ਜਿਉਂ ਜਿਉਂ ਪੰਜਾਬ ਵਿਚ ਤਰਕਸ਼ੀਲ ਲਹਿਰ ਵਿਕਾਸ ਕਰ ਰਹੀ ਹੈ ਉਸੇ ਹੀ ਰਫਤਾਰ ਨਾਲ ਲੋਕਾਂ ਅਤੇ ਤਰਕਸ਼ੀਲਾਂ ਦੇ ਸਾਧਾਂ ਸੰਤਾਂ ਨਾਲ ਝਗੜੇ ਵਧ ਰਹੇ ਹਨ। ਕਿਸੇ ਸਥਾਨ ਤੇ ਮਕਸੂਦੜਾਂ ਵਾਲੇ ਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਦੱਬੀ ਹੋਈ ਹੈ ਅਤੇ ਕੋਈ ਬੜੂੰਦੀ ਦਾ ਪਾਖੰਡੀ ਹੀ ਉਸੇ ਪਿੰਡ ਦੇ ਵਸਨੀਕ ਦੀ ਕਮਾਈ ਛੇ ਹਜ਼ਾਰ ਡਾਲਰ ਹੜੱਪ ਕਰ ਗਿਆ ਹੈ। ਕਿਸੇ ਹੋਰ ਸਥਾਨ ਤੇ ਸੰਤ ਨੇ ਖਾਂਦੇ ਪੀਂਦੇ ਘਰਾਂ ਵਿੱਚ ਵੀ ਕਲੇਸ਼ ਪਵਾ ਦਿੱਤਾ ਹੈ। ਕਿਸੇ ਹੋਰ ਇਲਾਕੇ ਦਾ ਸੰਤ ਹੀ ਬਲਾਤਕਾਰ ਕਰਦਾ ਰੰਗੇ ਹੱਥੀਂ ਫੜਿਆ ਗਿਆ ਹੈ। ਜਦੋਂ ਅਜਿਹੀਆਂ ਘਟਨਾਵਾਂ ਕਿਸੇ ਵੀ ਇਲਾਕੇ ਵਿੱਚ ਵਾਪਰਦੀਆਂ ਹਨ ਤਾਂ ਲੋਕ ਤਰਕਸ਼ੀਲਾਂ ਤੋਂ ਸਹਾਇਤਾ ਦੀ ਮੰਗ ਕਰਦੇ ਹਨ ਭਾਵੇਂ ਉਨ੍ਹਾਂ ਨੂੰ ਇਹ ਮੰਗ ਪ੍ਰਸ਼ਾਸਨ ਤੋਂ ਕਰਨੀ ਚਾਹੀਦੀ ਹੈ, ਕਿਉਂਕਿ ਪ੍ਰਸ਼ਾਸ਼ਨ ਕਿਸੇ ਨਾ ਕਿਸੇ ਰੂਪ ਵਿਚ ਦੋਸ਼ੀਆਂ ਨਾਲ ਮਿਲਿਆ ਹੁੰਦਾ ਹੈ ਇਹ ਮਿਲੀ ਭੁਗਤ ਸਰਕਾਰ ਚਲਾ ਰਹੀ ਪਾਰਟੀ ਦੀ ਵੋਟਾਂ ਵੇਲੇ ਕੀਤੀ ਮੱਦਦ ਜਾਂ ਵਿੱਤੀ ਸਹਾਇਤਾ ਜਾਂ ਮੌਕੇ ਦੇ ਅਫ਼ਸਰਾਂ ਨੂੰ ਚੜਾਇਆ ਚੜ੍ਹਾਵਾ ਆਦਿ ਹੋ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਲੋਕਾਂ ਦਾ ਵਿਸ਼ਵਾਸ ਪ੍ਰਸ਼ਾਸ਼ਨ ਵਿੱਚ ਨਹੀਂ ਹੁੰਦਾ ਹੈ ਸੋ ਉਹ ਲੋਕ ਤਰਕਸ਼ੀਲਾਂ ਨੂੰ ਮੱਦਦ ਲਈ ਅਪੀਲ ਕਰਦੇ ਹਨ। ਹੁਣ ਤਰਕਸ਼ੀਲਾਂ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਹੁੰਦਾ ਸੋ ਉਹ ਵੀ ਕਾਰਵਾਈ ਕਰਨ ਤੋਂ ਅਸਮਰਥ ਹੁੰਦੇ ਹਨ। ਅੱਜ ਦੇ ਸਾਧ ਸੰਤ ਵੀ ਬਹੁਤ ਹੀ ਚਾਲਾਕ ਹਨ। ਉਹ ਯਤਨ ਕਰਦੇ ਹਨ ਕਿ ਉਹ ਕਿਸੇ ਨਾ ਕਿਸੇ ਧਰਮ ਦੀ ਓਟ ਵਿੱਚ ਹੀ ਆਪਣੀਆਂ ਕਰਤੂਤਾਂ ਜਾਰੀ ਰੱਖ ਸਕਣ ਅੱਜ ਪੰਜਾਬ ਦੇ ਹਜ਼ਾਰਾਂ ਹੀ ਅਜਿਹੇ ਪਾਖੰਡੀ ਧਰਮ ਵਿੱਚ ਆਪਣਾ ਪਾਖੰਡ ਜਾਰੀ ਰੱਖ ਰਹੇ ਹਨ। ਸੋ ਅਜਿਹੀਆਂ ਹਾਲਾਤਾਂ ਵਿੱਚ ਤਰਕਸ਼ੀਲਾਂ ਅਤੇ ਹੋਰ ਅਗਾਂਹਵਧੂ ਲੋਕਾਂ ਨੂੰ ਆਪਣੀ ਭੂਮਿਕਾ ਕਿਵੇਂ ਨਿਭਾਉਣੀ ਚਾਹੀਦੀ ਹੈ ? ਤਾਂ ਜੋ ਅਸੀਂ ਆਪਣੇ ਸਮਾਜ ਨੂੰ ਹੋਰ ਅੱਗੇ ਵਧਾ ਸਕੀਏ। ਸਾਨੂੰ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਕੋਲ ਬਿਨ੍ਹਾਂ ਮਿਹਨਤ ਦੇ ਪੈਸਾ ਆ ਜਾਂਦਾ ਹੈ ਤਾਂ ਉਹ ਇਸ ਪੈਸੇ ਦਾ ਦੁਰਉਪਯੋਗ ਕਰਦਾ ਹੀ ਹੈ। ਹੁਣ ਹਰੇਕ ਸਾਧ ਸੰਤ ਕੋਲ ਆਇਆ ਪੈਸਾ ਕਿਹੜਾ ਉਨ੍ਹਾਂ ਦੀ ਹੱਡ ਪਸੀਨੇ ਦੀ ਕਮਾਈ ਹੁੰਦੀ ਹੈ ਇਹ ਤਾਂ ਸ਼ਰਧਾਲੂਆਂ ਵਲੋਂ ਚੜਾਇਆ ਚੜ੍ਹਾਵਾ ਹੀ ਹੁੰਦਾ ਹੈ ਸੋ ਇਸ ਪੈਸੇ ਦਾ ਦੁਰਉਪਯੋਗ ਕਰਨਾ ਉਨ੍ਹਾਂ ਦੀ ਲੋੜ ਹੀ ਹੁੰਦੀ ਹੈ। ਭੁੱਖਾ ਮਰਦਾ, ਜਾਂ ਮਿਹਨਤ ਤੋਂ ਡਰਦਾ ਜਾਂ ਕਿਸੇ ਹੋਰ ਕਾਰਨ ਘਰੋਂ ਭੱਜਿਆ ਅਸਾਧਾਰਨ ਮਾਨਸਿਕ ਵਿ੍ਰਤੀ ਵਾਲਾ ਵਿਅਕਤੀ ਹੀ ਸਾਧ ਬਣਦਾ ਹੈ। ਹੁਣ ਜਦੋਂ ਇਹ ਕਿਸੇ ਹੋਰ ਸਥਾਨ ਤੇ ਜਾ ਡੇਰਾ ਲਾਉਂਦਾ ਹੈ ਤਾਂ ਉਸ ਦੇ ਡੇਰੇ ਵਿੱਚ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਉਸ ਵਿੱਚ ਗੈਬੀ ਸ਼ਕਤੀ ਹੋਣ ਦਾ ਭਰਮ ਖੜ੍ਹਾ ਹੋ ਜਾਂਦਾ ਹੈ ਸਿੱਟੇ ਵਜੋਂ ਅਜਿਹੇ ਵਿਅਕਤੀ ਸੰਮੋਹਤ ਹੋ ਕੇ ਉਸ ਦੇ ਸ਼ਰਧਾਲੂ ਬਣ ਜਾਂਦੇ ਹਨ। ਸੋ ਆਪਣੀ ਮਿਹਨਤ ਦੀ ਕਮਾਈ ਡੇਰੇ ਉੱਪਰ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਜਿਉਂ ਜਿਉਂ ਸਾਧ ਦੀ ਉਪਮਾ ਵਧਦੀ ਜਾਂਦੀ ਹੈ ਉਸਦਾ ਡੇਰਾ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਸਾਧਾਂ ਸੰਤਾਂ ਦੀ ਨਿੰਦਿਆਂ ਨਹੀਂ ਕਰਨੀ ਚਾਹੀਦੀ। ਇਸ ਲਈ ਬਹੁਤੇ ਸ਼ਰਧਾਲੂ ਜਿਹੜੇ ਸਾਧਾਂ ਦੇ ਘਟੀਆ ਪੱਖਾਂ ਤੋਂ ਜਾਣੂੰ ਹੁੰਦੇ ਹਨ ਉਹ ਚੁੱਪ ਵੱਟ ਜਾਂਦੇ ਹਨ ਅਤੇ ਦੂਸਰੇ ਆਪਣੀਆਂ ਛੱਤਾਂ ਤੇ ਚੜ੍ਹ ਕੇ ਉਨ੍ਹਾਂ ਦਾ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਾਧਗਿਰੀ ਦਾ ਧੰਦਾ ਵਿਕਾਸ ਕਰਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਕੁੱਲੀ, ਗੁੱਲੀ, ਜੁੱਲੀ ਅਤੇ ਕਾਮ ਤਿ੍ਰਪਤੀ ਮਨੁੱਖ ਦੀਆਂ ਜ਼ਰੂਰਤਾਂ ਹਨ। ਸੋ ਸਾਧ ਵੀ ਇਨਸਾਨ ਹੀ ਹੁੰਦੇ ਹਨ ਇਸ ਲਈ ਪਹਿਲਾਂ ਇਹ ਆਪਣੀ ਕੁੱਲੀ ਭਾਵ ਡੇਰੇ ਨੂੰ ਵਧੀਆ ਬਣਾਉਂਦੇ ਹਨ ਅਤੇ ਫਿਰ ਵਧੀਆ ਤੋਂ ਵਧੀਆ ਖਾਣਾ ਖਾਂਦੇ ਹਨ ਹੁਣ ਜਦੋਂ ਖੁਰਾਕ ਵਧੀਆ ਹੋਈ ਤਾਂ ਸਰੀਰ ਵਿੱਚ ਰਸ ਵੀ ਪੈਦਾ ਹੋਣਗੇ ਹੀ ਹੁਣ ਇਨ੍ਹਾਂ ਰਸਾਂ ਖਾਰਜ ਕਰਨਾ ਵੀ ਜ਼ਰੂਰੀ ਹੀ ਹੋਊ। ਹੁਣ ਤੁਸੀਂ ਕਿਸੇ ਵੀ ਇਨਸਾਨ ਕੋਲ ਇਹ ਸਹੂਲਤਾਂ ਉਪਲਬਧ ਹੁੰਦੇ ਹੋਏ ਵੀ ਇਹ ਆਸ ਰੱਖੋ ਕਿ ਉਹ ਇਨ੍ਹਾਂ ਦਾ ਉਪਯੋਗ ਨਹੀਂ ਕਰਦਾ ਹੋਵੇਗਾ। ਮੇਰਾ ਖ਼ਿਆਲ ਹੈ ਕਿ ਤੁਸੀਂ ਜ਼ਰੂਰ ਹੀ ਮੰਦਬੁੱਧੀ ਦੇ ਮਾਲਕ ਹੋਵੋਗੇ। ਸੋ ਪੰਜਾਬ ਦਾ ਹਰ ਸਾਧ ਸੰਤ ਜਿਸਦੇ ਡੇਰੇ ਵਿੱਚ ਗਹਿਮਾ-ਗਹਿਮੀ ਹੈ ਉਹ ਇਨ੍ਹਾਂ ਸਹੂਲਤਾਂ ਨੂੰ ਮਾਣਦਾ ਹੀ ਹੈ। ਰਿਹਾ ਸਵਾਲ ਕਾਰਾਂ ਜਾਂ ਹੈਲੀਕਾਪਟਰਾਂ ਵਿੱਚ ਸਫ਼ਰ ਕਰਨ ਦਾ। ਜੇ ਮੈਨੂੰ ਜਾਂ ਤੁਹਾਨੂੰ ਇਹ ਸਹੂਲਤਾਂ ਉਪਲਬਧ ਹੋਣ ਤੇ ਜੇ ਅਸੀਂ ਇਨ੍ਹਾਂ ਦਾ ਉਪਯੋਗ ਨਹੀਂ ਕਰਾਂਗੇ ਤਾਂ ਅਸੀਂ ਮੂਰਖ ਹੀ ਕਹਾਂਵਾਂਗੇ। ਸੋ ਅਜਿਹੀਆਂ ਹਾਲਤਾਂ ਵਿੱਚ ਤਰਕਸ਼ੀਲਾਂ ਅਤੇ ਅਗਾਂਹਵਧੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਧਾਂ ਸੰਤਾਂ ਅਤੇ ਉਨ੍ਹਾਂ ਦੀਆਂ ਕਰਤੂਤਾਂ ਪ੍ਰਤੀ ਲੋਕਾਂ ਨੂੰ ਚੇਤਨ ਕਰਨ ਦਾ ਕੰਮ ਜ਼ਾਰੀ ਰੱਖਣ ਪਰ ਉਨ੍ਹਾਂ ਦੀ ਪ੍ਰਚਾਰ ਦੀ ਸੁਰ ਨਿੱਜ ਵੱਲ ਨਾ ਹੋ ਕੇ ਸਮੂਹਿਕ ਵੱਲ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਆਪ ਨੂੰ, ਆਪਣੀ ਜਥੇਬੰਦੀ ਨੂੰ ਨਿੱਜੀ ਝਗੜਿਆਂ ਤੋਂ ਬਚਾਉਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਸਾਧਾਂ ਸੰਤਾਂ ਦੀਆਂ ਕਰਤੂਤਾਂ ਦਾ ਵਿਰੋਧ ਕਰਦੇ ਹੋਏ ਵੀ ਵੱਧ ਜੋਰ ਆਮ ਲੋਕਾਂ ਦੀ ਚੇਤਨਤਾ ਨੂੰ ਵਧਾਉਣ ਵੱਲ ਲਾਉਣਾ ਚਾਹੀਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਕਿਸਮ ਦੇ ਲੀਡਰ ਆਪਣੀਆਂ ਵੋਟਾਂ ਵਧਾਉਣ ਲਈ ਇਨ੍ਹਾਂ ਸਾਧਾਂ/ਸੰਤਾਂ ਨੂੰ ਛਤਰੀ ਨਾਲ ਛਾਂ ਕਰਦੇ ਹਨ। ਸੋ ਤਰਕਸ਼ੀਲਾਂ ਨੂੰ ਇਨ੍ਹਾਂ ਸਿਆਸੀ ਆਗੂਆਂ ਅਤੇ ਸਾਧਾਂ ਸੰਤਾਂ ਦੇ ਨਾਪਾਕ ਗਠਜੋੜ ਨੂੰ ਵੀ ਲੋਕਾਂ ਵਿੱਚ ਨੰਗਾ ਕਰਨਾ ਚਾਹੀਦਾ ਹੈ। ਅੰਤ ਵਿੱਚ ਮੈਂ ਸਮੂਹ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਚਮਤਕਾਰ ਨਹੀਂ ਹੁੰਦੇ, ਸੋ ਕਿਸੇ ਵੀ ਵਿਅਕਤੀ ਵਿੱਚ ਚਮਤਕਾਰੀ ਗ਼ੈਬੀ ਸ਼ਕਤੀਆਂ ਦਾ ਹੋਣਾ ਅਸੰਭਵ ਗੱਲ ਹੈ, ਸੰਸਾਰ ਭਰ ਵਿਚ ਕਦੇ ਵੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਵਾਪਰੇਗੀ ਜਿਸ ਪਿੱਛੇ ਕੋਈ ਵਿਗਿਆਨਕ ਨਿਯਮ ਨਾ ਕੰਮ ਕਰਦਾ ਹੋਵੇ। ਸੋ ਸਾਧਾਂ ਸੰਤ ਇਨਸਾਨ ਹਨ ਅਤੇ ਹਰ ਇਨਸਾਨੀ ਜ਼ਰੂਰਤ ਉਨ੍ਹਾਂ ਦੀ ਲੋੜ ਹੈ। ਸੋ ਪੰਜਾਬ ਦੇ ਕਿਸੇ ਵੀ ਸੰਤ ਨੂੰ ਬ੍ਰਹਮਚਾਰੀ ਸਮਝਣਾ ਅਤੇ ਉਨ੍ਹਾਂ ਦੇ ਡੇਰੇ ਨੂੰ ਪਾਕ ਸਮਝਣਾ ਨਿਰੀ ਮੂਰਖ਼ਤਾ ਹੀ ਹੈ।
