Site icon Tarksheel Society Bharat (Regd.)

18. ਵੱਸਦੇ ਰਸਦੇ ਘਰਾਂ ਵਿਚ ਵਿੱਥ ਪਵਾਉਂਦੇ ਨੇ

-ਮੇਘ ਰਾਜ ਮਿੱਤਰ

ਪਟਿਆਲਾ
4-3-86
ਸਤਿ ਸ੍ਰੀ ਅਕਾਲ।
ਅੱਜ ਦੇ ਸਾਇੰਸ ਯੁੱਗ ਵਿਚ ਅੰਧ ਵਿਸ਼ਵਾਸ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਸਾਡੇ ਪੜ੍ਹੇ ਲਿਖੇ ਲੋਕ ਇਸ ਵਿਚ ਹੋਰ ਡੂੰਘੇ ਫ਼ਸੇ ਜਾ ਰਹੇ ਹਨ। ਮੈਂ ਖ਼ੁਦ ਇਕ ਸਾਇੰਸ ਗਰੈਜੂਏਟ ਹਾਂ ਅਤੇ ਇਸ ਅੰਧਵਿਸ਼ਵਾਸ ਵਿਚ ਯਕੀਨ ਰੱਖਣ ਵਾਲੀ ਦੁਨੀਆ ਦਾ ਇਕ ਹਿੱਸਾ ਹਾਂ। ਮੈਂ ਇਸਦਾ ਖ਼ੁਦ ਸ਼ਿਕਾਰ ਹੋ ਗਿਆ ਹਾਂ। ਇਸ ਨਾਲੋਂ ਰਿਸ਼ਤੇ ਨਾਤੇ ਤੋੜ ਵੀ ਨਹੀਂ ਸਕਦਾ।
ਗੱਲ ਕੁਝ ਇਸ ਤਰ੍ਹਾਂ ਹੈ ਕਿ ਮੇਰੀ ਪਤਨੀ ਇੱਥੇ ਕਿਸੇ ਸਿਆਣੇ ਆਦਮੀ ਦੀ ਧੀ ਦੇ ਨਾਲ ਪੜ੍ਹਦੀ ਸੀ। ਜਿਸ ਕਰਕੇ ਉਹ ਉਸਨੂੰ ਵੀ ਆਪਣੀ ਧੀ ਸਮਝਣ ਲੱਗ ਪਏ। ਇਸੇ ਤਰ੍ਹਾਂ ਉਨ੍ਹਾਂ ਦੇ ਭੈਣ, ਭਰਾ ਤੇ ਹੋਰ ਰਿਸ਼ਤੇਦਾਰ ਵੀ ਉਹ ਦਰਜਾ ਦੇਣ ਲੱਗ ਪਏ ਜਿਹੜਾ ਉਹ ਆਪਣੀ ਕੁੜੀ ਨੂੰ ਦਿੰਦੇ ਸਨ। ਗੱਲ 1968 ਤੋਂ ਸ਼ੁਰੂ ਹੁੰਦੀ ਹੈ ਭਾਵੇਂ ਉਨ੍ਹਾਂ ਦੀ ਲੜਕੀ ਅਮਰੀਕਾ ਵਿਚ ਗਈ ਹੈ ਜਿਸ ਕਰਕੇ ਮੇਰੀ ਪਤਨੀ ਨੂੰ ਹੋਰ ਵੀ ਸਤਿਕਾਰ ਮਿਲਣ ਲੱਗ ਪਿਆ ਤੇ ਮੈਂ ਵੀ ਪੂਰਾ ਸਤਿਕਾਰਿਆ ਜਾਂਦਾ ਹਾਂ।
ਸਮਾਂ ਮੋੜ ਖਾਂਦਾ ਹੈ। ਉਸ ਕੁੜੀ ਦੇ ਬਾਪ ਤੇ ਚਾਚਾ ਜੀ ਦੀ ਆਪਸ ਵਿਚ ਇਲੈਕਸ਼ਨਾਂ ਕਾਰਨ ਲੱਗਣ ਲੱਗ ਪਈ, ਹਿੰਦੁਸਤਾਨ ਵਿਚ ਜਮਹੁੂਰੀਅਤ ਹੈ ਨਾ? ਖੈਰ, ਕੁੜੀ ਦੇ ਚਾਚਾ ਜੀ ਨੇ ਦੋ ਮੁੰਡਿਆਂ ਦਾ ਵਿਆਹ 19 ਤੇ 20 ਜਨਵਰੀ, 1986 ਨੂੰ ਰੱਖ ਲਏ। ਰਿਸ਼ਤੇਦਾਰਾਂ ਨੇ ਵਿਚ ਪੈ ਕੇ ਦੋਹਾਂ ਭਰਾਵਾਂ ਦਾ ਰਾਜ਼ੀਨਾਵਾਂ ਕਰਵਾ ਦਿੱਤਾ। ਮੈਂ ਪ੍ਰਾਈਵੇਟ ਟਰਾਂਸਪੋਰਟਰ ਹਾਂ। ਮੈਨੂੰ ਵਿਆਹ ਵਿਚ ਬੱਸ ਭੇਜਣ ਲਈ ਕਿਹਾ ਗਿਆ, ਮੈਂ ਬੱਸ ਭੇਜ ਦਿੱਤੀ। ਮੈਨੂੰ ਵਿਆਹ ਦਾ ਕਾਰਡ ਵੀ ਦਿੱਤਾ ਗਿਆ। ਮੈਂ ਖ਼ੁਦ ਕਿਸੇ ਕਾਰਨ ਵਿਆਹ ਜਾ ਨਾ ਸਕਿਆ ਪਰ ਬੱਚਿਆਂ ਨੂੰ ਵਿਆਹ ਵਿਚ ਭੇਜ ਦਿੱਤਾ। ਇਥੇ ਇਹ ਵੀ ਦੱਸ ਦੇਵਾ ਕਿ ਇਸ ਰਾਜ਼ੀਨਾਵੇਂ ਦੇ ਹੱਕ ਵਿਚ ਉਸ ਅਮਰੀਕਨ ਕੁੜੀ ਦੀ ਭੂਆ ਜੀ, ਇਕ ਉਨ੍ਹਾਂ ਦੇ ਪਿਤਾ ਜੀ ਦੀ ਚਾਚੀ (ਚਾਚਾ ਜੀ ਗੁਜਰ ਚੁੱਕੇ ਹਨ) ਅਤੇ ਉਸਦਾ ਮੁੰਡਾ ਖੁਸ਼ ਨਹੀਂ ਸੀ। ਪਰ ਛੋਟੇ ਭਰਾ ਦਾ ਜਵਾਈ ਆਪਣੇ ਤਾਏ (ਸਹੁਰਾ) ਨੂੰ ਮਨਾਉਣ ਲਈ ਬਜਿਦ ਸੀ। ਉਸ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਕਿ ਅਗਰ ਤਾਇਆ ਜੀ ਵਿਆਹ ਨਹੀਂ ਜਾਣਗੇ ਤਾਂ ਉਸਦੀ ਘਰਵਾਲੀ (ਮੁੰਡਿਆਂ ਦੀ ਭੈਣ) ਵੀ ਵਿਆਹ ਵਿਚ ਨਹੀਂ ਜਾਵੇਗੀ, ਖੈਰ ਰਾਜ਼ੀਨਾਵਾਂ ਹੋ ਗਿਆ।
ਵਿਆਹ 19 ਤੇ 20 ਜਨਵਰੀ ਨੂੰ ਸ਼ੁਰੂ ਹੋਇਆ। ਵਿਆਹ ਵਿਚ ਪਹਿਲੇ ਮੁੰਡੇ ਦੀ ਬਾਰਾਤ ਜਾਣ ਤੋਂ ਪਿੱਛੋਂ ਘਰ ਵਿਚੋਂ ਸੋਨੇ ਦਾ ਹਾਰ ਚੋਰੀ ਹੋ ਗਿਆ। ਉਹ ਵਰੀ ਵਾਲਾ ਟਰੰਕ ਬਾਰਾਤ ਨਾਲ ਨਹੀਂ ਲੈ ਕੇ ਗਏ ਸਨ। ਬਾਰਾਤ ਜਾਣ ਤੋਂ ਬਾਅਦ ਘਰ ਵਿਚ ਦੂਰ-ਨੇੜੇ ਦੀਆਂ ਜਨਾਨੀਆਂ ਘਰ ਰਹੀਆਂ, ਜਦੋਂਕਿ ਘਰਦੀਆਂ ਜਨਾਨੀਆਂ ਸਭ ਬਰਾਤ ਵਿਚ ਗਈਆਂ ਸਨ। ਇਨ੍ਹਾਂ ਪਿੱਛੋਂ ਘਰ ਵਿਚ ਰਹਿਣ ਵਾਲੀਆਂ ਜਨਾਨੀਆਂ ਵਿਚ ਮੇਰੀ ਪਤਨੀ ਵੀ ਸੀ। ਬਰਾਤ ਤੋਂ ਵਾਪਿਸ ਆ ਕੇ ਜਦੋਂ ਘਰਦੀਆਂ ਜਨਾਨੀਆਂ ਨੇ ਚੀਜ਼ਾਂ ਸੰਭਾਲੀਆਂ ਤਾਂ ਟਰੰਕ ਵਿਚ ਹਾਰ ਤੋਂ ਸਿਵਾ ਸਭ ਕੁਝ ਮਿਲ ਗਿਆ। ਇੱਥੇ ਇਹ ਵਰਨਣਯੋਗ ਹੈ ਕਿ ਇਹ ਟਰੰਕ (ਵਰੀਵਾਲਾ) ਬਰਾਤ ਤੁਰਨ ਲੱਗਿਆ ਗਲਤੀ ਨਾਲ ਖੁੱਲ੍ਹਾ ਰਹਿ ਗਿਆ ਸੀ। ਇਸ ਗੱਲ ਨੂੰ ਕੋਈ ਭੇਤੀ ਹੀ ਜਾਣਦਾ ਸੀ। ਜਦੋਂ ਕਿ ਮੇਰੀ ਪਤਨੀ ਆਪਣੀ ਸਹੇਲੀ ਦੇ ਮਾਂ-ਬਾਪ ਦੇ ਘਰ ਹੀ ਸੌਂਦੀ ਰਹੀ। ਘਰ ਵਾਲਿਆਂ ਨੇ ਆਪਣੇ ਵਿਚਾਰ ਅਨੁਸਾਰ ਮੁੱਠਾਂ ਵੀ ਸੁਟਾਈਆਂ ਤਾਂ ਕਿ ਕਿਸੇ `ਤੇ ਸ਼ੱਕ ਵੀ ਨਾ ਕੀਤਾ ਜਾਵੇ ਤੇ ਹਾਰ ਵੀ ਮਿਲ ਜਾਵੇ ਪਰ ਹਾਰ ਨਾ ਮਿਲਿਆ।
ਫਿਰ ਉਨ੍ਹਾਂ ਨੇ ਕਈ ਥਾਵਾਂ ਤੇ ਪੁੱਛਾਂ ਪਵਾਈਆਂ। ਅਖੀਰ ਮਾਲੇਰਕੋਟਲੇ ਕਿਸੇ ਸਿਆਣੇ ਕੋਲ ਪਹੁੰਚੇ ਜਿਹੜੇ ਕਹਿੰਦੇ ਹਨ, ਬਾਰਾਂ ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਕੋਈ ਸ਼ੀਸ਼ਾ ਵਿਖਾਉਂਦਾ ਹੈ ਜਿਸ ਵਿਚ ਚੋਰੀ ਕਰਨ ਵਾਲਾ ਚੋਰੀ ਕੀਤੀ ਚੀਜ਼ ਸਮੇਤ ਦਿਸਦਾ ਹੈ। ਬਾਰਾਂ ਸਾਲ ਤੋਂ ਵੱਡਾ ਆਦਮੀ ਸਿਆਣਾ ਹੋ ਜਾਂਦਾ ਹੈ। ਉਹ ਇਹ ਚੀਜ਼ਾਂ ਨਹੀਂ ਵੇਖ ਸਕਦਾ ਹੈ। ਕਹਿੰਦੇ ਹਨ ਕਿ ਉਹ ਸਾਧ-ਪਾਖੰਡੀ ਇਹ ਨਹੀਂ ਵਿਖਾ ਸਕਦਾ ਜਾਂ ਦੱਸ ਸਕਦਾ ਕਿ ਇਹ ਚੀਜ਼ ਹੁਣ ਕਿੱਥੇ ਹੈ ਜਾਂ ਕਿਵੇਂ ਮਿਲ ਸਕੇਗੀ। ਉਸ ਦੇ ਕਹਿਣ ਮੁਤਾਬਕ ਜੇ ਉਹ ਇਹ ਦੱਸ ਸਕਦਾ ਹੋਵੇ ਤਾਂ ਉਹ ਝੌਂਪੜੀ ਵਿਚ ਨਹੀਂ, ਮਹਿਲਾਂ ਵਿਚ ਰਹਿੰਦਾ ਹੁੰਦਾ। ਵੈਸੇ ਸਰਕਾਰ ਨੂੰ ਸਾਰੀ ਸੀ. ਆਈ. ਡੀ. ਤੇ ਪੁਲਿਸ ਹਟਾ ਕੇ ਇਹੋ ਜਿਹੇ ‘ਸਿਆਣੇ’ ਇਕ ਜਾਂ ਦੋ ਬੰਦੇ ਸਾਰੇ ਹਿੰਦੁਸਤਾਨ ਵਿਚ ਰੱਖ ਲੈਣੇ ਚਾਹੀਦੇ ਹਨ। ਜੋ ਕਿ ਸਰਕਾਰ ਨੂੰ ਸਹੀ ਚੋਰ, ਡਾਕੂ, ਸਮਗਲਰ ਲੱਭ ਕੇ ਵੀ ਦੇਣ ਤੇ ਖ਼ਰਚਾ ਵੀ ਬਹੁਤ ਘੱਟ ਹੋਵੇ। ਐਵੇਂ ਜਨਤਾ ਦੇ ਸਿਰ ਫ਼ਾਲਤੂ ਪੁਲਸ ਦਾ ਭਾਰ ਨਾ ਪਵੇ ਤੇ ਸਰਕਾਰ ਨੂੰ ਪ੍ਰੇਸ਼ਾਨੀ ਨਾ ਹੋਵੇ।
ਮੁੱਕਦੀ ਗੱਲ ਇਲਜ਼ਾਮ ਮੇਰੀ ਪਤਨੀ ਦੇ ਸਿਰ ਮੜ੍ਹ ਦਿੱਤਾ ਗਿਆ। ਜਦੋਂ ਸਾਡੇ ਤੱਕ ਗੱਲ ਪਹੁੰਚੀ ਤਾਂ ਅਸੀਂ ਕਿਹਾ ਕਿ ਅਸੀ ਬਿਲਕੁਲ ਸਾਫ਼ ਹਾਂ ਤੁਸੀਂ ਤਸੱਲੀ ਕਰੋ ਪਰ ਅਸੀਂ ਇਸ ਬੇਤੁੱਕੇ ਇਲਜ਼ਾਮ ਤੇ ਬਹੁਤ ਹੈਰਾਨ ਹੋਏ। ਖੈਰ, ਉਨ੍ਹਾਂ ਦੀ ਤਸੱਲੀ ਤਾਂ ਕਰਾਉਣੀ ਜ਼ਰੂਰੀ ਸੀ। ਕੱਲ੍ਹ ਯਾਨੀ 3-3-86 ਨੂੰ ਅਸੀਂ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਪਹੁੰਚ ਕੇ ਉਨ੍ਹਾਂ ਦੀ ਤਸੱਲੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਹ ਕਿਹਾ, ‘‘ਕਿ ਅਸੀਂ ਬੇਕਸੂਰ ਹਾਂ ਤੇ ਸਾਨੂੰ ਹਾਰ ਦਾ ਕੋਈ ਪਤਾ ਨਹੀਂ।’’ ਅਸੀਂ ਤੇ ਉਹ ਗੁਰੂ ਗ੍ਰੰਥ ਸਾਹਿਬ `ਤੇ ਨਿਸ਼ਠਾ ਰੱਖਦੇ ਹਾਂ। ਅਸੀਂ ਪਾਕ ਹਾਂ, ਇਸ ਗੱਲ ਦਾ ਯਕੀਨ ਕਰਵਾ ਦਿੱਤਾ ਹੈ।
ਪਰ ਗੱਲ ਇੱਥੇ ਮੁੱਕਦੀ ਨਹੀਂ ਸਗੋਂ ਸ਼ੁਰੂ ਹੁੰਦੀ ਹੈ। ਇਸ ਤਰ੍ਹਾਂ ਬੇਕਸੂਰ ਲੋਕਾਂ ਨੂੰ ਇਹ ਪਾਖੰਡੀ ਲੋਕ ਕਿੰਨੀ ਦੇਰ ਗੁੰਮਰਾਹ ਕਰਦੇ ਰਹਿਣਗੇ ਤੇ ਇਹ ਇਕ ਸਾਡੀ ਕਹਾਣੀ ਨਹੀਂ ਸਗੋਂ ਘਰ-ਘਰ ਦੀ ਕਹਾਣੀ ਹੈ। ਇਸ ਸਾਜ਼ਿਸ਼ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ। ਉਹ ਸਮਝਣੀ ਚਾਹੀਦੀ ਹੈ ਜਿਹੜੇ ਇਸ ਰਾਜ਼ੀਨਾਵੇਂ ਤੇ ਖੁਸ਼ ਨਹੀਂ ਸਨ ਸ਼ਾਇਦ ਉਨ੍ਹਾਂ ਦੀ ਕੋਈ ਚਾਲ ਹੋਵੇ। ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ ਤੇ ਨਾਲ ਹੀ ਉਹ ਘਰ ਦੇ ਭੇਤੀ ਵੀ ਸਨ। ਉਨ੍ਹਾਂ ਦੀ ਚਾਚੀ ਜਿਸਦਾ ਹਾਰ ਚੁੱਕਿਆ ਗਿਆ ਹੈ ਪੂਰੀ ਖੁਸ਼ ਹੈ ਕਿ ਗੱਲ ਬਣ ਗਈ। ਇਹੋ ਜਿਹੇ ਅਨਸਰ ਦੀ ਇਹ ਕਾਰਵਾਈ ਲੱਗਦੀ ਹੈ। ਮੈਨੂੰ ਉਨ੍ਹਾਂ ਨਾਲ ਕੋਈ ਜਾਤੀ ਗਿਲਾ ਸ਼ਿਕਵਾ ਨਹੀਂ ਸਾਡੀ ਕਦੇ ਉਨ੍ਹਾਂ ਨਾਲ ਵਿਗੜੀ ਵੀ ਨਹੀਂ।
ਤੁਸੀਂ ਇਸ ਕੇਸ ਵਿਚ ਮਦਦ ਕਰ ਸਕਦੇ ਹੋ? ਜੇ ਕਰ ਸਕਦੇ ਹੋ ਤਾਂ ਜ਼ਰੂਰ ਲਿਖਣਾ, ਜੇ ਨਹੀਂ ਤਾਂ ਮੈਂ ਇਕੱਲਾ ਹੀ ਇਸਦੀ ਤਹਿ ਤੱਕ ਜਾਵਾਂਗਾ। ਚਿੱਠੀ ਰਾਹੀਂ ਪਤਾ ਭੇਜ ਰਿਹਾ ਹਾਂ। ਜੇ ਹੱਲ ਹੋ ਸਕੇ ਤਾਂ ਇਹ ਪਾਖੰਡੀ ਭੇਖੀ ਜਿਹੜੇ ਵੱਸਦੇ-ਰਸਦੇ ਘਰਾਂ ਵਿਚ ਵਿੱਥ ਪਵਾਉਂਦੇ ਹਨ ਉਨ੍ਹਾਂ ਨੂੰ ਨੱਥ ਪਾਉਣੀ ਹੀ ਪਵੇਗੀ।
ਯਕੀਨ ਨਾਲ
ਤੁਹਾਡਾ ਸ਼ੁਭਚਿੰਤਕ,
ਕਿਰਪਾਲ ਸਿੰਘ
ਜਦੋਂ ਕਿਸੇ 11-12 ਸਾਲ ਦੇ ਲੜਕੇ ਨੂੰ ਸ਼ੀਸ਼ੇ ਮੂਹਰੇ ਬਿਠਾਇਆ ਜਾਂਦਾ ਹੈ ਜਾਂ ਉਸਦੇ ਅੰਗੂਠੇ `ਤੇ ਨਹੁੰ ਪਾਲਿਸ਼ ਲਾਈ ਜਾਂਦੀ ਹੈ ਅਤੇ ਉਸ ਲੜਕੇ ਨੂੰ ਇਸ ਵੱਲ ਵੇਖਣ ਲਈ ਕਿਹਾ ਜਾਂਦਾ ਹੈ ਤਾਂ ਉਹ ਲੜਕਾ ਛੇਤੀ ਹੀ ਹਿਪਨੋਟਾਈਜ਼ ਹੋ ਜਾਂਦਾ ਹੈ। ਸੰਮੋਹਣ ਕਰਤਾ ਉਸ ਲੜਕੇ ਤੋਂ ਆਪਣੇ ਸੁਝਾਵਾਂ ਰਾਹੀਂ ਜੋ ਕੁਝ ਮਰਜ਼ੀ ਅਖਵਾ ਸਕਦਾ ਹੈ। ਕਿਉਂਕਿ ਇਸ ਉਮਰ ਦੇ ਲੜਕਿਆਂ ਤੇ ਲੜਕੀਆਂ ਵਿਚ ਕਾਫ਼ੀ ਕਿਸਮ ਦੀਆਂ ਮਾਨਸਿਕ ਉਲਝਣਾਂ ਹੁੰਦੀਆਂ ਹਨ ਇਸ ਲਈ ਇਹ ਛੇਤੀ ਹਿਪਨੋਟਾਈਜ਼ ਹੋ ਜਾਂਦੇ ਹਨ। ਅਜਿਹੇ ਲੜਕਿਆਂ ਤੇ ਲੜਕੀਆਂ ਤੋਂ ਅਖਵਾਏ ਗਏ ਸ਼ਬਦ ਅਸਲ ਵਿਚ ਸੰਮੋਹਣ ਕਰਤਾ ਦਾ ਆਪਣਾ ਵਿਚਾਰ ਹੀ ਹੁੰਦੇ ਹਨ। ਇਸ ਲਈ ਇਨ੍ਹਾਂ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ। ਇਹਨਾਂ ਨੂੰ ਸਬਕ ਸਿਖਾਉਣ ਲਈ ਕਿਸੇ ਹੋਰ ਲੜਕੇ ਜਾਂ ਲੜਕੀ ਤੋਂ ਹਜਰਾਇਤ ਕੱਢਵਾ ਕੇ ਚੋਰੀ ਦਾ ਇਲਜ਼ਾਮ ਲਾਉਣ ਵਾਲੇ ਪਹਿਲੇ ਹਜਰਾਇਤ ਵਾਲੇ ਦਾ ਨਾਮ ਵੀ ਰੱਖਵਾਇਆ ਜਾ ਸਕਦਾ ਹੈ। ਅਜਿਹਾ ਉਸ ਹਜਰਾਇਤ ਵਾਲੇ ਨੂੰ ਸੱਦ ਕੇ ਉਸਦੇ ਸਾਹਮਣੇ ਹੀ ਕੀਤਾ ਜਾ ਸਕਦਾ ਹੈ ਤਾਂ ਜੋ ਅਜਿਹੇ ਹਜਰਾਇਤ ਕੱਢਣ ਵਾਲਿਆਂ ਨੂੰ ਜਿਹੜੇ ਘਰਾਂ ਵਿਚ ਵਿੱਥ ਪਵਾਉਂਦੇ ਹਨ ਯੋਗ ਸਜ਼ਾ ਦਿੱਤੀ ਜਾ ਸਕੇ।

Exit mobile version