Site icon Tarksheel Society Bharat (Regd.)

17. ਇਹ ਪੈਸੇ ਪਵਿੱਤਰ ਨਹੀਂ ਹਨ

-ਮੇਘ ਰਾਜ ਮਿੱਤਰ

ਘੁਡਾਣੀ ਕਲਾ
27-2-86
ਨਮਸਤੇ,
ਪੱਤਰ ਦਾ ਜੁਆਬ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਜਿਹੜੀ ਮੈਂ ਤੁਹਾਨੂੰ ਗੱਲ ਪੁੱਛੀ ਸੀ ਉਹ ਇਸ ਤਰ੍ਹਾਂ ਹੈ ਕਿ ਸਾਡਾ ਇਕ- ਰਿਸ਼ਤੇਦਾਰ ਜੋ ਕਿ ਰਿਟਾਇਰਡ ਹੈ। ਉਹ ਟੂਣੇ ਟਾਮਣ ਕਰਦਾ ਹੈ ਅਤੇ ਜਿਸ ਥਾਂ ਤੇ ਬੈਠ ਕੇ ਪੁੱਛਿਆ ਦਿੰਦਾ ਹੈ। ਉਹ ਕਹਿੰਦਾ ਹੈ ਕਿ ਜੋ ਬੰਦਾ ਬਿਨਾਂ ਪੁੱਛੇ ਇਸ ਥਾਂ `ਤੇ ਬੈਠੇਗਾ ਉਹ ਮਰ ਜਾਵੇਗਾ। ਉਸਦੇ ਇਕ ਮੁੰਡੇ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਉਸ ਨੇ ਸਾਨੂੰ ਦੱਸਿਆ ਕਿ ਉਹ ਮੁੰਡਾ ਮੇਰੀ ਗੱਦੀ `ਤੇ ਬੈਠਿਆ ਸੀ। ਉਸ ਬੰਦੇ (ਰਿਸ਼ਤੇਦਾਰ) ਕੋਲ ਮੇਰੀ ਭੈਣ ਤੇ ਜੀਜਾ ਉਸਦੇ ਮੁੰਡੇ ਦਾ ਅਫ਼ਸੋਸ ਕਰਨ ਚਲੇ ਗਏ। ਉਹ ਦੋਨੇ ਉਸ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਕਹਿਣ ਲੱਗੇ ਕਿ ਉਹ ਰੱਬ ਦਾ ਹੀ ਰੂਪ ਹੈ। ਉਸ ਤੋਂ ਬਾਅਦ ਮੇਰਾ ਜੀਜਾ ਇਕੱਲਾ ਹੀ ਉਸਦੇ ਪਾਸ ਗਿਆ ਅਤੇ ਉਸਨੂੰ ਦੱਸਿਆ ਕਿ ਮੈਂ ਘਰ ਪਾਉਣਾ ਹੈ। ਮੇਰੇ ਕੋਲ ਇਕ ਲੱਖ 30 ਹਜ਼ਾਰ ਰੁਪਏ ਹਨ। ਉਸ ਰਿਸ਼ਤੇਦਾਰ ਨੇ ਜੋ ਕਿ ਰਿਟਾਇਰਡ ਜੱਜ ਹੈ। ਸਾਡੇ ਜੀਜਾ ਜੀ ਨੂੰ ਦੱਸਿਆ ਕਿ ਇਹ ਪੈਸੇ ਪਵਿੱਤਰ ਨਹੀਂ ਹਨ। ਇਸ ਲਈ ਤੈਨੂੂੰ ਦਸੋਂਧ (ਦਸਵਾਂ ਹਿੱਸਾ) ਦਾਨ ਕਰਨਾ ਚਾਹੀਦਾ ਹੈ। ਸਾਡੇ ਜੀਜਾ ਜੀ ਨੇ ਉਸਦੀਆਂ ਗੱਲਾਂ ਵਿਚ ਆ ਕੇ ਉਸਨੂੰ 13000 ਰੁਪਏ ਨਕਦ ਦੇ ਦਿੱਤੇ ਅਤੇ ਹਰਿਦੁਆਰ ਗੰਗਾ ਵਿਚ ਖੜ੍ਹ ਕੇ ਉਸ ਤੋਂ ਚੂਲੀ ਡੁਲਵਾਈ ਅਤੇ ਜੀਜਾ ਜੀ ਨੂੰ ਕਿਹਾ ਕਿ ਉਹ ਆਪਣੀ ਘਰਵਾਲੀ (ਮੇਰੀ ਭੈਣ) ਨੂੰ 28 ਦਿਨ ਨਾ ਦੱਸੇ ਜੇ ਪਹਿਲਾਂ ਦੱਸੇਗਾ ਤਾਂ ਕੋਈ ਭਾਰੀ ਨੁਕਸਾਨ ਹੋਵੇਗਾ। ਸਾਡੇ ਜੀਜਾ ਜੀ ਨੇ ਮੇਰੀ ਭੈਣ ਨੂੰ 28 ਦਿਨ ਬਾਅਦ ਦੱਸ ਦਿੱਤਾ। ਫੇਰ ਸਾਡੇ ਘਰ ਕਲੇਸ਼ ਪੈ ਗਿਆ, ਕਿ ਤੂੰ ਕਿਉਂ ਪੈਸੇ ਦਿੱਤੇ ਹਨ? ਉਹ (ਜੀਜਾ) ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਮੈਥੋਂ ਕੀ ਕਰਵਾ ਲਿਆ ਫਿਰ ਮੈਂ ਤੇ ਮੇਰੀ ਭੈਣ ਉਸ ਕੋਲ ਪੈਸੇ ਲੈਣ ਲਈ ਗਏ। ਉਹ ਕਹਿਣ ਲੱਗਾ ਕਿ ਮੈਂ ਕੋਈ ਪਾਂਡਾ ਨਹੀਂ ਜੋ ਦਾਨ ਲੈਂਦਾ ਹਾਂ। ਤੁਸੀਂ ਮੇਰੇ `ਤੇ ਹੀ ਇਲਜ਼ਾਮ ਲਾਉਂਦੇ ਹੋ ਕਿ ਮੈਂ ਪੈਸੇ ਲਏ ਹਨ ਅਤੇ ਮੇਰੀ ਭੈਣ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਸਜ਼ਾ ਦੇਵਾਂਗਾ। ਉਸ ਤੋਂ ਦਸ ਦਿਨ ਬਾਅਦ ਹੀ ਮੇਰੀ ਭੈਣ ਨੂੰ ਦੌਰਾ ਪੈ ਗਿਆ ਅਤੇ ਦੋ ਦਿਨ ਵਿਚ 15-20 ਦੌਰੇ ਪੈ ਗਏ। ਡਾਕਟਰ ਤੋਂ ਵੀ ਦਵਾਈ ਲਈ ਪਰ ਕੋਈ ਫ਼ਰਕ ਨਹੀਂ ਪਿਆ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਵੀ ਗਏ ਪਰ ਕੋਈ ਫ਼ਰਕ ਨਹੀਂ ਪਿਆ। ਹੁਣ ਇਕ ਡੇਰੇ ਦੇ ਸਾਧ ਨੇ ਤਵੀਤ ਕਰਕੇ ਦਿੱਤਾ ਹੈ, ਉਸ ਨਾਲ ਫ਼ਰਕ ਹੈ। ਮੇਰੀ ਭੈਣ ਨੂੰ ਇਹ ਸ਼ੱਕ ਹੈ ਕਿ ਸਾਡੇ ਰਿਸ਼ਤੇਦਾਰ ਜਿਸ ਨੇ ਠੱਗੀ ਨਾਲ ਮੇਰੇ ਜੀਜੇ ਤੋਂ 13000/- ਰੁਪਏ ਲਏ ਸਨ ਉਸਨੇ ਕੋਈ ਟੂਣਾ ਟਾਮਣ ਕਰ ਦਿੱਤਾ ਹੈ। ਕੀ ਤੁਸੀਂ ਮੇਰੀ ਭੈਣ ਦਾ ਇਹ ਸ਼ੱਕ ਦੂਰ ਕਰ ਸਕਦੇ ਹੋ ਕਿ ਉਸਨੂੰ ਅਜਿਹੀ ਕੋਈ ਬੀਮਾਰੀ ਨਹੀਂ। ਜੇ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਤੁਹਾਡਾ ਕੀ ਹਿਸਾਬ ਕਿਤਾਬ ਹੈ? ਕ੍ਰਿਪਾ ਕਰਕੇ ਵਿਸਥਾਰ ਨਾਲ ਲਿਖਣਾ।
ਪੱਤਰ ਦੀ ਉਡੀਕ ਵਿਚ,
ਸੁਸ਼ੀਲ ਕੁਮਾਰ
ਭਾਰਤ ਵਿਚ ਚਲਾਕ ਕਿਸਮ ਦੇ ਵਿਅਕਤੀ ਲੋਕਾਂ ਦੇ ਭੋਲੇਪਣ ਦਾ ਨਜਾਇਜ਼ ਫਾਇਦਾ ਉਠਾਉਂਦੇ ਹੀ ਰਹਿੰਦੇ ਹਨ। ਕਿਸੇ ਸਾਧ ਸੰਤ ਲਈ ਮਾੜੇ ਸ਼ਬਦਾਂ ਦੀ ਵਰਤੋਂ ਕਰਨਾ ਤਾਂ ਇਹ ਲੋਕ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ ਹਨ। ਜਦੋਂ ਕਿਸੇ ਵਿਅਕਤੀ ਨੂੰ ਇਹ ਖ਼ਿਆਲ ਆ ਜਾਂਦਾ ਹੈ ਕਿ ਮੈਂ ਕਿਸੇ ਸੰਤ ਦੀ ਬੇਇੱਜ਼ਤੀ ਕਰ ਦਿੱਤੀ ਹੈ ਤਾਂ ਉਸ ਸਮੇਂ ਉਸਦੇ ਮਨ ਵਿਚ ਇਹ ਗੱਲ ਵੀ ਆ ਜਾਂਦੀ ਹੈ ਕਿ ਸਾਧ ਸੰਤ ਨੇ ਬਦਲਾ ਲੈਣ ਲਈ ਉਸਤੇ ਟੁੂਣਾ ਕਰਵਾ ਦਿੱਤਾ ਹੋਵੇਗਾ। ਸੋ ਸਿੱਟੇ ਵਜੋਂ ਉਹ ਵਿਅਕਤੀ ਮਾਨਸਿਕ ਭਰਮ ਦਾ ਸ਼ਿਕਾਰ ਹੋ ਜਾਂਦਾ ਹੈ। ਔਰਤਾਂ ਤੇ ਇਨ੍ਹਾਂ ਗੱਲਾਂ ਦਾ ਅਸਰ ਆਦਮੀਆਂ ਨਾਲੋਂ ਵਧੇਰੇ ਹੁੰਦਾ ਹੈ।

Exit mobile version