Site icon Tarksheel Society Bharat (Regd.)

ਖੁਸ਼ੀ ਦੇ ਪਲਾਂ ਵਿੱਚ

ਮੇਘ ਰਾਜ ਮਿੱਤਰ

ਇਸੇ ਤਰ੍ਹਾਂ ਹੀ ਇਕ ਦਿਨ ਅਸੀਂ ਇੱਕ ਰੈਸਟੋਰੈਂਟ ਵਾਲਿਆਂ ਦੇ ਸੱਦੇ ਤੇ ਖਾਣਾ ਖਾ ਰਹੇ ਸਾਂ। ਰੈਸਟੋਰੈਂਟ ਵਿੱਚ ਇੱਕ ਦੇਵਤੇ ਦੀ ਫੋਟੋ ਨੇ ਨਾਲ ਹੀ ਉਹਨਾਂ ਨੇ ਇੱਕ ਫਿਲਮੀ ਐਕਟਰੈਸ ਦੀ ਫੋਟੋ ਟੰਗੀ ਹੋਈ ਸੀ। ਜਦੋਂ ਅਸੀਂ ਉਹਨਾਂ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ‘‘ਰਾਤੀਂ ਅਸੀਂ ਆਪਣੇ ਦੇਵਤੇ ਨੂੰ ਇਕੱਲਾ ਥੋੜੇ ਛੱਡ ਸਕਦੇ ਹਾਂ ਉਹਨਾਂ ਦਾ ਜੀ ਲਗਾਉਣ ਲਈ ਵੀ ਕੁਝ ਚਾਹੀਦਾ ਹੈ।’’ ਇਸੇ ਤਰ੍ਹਾਂ ਇੱਕ ਹੋਰ ਪਰਿਵਾਰ ਦਾ ਮੁਖੀ ਦੱਸਣ ਲੱਗਿਆ ਕਿ ਸਾਡੇ ਪਿੰਡ ਇੱਕ ਬਜੁਰਗ ਦੇ ਪੰਜ ਰੁਪਏ ਗਾਰੇ ਵਿੱਚ ਜਾ ਪਏ ਤਾਂ ਉਹ ਅਰਦਾਸ ਕਰਨ ਲੱਗ ਪਿਆ। ਅਰਦਾਸ ਉਹ ਦੂਸਰੇ ਧਰਮ ਦੇ ਦੇਵਤੇ ਨੂੰ ਕਰ ਰਿਹਾ ਸੀ। ਜਦੋਂ ਲੋਕਾਂ ਨੇ ਉਸਨੂੰ ਇਸਦਾ ਕਾਰਨ ਪੁਛਿਆ ਕਿ ‘‘ਤੂੰ ਆਪਣੇ ਦੇਵਤੇ ਨੂੰ ਅਰਦਾਸ ਕਿਉਂ ਨਹੀਂ ਕਰ ਰਿਹਾ।’’ ਤਾਂ ਉਹ ਕਹਿਣ ਲੱਗਿਆ ਕਿ ‘‘ਮੈਂ ਨਹੀਂ ਚਾਹੁੰਦਾ ਕਿ ਮੇਰਾ ਦੇਵਤਾ ਪੰਜ ਰੁਪਏ ਪਿੱਛੇ ਗਾਰੇ ਵਿੱਚ ਹੱਥ ਪਾਵੇ।’’
ਇਸ ਤਰ੍ਹਾਂ ਜਦੋਂ ਮਜਾਕਾਂ ਦਾ ਦੌਰ ਚਲਦਾ ਤਾਂ ਇਕ ਦੂਜੇ ਤੋਂ ਵੱਧ ਕੇ ਮਜਾਕ ਆਉਂਦੇ।
ਇਸ ਤਰ੍ਹਾਂ ਦੀ ਮਹਿਫਲ ਵਿੱਚ ਟਰੱਸਟ ਦਾ ਇੱਕ ਮੈਂਬਰ ਕਹਿਣ ਲੱਗਿਆ ਕਿ ਵੱਖ ਵੱਖ ਧਰਮਾਂ ਦੇ ਲੋਕਾਂ ਨਾਲ ਭਰਿਆ ਹੋਇਆ ਸਮੁੰਦਰੀ ਜਹਾਜ ਇੱਕ ਚਟਾਨ ਨਾਲ ਜਾ ਟਕਰਾਇਆ। ਜਹਾਜ ਦਾ ਕੈਪਟਨ ਕਹਿਣ ਲੱਗਿਆ ਸਾਰੇ ਆਪਣੇ ਆਪਣੇ ਦੇਵਤਿਆਂ ਨੂੰ ਅਰਦਾਸ ਕਰ ਲਵੋ ਹੁਣ ਤਾਂ ਉਹ ਹੀ ਤੁਹਾਨੂੰ ਬਚਾਅ ਸਕਦੇ ਹਨ। ਇਸਾਈਆਂ ਨੇ ਆਪਣੇ ਪ੍ਰਭੂ ਈਸਾ ਮਸੀਹ ਨੂੰ ਅਰਦਾਸ ਕੀਤੀ ਕਿ ਹੇ ਪ੍ਰਭੂ ਇਸ ਦੁੱਖ ਦੀ ਘੜੀ ਵਿੱਚ ਸਾਡੀ ਮਦਦ ਕਰ। ਕਹਿੰਦੇ ਪ੍ਰਭੂ ਈਸਾ ਮਸੀਹ ਪ੍ਰਗਟ ਹੋ ਗਿਆ ਤੇ ਉਹਨੇ ਜਿੰਨੇ ਵੀ ਈਸਾਈ ਸਨ ਉਹਨਾਂ ਨੂੰ ਚੁੱਕਿਆ ਕਿਨਾਰੇ ਤੇ ਰੱਖ ਦਿੱਤਾ। ਫਿਰ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ਜੀ ਨੂੰ ਬੇਨਤੀ ਕੀਤੀ ਉਹ ਵੀ ਆ ਗਏ ਤੇ ਉਹਨਾਂ ਨੇ ਸਾਰੇ ਮੁਸਲਮਾਨਾਂ ਨੂੰ ਚੁੱਕਿਆ ਤੇ ਕਿਨਾਰੇ ਤੇ ਪੁਚਾ ਦਿੱਤਾ। ਇਸ ਤੋਂ ਬਾਅਦ ਵਾਰੀ ਹਿੰਦੂਆਂ ਦੀ ਆ ਗਈ। ਉਹਨਾਂ ਨੇ ਗਣੇਸ਼ ਜੀ ਨੂੰ ਅਰਦਾਸ ਕੀਤੀ ਤੇ ਗਣੇਸ਼ ਜੀ ਵੀ ਪ੍ਰਗਟ ਹੋ ਗਏ ਪਰ ਹਿੰਦੂਆਂ ਨੂੰ ਬਚਾਉਣ ਦੀ ਬਜਾਏ ਉਹ ਨੱਚਣ ਲੱਗ ਪਏ। ਹਿੰਦੂ ਉਸਨੂੰ ਕਾਰਨ ਪੁੱਛਣ ਲੱਗ ਪਏ ਤਾਂ ਉਹ ਕਹਿਣ ਲੱਗੇ ਤੁਸੀਂ ਮੈਨੂੰ ਹਰ ਸਾਲ ਸਮੁੰਦਰ ਵਿਚ ਬਹਾ ਦਿੰਦੇ ਹੋ ਮੈਨੂੰ ਤਾਂ ਤੁਹਾਨੂੰ ਸਮੁੰਦਰ ਵਿਚ ਡੁੱਬਦੇ ਵੇਖਣ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ।

Exit mobile version