
ਮੇਘ ਰਾਜ ਮਿੱਤਰ, 9888787440
ਹੋਮੀਓਪੈਥੀ ਬਾਰੇ ਵਿਚਾਰ ਪ੍ਰਗਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਵਾਈਆਂ ਨੂੰ ਤਿਆਰ ਕਰਨ ਦੀ ਵਿਧੀ ਬਾਰੇ ਦੱਸਣਾ ਚਾਹੁੰਦਾ ਹਾਂ। ਹੋਮੀਓਪੈਥੀ ਵਿੱਚ ਦਵਾਈਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਇਹਨਾਂ ਵਿੱਚੋਂ ਇੱਕ ਸਧਾਰਣ ਦਵਾਈ, ਖਾਣ ਵਾਲਾ ਲੂਣ ਹੁੰਦਾ ਹੈ। ਇਸ ਨੂੰ ਨੈਟਰਮ ਮਿਉਰ ਕਿਹਾ ਜਾਂਦਾ ਹੈ। ਸਾਰੀਆਂ ਦਵਾਈਆਂ ਦੀ ਤਿਆਰ ਕਰਨ ਦੀ ਵਿਧੀ ਇੱਕੋ ਜਿਹੀ ਹੀ ਹੁੰਦੀ ਹੈ। ਇਸ ਲਈ ਅਸੀਂ ‘ਨੈਟਰਮ ਮਿਉਰ’ ਨੂੰ ਇੱਕ ਉਦਾਹਰਣ ਦੇ ਤੌਰ ‘ਤੇ ਲਵਾਂਗੇ ਅਤੇ ਇਸ ਨੂੰ ਤਿਆਰ ਕਰਨ ਦੀ ਵਿਧੀ ਦਾ ਵਰਣਨ ਕਰਾਂਗੇ।
ਤਿਆਰੀ – ਤੁਸੀਂ ਇੱਕ ਗਰਾਮ ਖਾਣ ਵਾਲੇ ਲੂਣ ਨੂੰ ਇੱਕ ਬਰਤਨ ਵਿੱਚ ਪਾ ਲਵੋ, ਇਸ ਵਿੱਚ 9 ਮਿਲੀਲਿਟਰ ਸਪਿਰਟ ਪਾ ਕੇ ਇਸਨੂੰ ਹਿਲਾ ਲਵੋ। ਇਸ ਤਰਾਂ ਇਹ ਲੂਣ ਅਤੇ ਸਪਿਰਟ ਦਾ ਇੱਕ ਮਿਸ਼ਰਣ ਬਣ ਜਾਵੇਗਾ ਅਤੇ ਇਸਦੀ ਪੁਟੈਂਸੀ (ਤਾਕਤ) ੧X ਹੋਵੇਗੀ। ਇਸ ਘੋਲ ਵਿੱਚੋਂ ਇੱਕ ਮਿਲੀਲਿਟਰ ਘੋਲ ਕਿਸੇ ਹੋਰ ਬਰਤਨ ਵਿੱਚ ਪਾ ਲਵੋ ਅਤੇ ਉਸ ਵਿੱਚ 9 ਮਿਲੀਲਿਟਰ ਸਪਿਰਟ ਹੋਰ ਪਾ ਦੇਵੋ ਅਤੇ ਇਸਨੂੰ ਹਿਲਾਓ। ਇਹ ਤੁਹਾਡੀ ੨X ਪੁਟੈਂਸੀ ਦੀ ਦਵਾਈ ਤਿਆਰ ਹੋ ਜਾਵੇਗੀ। ਦੋ ਪੁਟੈਂਸੀ ਦੀ ਦਵਾਈ ਵਾਲੇ ਬਰਤਨ ਵਿੱਚੋਂ 1 ਮਿਲੀਲਿਟਰ ਦਵਾਈ ਲੈ ਲਉ। ਉਸ ਵਿੱਚ 9 ਮਿਲੀਲਿਟਰ ਸਪਿਰਟ ਹੋਰ ਪਾ ਦੇਵੋ ਅਤੇ ਹਿਲਾਓ। ਇਹ ਤੁਹਾਡੀ ੩X ਪੁਟੈਂਸੀ ਦੀ ਦਵਾਈ ਤਿਆਰ ਹੋ ਜਾਵੇਗੀ।
ਇਸ ਤਰਾਂ ਵਾਰ ਵਾਰ ਕਰਦੇ ਜਾਣ ਨਾਲ ਤੁਸੀਂ ੩੦X, ੧੦੦X, ੨੦੦X, ੧੦੦੦X, ੧੦੦੦੦X, ਜਾਂ ੧੦੦੦੦੦X ਜਾਂ ਦਸ ਲੱਖ ਪੁਟੈਂਸੀ ਤੱਕ ਦੀਆਂ ਦਵਾਈਆਂ ਤਿਆਰ ਕਰ ਸਕਦੇ ਹੋ। ਜਿੰਨੀ ਕਿਸੇ ਦਵਾਈ ਦੀ ਪੁਟੈਂਸੀ ਵੱਧ ਹੋਵੇਗੀ, ਉਨਾਂ ਹੀ ਉਹ ਵੱਧ ਅਸਰਦਾਰ ਹੋਵੇਗੀ, ਇਸ ਗੱਲ ਦਾ ਦਾਅਵਾ ਸਾਰੇ ਹੋਮੀਓਪੈਥ ਕਰਦੇ ਹਨ। ਇਸ ਤਰਾਂ ਤਿਆਰ ਕੀਤੀ ਦਵਾਈ ਦਾ ਇੱਕ ਤੁਪਕਾ ਖੰਡ ਦੀਆਂ ਨਿੱਕੀਆਂ-ਨਿੱਕੀਆਂ ਗੋਲੀਆਂ ਵਿੱਚ ਪਾ ਕੇ ਤੁਹਾਨੂੰ ਇੱਕ ਦਿਨ, ਇੱਕ ਮਹੀਨੇ ਜਾਂ ਦੋ ਮਹੀਨੇ ਦੀ ਦਵਾਈ ਦੇ ਦਿੱਤੀ ਜਾਂਦੀ ਹੈ। ਅੰਦਾਜ਼ੇ ਅਨੁਸਾਰ ਜੇ ਅਸੀਂ ਧਰਤੀ ਦੇ ਸਮੁੱਚੇ ਆਕਾਰ ਤੋਂ 920 ਗੁਣਾ ਸਪਿਰਟ ਵਿੱਚ ਇੱਕ ਗ੍ਰਾਮ ਲੂਣ ਘੋਲ ਦਿੰਦੇ ਹਾਂ ਤੇ ਇਸ ਘੋਲ ਦਾ ਇੱਕ ਤੁਪਕਾ ਸਾਡੀ ਹੋਮੀਓਪੈਥੀ ਦੀ ੩੦X ਪੁਟੈਂਸੀ ਦਵਾਈ ਹੁੰਦੀ ਹੈ।
ਆਉ ਵੇਖੀਏ ਇਸ ਤਰਾਂ ਤਿਆਰ ਕੀਤੀ ਦਵਾਈ ਵਿੱਚ ਦਵਾਈ ਦੀ ਕੋਈ ਮਾਤਰਾ ਹੁੰਦੀ ਵੀ ਹੈ ਜਾਂ ਨਹੀਂ। ਖਾਣ ਵਾਲੇ ਲੂਣ ਦਾ ਰਸਾਇਣਕ ਨਾਂ ਸੋਡੀਅਮ ਕਲੋਰਾਈਡ ਹੈ ਅਤੇ ਰਸਾਇਣਕ ਫਾਰਮੂਲਾ Na3l ਹੈ। ਸੋਡੀਅਮ ਦਾ ਇੱਕ ਪ੍ਰਮਾਣੂ ਅਤੇ ਕਲੋਰੀਨ ਦਾ ਇੱਕ ਪ੍ਰਮਾਣੂ ਮਿਲ ਕੇ ਸੋਡੀਅਮ ਕਲੋਰਾਈਡ ਦਾ ਇੱਕ ਅਣੂ ਬਣਾਉਂਦੇ ਹਨ। ਸੋਡੀਅਮ ਦਾ ਪ੍ਰਮਾਣੂ ਭਾਰ 23 ਅਤੇ ਕਲੋਰੀਨ ਦਾ ਪ੍ਰਮਾਣੂ ਭਾਰ 35.5 ਹੁੰਦਾ ਹੈ। ਇਸ ਤਰਾਂ ਸੋਡੀਅਮ ਕਲੋਰਾਈਡ ਦਾ ਅਣੂ ਭਾਰ 58.5 ਹੁੰਦਾ ਹੈ।
ਦੁਨੀਆਂ ਵਿੱਚ ਹੁਣ ਤੱਕ 106 ਤੱੱਤ ਲੱਭੇ ਜਾ ਚੁੱਕੇ ਹਨ। ਦੁਨੀਆਂ ਤੇ ਮਿਲਦੀਆਂ ਦਸ ਲੱਖ ਤੋਂ ਵੱਧ ਸਾਰੀਆਂ ਵਸਤੂਆਂ ਇਹਨਾਂ 106 ਮੁੱਢਲੇ ਤੱਤਾਂ ਤੋਂ ਬਣੇ ਰਸਾਇਣਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ। ਤੱਤਾਂ ਦੇ ਸਭ ਤੋਂ ਛੋਟੇ ਕਣਾਂ ਨੂੰ ਪ੍ਰਮਾਣੂ ਕਹਿੰਦੇ ਹਨ। ਇਸ ਤੋਂ ਅੱਗੇ ਇਹਨਾਂ ਦੀ ਵੰਡ ਤਾਂ ਹੋ ਸਕਦੀ ਹੈ ਪਰ ਉਹਨਾਂ ਦੇ ਛੋਟੇ ਛੋਟੇ ਕਣਾਂ ਵਿੱਚ ਵਸਤੂਆਂ ਦੇ ਗੁਣ ਨਹੀਂ ਹੁੰਦੇ। ਕਿਸੇ ਵਸਤੂ ਦੇ ਛੋਟੇ ਤੋਂ ਛੋਟੇ ਕਣ ਨੂੰ ਅਣੂ ਕਹਿੰਦੇ ਹਨ ਇਹ ਪ੍ਰਮਾਣੂਆਂ ਦੇ ਬਣੇ ਹੁੰਦੇ ਹਨ।
ਐਵੋਗੇਡਰੋ ਸੰਖਿਆ – ਸਕੂਲਾਂ ਦੀ ਨੌਵੀਂ ਸ਼੍ਰੇਣੀ ਦੀ ਕਿਤਾਬ ਰਸਾਇਣਕ ਵਿਗਿਆਨ ਦੇ ਇੱਕ ਨਿਯਮ ਅਨੁਸਾਰ ਕਿਸੇ ਵੀ ਪਦਾਰਥ ਦੇ ਗ੍ਰਾਮਾਂ ਵਿੱਚ ਅਣੂ ਭਾਰ ਵਿੱਚ ਅਣੂਆਂ ਦੀ ਸੰਖਿਆ 6.02X1023 ਹੁੰਦੀ ਹੈ। ਅੰਦਾਜ਼ਨ 6 ਨਾਲ ਤੇਈ ਸਿਫਰਾਂ ਹੁੰਦੀਆਂ ਹਨ।
58.5 ਗ੍ਰਾਮ ਲੂਣ ਵਿੱਚ ਅਣੂਆਂ ਦੀ ਸੰਖਿਆ = 6.02X1023
1 ਗ੍ਰਾਮ ਵਿੱਚ ਅਣੂਆਂ ਦੀ ਸੰਖਿਆ = 1022 (ਅੰਦਾਜਣ)
1X ਪੋਟੈਂਸੀ ਵਿੱਚ ਅਣੂਆਂ ਦੀ ਸੰਖਿਆ = 1022 (ਅੰਦਾਜਣ)
2X ਪੋਟੈਂਸੀ ਵਿੱਚ ਅਣੂਆਂ ਦੀ ਸੰਖਿਆ = 1021 (ਅੰਦਾਜਣ)
3X ਪੋਟੈਂਸੀ ਵਿੱਚ ਅਣੂਆਂ ਦੀ ਸੰਖਿਆ = 1020 (ਅੰਦਾਜਣ)
4X ਪੋਟੈਂਸੀ ਵਿੱਚ ਅਣੂਆਂ ਦੀ ਸੰਖਿਆ = 1019 (ਅੰਦਾਜਣ)
ਇਸ ਤਰਾਂ ਘਟਦੇ ਹੋਏ
22X ਪੋਟੈਂਸੀ ਵਿੱਚ ਅਣੂਆਂ ਦੀ ਸੰਖਿਆ = 101= 10 (ਅੰਦਾਜਣ)
23X ਪੋਟੈਂਸੀ ਵਿੱਚ ਅਣੂਆਂ ਦੀ ਸੰਖਿਆ = 100= 1 (ਅੰਦਾਜਣ)
ਇਸ ਤਰਾਂ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ 23X ਪੋਟੈਂਸੀ ਦੀ ਦਵਾਈ ਵਿੱਚੋਂ ਇੱਕ ਆਦਮੀ ਨੂੰ 1 ਅਣੂ ਮਿਲ ਸਕਦਾ ਹੈ।
24X ਪੋਟੈਂਸੀ ਦੀ ਦਵਾਈ ਵਿੱਚ 10 ਵਿਅਕਤੀਆਂ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ।
25X ਪੋਟੈਂਸੀ ਦੀ ਦਵਾਈ ਵਿੱਚੋਂ 100 ਵਿਅਕਤੀਆਂ ਵਿੱਚੋਂ ਇੱਕ ਨੂੰ ਅਣੂ ਮਿਲ ਸਕਦਾ ਹੈ।
26X ਪੋਟੈਂਸੀ ਦੀ ਦਵਾਈ ਵਿੱਚੋਂ 1,000 ਵਿੱਚੋਂ ਇੱਕ ਨੂੰ ਇੱਕ ਅਣੂ ਮਿਲ ਸਕਦਾ ਹੈ।
27X ਪੋਟੈਂਸੀ ਦੀ ਦਵਾਈ ਵਿੱਚੋਂ 10,000 ਵਿੱਚੋਂ ਇੱਕ ਨੂੰ ਇੱਕ ਅਣੂ ਮਿਲ ਸਕਦਾ ਹੈ।
28X ਪੋਟੈਂਸੀ ਦੀ ਦਵਾਈ ਵਿੱਚੋਂ 1,00,000 ਵਿੱਚੋਂ ਇੱਕ ਨੂੰ ਇੱਕ ਅਣੂ ਮਿਲ ਸਕਦਾ ਹੈ।
29X ਪੋਟੈਂਸੀ ਦੀ ਦਵਾਈ ਵਿੱਚੋਂ 10,00000 ਵਿੱਚੋਂ ਇੱਕ ਨੂੰ ਇੱਕ ਅਣੂ ਮਿਲ ਸਕਦਾ ਹੈ।
30X ਪੋਟੈਂਸੀ ਦੀ ਦਵਾਈ ਵਿੱਚੋਂ 100,000,00 ਵਿੱਚੋਂ ਇੱਕ ਨੂੰ ਇੱਕ ਅਣੂ ਮਿਲ ਸਕਦਾ ਹੈ।
ਇਸ ਤਰਾਂ ਇੱਕ ਕਰੋੜ ਵਿਅਕਤੀਆਂ ਨੂੰ 30X ਪੋਟੈਂਸੀ ਦਵਾਈ ਵਰਤਾਉਣ ਨਾਲ ਹੋ ਸਕਦਾ ਹੈ ਇੱਕ ਵਿਅਕਤੀ ਦੇ ਹਿੱਸੇ ਇੱਕ ਅਣੂ ਆ ਜਾਵੇ ਕਿਉਂਕਿ ਦਵਾਈ ਦਾ ਇੱਕ ਤੁਪਕਾ ਹੀ ਵਰਤਾਉਣਾ ਹੈ। ਇਸ ਲਈ ਅਰਬਾਂ ਵਿਅਕਤੀਆਂ ਵਿੱਚੋਂ ਕਿਸੇ ਇੱਕ ਨੂੰ ਇੱਕ ਅਣੂ ਆ ਸਕਦਾ ਹੈ ਤੇ ਬਾਕੀ ਸਾਰਿਆਂ ਦੇ ਬਗੈਰ ਦਵਾਈ ਦੇ ਹੀ ਰਹਿ ਜਾਣ ਦੀ ਸੰਭਾਵਨਾ ਹੁੰਦੀ ਹੈ। 30X ਪੋਟੈਂਸੀ ਤੋਂ ਵੱਧ ਪੋਟੈਂਸੀ ਵਾਲੀਆਂ ਦਵਾਈਆਂ ੧੦੦X, ੨੦੦X, ੧੦੦੦X, ੧੦੦੦੦X, ੧,੦੦੦੦੦X ਜਾਂ ੧੦,੦੦੦੦੦X ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਦਵਾਈ ਦਾ ਅਣੂ ਆਉਣ ਦਾ ਸੰਭਾਵਨਾ ਨਹੀਂ ਹੁੰਦੀ।
ਇਸ ਤਰਾਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ 23X ਪੋਟੈਂਸੀ ਹੋਮੀਓਪੈਥੀ ਦੀ ਦਵਾਈ ਵਿੱਚ ਵੱਧ ਤੋਂ ਵੱਧ ਇੱਕ ਅਣੂ ਹੁੰਦਾ ਹੈ। ਜੇ ਇਸ ਨੂੰ ਪ੍ਰਮਾਣੂਆਂ ਵਿੱਚ ਵੀ ਤੋੜ ਲਈਏ ਤਾਂ ਸਭ ਤੋਂ ਗੁੰਝਲਦਾਰ ਰਸਾਇਣਕ ਪਦਾਰਥ ਵਿੱਚ ਵੱਧ ਤੋਂ ਵੱਧ ਦਸ ਹਜ਼ਾਰ ਪ੍ਰਮਾਣੂ ਹੋ ਸਕਦੇ ਹਨ। ਜੇ ਅਸੀਂ ਇਸ ਨੂੰ ਇਲੈਕਟਰਾਨਾਂ, ਪ੍ਰੋਟਾਨਾਂ ਅਤੇ ਨਿਊਟਰਾਨਾਂ ਵਿੱਚ ਵੀ ਤੋੜ ਲਈਏ ਤਾਂ ਇਹਨਾਂ ਦੀ ਗਿਣਤੀ ਵੱਧ ਤੋਂ ਵੱਧ 86 ਬਣ ਸਕਦੀ ਹੈ। ਇਸ ਤੋਂ ਅੱਗੇ ਕਿਸੇ ਪਦਾਰਥ ਨੂੰ ਤੋੜਨ ਸੰਬੰਧੀ ਅਜੇ ਖੋਜ਼ ਜਾਰੀ ਹੈ। ਉਂਝ ਅਣੂ ਦੇ ਟੁੱਟਣ ਤੋਂ ਬਾਅਦ ਉਸ ਵਿੱਚ ਉਸ ਪਦਾਰਥ ਦਾ ਕੋਈ ਗੁਣ ਬਾਕੀ ਨਹੀਂ ਰਹਿੰਦਾ ਹੈ। ਇਸ ਤੋਂ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਹੋਮੀਓਪੈਥੀ ਦੀ ਦਵਾਈ ਵਿੱਚ ਸਪਿਰਟ ਦੇ ਇੱਕ ਤੁਪਕੇ ਤੋਂ ਬਗੈਰ ਹੋਰ ਕਿਸੇ ਕਿਸਮ ਦੀ ਦਵਾਈ ਦੀ ਬਿਲਕੁਲ ਕੋਈ ਮਾਤਰਾ ਨਹੀਂ ਹੁੰਦੀ। ਸਰੀਰਕ ਬਣਤਰ ਸਮਝਦੇ ਹੋਏ ਅਸੀਂ ਸਮਝਦੇ ਹਾਂ ਕਿ ਸਾਡੇ ਸਰੀਰ ਦੇ ਖਰਬਾਂ ਸੈੱਲਾਂ ਵਿੱਚ ਲੱਖਾਂ ਹੀ ਕਿਸਮ ਦੇ ਐਮੀਨੋ ਐਸਿਡ ਹੁੰਦੇ ਹਨ। ਉਹਨਾਂ ਵਿੱਚੋਂ ਕਿਸੇ ਵਿੱਚ ਹੋ ਰਹੀ ਰਸਾਇਣਕ ਕ੍ਰਿਆ ਨੂੰ ਤੇਜ਼ ਜਾਂ ਮੱਠਾ ਕਰਕੇ ਹੀ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ। ਇਸ ਲਈ ਰਸਾਇਣਕ ਕ੍ਰਿਆ ਦੇ ਤੇਜ਼ ਕਰਨ ਲਈ ਜਾਂ ਮੱਠਾ ਕਰਨ ਲਈ ਜਾਂ ਵਾਪਰਨ ਲਈ ਕਿਸੇ ਬਾਹਰੀ ਦਵਾਈ ਦੀ ਲੋੜ ਹੁੰਦੀ ਹੈ। ਹੋਮੀਓਪੈਥੀ ਦੀ ਦਵਾਈ ਵਿੱਚ ਕੋਈ ਦਵਾਈ ਨਹੀਂ ਹੁੰਦੀ, ਇਸ ਲਈ ਇਸਦਾ ਕੋਈ ਅਸਰ ਨਹੀਂ ਹੋ ਸਕਦਾ ਹੈ।
ਜਰਮਨੀ ਦੀ ਸਕੇਬੈ ਕੰਪਨੀ ਜਿਹੜੀ ਹੋਮੀਓਪੈਥੀ ਦੀਆਂ ਦਵਾਈਆਂ ਬਣਾਉਣ ਲਈ ਪ੍ਰਸਿੱਧ ਹੈ ਆਪਣੀ ਦਵਾਈਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਇਹ ਸ਼ਬਦ ਲਿਖਦੀ ਹੈ।
”ਹੋਮੀਓਪੈਥੀ ਨਾ ਤਾਂ ਵਿਗਿਆਨਕ ਹੈ ਅਤੇ ਨਾ ਹੀ ਗੈਰ ਵਿਗਿਆਨਕ ਹੈ ਅਤੇ ਨਾ ਹੀ ਇਸ ਨੂੰ ਸਿੱਧ ਕਰਨ ਦੀ ਲੋੜ ਹੈ।”
ਦੁਨੀਆਂ ਦੇ 133 ਦੇਸ਼ਾਂ ਵਿੱਚ ਤਾਂ ਹੋਮੀਓਪੈਥੀ ਦੀ ਪ੍ਰੈਕਟਿਸ ਕਰਨ ਸਮੇਂ ਡਾਕਟਰਾਂ ਨੂੰ ਇੱਕ ਫੱਟੀ ਲਟਕਾਉਣੀ ਪੈਂਦੀ ਹੈ ਜਿਸ ਉੱਪਰ ਲਿਖਿਆ ਹੁੰਦਾ ਹੈ ਕਿ ”ਹੋਮੀਓਪੈਥੀ ਦਾ ਮਨੁੱਖਾਂ ਅਤੇ ਜਾਨਵਰਾਂ ‘ਤੇ ਕੋਈ ਅਸਰ ਨਹੀਂ ਹੁੰਦਾ।” ਜਿੱਥੋਂ ਤੱਕ ਭਾਰਤ ਸਰਕਾਰ ਵੱਲੋਂ ਹੋਮੀਓਪੈਥੀ ਨੂੰ ਮਾਨਤਾ ਦੇਣ ਦਾ ਸੁਆਲ ਹੈ, ਇੱਥੇ ਤਾਂ ਜੋਤਿਸ਼ ਦੀ ਪੜਾਈ ਨੂੰ ਵੀ ਮਾਨਤਾ ਹੈ। ਇਸ ਸੰਬੰਧੀ ਵੀ ਯੂਨੀਵਰਸਿਟੀਆਂ ਵਿੱਚ ਵਿਭਾਗ ਬਣੇ ਹੋਏ ਹਨ। ਇੱਥੇ ਤਾਂ ਸਭ ਕੁੱਝ ਵੋਟਾਂ ਦੇ ਲਾਲਚ ਕਾਰਨ ਹੀ ਕੀਤਾ ਜਾਂਦਾ ਹੈ ਜਾਂ ਪ੍ਰਭਾਵਸ਼ਾਲੀ ਵਿਅਕਤੀ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਬੁੱਝੜ ਸਿਆਸਤਦਾਨਾਂ ਤੋਂ ਅਜਿਹੀਆਂ ਗੈਰ ਵਿਗਿਆਨਕ ਪ੍ਰਣਾਲੀਆਂ ਨੂੰ ਮਾਨਤਾ ਦਿਵਾ ਹੀ ਲੈਂਦੇ ਹਨ।
ਹੋਮੀਓਪੈਥੀ ਦੇ ਗੈਰ ਵਿਗਿਆਨਕ ਹੋਣ ਦਾ ਇੱਕ ਹੋਰ ਵੱਡਾ ਸਬੂਤ ਇਹ ਹੈ ਕਿ ਜੇ ਇਹਨਾਂ ਦੀ ਕਿਸੇ ਵੀ ਸ਼ੀਸ਼ੀ ਤੋਂ ਦਵਾਈ ਦਾ ਲੈਬਲ ਉੱਤਰ ਜਾਵੇ ਤਾਂ ਦੁਨੀਆਂ ਦੀ ਕੋਈ ਲੈਬ ਇਸਨੂੰ ਟੈਸਟ ਕਰਕੇ ਨਹੀਂ ਦੱਸ ਸਕਦੀ ਕਿ ਇਹ ਕਿਹੜੀ ਦਵਾਈ ਹੈ। ਜਦੋਂ ਕਿ ਇਲੈਕਟਰਾਨਕ ਖੁਰਦਬੀਨਾਂ ਅੱਜ ਹਰ ਯੂਨੀਵਰਸਿਟੀ ਵਿੱਚ ਉਪਲਬਧ ਹਨ। ਇਸ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਇਸ ਵਿੱਚ ਦਵਾਈ ਦਾ ਕੋਈ ਵੀ ਅਣੂ ਨਹੀਂ ਹੁੰਦਾ।
ਹੁਣ ਸੁਆਲ ਹੋਮੀਓਪੈਥੀ ਦੇ ਅਸਰ ਦਾ ਹੈ। ਸਾਰੇ ਐਲੋਪੈਥੀ ਡਾਕਟਰ ਜਾਣਦੇ ਹਨ ਕਿ ਸਾਡੇ ਸਰੀਰ ਦੇ ਅੰਦਰ ਰੋਗਾਂ ਨੂੰ ਆਪਣੇ ਆਪ ਵੀ ਠੀਕ ਕਰਨ ਦੀ ਸਮਰੱਥਾ ਦਿਨੋ ਦਿਨ ਮਜ਼ਬੂਤ ਹੁੰਦੀ ਜਾਂਦੀ ਹੈ ਅਤੇ ਇਸ ਤਰਾਂ 80 ਪ੍ਰਤੀਸ਼ਤ ਰੋਗ ਆਪਣੇ ਆਪ ਠੀਕ ਹੋ ਜਾਂਦੇ ਹਨ ਅਤੇ ਕੁਝ ਪ੍ਰਤੀਸ਼ਤ ਹੋਰ ਪਹਿਲਾਂ ਖਾਧੀਆਂ ਐਲੋਪੈਥਿਕ ਦਵਾਈਆਂ ਨਾਲ ਠੀਕ ਹੋ ਜਾਂਦੇ ਹਨ। ਉਂਝ ਵੀ ਜੰਗਲੀ ਜਾਨਵਰਾਂ ਜਾਂ 80% ਗਰੀਬਾਂ ਨੂੰ ਤਾਂ ਇਲਾਜ਼ ਵੀ ਨਹੀਂ ਮਿਲਦਾ ਕੀ ਇਹ ਸਾਰੇ ਬੀਮਾਰੀਆਂ ਨਾਲ ਮਰ ਜਾਂਦੇ ਹਨ? ਉਹਨਾਂ ਵਿੱਚੋਂ 99% ਸਮਾਂ ਪਾ ਕੇ ਆਪਣੇ ਆਪ ਠੀਕ ਹੋ ਜਾਂਦੇ ਹਨ।
ਜੇਕਰ ਕੋਈ ਵੀ ਹੋਮੀਓਪੈਥ ਮੇਰੀ ਉਪਰੋਕਤ ਦਲੀਲ ਦੇ ਆਧਾਰ ਤੇ ਹੋਮੀਓਪੈਥੀ ਦੀ 24X ਪੁਟੈਂਸੀ ਤੋਂ ਉੱਚੀਆਂ ਪੁਟੈਂਸੀਆਂ ਵਿੱਚ ਦਵਾਈਆਂ ਦੀ ਮਾਤਰਾ ਸਿੱਧ ਕਰ ਸਕਦਾ ਹੋਵੇ ਜਾਂ ਦਵਾਈ ਬਣਾਉਣ ਦੇ ਢੰਗ ਨੂੰ ਗਲਤ ਸਿੱਧ ਕਰ ਸਕਦਾ ਹੋਵੇ ਤਾਂ ਮੈਂ ਉਸਦੇ ਵਿਚਾਰਾਂ ਨੂੰ ਜੀ ਆਇਆਂ ਕਹਾਂਗਾ।
ਇਸ ਲਈ ਹੋਮੀਓਪੈਥੀ ਦਾ ਧਾਗੇ ਤਵੀਤਾਂ ਦੀ ਤਰਾਂ ਮਾਨਸਿਕ ਅਸਰ ਤਾਂ ਹੋ ਸਕਦਾ ਹੈ ਪਰ ਇਸ ਤੋਂ ਵੱਧ ਇਸ ਦੀ ਸੰਭਾਵਨਾ ਨਹੀਂ। ਇਸ ਤਰਾਂ ਹੋਮੀਓਪੈਥੀ ਬਿਲਕੁਲ ਹੀ ਗੈਰ ਵਿਗਿਆਨਕ ਹੈ।