ਵਿਗਿਆਨ ਅਨੁਸਾਰ, ਲੜਕਾ ਜਾਂ ਲੜਕੀ ਪੈਦਾ ਹੋਣ ਲਈ ਮਨੁੱਖੀ ਸੈੱਲ ਦਾ 23ਵਾਂ ਮਣਕਾ ਜ਼ਿੰਮੇਵਾਰ ਹੁੰਦਾ ਹੈ। ਮਰਦਾਂ ਵਿਚ ਇਹ 23ਵਾਂ ਮਣਕਾ ਐਕਸ ਵਾਈ ਹੁੰਦਾ ਹੈ ਤੇ ਇਸਤਰੀਆਂ ਵਿੱਚ ਐਕਸ ਐਕਸ ਹੁੰਦਾ ਹੈ। ਔਰਤਾਂ ਅਤੇ ਮਰਦਾਂ ਦੇ ਸੈੱਲਾਂ ਦਾ ਮਿਲਾਪ ਹੋਣ ਵੇਲੇ ਜਦੋਂ ਮਰਦ ਦੇ 23ਵੇਂ ਮਣਕੇ ਵਾਲਾ ਐਕਸ ਔਰਤ ਦੇ ਐਕਸ ਨਾਲ ਮਿਲ ਜਾਂਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ। ਜੇ ਮਰਦ ਦੇ ਸੈੱਲ ਵਿੱਚੋਂ ਵਾਈ ਇਸਤਰੀ ਦੇ ਐਕਸ ਨਾਲ ਮਿਲਾਪ ਕਰਦਾ ਹੈ ਤਾਂ ਲੜਕਾ ਪੈਦਾ ਹੁੰਦਾ ਹੈ। ਇਸ ਤਰਾਂ ਲੜਕਾ ਜਾਂ ਲੜਕੀ ਪੈਦਾ ਕਰਨ ਲਈ ਜ਼ਿੰਮੇਵਾਰ ਸਿਰਫ਼ ਮਰਦ ਹੀ ਹੁੰਦਾ ਹੈ। ਪਰ ਮੇਰੇ ਪਿਆਰੇ ਭਾਰਤ ਵਿੱਚ ਇਸਤਰੀਆਂ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਗਰਭ ਧਾਰਨ ਦੇ ਪਹਿਲੇ ਦਿਨ ਹੀ ਇਹ ਫੈਸਲਾ ਹੋ ਜਾਂਦਾ ਹੈ ਕਿ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ। ਦੁਨੀਆਂ ਦਾ ਕੋਈ ਵੀ ਡਾਕਟਰੀ ਵਿਗਿਆਨ ਗਰਭ ਧਾਰਨ ਤੋਂ ਬਾਅਦ ਖਾਧੀ ਜਾਂਦੀ ਦਵਾਈ ਨਾਲ ਬੱਚੇ ਦਾ ਲਿੰਗ ਨਹੀਂ ਬਦਲ ਸਕਦਾ। ਪਰ ਮੇਰੇ ਪਿਆਰੇ ਭਾਰਤ ਵਿੱਚ ਅੱਜ ਵੀ ਹਜ਼ਾਰਾਂ ਨੀਮ-ਹਕੀਮ, ਸਾਧ-ਸੰਤ ਅਜਿਹੇ ਹਨ, ਜਿਹੜੇ ਗਰਭ ਧਾਰਨ ਤੋਂ ਬਾਅਦ ਦਵਾਈ ਖਵਾ ਕੇ ਸ਼ਰਤੀਆ ਲੜਕਾ ਪੈਦਾ ਹੋਣ ਦਾ ਦਾਅਵਾ ਕਰਦੇ ਹਨ। ਬਹੁਤ ਸਾਰੇ ਅਣਭੋਲ ਲੋਕ ਇਨਾਂ ਦੀ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੀ ਮਿਹਨਤ ਦੀ ਕਮਾਈ ਦਾ ਲੱਖਾਂ ਰੁਪਈਆ ਇਨਾਂ ਨੀਮ-ਹਕੀਮਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ। ਇੱਥੇ ਸਰਕਾਰਾਂ ਅਜਿਹੀਆਂ ਨਿਕੰਮੀਆਂ ਹਨ ਕਿ ਪਿਛਲੇ 68 ਸਾਲਾਂ ਤੋਂ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਨੂੰ ਰੋਕ ਨਹੀਂ ਸਕੀਆਂ। ਹਰਿਆਣਾ ਦੇ ਇੱਕ ਪਿੰਡ ਕਹਿਰਵਾਂ ਦੇ ਮਿਹਰਬਾਨ ਨੇ ਸਿਵਲ ਸਰਜਨ (ਕਰਨਾਲ) ਨੂੰ ਅਜਿਹੇ ਸ਼ਰਤੀਆ ਦਵਾਈ ਦੇਣ ਵਾਲੇ ਨੂੰ 5100 ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਵਾਇਆ ਹੈ।
ਮੇਰੀ ਬਹਿਸ਼ ਰੋਹਤਕ ਦੇ ਤਿਵਾੜੀ ਜੀ ਨਾਲ ਇੱਕ ਟੀ.ਵੀ. ਚੈਨਲ ‘ਤੇ ਹੋਈ। ਤਿਵਾੜੀ ਜੀ ਜੋਤਿਸ਼ ਦਾ ਪੱਖ ਪੂਰ ਰਹੇ ਸਨ। ਇਹ ਬਹਿਸ਼ ਅਮਰੀਕਾ ਕੈਨੇਡਾ ਵਿੱਚ ਚੱਲ ਰਹੇ ਇੱਕ ਚੈਨਲ ‘ਗਲੋਬਲ ਪੰਜਾਬ ‘ ਲਈ ਹੋਈ ਸੀ। ਤਿਵਾੜੀ ਜੀ ਨੇ ਮੈਨੂੰ ਘੇਰਨ ਲਈ ਤਿੰਨ ਸਵਾਲ ਉਠਾਏ। ਉਨਾਂ ਵਿੱਚੋਂ ਪਹਿਲਾ ਸਵਾਲ ਹਰੇਕ ਦੇਵੀ-ਦੇਵਤੇ ਦੇ ਸਿਰਾਂ ਦੁਆਲੇ ਵਿਖਾਏ ਜਾਂਦੇ ਚੱਕਰਾਂ ਬਾਰੇ ਸੀ। ਉਹ ਕਹਿਣ ਲੱਗਾ ਕਿ ਇਹ ਚੱਕਰ ਗ੍ਰਹਿਾਂ ਦੇ ਪ੍ਰਭਾਵ ਕਾਰਨ ਹੁੰਦੇ ਹਨ। ਮੈਂ ਉਨਾਂ ਨੂੰ ਦੱਸਿਆ ਕਿ ਇਨਾਂ ਚੱਕਰਾਂ ਦਾ ਸੰਬੰਧ ਗ੍ਰਹਿਆਂ ਨਾਲ ਨਹੀਂ ਹੁੰਦਾ ਸਗੋਂ ਇਹ ਤਾਂ ਆਇਨਾ ਦੇ ਬਣੇ ਚੱਕਰ ਹੁੰਦੇ ਹਨ ਜੋ ਹਰੇਕ ਜੀਵ ਤੇ ਨਿਰਜੀਵ ਦੁਆਲੇ ਕ੍ਰਿਲੀਅਨ ਫੋਟੋਗ੍ਰਾਫੀ ਤਕਨੀਕ ਨਾਲ ਵੇਖੇ ਜਾ ਸਕਦੇ ਹਨ। ਸਾਡੀ ਕਿਸਮਤ ਨਾਲ ਇਨਾਂ ਚੱਕਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਕੁੱਤੇ ਨੂੰ ਰੋਟੀ ਪਾਉਣ ਨਾਲ ਜਾਂ ਕਿਸੇ ਪੁਜਾਰੀ ਵਰਗ ਨੂੰ ਰੋਟੀ ਖਵਾਉਣ ਨਾਲ ਇਨਾਂ ਚੱਕਰਾਂ ਨੇ ਨਾ ਤਾਂ ਘਟਣਾ ਹੁੰਦਾ ਹੈ ਨਾ ਹੀ ਵਧਣਾ।
ਤਿਵਾੜੀ ਜੀ ਦਾ ਅਗਲਾ ਸੁਆਲ ਹੁਸ਼ਿਆਰਪੁਰ ਦੇ ਪੁਜਾਰੀ ਵਰਗ ਕੋਲ ਭ੍ਰਿਗ ਗ੍ਰੰਥ ਦੇ ਹੋਣ ਬਾਰੇ ਸੀ। ਕਿਹਾ ਜਾਂਦਾ ਹੈ ਕਿ ਇਸ ਗ੍ਰੰਥ ਵਿੱਚ ਦੁਨੀਆਂ ਦੇ ਹਰੇਕ ਵਿਅਕਤੀ ਦੀ ਕਿਸਮਤ ਦਰਜ ਹੈ। ਮੇਰੇ ਲਈ ਇਸ ਵਿਸ਼ੇ ‘ਤੇ ਇਹ ਕੋਈ ਪਹਿਲੀ ਚਰਚਾ ਨਹੀਂ ਸੀ। ਮੈਨੂੰ ਇਸ ਗੋਰਖ ਧੰਦੇ ਦੀ ਅਸਲੀਅਤ ਪਹਿਲਾਂ ਹੀ ਪਤਾ ਸੀ ਕਿਉਂਕਿ ਮੈਨੂੰ ਕੁੱਝ ਅਜਿਹੇ ਸੱਜਣਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਜਿਹੜੇ ਹੁਸ਼ਿਆਰਪੁਰ ਦੇ ਇਨਾਂ ਸੌਦਾਬਾਜ਼ਾਂ ਕੋਲ ਨੌਕਰੀਆਂ ਕਰਦੇ ਰਹੇ ਹਨ। ਉਨਾਂ ਨੇ ਮੈਨੂੰ ਦੱਸਿਆ ਸੀ ਕਿ ਹੁਸ਼ਿਆਰਪੁਰ ਦੇ ਇਨਾਂ ਧੋਖੇਬਾਜ਼ਾਂ ਨੇ ਅਜਿਹੇ ਕਾਰਡਾਂ ਦੀਆਂ ਸੈਂਕੜੇ ਗੱਠੜੀਆਂ ਆਪਣੇ ਗੁਦਾਮਾਂ ਵਿੱਚ ਭਰੀਆਂ ਹੋਈਆਂ ਹਨ। ਜਦੋਂ ਕੋਈ ਗਾਹਕ ਉਨਾਂ ਕੋਲ ਫਸ ਜਾਂਦਾ ਹੈ ਤਾਂ ਉਸ ਤੋਂ ਵੱਡੀ ਫੀਸ ਲੈ ਕੇ ਉਨਾਂ ਤੋਂ ਹੀ ਜਾਣਕਾਰੀ ਲੈ ਲਈ ਜਾਂਦੀ ਹੈ। ਇਹ ਜਾਣਕਾਰੀ ਕਮਰੇ ਵਿੱਚ ਬੈਠੇ ਉਨਾਂ ਦੇ ਕਿਸੇ ਏਜੰਟ ਨੂੰ ਦੇ ਦਿੱਤੀ ਜਾਂਦੀ ਹੈ। ਉਹ ਇਸ ਜਾਣਕਾਰੀ ਨੂੰ ਕਿਸੇ ਬਸਤੇ ਦੇ ਇੱਕ ਪੁਰਾਣੇ ਕਾਰਡ ਤੇ ਪੁਰਾਣੀ ਜਿਹੀ ਵਿਖਾਈ ਦਿੰਦੀ ਲਿਖਾਈ ਵਿੱਚ ਦਰਜ ਕਰ ਦਿੰਦਾ ਹੈ। ਜੋਤਿਸ਼ੀ ਜੀ ਬਸਤਿਆਂ ਨੂੰ ਫਰੋਲਦੇ ਹੋਏ ਉਸ ਵਿਅਕਤੀ ਨਾਲ ਸਬੰਧਤ ਕਾਰਡ ਲੱਭ ਲੈਂਦੇ ਹਨ ਤੇ ਜਾਣਕਾਰੀ ਉਸਨੂੰ ਦੱਸ ਦਿੱਤੀ ਜਾਂਦੀ ਹੈ। ਗਾਹਕ ਤੇ ਜੋਤਿਸ਼ੀ ਦੋਹੇਂ ਆਪਣੀ ਥਾਂ ਖੁਸ਼ ਹੋ ਜਾਂਦੇ ਹਨ। ਜੋਤਸ਼ੀ ਦੀ ਖੁਸ਼ੀ ਉਸ ਦੀ ਭਰੀ ਹੋਈ ਜੇਬ ਕਰ ਦਿੰਦੀ ਹੈ। ਗਾਹਕ ਝੂਠੀ ਤਸੱਲੀ ਲੈ ਕੇ ਆਪਣੇ ਘਰ ਨੂੰ ਰਵਾਨਾ ਹੋ ਜਾਂਦਾ ਹੈ।
ਜੋਤਿਸ਼ੀ ਜੀ ਨੇ ਅਗਾਂਹ ਕਿਹਾ ਕਿ ਸਾਡੇ ਗ੍ਰੰਥਾਂ ਵਿੱਚ ਹਰੇਕ ਕਿਸਮ ਦੀ ਵਿਗਿਆਨਕ ਜਾਣਕਾਰੀ ਦਰਜ ਕੀਤੀ ਹੋਈ ਹੈ। ਇੱਥੋਂ ਤੱਕ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਤਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਵਾਈ ਜਹਾਜਾਂ ਦਾ ਵੀ ਜ਼ਿਕਰ ਹੈ। ਮੈਂ ਕਿਹਾ ਕਿ ਹਰੇਕ ਧਰਮ ਇਹ ਦਾਅਵਾ ਕਰਦਾ ਹੈ ਕਿ ਸਾਰਾ ਵਿਗਿਆਨ ਸਾਡੇ ਧਾਰਮਿਕ ਗ੍ਰੰਥ ਵਿੱਚ ਪਹਿਲਾਂ ਹੀ ਦਰਜ ਹੈ। ਇੱਥੇ ਮੈਨੂੰ ਇਹ ਕਹਿਣਾ ਪਿਆ ਕਿ ਦੁਨੀਆਂ ਦਾ ਇੱਕ ਵੀ ਪੁਰਾਤਨ ਗ੍ਰੰਥ ਅਜਿਹਾ ਲੈ ਆਓ ਜਿਸ ਵਿੱਚ ਪਾਣੀ ਦੀ ਬਣਤਰ ਜਾਂ ਲੜਕੇ ਲੜਕੀ ਦੇ ਕਰੋਮੋਸੋਮਾਂ ਸਬੰਧੀ ਜਾਣਕਾਰੀ ਦਰਜ ਹੋਵੇ।
ਜਨਮ ਪੱਤਰੀਆਂ ਦੀ ਥਾਂ ਜੀਨੋਮ ਪੱਤਰੀਆਂ : ਆਉਂਦੇ ਇੱਕ ਦਹਾਕੇ ਤੱਕ ਭਾਰਤ ਵਿੱਚ ਜਨਮ ਪੱਤਰੀਆਂ ਦੀ ਥਾਂ ਜੀਨੋਮ ਪੱਤਰੀਆਂ ਨੇ ਲੈ ਲੈਣੀ ਹੈ। ਜਨਮ ਪੱਤਰੀਆਂ ਸਿਰਫ਼ ਇੱਕ ਤੁੱਕਾ ਹੀ ਹੁੰਦੀਆਂ ਹਨ। ਜਿਸਦਾ ਠੀਕ ਨਿਕਲ ਜਾਂਦਾ ਹੈ ਉਹ ਪ੍ਰਚਾਰਕ ਬਣ ਜਾਂਦਾ ਹੈ, ਗਲਤ ਨਿਕਲਣ ਵਾਲੇ ਚੁੱਪ ਕਰਕੇ ਬੈਠ ਜਾਂਦੇ ਹਨ। ਇਸ ਤਰਾਂ ਜੋਤਿਸ਼ ਦਾ ਧੰਦਾ ਚਲਦਾ ਰਹਿੰਦਾ ਹੈ। ਭਾਰਤ ਦੇ ਕੁੱਝ ਵਿਗਿਆਨੀਆਂ ਨੇ ਹੈਦਰਾਬਾਦ ਵਿਖੇ ਜੀਨੋਮ ਪੱਤਰੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਵਿੱਚ ਮੂੰਹ ਵਿੱਚੋਂ ਕੁੱਝ ਸਲਾਈਬਾ ਲਿਆ ਜਾਂਦਾ ਹੈ। ਇਸ ਨਾਲ ਉਸ ਵਿਅਕਤੀ ਦੇ ਡੀ.ਐਨ.ਏ. ਦਾ ਚਾਰਟ ਤਿਆਰ ਕੀਤਾ ਜਾਂਦਾ ਹੈ। ਜਿਸ ਨਾਲ ਮਾਂ-ਬਾਪ ਤੇ ਹੋਰ ਪੁਰਖਿਆਂ ਵੱਲੋਂ ਵਿਰਾਸਤ ਵਿੱਚ ਮਿਲਣ ਵਾਲੀਆਂ ਬਿਮਾਰੀਆਂ ਦੀ ਸੰਭਾਵਨਾ ਸ਼ਨਾਖਤ ਕੀਤੀ ਜਾ ਸਕਦੀ ਹੈ। ਜਿਵੇਂ ਸ਼ੂਗਰ, ਹਾਰਟ ਅਟੈਕ, ਮੋਟਾਪਾ, ਕੈਂਸਰ ਆਦਿ ਬੀਮਾਰੀਆਂ ਹੋਣ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਭੋਜਨ ਰਾਹੀਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਵੀ ਪਤਾ ਲੱਗ ਸਕਦੀਆਂ ਹਨ। ਵਿਕਸਿਤ ਮੁਲਕਾਂ ਵਿੱਚ ਪਹਿਲਾਂ ਹੀ ਇਹ ਟੈਸਟ ਉਪਲਬਧ ਸੀ ਜਿਸ ਦੀ ਕੀਮਤ ਲੱਗਭਗ 50 ਲੱਖ ਰੁਪਏ ਦੇ ਕਰੀਬ ਸੀ। ਹੁਣ ਇਹ ਟੈਸਟ ਹੈਦਰਾਬਾਦ ਵਿਖੇ ਸ਼ੁਰੂ ਕੀਤੇ ਗਏ ਹਨ ਜਿਸਦੀ ਅਨੁਮਾਨਤ ਕੀਮਤ ਪੰਜਾਹ ਕੁ ਹਜ਼ਾਰ ਰੁਪਏ ਹੈ। ਪੰਜਾਬ ਦੇ ਕੁੱਝ ਪ੍ਰੀਵਾਰਾਂ ਨੂੰ ਮੈਂ ਜਾਣਦਾ ਹਾਂ ਜਿਨਾਂ ਨੇ ਆਪਣੇ ਬੱਚਿਆਂ ਦੇ ਨਾੜੂਏ ਵਿੱਚੋਂ ਲਏ ਸੈੱਲਾਂ ਨੂੰ ਸੰਭਾਲਿਆ ਹੋਇਆ ਹੈ। ਜੋ ਭਵਿੱਖ ਵਿੱਚ ਬੱਚੇ ਨੂੰ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਸਹਾਈ ਹੋਣਗੇ।
ਅਨਪੜਤਾ ਕਾਰਨ ਜੋਤਸ਼ੀਆਂ ਵਿੱਚ ਫਸੇ ਇੱਕ ਪਰਿਵਾਰ ਨੂੰ ਆਪਣੀ ਨੂੰਹ ਦਾ ਸਦੀਵੀ ਵਿਛੋੜਾ ਉਸ ਸਮੇਂ ਬਰਦਾਸ਼ਤ ਕਰਨਾ ਪਿਆ ਜਦੋਂ ਉਹ ਜੰਮਣ ਪੀੜਾਂ ਨਾਲ ਬੇਹਾਲ ਹੋਈ ਨੂੰਹ ਨੂੰ ਹਸਪਤਾਲ ਲਿਜਾਣ ਦੀ ਥਾਂ ਇੱਕ ਮਹਿਲਾ ਤਾਂਤਰਿਕ ਕੋਲ ਲੈ ਗਏ। ਇਸ ਲੜਕੀ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਸੰਤਾਨ ਪ੍ਰਾਪਤੀ ਦੀ ਆਸ ਨਾਲ ਉਹ ਪਿੰਡ ਦੇ ਨਜ਼ਦੀਕ ਪੁੱਛਾਂ ਦੇਣ ਵਾਲੀ ਔਰਤ ਕੋਲ ਜਾਣ ਲੱਗ ਪਏ। ਬੱਚਾ ਹੋਣ ਦੀ ਉਮੀਦ ਬੱਝਣ ‘ਤੇ ਉਕਤ ਮਹਿਲਾ ਤਾਂਤਰਿਕ ਕੋਲ ਚੌਕੀਆਂ ਭਰਨ ਲੱਗ ਪਈ। ਪੁੱਛਾਂ ਦੇਣ ਵਾਲੀ ਔਰਤ ਨੇ ਕਿਸੇ ਵੀ ਕਿਸਮ ਦੀ ਤਕਲੀਫ ਹੋਣ ‘ਤੇ ਕਿਸੇ ਡਾਕਟਰ ਕੋਲ ਜਾਣ ਦੀ ਥਾਂ ਆਪਣੀ ਗੱਦੀ ਤੇ ਪਹੁੰਚਣ ਲਈ ਹਦਾਇਤ ਕਰ ਦਿੱਤੀ। ਲੜਕੀ ਦੇ ਘਰ ਵਾਲੇ ਦੀ ਸ਼ਰਾਬ ਪੀਣੀ ਵੀ ਬੰਦ ਕਰਵਾ ਦਿੱਤੀ। 17 ਮਾਰਚ ਦੀ ਸਵੇਰ ਜਦੋਂ ਲੜਕੀ ਨੂੰ ਜੰਮਣ ਪੀੜਾਂ ਸ਼ੁਰੂ ਹੋਈਆਂ ਤਾਂ ਅਗਿਅਨਤਾ ਕਾਰਨ ਉਸਦਾ ਪਰਿਵਾਰ ਪਿੰਡ ਦੀ ਇੱਕ ਦਾਈ ਨੂੰ ਨਾਲ ਲੈ ਕੇ ਉਸ ਪੁੱਛਾਂ ਦੇਣ ਵਾਲੀ ਔਰਤ ਦੀ ਗੱਦੀ ਤੇ ਪੁੱਜ ਗਿਆ। ਉੱਥੇ ਪੁੱਛਾਂ ਦੇਣ ਵਾਲੀ ਔਰਤ ਨੇ ਕਿਹਾ ਕਿ ਇਸ ਨੂੰ ‘ਪ੍ਰੇਤ’ ਦਾ ਧੱਕਾ ਵੱਜਾ ਹੈ। ਉਸ ਨੇ ਟੂਣੇ-ਟਾਮਣ ਕਰਨੇ ਸ਼ੁਰੂ ਕਰ ਦਿੱਤੇ। ਕੁੱਝ ਸਮੇਂ ਬਾਅਦ ਹੀ ਉਸੇ ਔਰਤ ਦੀ ਗੱਦੀ ਤੇ ਗਰਭਵਤੀ ਲੜਕੀ ਦੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਸਮਿਰਤੀ ਇਰਾਨੀ ਦਾ ਇੱਕ ਜੋਤਿਸ਼ੀ ਨੂੰ ਹੱਥ ਵਿਖਾਉਣਾ ਹੀ ਦਰਸਾਉਂਦਾ ਹੈ ਕਿ ਭਾਰਤ ਦੀ ਰਾਜਧਾਨੀ ਵਿੱਚ ਆਉਣ ਵਾਲੇ ਸਮੇਂ ਜੋਤਿਸ਼ੀਆਂ ਦਾ ਬੋਲ ਬਾਲਾ ਹੋਵੇਗਾ। ਜੋਤਿਸ਼ ਦੀ ਵਿਗਿਆਨਕ ਪਰਖ ਕਰਵਾਉਣ ਲਈ ਬੀ.ਜੇ.ਪੀ. ਸਰਕਾਰ ਕੋਈ ਗੰਭੀਰ ਯਤਨ ਨਹੀਂ ਕਰੇਗੀ। ਮਾਹਿਰਾਂ ਨੇ ਜੋਤਿਸ਼ ਨੂੰ ‘ਕੂੜੇ ਦੀ ਰਾਣੀ’ ਕਿਹਾ ਹੈ। ਕੀ ਭਾਰਤ ਦੀ ਮੌਜੂਦਾ ਸਰਕਾਰ ਇਸ ਗੰਦ ਵਿੱਚ ਭਾਰਤੀ ਜਨਤਾ ਨੂੰ ਧੱਕੇਗੀ? ਕਾਂਗਰਸ ਸਰਕਾਰ ਦਾ ਭੋਗ ਪੈਣ ਤੋਂ ਬਾਅਦ ਕੇਂਦਰੀ ਚੈਨਲਾਂ ਤੇ ਜ਼ਿਆਦਾ ਸਾਧਾਂ, ਸੰਤਾਂ ਤੇ ਜੋਤਿਸ਼ੀਆਂ ਨੂੰ ਵਿਖਾਏ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਵਿਗਿਆਨਕ ਰਾਹਾਂ ‘ਤੇ ਅੱਗੇ ਵਧਣ ਦੀ ਥਾਂ ਇਤਿਹਾਸ ਦਾ ਪਹੀਆ ਪਿੱਛੇ ਨੂੰ ਮੋੜ ਰਿਹਾ ਹੈ। ਸੋ ਭਾਰਤੀ ਜਨਤਾ ਦੀਆਂ ਮੁਸ਼ਕਲਾਂ ਦਾ ਵਧਣਾ ਨਿਰੰਤਰ ਜਾਰੀ ਰਹੇਗਾ। ਸਿਰਫ਼ ਤੇ ਸਿਰਫ਼ ਜਥੇਬੰਦਕ ਸੰਘਰਸ਼ ਹੀ ਭਾਰਤੀ ਜਨਤਾ ਪਾਰਟੀ ਦੇ ਇਨਾਂ ਕੋਝੇ ਯਤਨਾਂ ਨੂੰ ਕੁੱਝ ਠੱਲ ਪਾ ਸਕਦੇ ਹਨ।