ਮੇਘ ਰਾਜ ਮਿੱਤਰ
ਕੁਲ ਮਿਲਾਕੇ ਚਾਲੀ ਕੁ ਹਜ਼ਾਰ ਪੰਜਾਬੀ ਨਿਊਜੀਲੈਂਡ ਦੇ ਪੱਕੇ ਵਸਨੀਕ ਹਨ। ਇਹਨਾਂ ਵਿਚੋਂ ਪੱਚੀ ਕੁ ਹਜ਼ਾਰ ਆਕਲੈਂਡ ਵਿਖੇ ਹੀ ਰਹਿੰਦੇ ਹਨ। ਆਕਲੈਂਡ ਵਿੱਚ ਇਹਨਾਂ ਨੇ ਸੱਤ ਗੁਰਦੁਆਰੇ ਬਣਾਏ ਹੋਏ ਹਨ। ਭਗਤ ਰਵਿਦਾਸ ਦੇ ਨਾਂ ਤੇ ਵੀ ਗੁਰਦੁਆਰਾ ਹੈ। ਨਾਨਕਸਰੀਆਂ ਨੇ ਵੀ ਆਪਣਾ ਗੁਰਦੁਆਰਾ ਬਣਾਇਆ ਹੋਇਆ ਹੈ। ਬਾਹਰਲੇ ਲੋਕਾਂ ਲਈ ਗੁਰਦੁਆਰੇ ਪੂਜਾ ਘਰ ਨਾਲੋਂ ਜ਼ਿਆਦਾ ਇਕ ਕਮਿਊਨਿਟੀ ਸੈਂਟਰ ਹੁੰਦੇ ਹਨ। ਇਸਤਰੀਆਂ ਪੁਰਸ਼ਾਂ ਨੂੰ ਆਪਣੇ ਲੋਕਾਂ ਨੂੰ ਮਿਲਣ ਦਾ ਮੌਕਾ ਇਹਨਾਂ ਥਾਵਾਂ ਤੇ ਹੀ ਮਿਲਦਾ ਹੈ, ਪੁੱਤਰਾਂ ਧੀਆਂ ਦੇ ਰਿਸ਼ਤਿਆਂ ਦੀਆਂ ਗੱਲਾਂ ਤੋਂ ਇਲਾਵਾ ਇੱਥੇ ਖੁਸ਼ੀਆਂ ਗਮੀਆਂ ਦੀਆਂ ਖਬਰਾਂ ਵੀ ਮਿਲ ਜਾਂਦੀਆਂ ਹਨ। ਗੋਰਿਆਂ ਦੇ ਸਕੂਲਾਂ ਵਿਚ ਪੜ੍ਹਦੇ ਪੰਜਾਬੀ ਪ੍ਰੀਵਾਰਾਂ ਦੇ ਬੱਚਿਆ ਨੂੰ ਭਾਸ਼ਾ ਬੋਲਣ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਮਾਪੇ ਚਾਹੁੰਦੇ ਹਨ ਉਨਾਂ ਦੇ ਬੱਚੇ ਘਰ ਵਿੱਚ ਤਾਂ ਪੰਜਾਬੀ ਹੀ ਬੋਲਣ। ਉਹ ਬੋਲਦੇ ਵੀ ਹਨ। ਮੇਰੇ ਇੱਕ ਮਿੰਤਰ ਮੁਖਤਿਆਰ ਦੇ ਘਰ ਉਸਦਾ ਪੁੱਤਰ ਕਹਿਣ ਲੱਗਿਆ ‘‘ਮੇਰਾ ਪਜਾਮਾ ਟੁੱਟ ਗਿਆ ਹੈ।’’
ਇਸ ਦੇਸ਼ ਵਿਚ ਰਹਿ ਰਹੇ ਪੰਜਾਬੀਆਂ ਵਿਚੋਂ ਬਹੁਤੇ 20-22 ਸਾਲ ਪਹਿਲਾਂ ਇੱਥੇ ਆ ਕੇ ਵਸੇ ਹਨ। ਨਿਊਜੀਲੈਂਡ ਦੀ ਸਰਕਾਰ ਨੇ ਉਸੇ ਸਮੇਂ ਵੀਜੇ ਦੇ ਨਿਯਮਾਂ ਵਿੱਚ ਕੁਝ ਢਿਲ ਦੇ ਦਿੱਤੀ ਸੀ। ਉਸ ਸਮੇਂ ਆਏ ਪੰਜਾਬੀਆਂ ਨੇ ਪੱਕੇ ਹੋਣ ਲਈ ਨਾਈਟ ਕਲੱਬਾਂ ਦੇ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ ਸਨ। ਬਹੁਤ ਸਾਰਿਆਂ ਨੇ ਗੋਰੀਆਂ ਕੁੜੀਆਂ ਨਾਲ ਵਿਆਹ ਕਰਵਾ ਲਏ। ਪੱਕੇ ਹੋਣ ਤੋਂ ਬਾਅਦ ਬਹੁਤਿਆਂ ਨੇ ਤਲਾਕ ਲੈ ਕੇ ਆਪਣੇ ਲਈ ਲਾੜੀਆਂ ਪੰਜਾਬ ਵਿਚੋਂ ਲੱਭ ਲਈਆਂ। ਕੁਝ ਗੋਰੀ ਤੇ ਮੌਰੀ ਕੁੜੀਆਂ 20 ਸਾਲ ਤੋਂ ਪੰਜਾਬੀਆਂ ਦੇ ਵੱਸ ਰਹੀਆਂ ਹਨ। ਕੁਝ ਤਾਂ ਪੰਜਾਬੀ ਬੋਲਣਾ ਵੀ ਸਿੱਖ ਗਈਆਂ ਹਨ। ਇਹਨਾਂ ਵਿਚੋਂ ਕਈਆਂ ਨੇ ਤਾਂ ਪੰਜਾਬੀ ਮੁੰਡਿਆਂ ਦੇ ਪ੍ਰੀਵਾਰਾਂ ਨੂੰ ਨਿਊਜ਼ੀਲੈਂਡ ਵਿੱਚ ਸੈਟਲ ਕਰਨ ਲਈ ਅੱਡੀ ਚੋਟੀ ਦਾ ਜੋਰ ਵੀ ਲਾਇਆ ਹੈ ਅਤੇ ਉਹਨਾਂ ਨੇ ਆਪਣੇ ਪਤੀਆਂ ਦੇ ਸਰੀਕਿਆਂ ਤੇ ਰਿਸ਼ਤੇਦਾਰਾਂ ਨਾਲ ਬਹੁਤ ਵਰਤ ਵਰਤਾਰਾ ਵੀ ਜਾਰੀ ਰੱਖਿਆ ਹੋਇਆ ਹੈ।