ਖੂਨਦਾਨ : ਸੁਸਾਇਟੀ ਦੇ ਮੈਬਰਾਂ ਦੇ ਪਰਭਾਵ ਵਿੱਚ ਆ ਕੇ ਬਹੁਤ ਸਾਰੇ ਮੈਂਬਰ ਖੂਨਦਾਨ ਕਰਦੇ ਅਤੇ ਕਰਵਾਉਂਦੇ ਰਹਿੰਦੇ ਹਨ। ਡੇਂਗੂ ਦੇ ਸੀਜ਼ਨ ਵਿੱਚ ਵੀ ਹਸਪਤਾਲਾਂ ਵਿੱਚ ਖੂਨ ਦੀ ਕਮੀ ਮਹਿਸੂਸ ਨਹੀਂ ਹੁੰਦੀ। ਕਈ ਵਾਰ ਤਾਂ ਲੱਖਾਂ ਯੂਨਿਟ ਖੂਨ ਹਸਪਤਾਲਾਂ ਵਿੱਚ ਪਿਆ-ਪਿਆ ਖਰਾਬ ਹੋ ਜਾਂਦਾ ਹੈ। ਗੁਰਨਾਮ ਸਿੰਘ ਮਹਿਸਮਪੁਰੀ ਅਤੇ ਡਾ. ਪਵਿੱਤਰ ਇਸ ਖੇਤਰ ਵਿੱਚ ਵਧੀਆ ਕੰਮ ਕਰ ਰਹੇ ਹਨ। ਡਾ. ਪਵਿੱਤਰ ਤਾਂ 44 ਸਾਲ ਦੀ ਉਮਰ ਵਿੱਚ 65 ਵਾਰ ਖੂਨਦਾਨ ਕਰ ਚੁੱਕਾ ਹੈ। ਹਰ ਦੋ-ਚਾਰ ਮਹੀਨੇ ਬਾਅਦ ਕੈਂਪ ਲਗਾਉਂਦਾ ਹੈ ਅਤੇ ਬਹੁਤ ਸਾਰੇ ਵਿਅਕਤੀਆਂ ਤੋਂ ਖੂਨਦਾਨ ਕਰਵਾਉਂਦਾ ਹੈ। ਗੁਰਨਾਮ ਸਿੰਘ ਮਹਿਸਮਪੁਰੀ ਨੇ ਵੀ ਆਪਣਾ ਖੂਨਦਾਨ ਹੀ ਨਹੀਂ ਸਗੋਂ ਬਹੁਤ ਸਾਰੇ ਵਿਅਕਤੀਆਂ ਦਾ ਕੈਂਪਾਂ ਵਿੱਚ ਖੂਨਦਾਨ ਕਰਵਾਇਆ ਹੈ। ਉਹਨਾਂ ਨੇ ਨੇਪਾਲ ਤੱਕ ਵੀ ਖੂਨਦਾਨ ਦੇ ਕੈਂਪਾਂ ਦਾ ਪਰਬੰਧ ਕੀਤਾ ਹੈ।
ਨੇਤਰ ਦਾਨ : ਸਾਡੀ ਸੰਸਥਾ ਦੇ ਰਹਿ ਚੁੱਕੇ ਮੈਂਬਰ ਵੀ ਇਸ ਖੇਤਰ ਵਿੱਚ ਆਪਣੀ ਸੋਚ ਬੁਲੰਦ ਕਰ ਰਹੇ ਹਨ। ਹੋਰਾਂ ਤੋਂ ਇਲਾਵਾ ਹਰਬੰਸ ਲਾਲ ਬਰੇਟਾ ਅਤੇ ਰਣਜੀਤ ਝੁਨੇਰ ਦਾ ਵਧੀਆ ਯੋਗਦਾਨ ਰਿਹਾ ਹੈ। ਹਰਬੰਸ ਲਾਲ ਬਰੇਟਾ ਨੇ ਤਾਂ ਇਹ ਪਿਰਤ ਵੀ ਪਾਈ ਹੈ ਕਿ ਮਰਿਤਕ ਦੇ ਭੋਗ ਵਾਲੇ ਦਿਨ ਉਹਨਾਂ ਵਿਅਕਤੀਆਂ ਨੂੰ ਜਿੰਨਾਂ ਦੇ ਅੱਖਾਂ ਲਗਾਈਆਂ ਹਨ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਇਸ ਸੰਬੰਧੀ ਹੋਰ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਅੱਜ ਪੰਜਾਬ ਵਿੱਚ ਇਹਨਾਂ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਅੱਖਾਂ ਦੀ ਕੋਈ ਕਮੀ ਨਹੀਂ ਹੈ। ਲਗਭਗ ਹਰੇਕ ਲੋੜਬੰਦ ਵਿਅਕਤੀ ਨੂੰ ਅੱਖਾਂ ਮਿਲ ਰਹੀਆਂ ਹਨ।
ਸਰੀਰ ਦਾਨ : ਇੱਕ ਡਾਕਟਰ ਸਾਨੂੰ ਕਹਿਣ ਲੱਗੀ ਕਿ ”ਅਸੀਂ ਪੰਜਾਬ ਵਿੱਚ ਵਧੀਆ ਡਾਕਟਰ ਪੈਦਾ ਕਰਨ ਤੋਂ ਅਸਮਰਥ ਹਾਂ।” ਕਿਉਂਕਿ ਸਾਡੇ ਇੱਕ ਹੱਥ ਵਿੱਚ ਸੁਆਹ ਹੁੰਦੀ ਹੈ ਅਤੇ ਦੂਜੇ ਹੱਥ ਵਿੱਚ ਮਿੱਟੀ। ਹਿੰਦੂ ਆਪਣੇ ਮੁਰਦਿਆਂ ਦਾ ਸਸਕਾਰ ਕਰਦੇ ਹਨ ਅਤੇ ਮੁਸਲਮਾਨ ਆਪਣੇ ਮੁਰਦਿਆਂ ਨੂੰ ਦਫ਼ਨਾਉਂਦੇ ਹਨ। ਇਸ ਲਈ ਸਾਨੂੰ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਦੀ ਖੋਜ਼ ਪੜਤਾਲ ਲਈ ਮਰਿਤਕ ਸਰੀਰ ਨਹੀਂ ਮਿਲਦੇ।” ਅਸੀਂ ਉਹਨਾਂ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ। ਕਈ ਵਾਰ ਲੋਕ ਸਾਨੂੰ ਵੀ ਪੁੱਛਦੇ ਸਨ ਕਿ ‘ਜੇ ਤੁਸੀਂ ਆਤਮਾ, ਨਰਕ ਜਾਂ ਸਵਰਗ ਵਿੱਚ ਵਿਸ਼ਵਾਸ਼ ਨਹੀਂ ਕਰਦੇ ਤਾਂ ਤੁਸੀਂ ਆਪਣੇ ਮਰਿਤਕ ਸਰੀਰਾਂ ਦਾ ਕੀ ਕਰੋਗੇ? ” ਤਾਂ ਸਾਡਾ ਜਵਾਬ ਹੁੰਦਾ ਸੀ ਕਿ ”ਅਸੀਂ ਆਪਣੇ ਮਰਿਤਕ ਸਰੀਰਾਂ ਨੂੰ ਖੋਜ਼ ਪੜਤਾਲ ਲਈ ਦਿਆ ਕਰਾਂਗੇ।”
ਮੈਂ ਵੀ ਆਪਣੇ ਪਰਿਵਾਰ ਦੇ ਮਰਿਤਕ ਸਰੀਰ ਦਾਨ ਵਿੱਚ ਦਿੱਤੇ ਹੋਏ ਸਨ। 2006 ਵਿੱਚ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਅਸੀਂ ਉਹਨਾਂ ਦਾ ਸਰੀਰ ਲੁਧਿਆਣੇ ਦੇ ਦਿਆ ਨੰਦ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ। ਇਸੇ ਤਰਾਂ ਨਰਾਇਣ ਦੱਤ ਜੀ ਅਤੇ ਹਰਿੰਦਰਪਾਲ ਨਿੱਕਾ ਨੇ ਆਪਣੇ ਮਰਿਤਕ ਪਿਤਾ ਜੀ ਦੇ ਸਰੀਰ ਦਾਨ ਕਰ ਦਿੱਤੇ। ਅਮਰਜੀਤ ਜੋਧਪੁਰੀਏ ਦੀ ਪਤਨੀ ਨੇ ਅਤੇ ਤੇਜਾ ਸਿੰਘ ਰੌਂਤਾ ਨੇ ਆਪਣੀ ਪਤਨੀ ਦਾ ਸਰੀਰ ਦਾਨ ਕਰ ਦਿੱਤਾ। ਅੱਜ ਪੰਜਾਬ ਦੇ ਸਾਰੇ ਮੈਡੀਕਲ ਕਾਲਜ ਮਰਿਤਕ ਸਰੀਰਾਂ ਨਾਲ ਨੱਕੋ-ਨੱਕ ਭਰੇ ਹੋਏ ਹਨ। ਇਸ ਸਬੰਧੀ ਕਈ ਡਾਕਟਰਾਂ ਨੇ ਸਾਨੂੰ ਆਪਣੇ ਕਾਲਜਾਂ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਹੈ।
ਅੰਗਦਾਨ : ਅੰਗਦਾਨ ਹਸਪਤਾਲ ਵਿੱਚ ਦਾਖਲ ਹੋ ਕੇ ਹੀ ਦਾਨ ਕੀਤਾ ਜਾ ਸਕਦਾ ਹੈ। ਅੰਗ ਲੈਣ ਵਾਲਾ ਵਿਅਕਤੀ ਵੀ ਹਸਪਤਾਲ ਵਿੱਚ ਦਾਖਲ ਹੋਣਾ ਜ਼ਰੂਰੀ ਹੈ। ਸੁਸਾਇਟੀ ਦੇ ਕਿਸੇ ਵਰਕਰ ਦੀ ਇਸ ਤਰਾਂ ਮੌਤ ਹੋ ਹੀ ਨਹੀਂ ਸਕਦੀ। ਇਸ ਲਈ ਇਸ ਤਰਾਂ ਅੰਗ ਦਾਨ ਕੀਤਾ ਹੀ ਨਹੀਂ ਜਾ ਸਕਿਆ। ਫਿਰ ਵੀ ਤਰਕਸ਼ੀਲ ਆਪਣੀਆਂ ਲਿਖਤਾਂ ਰਾਹੀਂ ਅੰਗਦਾਨ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ। ਅੱਜਕੱਲ ਪੰਜਾਬ ਦੇ ਹਸਪਤਾਲਾਂ ਵਿੱਚ ਵੀ ਇਹ ਪਿਰਤ ਜਾਰੀ ਹੈ।
ਨੋਟ : ਖੂਨਦਾਨ, ਅੱਖਾਂ ਦਾਨ, ਸਰੀਰ ਦਾਨ ਅਤੇ ਅੰਗਦਾਨ ਸੰਬੰਧੀ ਸੁਸਾਇਟੀ ਨੇ ਪਰੋਫਾਰਮੇ ਛਪਾਏ ਹੋਏ ਹਨ। ਜੋ ਹਰ ਫੰਕਸ਼ਨ ‘ਤੇ ਸੁਸਾਇਟੀ ਮੈਂਬਰਾਂ ਕੋਲ ਉਪਲਬਧ ਹੁੰਦੇ ਹਨ।