– ਮੇਘ ਰਾਜ ਮਿੱਤਰ
ਅੰਮ੍ਰਿਤਸਰ
20.4.86
ਅਸੀਂ ਤੁਹਾਡੀ ਪੁਸਤਕ ‘ਰੌਸ਼ਨੀ’ ਬੜੇ ਦਿਲ ਅਤੇ ਦਿਮਾਗ ਨਾਲ ਪੜ੍ਹੀ। ਪੜ੍ਹ ਕੇ ਖੁਸ਼ੀ ਹੋਈ ਕਿ ਵਿਗਿਆਨ ਨੇ ਕਿੰਨੀ ਤਰੱਕੀ ਕੀਤੀ ਹੈ। ਇਸ ਲਈ ਅਸੀਂ ਤੁਹਾਨੂੰ ਅਜਮਾਉਣਾ ਚਾਹੁੰਦੇ ਹਾਂ ਤੇ ਇਹ ਲਿਖ ਰਹੇ ਹਾਂ ਕਿ ਅਸੀਂ ਸ਼ਹਿਰ ਅੰਮ੍ਰਿਤਸਰ ਦੇ ਨਿਵਾਸੀ ਹਾਂ ਅਤੇ ਕਿਸੇ ਕਾਰਨ ਕਰਕੇ ਅਸੀਂ ਤੁਹਾਡੇ ਸ਼ਹਿਰ ਵਿਚ ਨਹੀਂ ਆ ਸਕਦੇ ਤੇ ਸਭ ਅਸਲੀਅਤ ਤੁਹਾਨੂੰ ਇਸ ਖਤ ਵਿਚ ਹੀ ਲਿਖ ਦੇਣਾ ਚਾਹੁੰਦੇ ਹਾਂ।
ਸਾਡੇ ਸ਼ਹਿਰ ਅੰਮ੍ਰਿਤਸਰ ਦੀ ਕੋਟ ਰ੍ਹਲੀਆ ਰਾਮ ਗਲੀ ਨੰਬਰ 2 ਵਿਚ ਇਕ ਔਰਤ ਰਹਿੰਦੀ ਹੈ ਜੋ ਕਿ ਪਹਿਲਾਂ ਕਾਫ਼ੀ ਅਮੀਰ ਸੀ ਤੇ ਕਿਸੇ ਕਾਰਨ ਉਸ ਦੀ ਜਾਇਦਾਦ ਤਬਾਹ ਹੋ ਗਈ ਜਿਸਦੇ ਕਾਰਨ ਉਸਦੇ ਦਿਮਾਗ `ਤੇ ਅਸਰ ਹੋ ਗਿਆ, ਤੇ ਉਹਨੂੰ ਹੁਣ ਤਿੰਨ ਕੁ ਸਾਲ ਹੋ ਚੱਲੇ ਹਨ ਜਦੋਂਕਿ ਉਸ ਦੇ ਦਿਮਾਗ ਵਿਚ ਭੂਤ ਵੜਿਆ ਹੋਇਆ ਹੈ। ਜਦੋਂ ਉਸਦੇ ਦਿਮਾਗ ਵਿਚ ਗੱਲ ਬੈਠ ਜਾਂਦੀ ਹੈ ਉਹ ਨਿਕਲਦੀ ਨਹੀਂ ਅਤੇ ਉਹੀ ਗੱਲ ਕਰਦੀ ਰਹਿੰਦੀ ਹੈ। ਥੋੜ੍ਹੀ ਦੇਰ ਪਹਿਲਾਂ ਉਸ ਨੇ ਅੱਧੀ ਰਾਤ ਉੱਠ ਕੇ ਆਪਣੇ ਵਾਲ ਕੱਟ ਲਏ ਅਤੇ ਉਸ ਨੂੰ ਪੁੱਛਣ `ਤੇ ਉਸ ਨੇ ਦੱਸਿਆ ਕਿ ਜਦੋਂ ਉਹ ਉੱਠੀ ਉਸ ਨੂੰ ਕਾਲੀ ਬਿੱਲੀ ਨਜ਼ਰ ਆਈ ਤੇ ਉਸਨੇ ਉਹਨੂੰ ਵਾਲ ਕੱਟਣ ਲਈ ਕਿਹਾ, ਤੇ ਵਾਲ ਕੱਟ ਕੇ ਉਹ ਆਪਣੇ ਪਤੀ ਦੀ ਜੇਬ ਵਿਚੋਂ ਚਾਬੀ ਕੱਢ ਕੇ ਬਾਹਰ ਚੱਲੀ ਸੀ ਤੇ ਆਖਣ ਲੱਗੀ ਕਿ ਮੈਂ ਹੈਦਰਾਬਾਦ ਜਾਂਦੀ ਹਾਂ। ਉਹ ਇਸ ਤਰ੍ਹਾਂ ਦੀਆਂ ਊਟ ਪਟਾਂਗ ਦੀਆਂ ਗੱਲਾਂ ਕਰਦੀ ਹੈ। ਇਸ ਤੋਂ ਇਲਾਵਾ ਉਹ ਘਰੋਂ ਬਾਹਰ ਦੌੜਦੀ ਹੈ ਤੇ ਆਖਦੀ ਹੈ ਕਿ ਮੈਨੂੰ ਕਾਲੀ ਬਿੱਲੀ ਮਾਰਦੀ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਕਰਦੀ ਹੈ। ਜੇ ਤੁਸੀਂ ਚਾਹੋਗੇ ਜਾਂ ਗੌਰ ਕਰੋਗੇ ਤਾਂ ਅਸੀਂ ਜ਼ਰੂਰ ਹੋਰ ਗੱਲਾਂ ਆਪ ਜੀ ਨੂੰ ਲਿਖ ਕੇ ਘੱਲਾਂਗੇ। ਉਹਨਾਂ ਦੇ ਘਰਦਿਆਂ ਨੇ ਕਾਫ਼ੀ ਇਲਾਜ ਵੀ ਕਰਵਾਇਆ ਹੈ ਅਤੇ ਕਾਫ਼ੀ ਦਵਾਈਆਂ ਵੀ ਦਿੱਤੀਆਂ ਹਨ। ਉਸ ਔਰਤ ਦੀ ਉਮਰ 35 ਸਾਲ ਦੀ ਹੈ ਤੇ ਉਸਦੇ ਤਿੰਨ ਬੱਚੇ ਹਨ। ਵੱਡਾ ਲੜਕਾ ਵਿਆਹੁਣ ਵਾਲਾ ਹੈ। ਇਸ ਲਈ ਅਸੀਂ ਆਪ ਜੀ ਤੋਂ ਸੁਝਾਉ ਲੈਣਾ ਚਾਹੁੰਦੇ ਹਾਂ। ਤੁਸੀਂ ਪੱਤਰ ਰਾਹੀਂ ਹੀ ਇਹ ਨੇਕ ਕੰਮ ਕਰ ਦਿਉਂਗੇ ਜਾਂ ਤੁਸੀਂ ਆਪ ਇਹ ਕੰਮ ਕਰਨ ਲਈ ਸ਼ਹਿਰ ਆਉਗੇ। ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ। ਕ੍ਰਿਪਾ ਕਰਕੇ ਇਸ ਖ਼ਤ ਨੂੰ ਕੂੜੇ ਵਿਚ ਨਾ ਸੁੱਟਣਾ। ਅਸੀਂ ਆਪਣਾ ਪਤਾ ਵੀ ਲਿਖ ਦਿੰਦੇ ਹਾਂ। ਜੇਕਰ ਤੁਸੀਂ ਇੱਥੇ ਆਉਣਾ ਚਾਹੋ ਤਾਂ ਵੀ ਦੱਸ ਦਿਉ ਅਤੇ ਜੇਕਰ ਨਾ ਆਉਣਾ ਚਾਹੋ ਤਾਂ ਵੀ ਦੱਸ ਦਿਉ। ਮੈਂ ਪੂਰੀ ਉਮੀਦ ਨਾਲ ਇਹ ਚਿੱਠੀ ਲਿਖੀ ਹੈ ਤੇ ਆਸ ਹੈ ਕਿ ਤੁਸੀਂ ਇਹ ਨੇਕ ਕੰਮ ਜ਼ਰੂਰ ਕਰੋਗੇ ਜਾਂ ਸੁਝਾਉ ਦਿਉਗੇ।
ਆਪ ਦੇ ਸ਼ੁਭਚਿੰਤਕ,
ਜਸਵੀਰ ਸਿੰਘ
ਆਪਣੀਆਂ ਮਾਨਸਿਕ ਸਮੱਸਿਆਵਾਂ ਕਰਕੇ ਕਈ ਵਿਅਕਤੀ ਇਕ ਦਿਮਾਗੀ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸਨੂੰ ਅੰਗਰੇਜ਼ੀ ਭਾਸ਼ਾ ਵਿਚ ਫੋਬੀਆ ਕਹਿੰਦੇ ਹਨ। ਇਸ ਬੀਮਾਰੀ ਵਿਚ ਕਿਸੇ ਵਿਅਕਤੀ ਨੂੰ ਸੱਪਾਂ ਤੋਂ ਡਰ ਲੱਗਣ ਲੱਗ ਪੈਂਦਾ ਹੈ ਕਿਸੇ ਨੂੰ ਪਾਣੀ ਤੋਂ ਡਰ ਲੱਗਣ ਲੱਗ ਪੈਂਦਾ ਹੈ ਤੇ ਕਿਸੇ ਨੂੰ ਉੱਚੀਆਂ ਇਮਾਰਤਾਂ ਤੋਂ ਡਰ ਲੱਗਦਾ ਹੈ। ਇਸ ਕੇਸ ਵਿਚ ਵੀ ਔਰਤ ਕਾਲੀ ਬਿੱਲੀ ਤੋਂ ਡਰਦੀ ਹੈ। ਮਨੋ ਰੋਗਾਂ ਦੇ ਮਾਹਿਰਾਂ ਵੱਲੋਂ ਲੰਬਾ ਤੇ ਲਗਾਤਾਰ ਇਲਾਜ ਹੀ ਅਜਿਹੇ ਕੇਸਾਂ ਨੂੰ ਠੀਕ ਕਰ ਸਕਦਾ ਹੈ।