Site icon Tarksheel Society Bharat (Regd.)

22. ਧੋਲੀਧਾਰ ਦੀ ਕੁਝ ਜ਼ਿਆਦਾ ਪ੍ਰਸਿੱਧੀ ਹੈ

– ਮੇਘ ਰਾਜ ਮਿੱਤਰ

ਲੁਧਿਆਣਾ

24.3.86

ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ

ਰਾਜ਼ੀ ਖੁਸ਼ੀ ਉਪਰੰਤ ਮੈਂ ਆਪ ਜੀ ਨੂੰ ਆਪ ਵੱਲੋਂ ਆਰੰਭ ਕੀਤੇ ਇਸ ਕਠਿਨ ਪਰ ਮਹੱਤਵਪੂਰਨ ਕੰਮ ਨੂੰ ਸਫ਼ਲਤਾਪੂਰਵਕ ਅੱਗੇ ਵਧਾਉਣ ਲਈ ਸ਼ਾਨਦਾਰ ਮੁਬਾਰਕਵਾਦ ਪੇਸ਼ ਕਰਦਾ ਹਾਂ। ਵੀਹਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਸਾਡੇ ਪੜ੍ਹੇ ਲਿਖੇ ਨੌਜਵਾਨ ਵੀ ਅੰਧ-ਵਿਸ਼ਵਾਸਾਂ ਨੂੰ ਸਵੀਕਾਰ ਕਰਦੇ ਹਨ। ਮੈਂ ਇਹਨਾਂ ਅੰਧ-ਵਿਸ਼ਵਾਸਾਂ ਦਾ ਧਾਰਨੀ ਤਾਂ ਨਹੀਂ ਸੀ, ਪਰ ਕੱਟੜ ਵਿਰੋਧੀ ਵੀ ਨਹੀਂ ਸੀ, ਕਿਉਂਕਿ ਮੈਨੂੰ ਆਪਣੇ ਆਪ `ਤੇ ਪੱਕਾ ਵਿਸ਼ਵਾਸ ਨਹੀਂ ਸੀ। ਪਰ ਹੁਣ ਤੁਹਾਡੀ ਰੈਸ਼ਨੇਲਿਸਟ ਸੁਸਾਇਟੀ ਵੱਲੋਂ ਪ੍ਰਕਾਸ਼ਿਤ (ਤੇ ਦੇਵ ਪੁਰਸ਼ ਹਾਰ ਗਏ), ਦੇਵ ਦੈਂਤ ਤੇ ਰੂਹਾਂ, ……ਰੌਸ਼ਨੀ ਤਿੰਨੋਂ ਕਿਤਾਬਾਂ ਪੜ੍ਹ ਕੇ ਮੇਰਾ ਵਿਸ਼ਵਾਸ ਤੇ ਹੌਂਸਲਾ ਬੁਲੰਦੀਆਂ ਉੱਤੇ ਪਹੁੰਚ ਗਿਆ ਹੈ ਅਤੇ ਮੈਂ ਖੁੱਲ੍ਹੇਆਮ ਇਸ ਧਾਰਨਾ ਦਾ ਪ੍ਰਚਾਰ ਕਰਾਂਗਾ। ਮੇਰੇ ਖ਼ਿਆਲ ਵਿਚ ਵੀ ਕੁਝ ਕੁ ਵਹਿਮ ਭਰਮ ਇਹੋ ਜਿਹੇ ਹਨ ਜਿਹੜੇ ਆਮ ਪ੍ਰਚੱਲਤ ਹਨ ਜਿਵੇਂ ਕਿ

  1. ਸਾਡੇ ਲੋਕ ਭੂਤਾਂ-ਪ੍ਰੇਤਾਂ ਨੂੰ ਕੱਢਵਾਉਣ ਲਈ ਵਡਭਾਗ ਸਿੰਘ ਦੇ ਡੇਰੇ `ਤੇ ਬਹੁਤ ਜ਼ਿਆਦਾ ਤਾਦਾਦ ਵਿਚ ਜਾ ਰਹੇ ਹਨ ਉੱਥੇ ਤਿੰਨ ਚਾਰ ਸਥਾਨ ਜਿਵੇਂ ਦਰਸ਼ਨੀ ਖੰਡ, ਡੇਰਾ ਸਾਹਿਬ, ਮੰਜੀ ਸਾਹਿਬ ਕੁੱਜਾ ਸਰ, ਕੇਲਾ ਸਰ ਅਤੇ ਧੌਲੀਧਾਰ ਹਨ।

ਇਨ੍ਹਾਂ ਵਿਚੋਂ ਧੋਲੀਧਾਰ ਦੀ ਕੁੱਝ ਜ਼ਿਆਦਾ ਹੀ ਪ੍ਰਸਿੱਧੀ ਹੈ। ਇਸ ਧੋਲੀਧਾਰ ਵਿਚੋਂ ਚਰਨ ਗੰਗਾ ਨਿਕਲਦੀ ਹੈ ਲੋਕ ਕਹਿੰਦੇ ਹਨ ਕਿ ਚਰਨ ਗੰਗਾ ਦੇ ਹੇਠਾਂ ਨਹਾਉਣ ਨਾਲ ਸਾਰੇ ਪ੍ਰੇਤ ਦੌੜ ਜਾਂਦੇ ਹਨ। ਹੋਰ ਵੀ ਕਈ ਪ੍ਰਚੱਲਤ ਕਹਾਣੀਆਂ ਹਨ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਪਾਖੰਡ ਬਾਰੇ ਅਗਲੀ ਪੁਸਤਕ ਰਾਹੀਂ ਜ਼ਰੂਰ ਦੱਸੋ।

  1. ਆਮ ਧਾਰਨਾ ਹੈ ਕਿ ਗੰਗਾ ਨਦੀ ਦਾ ਪਾਣੀ ਬਿਲਕੁਲ ਖਰਾਬ ਨਹੀਂ ਹੁੰਦਾ ਅਤੇ ਨਾ ਹੀ ਗੰਦਾ ਹੁੰਦਾ ਹੈ ਚਾਹੇ ਬੋਤਲ ਵਿਚ ਬੰਦ ਕਰਕੇ ਸੌ ਸਾਲ ਰੱਖ ਲਵੋ। ਭਾਵੇਂ ਕਿ ਪਹਿਲਾਂ ਵੀ ਡਾ. ਕਾਵੂਰ ਦੀ ਕਿਤਾਬ ਵਿਚ ਇਸ ਬਾਰੇ ਖੰਡਨ ਕੀਤਾ ਗਿਆ ਹੈ। ਪਰ ਤੁਸੀਂ ਆਪਣੀ ਅਗਲੀ ਪੁਸਤਕ ਵਿਚ ਹੋਰ ਵਿਸਥਾਰ ਨਾਲ ਲਿਖੋ। ਕੀ ਉਪਰੋਕਤ ਕਥਨ ਵਿਚ ਰਤਾ ਭਰ ਵੀ ਸਚਾਈ ਹੈ ਉਮੀਦ ਹੈ ਕਿ ਆਪ ਮੇਰੇ ਇਨ੍ਹਾਂ ਸੁਝਾਵਾਂ ਨੂੰ ਧਿਆਨ ਵਿਚ ਰੱਖੋਗੇ। ਜੇਕਰ ਇਨ੍ਹਾਂ ਬਾਰੇ ਤੁਸੀਂ ਅਗਲੀ ਕਿਤਾਬ ਵਿਚ ਨਹੀਂ ਲਿਖ ਸਕਦੇ ਤਾਂ ਚਿੱਠੀ ਰਾਹੀਂ ਜਵਾਬ ਜ਼ਰੂਰ ਦੇਣਾ।

ਆਪ ਜੀ ਦੇ ਜਵਾਬ ਦੀ ਉਡੀਕ ਕਰ ਰਿਹਾ

ਰਘਵੀਰ ਸਿੰਘ ਪਾਵਾ

ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਕਸਰ ਹੋਈ ਹੈ ਜਾਂ ਹਵਾ ਆਉਂਦੀ ਹੈ ਇਨ੍ਹਾਂ ਵਿਅਕਤੀਆਂ ਦੇ ਘਰਵਾਲੇ ਇਨ੍ਹਾਂ ਦਾ ਇਲਾਜ ਕਰਵਾਉਣ ਲਈ ਸਭ ਤੋਂ ਪਹਿਲਾਂ ਡੇਰਾ ਵਡਭਾਗ ਸਿੰਘ ਹੀ ਲੈ ਕੇ ਜਾਂਦੇ ਹਨ। ਇਸ ਸਥਾਨ `ਤੇ ਹਰ ਰੋਜ਼ ਘੱਟੋ-ਘੱਟ ਚਾਰ ਪੰਜ ਸੌ ਵਿਅਕਤੀ ਅਜਿਹੇ ਹੀ ਪਾਖੰਡ ਕਰਦੇ ਰਹਿੰਦੇ ਹਨ। ਨਵੇਂ ਜਾਣ ਵਾਲੇ ਵਿਅਕਤੀ ਉਪਰੋਕਤ ਵਿਅਕਤੀਆਂ ਦੇ ਅਸਰ ਹੇਠ ਤੇ ਕੁਝ ਉਸ ਸਥਾਨ ਨਾਲ ਜੁੜੀਆਂ ਕਲਪਿਤ ਕਹਾਣੀਆਂ ਤੇ ਧਾਰਮਿਕ ਵਿਸ਼ਵਾਸ ਕਾਰਨ ਖੇਲਣ ਲੱਗ ਜਾਂਦੇ ਹਨ। ਕਿਉਂਕਿ ਇਸ ਕਿਸਮ ਦੀਆਂ ਬਿਮਾਰੀਆਂ ਭੂਤਾਂ ਪ੍ਰੇਤਾਂ ਦੀ ਹੋਂਦ ਵਿਚ ਵਿਸ਼ਵਾਸ ਕਾਰਨ ਹੀ ਪੈਦਾ ਹੁੰਦੀਆਂ ਹਨ। ਇਸ ਲਈ ਕੁਝ ਕੇਸ ਇਸ ਸਥਾਨ `ਤੇ ਜਾ ਕੇ ਇਸ ਸਥਾਨ ਪ੍ਰਤੀ ਸ਼ਰਧਾ ਕਾਰਨ ਠੀਕ ਵੀ ਹੋ ਜਾਂਦੇ ਹਨ।

ਗੰਗਾ, ਗੰਗੋਤਰੀ ਤੋਂ 20 ਕਿਲੋਮੀਟਰ ਦੂਰੀ `ਤੇ ਸਥਿਤ ਇਕ ਗੋਮੁਖ ਦੇ ਸਥਾਨ ਵਿਖੇ ਇਕ ਗਲੇਸ਼ੀਅਰ ਤੋਂ ਨਿਕਲਦੀ ਹੈ। ਰਸਤੇ ਵਿਚ ਹਜ਼ਾਰਾਂ ਹੀ ਹੋਰ ਝਰਨੇ ਇਸ ਵਿਚ ਮਿਲਦੇ ਹਨ। ਕਿਉਂਕਿ ਇਸਦਾ ਪਾਣੀ ਬਹੁਤ ਤੇਜ਼ ਚੱਲਦਾ ਹੈ ਇਸ ਲਈ ਇਹ ਪਹਿਲਾਂ ਹੀ ਬਹੁਤ ਗੰਦਾ ਹੁੰਦਾ ਹੈ। ਗੰਗਾ ਦੇ ਕਿਨਾਰੇ `ਤੇ ਵਸੇ 2700 ਦੇ ਲੱਗਭਗ ਸ਼ਹਿਰਾਂ ਦਾ ਸਾਰਾ ਗੰਦ ਗੰਗਾ ਵਿਚ ਹੀ ਮਿਲਦਾ ਹੈ। ਗੰਗਾ ਜਲ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਦੇ ਪਾਣੀ ਵਿਚ ਜਾਲੇ ਨਹੀਂ ਪੈਂਦੇ। ਜਦੋਂਕਿ ਅਸਲੀਅਤ ਇਹ ਹੈ ਕਿ ਜਦੋਂ ਅਸੀਂ ਇਸਦੇ ਪਾਣੀ ਨੂੰ ਖੁਰਦਬੀਨ ਹੇਠ ਵੇਖਦੇ ਹਾਂ ਤਾਂ ਇਸਦੇ ਇਕ ਮਿਲੀ ਲੀਟਰ ਪਾਣੀ ਵਿਚ ਕੋ੍ਰੜਾਂ ਹੀ ਗੰਦ ਇਕਾਈਆਂ ਹੁੰਦੀਆਂ ਹਨ। ਪਰ ਫਿਰ ਵੀ ਬਹੁਤ ਲਾਈਲੱਗ ਤੇ ਅੰਧ ਵਿਸ਼ਵਾਸੀ ਹਿੰਦੂ ਇਸ ਪਾਣੀ ਨੂੰ ਪਵਿੱਤਰ ਹੀ ਸਮਝਦੇ ਹਨ।

Exit mobile version