Site icon Tarksheel Society Bharat (Regd.)

ਤਰਕਸ਼ੀਲ ਸੁਸਾਇਟੀ ਦੀਆਂ ਸਰਗਰਮੀਆਂ

ਤਰਕਸ਼ੀਲ ਸੁਸਾਇਟੀ ਭਾਰਤ ਪਿਛਲੇ 34 ਸਾਲਾਂ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਤਰਕਸ਼ੀਲ ਮੇਲਿਆਂ ਦਾ ਇੰਤਜ਼ਾਮ ਕਰ ਚੁੱਕੀ ਹੈ। ਇਹਨਾਂ ਮੇਲਿਆਂ ਦਾ ਪਰਬੰਧ ਪਿੰਡ ਪੱਧਰ ‘ਤੇ ਕੰਮ ਕਰਦੀਆਂ ਤਰਕਸ਼ੀਲ ਸੁਸਾਇਟੀਆਂ, ਯੂਥ ਕਲੱਬ, ਪੰਚਾਇਤਾਂ ਅਤੇ ਸਕੂਲ ਅਧਿਆਪਕ ਆਪਣੇ-ਆਪਣੇ ਇਲਾਕਿਆਂ ਵਿੱਚ ਕਰਦੇ ਹਨ। ਹਰੇਕ ਤਰਕਸ਼ੀਲ ਮੇਲੇ ਵਿੱਚ ਨਾਟਕ ਦਿਖਾਉਣ ਲਈ ਵੱਖ-ਵੱਖ ਟੀਮਾਂ ਨੂੰ ਬੁਲਾਇਆ ਜਾਂਦਾ ਹੈ। ਇਹਨਾਂ ਵਿੱਚ ਮੇਘ ਰਾਜ ਰੱਲਾ ਜੀ ਦੀ ਜ਼ੀਰੇ ਵਾਲੀ ਟੀਮ, ਹਰਵਿੰਦਰ ਦੀਵਾਨਾ ਦੀ ਟੀਮ, ਲੋਕ ਕਲਾ ਮੰਚ ਬਰਨਾਲਾ, ਲੋਕ ਕਲਾ ਮੰਚ ਮੁੱਲਾਪੁਰ ਅਤੇ ਹਰਕੇਸ਼ ਚੌਧਰੀ ਦੀ ਟੀਮ ਅਕਸਰ ਹੀ ਤਰਕਸ਼ੀਲ ਨਾਟਕ ਖੇਡਦੀਆਂ ਰਹਿੰਦੀਆਂ ਹਨ। ਕਦੇ-ਕਦਾਈਂ ਪਾਤੜਾਂ, ਬਠਿੰਡਾ ਅਤੇ ਅੰਮਿਰਤਸਰ ਤੋਂ ਵੀ ਟੀਮਾਂ ਬੁਲਾ ਲਈਆਂ ਜਾਂਦੀਆਂ ਹਨ। ਤਿੰਨ ਤੋਂ ਚਾਰ ਘੰਟੇ ਦਾ ਪਰੋਗਰਾਮ ਲਗਾਤਾਰ ਚਲਾਇਆ ਜਾਂਦਾ ਹੈ। ਇਸ ਵਿੱਚ ਦੋ ਜਾਂ ਤਿੰਨ ਨਾਟਕ ਅਤੇ ਇੱਕ-ਦੋ ਕੋਰੀਓਗ੍ਰਾਫ਼ੀਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜਾਦੂ ਦੀ ਕੋਈ ਨਾ ਕੋਈ ਟੀਮ ਵੀ ਦਰਸ਼ਕਾਂ ਸਾਹਮਣੇ ਬਾਬਿਆਂ ਦੇ ਚਮਤਕਾਰਾਂ ਦੇ ਪਰਦੇ ਫਾਸ ਕਰਦੀ ਹੈ। ਜਾਦੂ ਦੀਆਂ ਟੀਮਾਂ ਵਿੱਚ ਜਗਦੇਵ ਕੰਮੋਕਾਜਰਾ, ਗੁਰਵਿੰਦਰ ਬੜੀ, ਫਰਿਆਦ ਸੁਨਿਆਣਾ ਅਤੇ ਰਾਜਾ ਰਾਮ ਹੰਡਿਆਇਆ ਹੁੰਦੇ ਹਨ। ਇੱਕ ਦੋ ਮੁੱਖ ਬੁਲਾਰੇ ਵੀ ਹੁੰਦੇ ਹਨ। ਇਹਨਾਂ ਵਿੱਚ ਮੇਘ ਰਾਜ ਰੱਲਾ, ਰਾਜਾ ਰਾਮ ਹੰਡਿਆਇਆ, ਸੁਰਜੀਤ ਤਲਵਾਰ ਅਤੇ ਕਦੇ-ਕਦਾਈਂ ਮੈਂ ਵੀ ਸ਼ਾਮਿਲ ਹੁੰਦਾ ਹਾਂ। ਤਰਕਸ਼ੀਲ ਪਰੋਗਰਾਮ ਵਿੱਚ ਅੰਧਵਿਸ਼ਵਾਸ਼ਾਂ ਦੇ ਵਿਰੁੱਧ, ਸਾਧਾਂ ਸੰਤਾਂ ਦੀਆਂ ਚਲਾਕੀਆਂ ਵਿਰੁੱਧ ਸੁਚੇਤ ਕੀਤਾ ਜਾਂਦਾ ਹੈ ਅਤੇ ਸਾਡੇ ਸਮਾਜਿਕ ਢਾਂਚੇ ਅਤੇ ਕਾਬਜ਼ ਲੁਟੇਰੀਆਂ ਜਮਾਤਾਂ ਦੇ ਵੀ ਪਰਦੇ ਫਾਸ ਕੀਤੇ ਜਾਂਦੇ ਹਨ।
ਸਾਧਾਂ ਸੰਤਾਂ ਦੇ ਖਿਲਾਫ਼ ਸਰਗਰਮੀਆਂ : ਸਾਧਾਂ ਸੰਤਾਂ ਦੁਆਰਾ ਮਾਰੀਆਂ ਜਾਂਦੀਆਂ ਠੱਗੀਆਂ ਦੇ ਪਰਦੇ ਫਾਸ਼ ਕਰਨ ਲਈ ਤਰਕਸ਼ੀਲ ਸੁਸਾਇਟੀ ਭਾਰਤ ਨੇ ਬਕਾਇਦਾ ਮੁਹਿੰਮ ਤੋਰੀ ਹੋਈ ਹੈ। ਸਮੇ-ਸਮੇਂ ਸਿਰ ਤਰਕਸ਼ੀਲ ਸੋਚ ਦੇ ਧਾਰਨੀ ਬਾਬਿਆਂ ਵਿਰੁੱਧ ਲੋਕਾਂ ਦੀ ਚੇਤਨਤਾ ਵਧਾਉਣ ਲਈ ਪਾਜ ਉਧੇੜਦੇ ਰਹਿੰਦੇ ਹਨ। ਪਿਛਲੇ ਸਮੇਂ ਢੱਕੀ ਵਾਲੇ ਬਾਬੇ ਦਾ, ਸੇਬਾਂ ਵਾਲੇ ਬਾਬਾ, ਆਸ਼ਾ ਰਾਮ, ਕੁਮਾਰ ਸਵਾਮੀ, ਰਾਮ ਰਹੀਮ ਦਾ, ਬਾਬਾ ਰਾਮਦੇਵ ਦੇ ਪਰਦੇ ਅਸੀਂ ਫਾਸ਼ ਕਰ ਚੁੱਕੇ ਹਾਂ। ਸਿਰਸੇ ਵਾਲੇ ਸੰਤ ਦੇ ਚੇਲਿਆਂ ਨੇ ਤਰਕਸ਼ੀਲ ਸੋਚ ਵਾਲੇ ਬਹੁਤ ਸਾਰੇ ਲੋਕਾਂ ਉੱਪਰ 2002 ਹਮਲੇ ਕਰਵਾਏ ਸਨ ਅਤੇ ਉਸ ਦੁਆਰਾ ਕੀਤੀਆਂ ਜਾਂਦੀਆਂ ਕਰਤੂਤਾਂ ਲੋਕਾਂ ਸਾਹਮਣੇ ਲਿਆਉਣ ਲਈ ਤਰਕਸ਼ੀਲ ਸੁਸਾਇਟੀ ਭਾਰਤ ਨੇ ਇੱਕ ਕਿਤਾਬ ‘ਰਾਮ ਰਹੀਮ ਅਰਸ਼ ਤੋਂ ਫਰਸ਼ ‘ਤੇ’ ਵੀ ਪਰਕਾਸਿ਼ਤ ਕੀਤੀ ਹੈ। ਇਸੇ ਤਰਾਂ ਬਾਬਾ ਰਾਮਦੇਵ ਦੀਆਂ ਦਵਾਈਆਂ ਅਤੇ ਗੈਰ ਵਿਗਿਆਨਕ ਕਸਰਤਾਂ ਵੀ ਇੱਕ ਕਿਤਾਬ ‘ਬਾਬਾ ਰਾਮਦੇਵ ਤਰਕ ਦੀ ਕਸੌਟੀ ‘ਤੇ’ ਲੋਕਾਂ ਸਾਹਮਣੇ ਲਿਆਂਦੀਆਂ ਗਈਆਂ।
ਤਰਕਸ਼ੀਲ ਸੁਸਾਇਟੀ ਵੱਲੋਂ ਲੋਕਾਂ ਦੀ ਸੋਚ ਵਿਗਿਆਨਕ ਬਣਾਉਣ ਲਈ ਸਾਹਿਤ ਨੂੰ ਇੱਕ ਵੱਡੇ ਹਥਿਆਰ ਤੇ ਤੌਰ ‘ਤੇ ਇਸਤੇਮਾਲ ਕੀਤਾ ਗਿਆ ਹੈ। ਕਿਉਂਕਿ ਅਸੀਂ ਲੋਕਾਂ ਨੂੰ ਭੂਤਾਂ-ਪਰੇਤਾਂਅਤੇ ਘਟਨਾਵਾਂ ਵਾਲੇ ਕੇਸਾਂ ਨੂੰ ਹੱਲ ਕਰਨ ਲਈ ਵਿਗਿਆਨ ਪਹੁੰਚ ਅਪਨਾਉਣ ਦਾ ਸੱਦਾ ਦਿੱਤਾ ਸੀ। ਸਾਡਾ ਢੰਗ ਵਿਗਿਆਨਕ ਹੋਣ ਕਰਕੇ ਅਸੀਂ ਅਜਿਹੇ ਕੇਸਾਂ ਨੂੰ ਪੂਰੇ ਵਧੀਆ ਢੰਗ ਨਾਲ ਹੱਲ ਕਰ ਸਕੇ ਹਾਂ। ਅਸੀਂ ਇਹਨਾਂ ਕੇਸਾਂ ਰਾਹੀਂ ਵੀ ਲੋਕਾਂ ਨੂੰ ਵਿਗਿਆਨ ਸਿਖਾਈ ਹੈ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਹਜ਼ਾਰਾਂ ਵਿਅਕਤੀਆਂ ਨੂੰ ਤਰਕਸ਼ੀਲ ਸਾਹਿਤ ਰਾਹੀਂ ਸਾਹਿਤ ਪੜਨ ਦੀ ਆਦਤ ਵੀ ਪਾਈ ਹੈ। ਤਰਕਸ਼ੀਲ ਸੁਸਾਇਟੀ ਨੇ ਬਹੁਤ ਸਾਰੇ ਲੇਖਕ ਅਤੇ ਪਾਠਕ ਪੈਦਾ ਕੀਤੇ ਹਨ। ਇਹਨਾਂ ਦੀ ਬਦੌਲਤ ਅਸੀਂ ਕਹਿ ਸਕਦੇ ਹਾਂ ਕਿ ਤਰਕਸ਼ੀਲ ਲਹਿਰ ਪੰਜਾਬ ਵਿੱਚੋਂ ਕਦੇ ਵੀ ਖਤਮ ਨਹੀਂ ਹੋਵੇਗੀ। ਸਾਡੀ ਸੰਸਥਾ ਨੇ ਹਜ਼ਾਰਾਂ ਵਿਅਕਤੀਆਂ ਨੂੰ ਜਥੇਬੰਦਕ ਰਾਹ ‘ਤੇ ਵੀ ਤੋਰਿਆ ਹੈ। ਅੱਜ ਲਗਭਗ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਆਗੂ ਤਰਕਸ਼ੀਲਾਂ ਵਾਲੀਆਂ ਪੌੜੀਆਂ ਹੀ ਚੜ ਕੇ ਆਏ ਹਨ। ਭਵਿੱਖ ਵਿੱਚ ਪੰਜਾਬ ਇਸੇ ਤਰਕਸ਼ੀਲ ਸੋਚ ਦੇ ਸਦਕਾ ਵਿਗਿਆਨ ਦੇ ਖੇਤਰ ਵਿੱਚ ਭਾਰਤ ਵਿੱਚ ਸਭ ਤੋਂ ਮੋਹਰੀ ਸੂਬਾ ਹੋਵੇਗਾ।

Exit mobile version