ ਰਹੇ।
ਆਖ਼ਰ ਪਹਿਲੀ ਮਈ 1984 ਦਾ ਉਹ ਦਿਨ ਆ ਗਿਆ। ਜਿਸ ਦਿਨ ਅਸੀਂ ਕਿਤਾਬ ਨੂੰ ਜਾਰੀ ਕਰਨ ਦਾ ਵਾਅਦਾ ਕੀਤਾ ਸੀ। ਜਿਲਦ ਸਾਜ ਨੇ ਛੇ ਸੌ ਕਾਪੀਆਂ ਤਿਆਰ ਕਰ ਦਿੱਤੀਆਂ। ਇਹਨਾਂ ਵਿੱਚੋਂ 200 ਕਾਪੀਆਂ ਅਸੀਂ ਸਾਥੀ ਹਰਦੀਪ ਰਾਹੀਂ ਦਿੱਲੀ ਭੇਜ ਦਿੱਤੀਆਂ। ਮੈਂ ‘ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ’ ਦੇ ਪ੍ਰੋਗਰਾਮ ‘ਤੇ ਕੁਝ ਕਾਪੀਆਂ ਲੈ ਗਿਆ। ਕੁਝ ਸਾਥੀ ਬਰਨਾਲੇ ਤੇ ਰਾਮਪੁਰੇ ਲਈ ਕਿਤਾਬਾਂ ਲੈ ਗਏ। ਕਿਤਾਬ ਦੀ ਦਿੱਖ ਮਾੜੀ ਹੋਣ ਕਾਰਨ ਕੋਈ ਵੀ ਦੁਕਾਨਦਾਰ ਇਹਨਾਂ ਨੂੰ ਆਪਣੀ ਦੁਕਾਨ ‘ਤੇ ਰੱਖਣ ਲਈ ਤਿਆਰ ਨਾ ਹੋਇਆ। ਫਿਰ ਵੀ ਲਗਭਗ ਦੋ ਮਹੀਨੇ ਵਿੱਚ ਇਹ ਕਿਤਾਬ ਲੱਗ ਗਈ। ਕਿਉਂਕਿ ਇਸ ਕਿਤਾਬ ਦੀਆਂ ਇੱਕ ਹਜ਼ਾਰ ਕਾਪੀਆਂ ਅਸੀਂ ਹੱਥੋ-ਹੱਥੀ ਵੇਚ ਦਿੱਤੀਆਂ ਸਨ। ਇਸ ਲਈ ਪਹਿਲੇ ਐਡੀਸ਼ਨ ਵਿੱਚੋਂ ਚਾਰ ਹਜ਼ਾਰ ਰੁਪਏ ਸਾਡੇ ਕੋਲ ਬਚ ਗਏ।
ਇਸ ਤੋਂ ਬਾਅਦ ਅਸੀਂ ਬਰਨਾਲੇ ਵਿਖੇ ਸੁਸਾਇਟੀ ਬਣਾ ਲਈ। ਪਰਵੀਨ ਛਾਬੜਾ, ਅਨੁਰਾਗ ਆਰੋਹੀ, ਹਰਿੰਦਰ, ਸੁਖਵੰਤ, ਨਰਿੰਦਰ, ਤੇਜਿੰਦਰ, ਸਰਜੀਤ ਤਲਵਾਰ ਅਤੇ ਮੈਂ ਇਸ ਦੇ ਮੁੱਢਲੇ ਮੈਂਬਰ ਬਣੇ, ਇਸ ਤੋਂ ਅਗਲੀ ਮੀਟਿੰਗ ਵਿੱਚ ਅਸੀਂ ਚੋਣ ਵੀ ਕਰ ਲਈ। ਸਾਥੀ ਸਰਜੀਤ ਤਲਵਾਰ ਦੇ ਮੀਟਿੰਗ ਵਿੱਚ ਨਾ ਆਉਣ ਕਾਰਨ ਸਾਨੂੰ ਇੱਕ ਅਜਿਹੇ ਵਿਅਕਤੀ ਨੂੰ ਸਕੱਤਰ ਚੁਣਨਾ ਪਿਆ, ਜਿਸਨੇ ਕਦੇ ਵੀ ਸੁਸਾਇਟੀ ਲਈ ਕੋਈ ਜ਼ਿੰਮੇਵਾਰੀ ਵਾਲਾ ਕੰਮ ਨਾ ਨਿਭਾਇਆ। ਲਿਖਾਈ ਮਾੜੀ ਹੋਣ ਕਾਰਨ ਸੁਸਾਇਟੀ ਦੀ ਕਾਰਵਾਈ ਲਿਖਣ ਤੋਂ ਵੀ ਪਾਸਾ ਵੱਟ ਜਾਂਦਾ। ਸੁਸਾਇਟੀ ਲਈ ਉਸਨੇ ਅੱਜ ਤੱਕ ਇੱਕ ਵੀ ਪੈਸਾ ਉਧਾਰ ਨਾ ਦਿੱਤਾ। ਕਦੇ ਕੋਈ ਲਿਖਤ ਤਿਆਰ ਨਾ ਕੀਤੀ। ਇੱਕ ਵਾਰ ਰਾਮਪੁਰੇ ਕਿਤਾਬਾਂ ਪਹੁੰਚਾਉਣ ਤੋਂ ਬਗੈਰ ਕਿਤੇ ਵੀ ਕਿਤਾਬਾਂ ਨਾ ਪਹੁੰਚਾਈਆਂ। ਇਸ ਲਈ ਉਸ ਦੀਆਂ ਇਹਨਾਂ ਜ਼ਿੰਮੇਵਾਰੀਆਂ ਨੂੰ ਮੈਨੂੰ ਹੀ ਨਿਭਾਉਣਾ ਪੈਂਦਾ। ਪਰ ਇਹ ਵਿਅਕਤੀ ਹਰ ਮੀਟਿੰਗ ਵਿੱਚ ਬੀੜੀਆਂ ਫੂਕਦਾ ਅਤੇ ਢਾਹੂ ਨੁਕਤਾਚੀਨੀ ਕਰ ਛੱਡਦਾ। ਅੰਤ ਇਸ ਵਿਅਕਤੀ ਦੇ ਕੰਮ ਨਾ ਕਰਨ ਕਾਰਨ ਮੈਨੂੰ ਇਸ ਵਿਅਕਤੀ ਪ੍ਰਤੀ ਨਫ਼ਰਤ ਹੋ ਗਈ। ਕਿਤਾਬਾਂ ਅਨੁਵਾਦ ਕਰਨ, ਕਿਤਾਬਾਂ ਛਪਵਾਉਣ, ਕਿਤਾਬਾਂ ਵਿਅਕਤੀਆਂ ਨੂੰ ਅਤੇ ਸਟਾਲਾਂ ‘ਤੇ ਪੁਚਾਉਣ, ਪੈਸੇ ਇਕੱਠੇ ਕਰਨ, ਲਿਖਤਾਂ ਤਿਆਰ ਕਰਨ, ਚਿੱਠੀਆਂ ਦੇ ਜੁਆਬ ਲਿਖਣ ਆਦਿ ਦੇ ਸਾਰੇ ਕੰਮ ਮੈਨੂੰ ਇਕੱਲੇ ਹੀ ਮਜ਼ਬੂਰੀ ਵੱਸ ਕਰਨੇ ਪੈਂਦੇ। ਇਸੇ ਤਰਾਂ ਮੇਰਾ ਘਰ ਹੀ ਸੁਸਾਇਟੀ ਦਾ ਇੱਕੋ ਇੱਕ ਦਫ਼ਤਰ ਬਣ ਗਿਆ।
ਕਿਤਾਬ ਨੂੰ ਘਰ-ਘਰ ਪੁਚਾਉਣ ਲਈ ਮੈਂ ਬਹੁਤ ਸਾਰੇ ਅਖ਼ਬਾਰਾਂ ਰਸਾਲਿਆਂ ਤੋਂ ਸਹਿਯੋਗ ਲਿਆ। ਕਿਤਾਬ ਛਪਣ ਤੋਂ ਪਹਿਲਾਂ ਹੀ ਲਗਭਗ ਦਸ ਮੈਗਜ਼ੀਨਾਂ ਵਿੱਚ ਇਸ ਦੇ ਇਸ਼ਤਿਹਾਰ ਲੱਗ ਗਏ ਸਨ। ਕਿਤਾਬ ਆਉਣ ਤੋਂ ਬਾਅਦ ਤਾਂ ਲਗਭਗ 60 ਮੈਗਜ਼ੀਨਾਂ ਤੇ ਅਖ਼ਬਾਰਾਂ ਨੇ ਇਸ ਦੀ ਜਾਣ-ਪਹਿਚਾਣ ਲੋਕਾਂ ਨੂੰ ਕਰਵਾ ਦਿੱਤੀ। ਭਾਵੇਂ ਸਾਨੂੰ ਡਾਕ ਖ਼ਰਚ ਤੋਂ ਵਗੈਰ ਇੱਕ ਵੀ ਪੈਸਾ ਖ਼ਰਚ ਨਾ ਕਰਨਾ ਪਿਆ। ਇਹ ਸਾਰਾ ਕੁਝ ਸਾਡੇ ਦੁਆਰਾ ਵੱਖ-ਵੱਖ ਸੰਪਾਦਕਾਂ ਨੂੰ ਮਿਲਕੇ ਸੰਭਵ ਹੋਇਆ।
ਸਾਡੀ ਸੁਸਾਇਟੀ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਵਿੱਚ ਸਾਡੇ ਦੁਆਰਾ ਸਮੇਂ ਸਿਰ ਚਿੱਠੀਆਂ ਦੇ ਜੁਆਬ ਦੇਣ ਦਾ ਵੀ ਬਹੁਤ ਵੱਡਾ ਮਹੱਤਵ ਹੈ। ਸਾਡੀ ਸੁਸਾਇਟੀ ਵਿੱਚ ਸਰਗਰਮ ਵਿਅਕਤੀਆਂ ਵਿੱਚੋਂ 90% ਇਸ ਲਈ ਸਰਗਰਮ ਹਨ ਕਿਉਂਕਿ ਅਸੀਂ ਸਮੇਂ ਸਿਰ ਉਹਨਾਂ ਨਾਲ ਪੱਤਰ ਵਿਹਾਰ ਕਰਦੇ ਰਹੇ। ਸੁਸਾਇਟੀ ਨੂੰ ਆਈਆਂ ਚਿੱਠੀਆਂ ਦੀਆਂ ਬਹੁਤ ਵੱਡੀਆਂ-ਵੱਡੀਆਂ ਫਾਈਲਾਂ ਬਣ ਚੁੱਕੀਆਂ ਹਨ। ਕਿਸੇ ਸਮੇਂ ਅਸੀਂ ਇਹਨਾਂ ਦੀ ਪ੍ਰਦਰਸ਼ਨੀ ਲਾਉਣ ਬਾਰੇ ਵੀ ਸੋਚ ਰਹੇ ਹਾਂ। ਚਿੱਠੀਆਂ ਵਿੱਚੋਂ ਪਹਿਲੀ ਚਿੱਠੀ ਮਾਛੀਵਾੜੇ ਤੋਂ ਰਾਜਪਾਲ ਸਿੰਘ ਦੀ ਆਈ ਸੀ। ਹੁਣ ਤੱਕ 15000 ਵਿਅਕਤੀ ਚਿੱਠੀਆਂ ਰਾਹੀਂ ਸਾਡੇ ਨਾਲ ਸੰਪਰਕ ਕਰ ਚੁੱਕੇ ਹਨ।
ਸਾਡੇ ਦੁਆਰਾ ਛਪਵਾਈਆਂ ਕਿਤਾਬਾਂ ਪੜ ਕੇ ਸੈਂਕੜੇ ਵਿਅਕਤੀ ਸਾਨੂੰ ਮਿਲਣ ਆਉਣ ਲੱਗ ਪਏ। ਇਹਨਾਂ ਪ੍ਰਤੀ ਸਾਡਾ ਚੰਗਾ ਵਤੀਰਾ ਹੀ ਸੁਸਾਇਟੀ ਦੇ ਕੰਮ ਕਾਰ ਲਈ ਸਹਾਈ ਹੋਇਆ। ਹਰ ਵਿਅਕਤੀ ਪ੍ਰਭਾਵਿਤ ਹੋ ਕੇ ਗਿਆ ਅਤੇ ਸੁਸਾਇਟੀ ਦੀ ਉਸਨੇ ਹਰ ਤਰਾਂ ਦੀ ਸਹਾਇਤਾ ਦਾ ਵਚਨ ਦਿੱਤਾ। ਬਹੁਤ ਸਾਰੇ ਵਿਅਕਤੀਆਂ ਨੇ ਸੁਸਾਇਟੀ ਨੂੰ ਚਿੱਠੀਆਂ ਲਿਖਕੇ ਆਰਥਿਕ ਸਹਾਇਤਾ ਦੇਣ ਦੀ ਇੱਛਾ ਪ੍ਰਗਟਾਈ। ਪਰ ਅਸੀਂ ਕਿਸੇ ਵੀ ਵਿਅਕਤੀ ਤੋਂ ਆਰਥਿਕ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਕੁਝ ਵਿਅਕਤੀਆਂ ਦੇ ਜ਼ੋਰ ਦੇਣ ‘ਤੇ ਹੁਣ ਅਸੀਂ ਤਿੰਨ ਵਿਅਕਤੀਆਂ ਤੋਂ ਆਰਥਿਕ ਸਹਾਇਤਾ ਪ੍ਰਵਾਨ ਕਰ ਲਈ ਸੀ। ਇਸਦਾ ਵੇਰਵਾ ਅਸੀਂ ਆਪਣੇ ਮੈਗਜ਼ੀਨ ਵਿੱਚ ਛਾਪ ਦਿੱਤਾ।
ਮਈ ਤੇ ਜੂਨ 84 ਦੇ ਮਹੀਨਿਆਂ ਦੌਰਾਨ ਹੋਈਆਂ ਸਾਡੀਆਂ ਮੀਟਿੰਗਾਂ ਵਿੱਚੋਂ ਅੰਧਵਿਸ਼ਵਾਸ ਨੂੰ ਖ਼ਤਮ ਕਰਨ ਲਈ ਅਸੀਂ ਕਈ ਕਾਰਜ ਉਲੀਕੇ। ਇਹਨਾਂ ਵਿੱਚੋਂ ਮੁੱਖ ਘਰਾਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬੰਦ ਕਰਨਾ, ਪੁਨਰ-ਜਨਮ ਦੇ ਕੇਸਾਂ ਦੀ ਪੜਤਾਲ ਕਰਨਾ, ਜਾਦੂਗਰਾਂ ਦੀਆਂ ਚਲਾਕੀਆਂ ਉਜਾਗਰ ਕਰਨਾ, ਸਾਧਾਂ-ਸੰਤਾਂ ਦੁਆਰਾ ਮਾਰੀਆਂ ਜਾਂਦੀਆਂ ਠੱਗੀਆਂ ਦੇ ਪਰਦੇ ਫ਼ਾਸ਼ ਕਰਨਾ ਅਤੇ ਅਖ਼ਬਾਰੀ ਖ਼ਬਰਾਂ ਦੀ ਸੱਚਾਈ ਲੋਕਾਂ ਸਾਹਮਣੇ ਲੈ ਕੇੇ ਆਉਣਾ ਸੀ। ਅਸੀਂ ਇਹਨਾਂ ਕਾਰਜਾਂ ਨੂੰ ਨੇਪਰੇ ਚਾੜਨ ਲਈ ਠੋਸ ਕਦਮ ਵੀ ਪੁੱਟੇ। ਜਦੋਂ ਵੀ ਭੂਤਾਂ-ਪ੍ਰੇਤਾਂ ਸਬੰਧੀ ਕੋਈ ਖ਼ਬਰ ਛਪਦੀ ਤਾਂ ਅਸੀਂ ਸਬੰਧਤ ਇਲਾਕੇ ਵਿੱਚ ਬੈਠੇ ਆਪਣੇ ਸਮਰਥਕਾਂ ਨੂੰ ਚਿੱਠੀਆਂ ਲਿਖ ਦਿੰਦੇ ਅਤੇ ਨਾਲ ਹੀ ਪੱਤਰਕਾਰਾਂ ਨੂੰ ਮਿਲਕੇ ਸਮਝਾਉਣ ਦਾ ਸੁਝਾਅ ਵੀ ਦਿੰਦੇ। ਪੜਤਾਲ ਕੁਝ ਦਿਨਾਂ ਵਿੱਚ ਸਾਡੇ ਪਾਸ ਪਹੁੰਚ ਜਾਂਦੀ ਅਤੇ ਅਸੀਂ ਇਸਨੂੰ ਪ੍ਰਕਾਸ਼ਿਤ ਵੀ ਕਰ ਦਿੰਦੇ। ਕਈ ਵਾਰ ਅਸੀਂ ਆਪਣੀ ਟੀਮ ਵੀ ਉਸ ਸਥਾਨ ਲਈ ਰਵਾਨਾ ਕਰ ਦਿੰਦੇ ਜੋ ਜਾਂਚ-ਪੜਤਾਲ ਸਾਨੂੰ ਲਿਆ ਦਿੰਦੀ। ਸਾਡੀ ਇਸ ਯੋਜਨਾ ਦਾ ਬਹੁਤ ਹੀ ਉਤਸ਼ਾਹਜਨਕ ਪ੍ਰਭਾਵ ਪਿਆ। ਇਂੱਕ ਸਮਾਂ ਅਜਿਹਾ ਵੀ ਆਇਆ ਕਿ ਕੁਝ ਅਖ਼ਬਾਰਾਂ ਨੇ ਮਨਘੜਤ ਖ਼ਬਰਾਂ ਛਾਪਣੀਆਂ ਬੰਦ ਕਰਕੇ ਸੁਸਾਇਟੀ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਨੀਆਂ ਸ਼ਰੂ ਕਰ ਦਿੱਤੀਆਂ।
ਜਾਦੂਗਰਾਂ ਦੀਆਂ ਚਲਾਕੀਆਂ ਦੇ ਪਰਦੇ ਫ਼ਾਸ਼ ਕਰਨ ਲਈ ਅਸੀਂ ਆਪਣੀਆਂ ਮੀਟਿੰਗਾਂ ਵਿੱਚ ਇੱਕ-ਦੂਸਰੇ ਨਾਲ ਆਪਣੇ ਸਿੱਖੇ ਹੋਏ ਤਜ਼ਰਬੇ ਸਾਂਝੇ ਕਰਦੇ। ਜਾਦੂਗਰਾਂ ਨਾਲ ਰਹਿ ਚੁੱਕੇ ਬਹੁਤ ਸਾਰੇ ਵਿਅਕਤੀ ਵੀ ਸਾਨੂੰ ਇਸ ਕੰਮ ਲਈ ਸਹਾਈ ਹੋਏ। ਅਸੀਂ ਆਪਣੇ ਬਹੁਤ ਸਾਰੇ ਸਮਰਥਕਾਂ ਨੂੰ ਜਾਦੂ ਦੀਆਂ ਇਹ ਚਲਾਕੀਆਂ ਸਿਖਾਈਆਂ। ਅਸੀਂ ਬਹੁਤ ਸਾਰਾ ਸਮਾਨ ਵੀ ਆਪਣੇ ਸਮਰਥਕਾਂ ਨੂੰ ਦਿੰਦੇ। ਰੂੰ ਨੂੰ ਅੱਗ ਲਾਉਣਾ, ਪਾਣੀ ਨੂੰ ਅੱਗ ਲਾਉਣਾ, ਸਿੱਕਾ ਗਰਮ ਕਰਨਾ, ਨਬਜ਼ ਰੋਕਣਾ ਅਤੇ ਜਾਦੂ ਦੇ ਡੰਡੇ ਬਹੁਤ ਸਾਰੇ ਮੈਂਬਰ ਸਾਥੋਂ ਹੀ ਸਿੱਖ ਗਏ ਹਨ। ਇਹਨਾਂ ਪ੍ਰਯੋਗਾਂ ਲਈ ਮੈਂ ਆਮ ਤੌਰ ‘ਤੇ ਆਪਣੀ ਸਕੂਲੀ ਪ੍ਰਯੋਗਸ਼ਾਲਾ ਵਿੱਚ ਰੁੱਝਿਆ ਰਹਿੰਦਾ ਸੀ। ਕਿਉਂਕਿ ਸਾਡੀ ਸੁਸਇਟੀ ਦੀ ਇਹ ਸਮਝ ਬਣ ਚੁੱਕੀ ਸੀ ਕਿ ਵੱਖ-ਵੱਖ ਧਾਰਮਿਕ ਕਿਤਾਬਾਂ ਪੁਰਾਤਨ ਲੇਖਕਾਂ ਦੀਆਂ ਕਲਪਿਤ ਜਾਂ ਅਧੂਰੀ ਸਚਾਈ ‘ਤੇ ਅਧਾਰਤ ਲਿਖਤਾਂ ਹੀ ਹਨ। ਇਸ ਲਈ ਅਸੀਂ ਆਪਣੇ ਮੈਂਬਰਾਂ ਨੂੰ ਇਹਨਾਂ ਦਾ ਤਰਕ ਦੀ ਕਸੌਟੀ ‘ਤੇ ਅਧਿਐਨ ਕਰਨ ਲਈ ਕਿਹਾ ਤੇ ਕਈ ਤਾਂ ਅੱਜ ਤੱਕ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਸਾਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਇਹਨਾਂ ਦੇ ਤਰਕਸ਼ੀਲ ਅਧਿਐਨ ਅਸੀਂ ਲੋਕ ਕਚਿਹਰੀ ਵਿੱਚ ਜ਼ਰੂਰ ਲਿਆ ਸਕਾਂਗੇ।
ਜੁਲਾਈ 1984 ਦੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਮੈਨੂੰ ਆਪਣਾ ਨਾਂ ਮੇਘ ਰਾਜ ਮਿੱਤਲ ਤੋਂ ਬਦਲ ਕੇ ‘ਮੇਘ ਰਾਜ ਮਿੱਤਰ’ ਰੱਖਣ ਲਈ ਕਿਹਾ। ਭਾਵੇਂ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਨਾਂਅ ਪਿੱਛੇ ਲੱਗੇ ਆਪਣੇ ਖ਼ਾਨਦਾਨੀ ਚਿੰਨ ਨੂੰ ਬਰਕਰਰਾਰ ਰੱਖ ਸਕਾਂ। ਕਿਉਂਕਿ ਮੈਂ ਸਮਝਦਾ ਸੀ ਕਿ ਜੀਨਜ਼ ਦੀ ਇੰਜਨੀਅਰਿੰਗ ਵਿੱਚ ਕਿਸੇ ਵੀ ਵਿਅਕਤੀ ਦੇ ਬੰਸਾਵਲੀ ਦੀ ਸ਼ਨਾਖਤ ਦੀ ਲੋੜ ਪੈ ਸਕਦੀ ਹੈ। ਫਿਰ ਵੀ ਮੈਂ ਮੈਂਬਰਾਂ ਦੀਆਂ ਭਾਵਨਾਵਾਂ ਕਿ ਸਾਡੇ ਤਰਕਸ਼ੀਲਾਂ ਦੇ ਸਥਾਪਤ ਆਗੂਆਂ ਦੇ ਨਾਵਾਂ ਵਿੱਚ ਜਾਤ, ਗੋਤ, ਧਰਮ ਦਾ ਵਿਖਾਵਾ ਨਹੀਂ ਹੋਣਾ ਚਾਹੀਦਾ ਹੈ, ਨੂੰ ਸਮਝਿਆ ਅਤੇ ਆਪਣੇ ਨਾਂਅ ਨੂੰ ਬਦਲਣ ਦੀ ਸਹਿਮਤੀ ਦਿੱਤੀ।
ਕਿਤਾਬ ਛਪ ਜਾਣ ‘ਤੇ ਰੈਸ਼ਨਲਿਸਟ ਸੁਸਾਇਟੀ ਪੰਜਾਬ ਬਰਨਾਲਾ ਨੇ ਸੁਸਾਇਟੀ ਦਾ ਕੰਮ ਵਧੀਆ ਢੰਗ ਨਾਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਾਨੂੰ ਬਰਨਾਲੇ ਦੇ ਬਾਹਰ ਤੋਂ ਵੀ ਬਹੁਤ ਸਾਰੇ ਵਿਅਕਤੀ ਸਹਿਯੋਗ ਦੇਣ ਲੱਗ ਪਏ। ਇਹਨਾਂ ਵਿੱਚ ਗੁਰਦੀਪ, ਦਰਸ਼ਨ ਅਤੇ ਮਹਿੰਦਰਪਾਲ ਦੇ ਨਾਂਅ ਸ਼ਲਾਘਾਯੋਗ ਹਨ। ਸ਼ੁਰੂ ਵਿੱਚ ਇਹ ਵਿਅਕਤੀ ਬਰਨਾਲੇ ਵਿਖੇ ਸੁਸਾਇਟੀ ਦੇ ਮੈਂਬਰ ਬਣ ਗਏ।
ਇਸ ਤੋਂ ਬਾਅਦ ਬਰਨਾਲਾ ਤੋਂ ਬਾਹਰ ਵੀ ਸੁਸਾਇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਅਤ ਹੋਰ ਕਿਤਾਬਾਂ ਦੀ ਤਿਆਰੀ ਦਾ ਕੰਮ ਸ਼ੁਰੂ ਹੋ ਗਿਆ। ਪੰਜਾਬ ਤੋਂ ਬਾਹਰ ਵੀ ਸੁਸਾਇਟੀ ਦੀਆਂ ਬ੍ਰਾਚਾਂ ਬਣਨ ਲੱਗ ਪਈਆਂ ਅਤੇ ਸੁਸਾਇਟੀ ਨੇ ਆਪਣਾ ਮੈਗਜ਼ੀਨ ਛਾਪਣਾ ਵੀ ਸ਼ੁਰੂ ਕਰ ਦਿੱਤਾ। ਪਹਿਲਾਂ ਇੱਕ ਅੰਕ ‘ਰੈਸ਼ਨੇਲਿਸਟ’ ਦੇ ਨਾਂ ਹੇਠ ਛਪਿਆ, ਇਸ ਤੋਂ ਬਾਅਦ ‘ਤਰਕਬਾਣੀ’ ਦੇ ਨਾਂ ‘ਤੇ, ਫਿਰ ‘ਤਰਕਬੋਧ’ ਦੇ ਨਾਂ ਹੇਠ ਛਪਦਾ ਰਿਹਾ ਅਤੇ ਅੱਜਕੱਲ ਇਹ ‘ਵਿਗਿਆਨ ਜੋਤ’ ਦੇ ਨਾਮ ‘ਤੇ ਛਪ ਰਿਹਾ ਹੈ।