ਮੇਘ ਰਾਜ ਮਿੱਤਰ
ਅਜਿਹੇ ਪੰਜਾਬੀ ਮਾਪੇ ਜਿਹਨਾਂ ਦੇ ਪੁੱਤਰ ਜਾਂ ਧੀਆਂ ਨਿਊਜੀਲੈਂਡ ਦੇ ਪੱਕੇ ਵਸਨੀਕ ਹਨ ਉਹ ਹਰ ਇੱਕ ਦੋ ਸਾਲ ਬਾਅਦ ਨਿਊਜੀਲੈਂਡ ਵਿਜਟਰ ਵੀਜੇ ਤੇ ਚਲੇ ਜਾਂਦੇ ਹਨ। ਉੱਥੇ ਉਹ ਖੇਤਾਂ ਵਿੱਚ ਕੀਵੀ ਤੋੜਨ ਜਾਂ ਕੀਵੀ ਦੀ ਪ੍ਰੋਨਿੰਗ ਸਬੰਧੀ ਲੁਕ ਛਿਪ ਕੇ ਕੰਮ ਲੱਭ ਲੈਂਦੇ ਹਨ। ਇਹਨਾਂ ਨੂੰ ਘੱਟ ਤੋਂ ਘੱਟ ਉਜਰਤ ਜੋ ਉਸ ਦੇਸ਼ ਵਿੱਚ ਹਫਤੇ ਦੇ ਸਾਢੇ ਬਾਰਾਂ ਡਾਲਰ ਪ੍ਰਤੀ ਹਿਸਾਬ ਨਾਲ ਹਫਤੇ ਦੇ ਚਾਲੀ ਘੰਟੇ ਲਈ ਮਿਲ ਜਾਂਦੀ ਹੈ। ਇਸ ਤਰ੍ਹਾਂ ਛੇ ਮਹੀਨੇ ਜਾਂ ਨੌ ਮਹੀਨੇ ਲਈ ਖੇਤਾਂ ਵਿੱਚ ਕੰਮ ਕਰਕੇ ਉਹ ਦੋਵੇਂ ਜੀ ਪੰਜ ਸੱਤ ਲੱਖ ਰੁਪਏ ਕਮਾ ਕੇ ਪੰਜਾਬ ਵਾਪਸ ਆ ਜਾਂਦੇ ਹਨ। ਇੱਥੋਂ ਦੇ ਕਾਂ ਇਹਨਾਂ ਨੂੰ ਹੰਸ ਸਮਝਣਾ ਸ਼ੁਰੂ ਕਰ ਦਿੰਦੇ ਹਨ ਪਰ ਨਿਊਜੀਲੈਂਡ ਦੇ ਵਸਨੀਕ ਇਹਨਾਂ ਨੂੰ ਕਾਂ ਸਮਝਦੇ ਹਨ। ਸੋ ਇਹ ਨਾਂ ਕਾਂ ਰਹਿੰਦੇ ਹਨ ਤੇ ਨਾ ਹੀ ਹੰਸ।
ਮੇਰੇ ਪੰਜਾਬ ਦੇ ਕੁਝ ਵਸਨੀਕ ਤਾਂ ਆਪਣੇ ਬੀਮਾਰ ਮਾਂ ਪਿਓ ਨੂੰ ਇਲਾਜ ਲਈ ਨਿਊਜੀਲੈਂਡ ਸੱਦ ਲੈਂਦੇ ਹਨ। ਉਹਨਾਂ ਦਾ ਇਲਾਜ ਲੈਣ ਤੇ ਹਸਪਤਾਲਾਂ ਦੇ ਵੱਡੇ ਬਿਲਾਂ ਦਾ ਭੁਗਤਾਨ ਕਰਨ ਦੀ ਚਿੱਠੀ ਆਉਣ ਤੇ ਪੈਸੇ ਦੇਣ ਦੀ ਬਜਾਏ ਆਪਣੇ ਘਰ ਬਦਲ ਲੈਂਦੇ ਹਨ। ਪੁਰਾਣੇ ਪਤਿਆਂ ਤੇ ਆਈ ਡਾਕ ਆਪਣੇ ਆਪ ਵਾਪਸ ਮੁੜ ਜਾਂਦੀ ਹੈ।
ਸਾਡੇ ਦੇਸ਼ ਦੇ ਮਾੜੇ ਰਾਜ ਪ੍ਰਬੰਧ ਦੇ ਸਤਾਏ ਬਹੁਤ ਸਾਰੇ ਮਾਪੇ ਆਪਣੇ ਬੁੱਧੀਮਾਨ ਪੁੱਤਰਾਂ ਧੀਆਂ ਨੂੰ ਪੜ੍ਹਨ ਦੇ ਬਹਾਨੇ ਸਥਾਪਤ ਕਰਨ ਲਈ ਨਿਊਜੀਲੈਂਡ ਭੇਜ ਦਿੰਦੇ ਹਨ। ਇਹਨਾਂ ਵਿਦਿਆਰਥੀਆਂ ਦੀ ਹਾਲਤ ਮੈਂ ਆਪਣੇ ਅੱਖੀਂ ਦੇਖੀ ਹੈ। ਇਥੋਂ ਜਾਣ ਵਾਲੀਆਂ ਕਈ ਕੁੜੀਆਂ ਦੀ ਉਹਨਾਂ ਦੇ ਰੈਣ ਵਸੇਰਿਆਂ ਤੇ ਰੁਜਗਾਰ ਦੀਆਂ ਥਾਵਾਂ ਤੇ ਜਿਸਮਾਨੀ ਲੁੱਟ ਹੁੰਦੀ ਹੈ। ਨਿਊਜੀਲੈਂਡ ਸੈਕਸ ਫਰੀ ਦੇਸ਼ ਹੈ। ਕੋਈ ਵੀ ਕਿਤੇ ਵੀ ਲੁਕਵੀਂ ਥਾਂ ਤੇ ਸਹਿਮਤੀ ਨਾਲ ਸੈਕਸ ਕਰਨ ਲਈ ਆਜ਼ਾਦ ਹੈ। ਸਟੂਡੈਂਟ ਵੀਜੇ ਤੇ ਗਈਆਂ ਕੁਝ ਕੁੜੀਆਂ ਅੱਜ ਕੱਲ੍ਹ ਵੇਸਵਾਗਿਰੀ ਦੇ ਧੰਦੇ ਵਿਚ ਵੀ ਸ਼ਾਮਿਲ ਹਨ। ਉਂਝ ਵੀ ਇਹਨਾਂ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਬਹੁਤ ਧੁੰਦਲਾ ਨਜ਼ਰ ਆਉਂਦਾ ਹੈ। ਨਿਊਜੀਲੈਂਡ ਸਰਕਾਰ ਨੇ ਉਹਨਾਂ ਦੇ ਉਸ ਦੇਸ਼ ਵਿਚ ਵੱਸਣ ਦੇ ਸੁਫਨੇ ਚਕਨਾਚੂਰ ਕਰ ਦਿੱਤੇ ਹਨ। ਸਿਰਫ ਉਹ ਹੀ ਵਿਦਿਆਰਥੀ ਉਸ ਦੇਸ਼ ਵਿੱਚ ਰਹਿਣ ਦੇ ਕਾਬਲ ਹਨ ਜਿਹੜੇ ਅਜਿਹੇ ਧੰਦਿਆਂ ਦੀ ਯੋਗਤਾ ਲੈ ਕੇ ਜਾਂਦੇ ਹਨ ਜਿਹਨਾਂ ਦੀ ਉਸ ਦੇਸ਼ਾਂ ਵਿਚ ਥੁੜ ਹੈ। ਮਸਲਨ ਨਿਊਜੀਲੈਂਡ ਇੱਕ ਸੋਹਣਾ ਦੇਸ਼ ਹੋਣ ਕਰਕੇ ਇੱਕ ਟੂਰਿਜ਼ਮ ਦਾ ਕੇਂਦਰ ਵੀ ਹੈ। ਇਸ ਲਈ ਹੋਟਲ ਸਨਅਤ ਵਿੱਚ ਨਿਪੁੰਨ ਵਿਦਿਆਰਥੀ ਇਸ ਗੱਲ ਵਿਚ ਸਫਲ ਹੋ ਸਕਦੇ ਹਨ।