ਮੇਘ ਰਾਜ ਮਿੱਤਰ (+91 98887 87440)
ਬਹੁਤ ਸਾਰੇ ਵਿਅਕਤੀਆਂ ਨੇ ਫ਼ੋ ਨ ਕਾਲਾਂ ਅਤੇ ਚਿੱਠੀਆਂ ਰਾਹੀਂ ਬਾਬਾ ਰਾਮ ਦੇਵ ਬਾਰੇ ਤਰਕਸ਼ੀਲ ਸੁਸਾਇਟੀ ਦੇ ਵਿਚਾਰਾਂ ਨੂੰ ਜਾਣਨਾ ਚਾਹਿਆ ਹੈ। ਬਾਬਾ ਰਾਮ ਦੇਵ ਨੇ ਭਾਰਤ ਦੇ ਕਾਫ਼ੀ ਵਸਨੀਕਾਂ ਨੂੰ ਕਸਰਤ ਕਰਨ ਦੀ ਇੱਕ ਆਦਤ ਪਾ ਦਿੱਤੀ ਹੈ ਇਹ ਗੱਲ ਪ੍ਰਸੰਸਾਯੋਗ ਹੈ। ਸਵੇਰ ਵੇਲੇ ਜਦੋਂ ਮੈਂ ਕਸਰਤ ਤੇ ਸੈਰ ਲਈ ਪਾਰਕ ਵਿਚ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਬਹੁਤ ਸਾਰੇ ਵਿਅਕਤੀ ਆਪਣੇ ਨੱਕ ਤੇ ਹੱਥ ਰੱਖੀ ਲੰਬੇ-ਲੰਬੇ ਸਾਹ ਲੈ ਰਹੇ ਹੁੰਦੇ ਹਨ ਜਾਂ ਇੱਕ ਦੂਜੇ ਨੂੰ ਵੇਖ ਕੇ ਤਾੜੀਆਂ ਹੀ ਮਾਰਨ ਲੱਗੇ ਹੁੰਦੇ ਹਨ। ਸਰੀਰ ਨੂੰ ਚੜਦੀਆਂ ਕਲਾਵਾਂ ਵਿਚ ਰੱਖਣ ਲਈ ਕਸਰਤ ਦੀ ਭੂਮਿਕਾ ਨੂੰ ਕੋਈ ਵੀ ਵਿਅਕਤੀ ਰੱਦ ਨਹੀਂ ਕਰ ਸਕਦਾ।
ਦੂਸਰੀ ਗੱਲ ਜਿਹੜੀ ਬਾਬਾ ਰਾਮ ਦੇਵ ਦੀ ਪ੍ਰਸੰਸਾਯੋਗ ਹੈ ਉਹ ਹੈ ਭਰਮ, ਵਹਿਮ, ਰਾਸ਼ੀ ਚੱਕਰ, ਜੋਤਿਸ਼ ਅਤੇ ਬਹੁ-ਕੌਮੀ ਕਾਰਪੋਰੇਸ਼ਨ ਦੇ ਵਿਰੁੱਧ ਉਸਦਾ ਪ੍ਰਚਾਰ। ਨਾਲ ਹੀ ਹੋਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਹਨਾਂ ਵਿਚ ਉਸਦੀ ਭੂਮਿਕਾ ਚੰਗੀ ਵੀ ਨਹੀਂ।
ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਇਸਾਈ ਪ੍ਰਚਾਰਿਕ ਆਉਂਦੇ ਸਨ ਤੇ ਉਹ ਲੋਕਾਂ ਦੀਆਂ ਐਨਕਾਂ, ਫਹੁੜੀਆਂ, ਸੁਣਨ ਵਾਲੀਆਂ ਮਸ਼ੀਨਾਂ ਆਦਿ ਸੁਟਵਾ ਦਿੰਦੇ ਸਨ ਤੇ ਉਹ ਦਾਅਵਾ ਕਰਦੇ ਸਨ ਕਿ ਜਿਹੜੇ ਵੀ ਵਿਅਕਤੀ ਬਾਈਬਲ ਦੇ ਲੜ ਲੱਗ ਗਏ ਉਹਨਾਂ ਵਿੱਚੋਂ ਇਹ ਬੀਮਾਰੀਆਂ ਸਦਾ ਲਈ ਅਲੋਪ ਹੋ ਗਈਆਂ। ਉਹ ਅਜਿਹੇ ਠੀਕ ਹੋਏ ਵਿਅਕਤੀਆਂ ਨੂੰ ਸਟੇਜਾਂ ਤੇ ਲੋਕਾਂ ਸਾਹਮਣੇ ਪੇਸ਼ ਕਰਦੇ। ਪਰ ਜਦੋਂ ਕਿਤੇ ਵੀ ਤਰਕਸ਼ੀਲਾਂ ਨੇ ਉਹਨਾਂ ਦੇ ਦਾਅਵਿਆਂ ਦੀ ਪੜਤਾਲ ਕੀਤੀ ਤਾਂ ਉਹ ਸਭ ਝੂਠੇ ਸਿੱਧ ਹੋਏ। ਇਸ ਲਈ ਤਰਕਸ਼ੀਲਾਂ ਦੀਆਂ ਚਣੌਤੀਆਂ ਸਾਹਮਣੇ ਉਹ ਹਮੇਸ਼ਾ ਹੀ ਪੱਤਰੇ ਵਾਚ ਜਾਂਦੇ। ਬਾਬਾ ਰਾਮ ਦੇਵ ਵੀ ਇਸ ਕਿਸਮ ਦਾ ਹੀ ਇੱਕ ਹਿੰਦੁੂ ਧਰਮ ਦਾ ਪ੍ਰਚਾਰਕ ਹੈ। ਕਿਸੇ ਇੱਕ ਹੀ ਫਿਰਕੇ ਦਾ ਫੱਟਾ ਲਾਕੇ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਅਸੀਂ ਦੇਸ਼ ਭਗਤ ਨਹੀਂ ਕਹਿ ਸਕਦੇ। ਕਿਉਂਕਿ ਉਹਨਾਂ ਦੀ ਇਹ ਗੱਲ ਦੇਸ਼ ਦੇ ਸੰਵਿਧਾਨ ਵਿਚ ਦਰਜ ਅਖੰਡਤਾ ਦੀ ਮੱਦ ਦੇ ਹੱਕ ਵਿਚ ਨਹੀਂ ਭੁਗਤਦੀ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਰਾਮ ਦੇਵ ਮੀਡੀਆਂ ਸਾਹਮਣੇ ਪੇਸ਼ ਕਰਕੇ ਲੋਕਾਂ ਵਿੱਚੋਂ ਸਮੂਹ ਬੀਮਾਰੀਆਂ ਯੋਗਾ ਰਾਹੀਂ ਖਤਮ ਕਰਨ ਦਾ ਪ੍ਰਚਾਰ ਕਰਦਾ ਹੈ। ਸਰੀਰ ਵਿਚ ਬਹੁਤੀਆਂ ਅਜਿਹੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਬੈਕਟੀਰੀਆ ਜਾਂ ਜੀਵਾਣੂਆਂ ਕਰਕੇ ਹੁੰਦੀਆਂ ਹਨ। ਅਜਿਹੀਆਂ ਬੀਮਾਰੀਆਂ ਨੂੰ ਸਰੀਰ ਵਿੱਚੋਂ ਖਤਮ ਕਰਨ ਲਈ ਦਵਾਈਆਂ ਦੀ ਵਰਤੋਂ ਅਤੀ ਜ਼ਰੂਰੀ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਜੇ ਕਿਸੇ ਵਿਅਕਤੀ ਨੂੰ ਟੀ. ਬੀ. ਹੋ ਗਈ ਹੈ ਤਾਂ ਉਸ ਲਈ ਬੀਮਾਰੀ ਦੇ ਖਾਤਮੇ ਤੱਕ ਦਵਾਈ ਖਾਣੀ ਅਤੀ ਜ਼ਰੂਰੀ ਹੈ। ਟੀ. ਬੀ. ਦੀ ਦਵਾਈ ਵਿਚਕਾਰੋਂ ਛੱਡ ਦੇਣ ਦਾ ਮਤਲਬ ਹੁੰਦਾ ਹੈ ਕਿ ਅਗਲੀ ਵਾਰ ਇਹ ਦਵਾਈ ਉਸ ਤੇ ਅਸਰ ਨਹੀਂ ਕਰੇਗੀ। ਇਸ ਤਰ੍ਹਾਂ ਉਸਦੀ ਬੀਮਾਰੀ ਹੋਰ ਘਾਤਕ ਹੋ ਸਕਦੀ ਹੈ।
ਬਲਬੀਰ ਮੇਰੇ ਸ਼ਹਿਰ ਦਾ ਵਸਨੀਕ ਹੈ। ਇੱਕ ਵਾਰ ਉਸਤੇ ਵੀ ਬਾਬਾ ਰਾਮ ਦੇਵ ਦੀ ਕਸਰਤ ਦਾ ਭੂਤ ਸਵਾਰ ਹੋ ਗਿਆ। ਉਹ ਪਹਿਲਾਂ ਹੀ ਦਿਲ ਦੀ ਬੀਮਾਰੀ ਦਾ ਸ਼ਿਕਾਰ ਸੀ। ਬਾਬੇ ਦੀ ਲੰਬੇ-ਲੰਬੇ ਸਾਹ ਲੈਣ ਦੀ ਕਸਰਤ ਨੇ ਉਸਦਾ ਅਜਿਹਾ ਹਸ਼ਰ ਕੀਤਾ ਕਿ ਲੱਖਾਂ ਰੁਪਏ ਖਰਚ ਕੇ ਬੜੀ ਮੁਸ਼ਕਿਲ ਨਾਲ ਪ੍ਰੀਵਾਰ ਵਾਲੇ ਉਸਦੀ ਜ਼ਿੰਦਗੀ ਨੂੰ ਬਚਾ ਸਕੇ। ਹੁਣ ਉਹ ਸੈਰ ਤਾਂ ਕਰਦਾ ਹੈ ਪਰ ਬਾਬੇ ਦੀਆਂ ਕਸਰਤਾਂ ਤੋਂ ਉਸ ਨੇ ਤੋਬਾ ਕਰ ਲਈ ਹੈ। ਅਜਿਹੇ ਵਿਅਕਤੀ ਨੂੰ ਰਾਮਦੇਵ ਕਦੇ ਵੀ ਮੀਡੀਆ ਅੱਗੇ ਪੇਸ਼ ਨਹੀਂ ਕਰੇਗਾ।
ਬਾਬਾ ਰਾਮਦੇਵ ਯੋਗਾ ਤੇ ਆਯੁਰਵੈਦ ਦੀਆਂ ਸ਼ਕਤੀਆਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰਨ ਦਾ ਆਦੀ ਹੈ। ਕਈ ਵਾਰ ਤਾਂ ਉਹ ਕਹਿੰਦਾ ਹੈ ਕਿ ਮੈਂ ਆਥਣ ਤੱਕ ਪਾਰਕਸਿਨ ਦੀ ਬੀਮਾਰੀ ਨੂੰ ਜੜੋਂ ਖਤਮ ਕਰ ਦਵਾਂਗਾ। ਕਦੇ ਉਹ ਕਹਿੰਦਾ ਹੈ ਕਿ ਯੋਗ ਰਾਹੀਂ ਏਡਜ ਦਾ ਖਾਤਮਾ ਕੀਤਾ ਜਾ ਸਕਦਾ ਹੈ। ਕੈਂਸਰ ਬਾਰੇ ਵੀ ਉਸਦੇ ਦਾਅਵੇ ਅਜਿਹੇ ਹੀ ਹੁੰਦੇ ਹਨ। ਕਦੇ ਉਹ ਕਹਿੰਦਾ ਹੈ ਕਿ ਯੋਗ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਕੀ ਉਹ ਅਮੀਰਾਂ ਹੱਥੋਂ ਹੋ ਰਹੀ ਗਰੀਬਾਂ ਦੀ ਲੁੱਟ ਨੂੰ ਯੋਗ ਰਾਹੀਂ ਖਤਮ ਕਰ ਸਕਦਾ ਹੈ? ਕੀ ਉਹ ਦੰਗਿਆਂ ਰਾਹੀਂ ਹੋ ਰਹੇ ਕਤਲੇਆਮ ਨੂੰ ਯੋਗ ਰਾਹੀਂ ਰੋਕ ਸਕਦਾ ਹੈ? ਕੀ ਉਹ ਭਾਰਤ ਦੇ ਦਸ ਕਰੋੜ ਬੇਰੁਜ਼ਗਾਰਾਂ ਨੂੰ ਯੋਗਾ ਰਾਹੀਂ ਨੌਕਰੀਆਂ ਦੁਆ ਸਕਦਾ ਹੈ? ਸਾਰੀਆਂ ਸਮੱਸਿਆਵਾਂ ਯੋਗਾ ਰਾਹੀਂ ਹੱਲ ਨਹੀਂ ਹੋ ਸਕਦੀਆਂ ਸਗੋਂ ਚੰਗੀ ਸਿਆਸਤ ਹੀ ਇਹਨਾਂ ਨੂੰ ਹੱਲ ਕਰ ਸਕਦੀ ਹੈ।
ਹਰੇਕ ਵਿਅਕਤੀ ਵਿਚ ਕੁਝ ਗੁਣ ਤੇ ਔਗੁਣ ਹੁੰਦੇ ਹਨ। ਬਾਬਾ ਰਾਮ ਦੇਵ ਜੀ ਵੀ ਕਈ ਵਾਰ ਬਚਕਾਨਾ ਹਰਕਤਾਂ ’ਤੇ ਉੱਤਰ ਆਉਂਦੇ ਹਨ। ਉਹਨਾਂ ਦੀਆਂ ਇਹ ਹਰਕਤਾਂ ਸਮੱੁਚੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਰੁੱਧ ਜਾਂਦੀਆਂ ਹਨ। ਜਿਵੇਂ ਮੀਟ ਜਾਂ ਆਂਡੇ ਖਾਣਾ ਹਰੇਕ ਦੇਸ਼ ਜਾਂ ਧਰਮ ਦੇ ਲੋਕਾਂ ਦਾ ਨਿੱਜੀ ਮਸਲਾ ਹੁੰਦਾ ਹੈ। ਕੇਰਲਾ ਵਿਚ ਰਹਿਣ ਵਾਲੇ ਬ੍ਰਾਹਮਣ ਮੱਛੀ ਖਾਏ ਬਗੈਰ ਸੋਚ ਵੀ ਨਹੀਂ ਸਕਦੇ। ਠੰਡੇ ਮੁਲਕਾਂ ਵਿਚ ਰਹਿਣ ਵਾਲੇ ਲੋਕਾਂ ਦਾ ਗੁਜ਼ਾਰਾਂ ਮੀਟ ਜਾਂ ਆਂਡਿਆਂ ਤੋਂ ਬਿਨਾਂ ਨਹੀਂ ਹੋ ਸਕਦਾ। ਪਰ ਬਾਬਾ ਰਾਮ ਦੇਵ ਜੀ ਜਦੋਂ ਆਂਡਿਆਂ ਨੂੰ ਮੁਰਗੀ ਦੀ ਪੋਟੀ ਕਹਿੰਦੇ ਹਨ ਤਾਂ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ।
ਬਾਬਾ ਜੀ ਖੁਦ ਅੱਠ ਪੜ੍ਹੇ ਹੋਏ ਹੀ ਹਨ। ਇਸ ਲਈ ਬਹੁਤ ਸਾਰੇ ਖੇਤਰਾਂ ਵਿਚ ਉਹਨਾਂ ਦੀ ਆਪਣੀ ਜਾਣਕਾਰੀ ਬਹੁਤ ਥੋੜ੍ਹੀ ਹੈ। ਗਿਆਨ ਕਿਸੇ ਦਾ ਵੀ ਘੱਟ ਹੋ ਸਕਦਾ ਹੈ। ਪਰ ਜੇ ਘੱਟ ਗਿਆਨ ਵਾਲਾ ਵਿਅਕਤੀ ਸਰਬਗਿਆਤਾਂ ਕਹਾਉਣ ਲੱਗ ਪਏ ਤਾਂ ਕਈ ਵਾਰ ਉਸਦੀਆਂ ਗੱਲਾਂ ਤੇ ਹਾਸਾ ਵੀ ਆਉਂਦਾ ਹੈ। ਜਿਵੇਂ ਬਾਬਾ ਰਾਮ ਦੇਵ ਆਸਥਾ ਚੈਨਲ ਤੇ 12 ਨਵੰਬਰ 2007 ਨੂੰ ਆਪਣੇ ਭਾਸ਼ਣ ਵਿਚ ਕਹਿ ਰਿਹਾ ਸੀ ਕਿ ਵਿਗਿਆਨਿਕਾਂ ਨੂੰ ਇਹ ਪਤਾ ਨਹੀਂ ਕਿ ਪਹਿਲਾ ਮੁਰਗੀ ਆਈ ਜਾਂ ਆਂਡਾ? ਵਿਗਿਆਨਕ ਤਾਂ ਕੀ ਅੱਜ ਕੱਲ੍ਹ ਹਰ ਬੀ. ਐਸ. ਸੀ. ਪੜਿਆ ਵਿਅਕਤੀ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਆਂਡੇ ਤਾਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਤੇ ਡਾਇਨਾਸੌਰਾਂ ਵੇਲੇ ਵੀ ਮੌਜੂਦ ਸਨ। ਪਰ ਉਸ ਸਮੇਂ ਮੁਰਗੀਆਂ ਨਹੀਂ ਸਨ। ਮੁਰਗੀ ਤਾਂ ਮੁਰਗਾਬੀ ਤੋਂ ਅੱਜ ਤੋਂ 10 ਕੁ ਹਜ਼ਾਰ ਵਰ੍ਹੇ ਪਹਿਲਾਂ ਪਾਲਤੂ ਬਣਾਈ ਗਈ ਹੈ। ਜਿਵੇਂ ਜੀਵ ਵਿਕਾਸ ਵਿਚ ਸਾਰੀਆਂ ਮਹੱਤਵ ਪੂਰਨ ਤਬਦੀਲੀਆਂ ਪਹਿਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ। ਬਾਕੀ ਸੈੱਲ ਤਾਂ ਵਾਧੇ ਤੇ ਵੰਡ ਰਾਹੀਂ ਹੋਂਦ ਵਿਚ ਆਉਂਦੇ ਰਹਿੰਦੇ ਹਨ ਤੇ ਇਹ ਪਹਿਲੇ ਸੈੱਲ ਦੀ ਫੋਟੋਕਾਪੀ ਹੀ ਹੁੰਦੇ ਹਨ। ਇਹ ਪਹਿਲਾਂ ਸੈੱਲ ਆਂਡੇ ਵਿਚ ਹੀ ਹੁੰਦਾ ਹੈ। ਇਸ ਲਈ ਆਂਡਾ ਮੁਰਗੀ ਨਾਲੋਂ ਪਹਿਲਾਂ ਹੋਂਦ ਵਿਚ ਆਇਆ। ਇਸ ਤਰ੍ਹਾਂ ਬਾਬਾ ਰਾਮ ਦੇਵ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਬਾਂਦਰ ਤੋਂ ਮਨੁੱਖ ਕਿਵੇਂ ਹੋਂਦ ਵਿਚ ਆਇਆ? ਅਸਲ ਵਿਚ ਜੀਵ ਵਿਕਾਸ ਇੱਕ ਹੌਲੀ-ਹੌਲੀ ਚੱਲਣ ਵਾਲੀ ਿਆ ਹੁੰਦੀ ਹੈ। ਇਸਨੂੰ ਪ੍ਰਯੋਗਸ਼ਾਲਾਂ ਵਿਚ ਵੇਖਿਆ ਨਹੀਂ ਜਾ ਸਕਦਾ। ਜੀਵਾਂ ਦੀਆਂ ਹੋਂਦ ਵਿਚ ਰਹੀਆਂ ਬਹੁਤ ਸਾਰੀਆਂ ਨਸਲਾਂ ਵਿੱਚੋਂ ਕਿਸੇ ਇੱਕ ਨਸਲ ਦੇ ਕਿਸੇ ਇੱਕ ਜੀਵ ਵਿਚ ਕੋਈ ਅਜਿਹੀ ਤਬਦੀਲੀ ਆਉਂਦੀ ਹੈ ਜੋ ਇੱਕ ਨਵੀਂ ਜਾਤੀ ਦੀ ਪੈਦਾਇਸ਼ ਬਣ ਜਾਂਦੀ ਹੈ। ਅੱਜ ਤੋਂ ਇੱਕ ਕਰੋੜ ਵਰ੍ਹੇ ਪਹਿਲਾਂ ਅਫ਼ਰੀਕਾ ਦੇ ਜੰਗਲਾਂ ਵਿਚ ਬਾਂਦਰਾਂ ਦੀ ਇੱਕ ਨਸਲ ਦੇ ਇੱਕ ਜੀਵ ਵਿਚ ਕੋਈ ਅਜਿਹੀ ਸਿਫਤੀ ਤਬਦੀਲੀ ਆਈ ਜੋ ਉਸਨੂੰ ਮਨੁੱਖ ਜਾਤੀ ਦਾ ਸਭ ਤੋਂ ਪਹਿਲਾਂ ਪੂਰਵਜ ਬਣਾ ਗਈ। ਅਸੀਂ ਸਾਰੇ ਤਾਂ ਉਸ ਇੱਕੋ ਬਾਂਦਰਨੁਮਾ ਮਨੁੱਖ ਦੇ ਬੰਸਜ ਹਾਂ। ਧਰਤੀ ਦੀ ਡੂੰਘਾਈ ਅਨੁਸਾਰ ਵੱਖ-ਵੱਖ ਤੈਹਾਂ ਵਿੱਚੋਂ ਮਿਲਦੇ ਫਾਸਿਲ ਇਸ ਗੱਲ ਦਾ ਸਬੂਤ ਹਨ। ਬਾਬਾ ਰਾਮ ਦੇਵ ਤਾਂ ਕਹਿੰਦਾ ਹੈ ਕਿ ਮਨੁੱਖ ਧਰਤੀ ਵਿੱਚੋਂ ਪੈਦਾ ਹੋਇਆ। ਇਸ ਲਈ ਧਰਤੀ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ। ਅਸੀਂ ਇਹ ਗੱਲ ਤਾਂ ਮੰਨ ਸਕਦੇ ਹਾਂ ਕਿ ਧਰਤੀ ਸਾਡੀ ਸਭ ਦੀ ਪਾਲਣਹਾਰ ਹੈ ਪਰ ਪੈਦਾਇਸ਼ ਤਾਂ ਜੀਵ ਵਿਕਾਸ ਰਾਹੀ ਹੀ ਹੋਈ ਹੈ। ਇਸ ਤਰ੍ਹਾਂ ਸੂਰਜ ਦੀ ਪੈਦਾਇਸ਼, ਅਮੀਬੇ ਦੀ ਪੈਦਾਇਸ਼ ਆਦਿ ਬਾਰੇ ਬਾਬੇ ਦੇ ਵਿਚਾਰ ਗੈਰ ਵਿਗਿਆਨਕ ਹਨ।
ਇੰਗਲੈਂਡ ਵਿਚ ਬਾਬੇ ਦੇ ਇਕ ਭਗਤ ਦਾ ਦਾਅਵਾ ਸੀ ਕਿ ਬਾਬੇ ਦੀ ਇੱਕ ਦਿਨ ਦੀ ਬੈਠਕ ਵਿਚ ਹੀ ਉਸਦਾ ਭਾਰ 5 ਪੌਂਡ ਘੱਟ ਗਿਆ ਹੈ। ਸੁਬੋਧ ਗੁਪਤਾ ਨਾਂ ਦੇ ਇੱਕ ਵਿਗਿਆਨਕ ਨੇ ਬਾਬੇ ਦੇ ਉਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜ ਪੌਂਡ ਚਰਬੀ ਦੇ ਖ਼ਤਮ ਹੋਣ ਦਾ ਮਤਲਬ 5¿;3500=17500 ਕੈਲਰੀਜ ਦਾ ਪੈਦਾ ਹੋਣਾ ਹੈ। ਜੋ ਕਿ ਅਸੰਭਵ ਹੈ। ਸਰੀਰ ਵਿਚ ਵੱਧ ਤੋਂ ਵੱਧ 250 ਕੈਲਰੀਜ ਹੀ ਇੱਕ ਬੈਠਕ ਦੌਰਾਨ ਘੱਟ ਕੀਤੀਆਂ ਜਾ ਸਕਦੀਆਂ ਹਨ। ਜਾਨੀ ਕੇ ਇੱਕ ਵਾਰ ਦੀ ਕਸਰਤ ਲਗਭਗ 35 ਕੁ ਗ੍ਰਾਮ ਚਰਬੀ ਹੀ ਘਟਾ ਸਕਦੀ ਹੈ। ਹਾਂ ਸਰੀਰ ਵਿਚ ਪਸੀਨੇ ਰਾਹੀਂ ਪਾਣੀ ਜ਼ਰੂਰ ਇੱਕ ਦੋ ਕਿਲੋ ਘਟਾਇਆ ਜਾ ਸਕਦਾ ਹੈ। ਬਾਬੇ ਦਾ ਵਿਉਪਾਰ ਵਧੀਆ ਚੱਲ ਰਿਹਾ ਹੈ। ਕਿਤਾਬਾਂ ਤੇ ਦਵਾਈਆਂ ਦੇ ਵੱਡੇ ਮੁੱਲ ਨੇ ਅਤੇ ਸਿਵਰਾਂ ਰਾਹੀਂ ਲੋਕਾਂ ਤੋਂ ਵਸੂਲੇ ਕਰੋੜਾਂ ਰੁਪਿਆ ਨੇ ਬਾਬੇ ਨੂੰ ਅਰਬਪਤੀ ਬਣਾ ਦਿੱਤਾ ਹੈ। ਇਸ ਲਈ ਤਾਂ ਮੱਧ ਸ਼੍ਰੇਣੀ ਦੇ ਲੋਕਾਂ ਲਈ ਬਾਬਾ ਇੱਕ ਦੇਵਤਾ ਬਣ ਗਿਆ ਹੈ। ਪਰ ਗਰੀਬਾਂ ਕੋਲ ਤਾਂ ਉਸਦੀਆਂ ਦਵਾਈਆਂ, ਕਿਤਾਬਾਂ ਖ੍ਰੀਦਣ ਦੀ ਸਮਰੱਥਾ ਹੀ ਨਹੀਂ। ਉਂਝ ਵੀ ਉਸਦੇ ਆਪਣੇ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਵਿਚ ਮਜ਼ਦੂਰਾਂ ਨੂੰ ਘੱਟ ਉਜਰਤਾਂ ਕਾਰਨ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਮਾਰਕਸੀ ਪਾਰਟੀ ਦੀ ਪੋਲਿਟ ਬਿਊਰੋ ਮੈਂਬਰਾਂ ਬਰਿੰਦਾ ਕਰਤ ਜਦੋਂ ਅਜਿਹੇ ਮਜ਼ਦੂਰਾਂ ਦੀ ਮਦਦ ਲਈ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਾਬਾ ਰਾਮ ਦੇਵ ਦੀਆਂ ਦਵਾਈਆਂ ਵਿਚ ਮਨੁੱਖੀ ਹੱਡੀਆਂ ਅਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੁੰਦੀਆਂ ਹਨ। ਭਾਵੇਂ ਬਾਬਾ ਰਾਮ ਦੇਵ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਪਰ ਆਯੁਰਵੈਦ ਵਿਚ ਇਹਨਾਂ ਗੱਲਾਂ ਦੀ ਕੋਈ ਮਨਾਹੀ ਨਹੀਂ। ਹੱਡੀਆਂ ਦੀ ਭਸਮ ਵੀ ਉਹਨਾਂ ਲਈ ਇੱਕ ਦਵਾਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਤੁਹਾਨੂੰ ਬੀਮਾਰੀ ਦੀ ਹਾਲਤ ਵਿਚ ਕਿਹੜੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਸਿਰਫ਼ ਉਹ ਹੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ ਜਿਹੜੀ ਤੁਹਾਡੇ ਕਿੰਤੂਆਂ ਦਾ ਤਸੱਲੀਬਖ਼ਸ ਜੁਆਬ ਦਿੰਦੀ ਹੋਵੇ। ਮਤਲਬ ਤੁਹਾਨੂੰ ਜੋ ਬੀਮਾਰੀ ਪੈਦਾ ਹੋਈ ਉਹ ਕਿਉਂ ਹੋਈ? ਦਵਾਈ ਉਹ ਬੀਮਾਰੀ ਨੂੰ ਕਿੰਨੇ ਸਮੇਂ ਵਿਚ ਅਤੇ ਕਿਵੇਂ ਠੀਕ ਕਰੇਗੀ? ਆਯੁਰਵੈਦ ਇਹਨਾਂ ਗੱਲਾਂ ਦਾ ਜੁਆਬ ਤਸੱਲੀਬਖ਼ਸ਼ ਨਹੀਂ ਦਿੰਦਾ। ਇਸਦੇ ਮੁਕਾਬਲੇ ਐਲੋਪੈਥੀ ਇਹਨਾਂ ਗੱਲਾਂ ਦਾ ਜੁਆਬ ਦਿੰਦੀ ਹੈ। ਆਯੁਰਵੈਦਿਕ ਪ੍ਰਣਾਲੀ ਵਿਚ ਬਹੁਤ ਸਾਰੀਆਂ ਭਾਰੀਆਂ ਧਾਤਾਂ ਦੀਆਂ ਭਸਮਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਜ਼ਹਿਰੀਲੀਆਂ ਹੁੰਦੀਆਂ ਹਨ। ਜਿਵੇਂ ਸਿੱਕਾ ਪਾਰਾ, ਆਰਸੈਨਿਕ ਆਦਿ। ਬਰਸਾਤੀ ਮੌਸਮ ਵਿਚ ਜੜੀਆਂ ਬੂਟੀਆਂ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। ਗਰਮੀਆਂ ਵਿਚ ਘੱਟ। ਇਸ ਤਰ੍ਹਾਂ ਆਯੁਰਵੈਦਿਕ ਪ੍ਰਣਾਲੀ ਵਿਚ ਦਵਾਈ ਦੀ ਮਾਤਰਾ ਘੱਟ ਵੱਧ ਹੁੰਦੀ ਰਹਿੰਦੀ ਹੈ। ਐਲੋਪੈਥਿਕ ਦਵਾਈਆਂ ਵਿਚ ਹਰ ਵੇਲੇ ਲੱਖਾਂ ਵਿਗਿਆਨਕ ਖੋਜ ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਸੇ ਵੀ ਦਵਾਈ ਦੇ ਸਾਈਡ ਇਫੈਕਟਾਂ ਦੀ ਗੱਲ ਜਨਤਕ ਹੁੰਦੀ ਰਹਿੰਦੀ ਹੈ। ਪਰ ਆਯੁਰਵੈਦ ਵਿਚ ਅਜਿਹਾ ਨਹੀਂ ਹੁੰਦਾ ਜੇ ਹੁੰਦਾ ਵੀ ਹੈ ਤਾਂ ਵੀ ਬਹੁਤ ਘੱਟ ਇਹ ਜਨਤਕ ਹੁੰਦਾ ਹੈ। ਆਯੁਰਵੈਦ ਦੀਆਂ ਬਹੁਤ ਸਾਰੀਆਂ ਦਵਾਈਆਂ ਐਲੋਪੈਥੀ ਅਨੁਸਾਰ ਸਟੀਰਾਇਡਜ ਹੁੰਦੀਆਂ ਹਨ ਜਿਹੜੀਆਂ ਉਸ ਹਾਲਤ ਵਿਚ ਹੀ ਲੈਣੀਆਂ ਬਣਦੀਆਂ ਹਨ ਜਦੋਂ ਕੋਈ ਹੋਰ ਹੱਲ ਨਾ ਰਹੇ। ਐਲੋਪੈਥੀ ਅਜਿਹੀ ਪ੍ਰਣਾਲੀ ਹੈ ਜਿਸਨੇ ਧਰਤੀ ਤੇ ਉਪਲੱਬਧ ਸੈਂਕੜੇ ਬੀਮਾਰੀਆਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ। ਜਿਵੇਂ ਅੱਜ ਤੋਂ 60 ਕੁ ਸਾਲ ਪਹਿਲਾ ਟੀ. ਬੀ. ਨਾਲ ਕਿਸੇ ਵੀ ਮਰੀਜ਼ ਦਾ ਬਚਣਾ ਮੁਸ਼ਕਿਲ ਹੁੰਦਾ ਸੀ। ਪਰ ਅੱਜ ਟੀ. ਬੀ. ਦੇ ਬਹੁਤੇ ਮਰੀਜ਼ ਬਚ ਜਾਂਦੇ ਹਨ। ਇਸ ਤਰ੍ਹਾਂ ਧਰਤੀ ਤੋਂ ਪਲੇਗ, ਚੇਚਕ ਦਾ ਭੋਗ ਪਾ ਦਿੱਤਾ ਗਿਆ। ਪੋਲੀਓ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇਗਾ ਤੇ ਆਉਣ ਵਾਲੇ 20-30 ਸਾਲਾਂ ਵਿਚ ਸੈਂਕੜੇ ਹੋਰ ਬੀਮਾਰੀਆਂ ਧਰਤੀ ਤੋਂ ਸਦਾ ਲਈ ਖ਼ਤਮ ਕਰ ਦਿੱਤੀਆਂ ਜਾਣਗੀਆਂ। ਭਾਵੇਂ ਆਯੁਰਵੈਦ ਪੁਰਾਤਨ ਗ੍ਰੰਥਾਂ ਦੀ ਦੇਣ ਹੈ। ਪਰ ਆਯੁਰਵੈਦ ਉਪਰੋਕਤ ਬੀਮਾਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਕਦੇ ਖਤਮ ਕਿਉਂ ਨਾ ਕਰ ਸਕਿਆ?
ਬਾਬਾ ਰਾਮ ਦੇਵ ਸਕੂਲਾਂ ਵਿਚ ਸੈਕਸ-ਐਜ਼ੂਕੇਸ਼ਨ ਦਾ ਵਿਰੋਧੀ ਹੈ। ਏਡਜ ਅਤੇ ਹੋਰ ਜਨਣ ਅੰਗਾਂ ਦੀਆਂ ਬੀਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਇਹ ਸਿੱਖਿਆ ਅਤੀ ਜ਼ਰੂਰੀ ਹੈ। ਬਾਬਾ ਰਾਮ ਦੇਵ ਇੱਕ ਸਾਧ ਦਾ ਬਾਣਾ ਪਾਕੇ ਹੀ ਸਟੇਜ ਤੇ ਆਉਂਦਾ ਹੈ ਉਸਦਾ ਕਾਰਨ ਹੈ ਕਿ ਇਸ ਦੇਸ਼ ਦੇ ਲੋਕ ਸਾਧਾਂ, ਸੰਤਾਂ ਪ੍ਰਤੀ ਸ਼ਰਧਾਵਾਨ ਹੁੰਦੇ ਹਨ। ਪਰ ਪੰਜਾਬ ਦੀ ਤਕਰਸ਼ੀਲ ਲਹਿਰ ਵਿਚ 1984 ਤੋਂ ਲੈਕੇ ਹੁਣ ਤੱਕ ਦੀ ਮੇਰੀ ਸਰਗਰਮੀ ਦੱਸਦੀ ਹੈ ਕਿ ਭਗਵੇ ਕੱਪੜਿਆਂ ਵਾਲੇ ਹਮੇਸ਼ਾ ਹੀ ਲੋਕ ਵਿਰੋਧੀ ਹੁੰਦੇ ਹਨ। ਬਾਬਾ ਦਾੜੀ ਮੁੱਛਾਂ ਕਿਉਂ ਰੱਖਦਾ ਇਸਦਾ ਵੀ ਇੱਕ ਕਾਰਨ ਹੈ ਕਿ ਉਸ ਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਬੈਲੱਜ ਪੈਲਸੀ (2 ) ਨਾਂ ਦੀ ਬੀਮਾਰੀ ਹੈ ਗਈ ਸੀ ਜਿਸ ਵਿਚ ਕੋਈ ਵਿਅਕਤੀ ਇੱਕ ਪਾਸੇ ਦੇ ਚਿਹਰੇ ਦੇ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਬਾਬੇ ਦੀ ਅੱਖ ਦਾ ਦਬੱਣਾ ਆਦਿ ਜੇ ਉਸਨੇ ਦਾੜੀ ਮੁੱਛਾ ਨਾਂ ਰੱਖੀਆਂ ਹੁੰਦੀਆਂ ਤਾਂ ਉਸਦੀ ਇਹ ਬੀਮਾਰੀ ਹੋਰ ਸਪੱਸ਼ਟ ਨਜ਼ਰ ਆਉਣੀ ਸੀ। ਬਾਬਾ ਯੋਗਾ ਰਾਹੀਂ ਆਪਣੀ ਇਹ ਬਿਮਾਰੀ ਹੁਣ ਤੱਕ ਕਿਉਂ ਖਤਮ ਨਹੀਂ ਕਰ ਸਕਿਆ? ਮਨੁੱਖ ਜਾਤੀ ਵਿੱਚ ਨੱਕ ਦੇ ਸੁਰਾਖ਼ ਤਾਂ ਦੋ ਹੁੰਦੇ ਹਨ ਪਰ ਆਪਣੀ ਲੰਬਾਈ ਦੇ ਸਿਰਫ਼ ਦੋ ਇੰਚ ਦੀ ਦੂਰੀ ਤੇ ਇਹ ਸੁਰਾਖ਼ ਸਿਰਫ਼ ਇੱਕ ਨਾਲੀ ਵਿਚ ਹੀ ਤਬਦੀਲ ਹੋ ਜਾਂਦਾ ਹੈ। ਹੁਣ ਬਾਬਾ ਜੀ ਲੋਕਾਂ ਨੂੰ ਇੱਕ ਨੱਕ ਰਾਹੀਂ ਸਾਹ ਲੈਕੇ ਦੂਜੇ ਰਾਹੀ ਕੱਢਣ ਤੇ ਹੀ ਕਿਉਂ ਜ਼ੋਰ ਦਿੰਦੇ ਰਹਿੰਦੇ ਹਨ। ਇਸਦਾ ਫਾਇਦਾ ਕਿਵੇਂ ਹੋ ਸਕਦਾ ਹੈ?
ਅੰਤ ਵਿਚ ਮੈਂ ਮੇਰੇ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗਾ ਕੇ ਬਾਬੇ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ ਉਹਨਾਂ ਲੋਕਾਂ ਲਈ ਹੀ ਫਾਇਦੇਮੰਦ ਹੋ ਸਕਦੀਆਂ ਹਨ ਜਿਹੜੇ ਕਿਸੇ ਕਿਸਮ ਦੀਆਂ ਹੋਰ ਕਸਰਤਾਂ ਨਹੀਂ ਕਰਦੇ। ਉਂਝ ਵੀ ਸਕੂਲਾਂ ਤੇ ਫ਼ੌਜ ਦੇ ਡਰਿੱਲ ਮਾਸਟਰਾਂ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ, ਬਾਬੇ ਦੀਆਂ ਕਸਰਤਾਂ ਦੇ ਮੁਕਾਬਲੇ ਵੱਧ ਵਿਗਿਆਨਕ ਹਨ। ਕਿਸੇ ਵੀ ਵਿਅਕਤੀ ਨੂੰ ਮਾਨਸਿਕ, ਜਾਂ ਸਰੀਰਕ ਸਿਹਤ ਜਾਂ ਉਮਰ ਨੂੰ ਧਿਆਨ ਵਿਚ ਰੱਖ ਕੇ ਹੀ ਕਸਰਤ ਕਰਨੀ ਚਾਹੀਦੀ ਹੈ। ਜੇ ਤੁਸੀਂ ਵੱਡੀ ਉਮਰ ਵਿਚ ਜਾਕੇ ਭੱਜਣਾ ਸ਼ੁਰੂ ਕਰ ਦੇਵੇਗੋ ਤਾਂ ਹੋ ਸਕਦਾ ਹੈ ਤੁਹਾਡੀ ਕੋਈ ਹੱਡੀ ਟੁੱਟ ਜਾਵੇ ਜਾਂ ਅੰਦਰੋਂ ਮਾਸ ਫਟ ਜਾਵੇ ਤੇ ਤੁਸੀਂ ਸਦਾ ਲਈ ਮੰਜਾ ਮੱਲ ਬੈਠੋ।