ਘਰ ਦੀ ਸ਼ਰਾਬ…(x)

ਮੇਘ ਰਾਜ ਮਿੱਤਰ

ਨਿਊਜੀਲੈਂਡ ਸਰਕਾਰ ਨੇ ਇਕ ਗੱਲ ਦੀ ਇਜਾਜ਼ਤ ਦਿੱਤੀ ਹੋਈ ਹੈ ਕਿ ਕੋਈ ਵੀ ਵਿਅਕਤੀ ਆਪਣੇ ਪੀਣ ਲਈ ਦਾਰੂ ਘਰੇਂ ਕੱਢ ਸਕਦਾ ਹੈ ਪਰ ਵੇਚਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ। ਸਟੋਰਾਂ ਤੇ ਤੁਹਾਨੂੰ ਭਾਂਤ ਭਾਂਤ ਦੀ ਸ਼ਰਾਬ ਬਹੁਤ ਸਸਤੀ ਮਿਲ ਜਾਂਦੀ ਹੈ। ਉਂਝ ਵੀ ਗੋਰੇ ਜਿੰਦਗੀ ਨੂੰ ਬਹੁਤ ਹੀ ਸਲੀਕੇ ਨਾਲ ਜਿਉਂਦੇ ਹਨ। ਉਹ ਲਾਈਨਾਂ ਵਿੱਚ ਖੜਨ ਸਮੇਂ ਵੀ ਫਾਸਲਾ ਰੱਖ ਕੇ ਖੜ੍ਹਦੇ ਹਨ। ਬਹੁਤੇ ਸਰਕਾਰੀ ਕੰਮ ਤੁਹਾਡੇ ਘਰ ਬੈਠਿਆਂ ਜਾਂ ਫੋਨ ਤੇ ਹੀ ਹੋ ਜਾਂਦੇ ਹਨ। ਸਰਕਾਰੀ ਦਫ਼ਤਰ ਦੇ ਗੇੜੇ ਮਾਰਨ ਦੀ ਲੋੜ ਘੱਟ ਹੀ ਪੈਂਦੀ ਹੈ।
ਜੇ ਤੁਸੀਂ ਘਰ ਕਿਰਾਏ ਤੇ ਲੈਂਦੇ ਹੋ ਤਾਂ ਤੁਹਾਨੂੰ ਇਹ ਕਲੀ ਤੇ ਰੰਗ ਹੋ ਕੇ ਸਾਫ ਸੁਥਰਾ ਹੀ ਮਿਲਦਾ ਹੈ। ਤੇ ਖਾਲੀ ਕਰਨ ਸਮੇਂ ਤੁਹਾਨੂੰ ਵੀ ਇਹ ਪੂਰਾ ਵਧੀਆ ਬਣਾ ਕੇ ਸਪੁਰਦ ਕਰਨਾ ਹੁੰਦਾ ਹੈ। ਕੋਈ ਵੀ ਕਿਰਾਏਦਾਰ ਕਿਸੇ ਦਾ ਮਕਾਨ ਦੱਬ ਨਹੀਂ ਸਕਦਾ ਅਤੇ ਨਾ ਹੀ ਕਿਰਾਇਆ ਦੇਣ ਤੋਂ ਇਨਕਾਰ ਕਰ ਸਕਦਾ ਹੈ। ਕਿਰਾਏਦਾਰ ਦੀ ਇਜਾਜਤ ਤੋਂ ਬਗੈਰ ਮਕਾਨ ਮਾਲਕ ਵੀ ਉਸ ਮਕਾਨ ਵਿੱਚ ਨਹੀਂ ਵੜ ਸਕਦਾ।
ਉੱਥੇ ਇੱਕ ਅਜਿਹੇ ਗੋਰੇ ਬਾਰੇ ਵੀ ਸੁਣਨ ਨੂੰ ਮਿਲਿਆ ਸੀ ਕਿ ਉਹ ਅਸਫਲ ਹੋਏ ਵਪਾਰ ਨੂੰ ਖਰੀਦ ਲੈਂਦਾ ਪਰ ਖਰੀਦਦਾ ਮੁਫ਼ਤ ਸੀ। ਸ਼ਾਇਦ ਪਾਠਕ ਸੋਚਣਗੇ ਕਿ ਮੁਫਤ ਵਪਾਰ ਜਾਂ ਦੁਕਾਨ ਕੋਈ ਵੇਚ ਹੀ ਨਹੀਂ ਸਕਦਾ। ਅਸਲ ਵਿੱਚ ਕੁਝ ਵਪਾਰ ਜਾਂ ਦੁਕਾਨਾਂ ਅਜਿਹੀਆਂ ਹੁੰਦੀਆਂ ਹਨ। ਜਿਹਨਾਂ ਦੇ ਕਿਰਾਏ ਬਗੈਰਾ ਦਾ ਰਜਾਮੰਦੀ ਦਾ ਇਕਰਾਰਨਾਮਾ ਹੋਇਆ ਹੁੰਦਾ ਹੈ। ਅਸਫਲ ਹੋਏ ਜਾਂ ਬੰਦ ਹੋਈ ਵਪਾਰ ਜਾਂ ਦੁਕਾਨ ਉਪਰ ਵੀ ਇਹ ਕਰਾਇਆ ਦਿਨ ਰਾਤ ਪੈਂਦਾ ਹੀ ਰਹਿੰਦਾ ਹੈ। ਕਿਉਂਕਿ ਬਹੁਤੇ ਵਪਾਰ ਜਾਂ ਅਦਾਰੇ ਇਸ ਲਈ ਅਸਫਲ ਹੋ ਜਾਂਦੇ ਹਨ ਜਾਂ ਤਾਂ ਉਹਨਾਂ ਦੇ ਪ੍ਰਬੰਧ ਵਿੱਚ ਘਾਟ ਹੁੰਦੀ ਹੈ ਜਾਂ ਹਿੱਸੇਦਾਰਾਂ ਦੀ ਆਪਸ ਵਿੱਚ ਖੜਕਣ ਲੱਗ ਪੈਂਦੀ ਹੈ। ਉਹ ਗੋਰਾ ਉਸ ਵਪਾਰ ਜਾਂ ਦੁਕਾਨ ਨੂੰ ਆਪਣੀ ਸੂਝ ਬੂਝ ਨਾਲ ਕਾਮਯਾਬ ਕਰ ਲੈਂਦਾ ਸੀ ਅਤੇ ਫਿਰ ਲਾਹੇਬੰਦ ਕਰਕੇ ਵੇਚ ਦਿੰਦਾ ਸੀ। ਕਈ ਵਾਰ ਤਾਂ ਉਸਨੂੰ ਅਜਿਹਾ ਵਪਾਰ ਜਾਂ ਦੁਕਾਨ ਦੋ ਤਿੰਨ ਵਾਰ ਵੀ ਖਰੀਦਣ ਲਈ ਮਿਲ ਜਾਂਦੇ ਹਨ।

Back To Top