Site icon Tarksheel Society Bharat (Regd.)

15. ਮਾਂ ਮਰੀਅਮ ਦੀਆਂ ਅੱਖਾਂ ਵਿਚੋਂ ਪਾਣੀ

-ਮੇਘ ਰਾਜ ਮਿੱਤਰ

ਨਾਭਾ
14-2-86
ਅਸੀਂ ਤੁਹਾਡੀਆਂ ਤਿੰਨੋਂ ਕਿਤਾਬਾਂ ਪੜ੍ਹ ਲਈਆਂ ਹਨ। ……..‘‘ਤੇ ਦੇਵ ਪੁਰਸ਼ ਹਾਰ ਗਏ’’ ਇਸ ਕਿਤਾਬ ਦੀ ਜਿੰਨ੍ਹੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀ ਹੀ ਥੋੜ੍ਹੀ ਹੈ। ਇਹ ਸਾਰੀਆਂ ਕਿਤਾਬਾਂ ਜਿਨ੍ਹਾਂ ਦੇ ਲੇਖਕ ਡਾ. ਕਾਵੂਰ ਹਨ, ਭਾਰਤ ਦੇ ਸਾਰੇ ਲੋਕਾਂ ਲਈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਅੰਧ-ਵਿਸ਼ਵਾਸੀ ਹਨ ਤੇ ਆਪਣੇ ਅੰਧ-ਵਿਸ਼ਵਾਸ ਕਰਕੇ ਜਿਹੜੇ ਲੁੱਟੇਰੇ ਤੇ ਝੂਠੇ ਤੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੀਆਂ ਹਨ। ਭਾਰਤ ਦੇ ਲੋਕਾਂ ਲਈ ਇਹ ਕਿਤਾਬਾਂ ਇਕ ਵਰਦਾਨ ਹਨ।
ਮੈਂ ਇਹ ਪੱਤਰ ਪਹਿਲੀ ਵਾਰ ਹੀ ਆਪ ਨੂੰ ਲਿਖ ਰਹੀ ਹਾਂ। ਮੈਂ ਅਖ਼ਬਾਰ ਵਿਚ ਇਕ ਰੋਚਕ ਘਟਨਾ ਪੜ੍ਹੀ ਹੈ। ਜਿਸਦੀ ਮੈਨੂੰ ਬਹੁਤ ਹੈਰਾਨੀ ਹੈ। ਮੈਂ ਆਪਣੇ ਦਿਮਾਗ ਨਾਲ ਬਹੁਤ ਝਗੜਦੀ ਹਾਂ ਪਰ ਸਮਝ ਨਹੀਂ ਪੈਂਦੀ। ਤੁਸੀਂ ਹੀ ਇਸ ਘਟਨਾ ਬਾਰੇ ਚਾਨਣਾ ਪਾਉਣਾ।
ਘਟਨਾ ਇਸ ਤਰ੍ਹਾਂ ਹੈ ਕਿ………
7 ਫਰਵਰੀ ਨੂੰ ਰੋਜ਼ਾਨਾ ‘‘ਜੱਗ ਬਾਣੀ’’ ਅਖ਼ਬਾਰ ਵਿਚ ਇਹ ਖ਼ਬਰ ਛਪੀ ਕਿ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਚ ਇਕ ਮਕਾਨ ਨੂੰ ਅੱਗ ਲੱਗੀ, ਮਾਂ ਮਰੀਅਮ ਦੀ ਮੂਰਤੀ ਦੀਆਂ ਅੱਖਾਂ ਵਿਚੋਂ ਹੰਝੂ ਵਗਣੇ ਸ਼ੁਰੂ ਹੋ ਗਏ ਹਨ ਤੇ ਇਹ ਹੰਝੂ ਖਾਰੇ ਹਨ। ਮੂਰਤੀ ਦੇ ਮੂੰਹ ਵਿਚੋਂ ਲਹੂ ਨਿਕਲਣਾ ਸ਼ੁਰੂ ਹੋ ਗਿਆ ਹੈ।
ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਹ ਘਟਨਾ ਜ਼ਰੂਰ ਪੜ੍ਹੀ ਹੋਵੇਗੀ।
ਮੈਂ ਇਹ ਸੋਚਦੀ ਹਾਂ ਕਿ ਇਕ ਮੂਰਤੀ ਦੀਆਂ ਅੱਖਾਂ ਵਿਚੋਂ ਹੰਝੂ ਅਤੇ ਮੂੰਹ ਵਿਚੋਂ ਖੂਨ ਕਿਵੇਂ ਨਿਕਲ ਸਕਦਾ ਹੈ?
ਕੀ ਇਹ ਸੱਚ ਹੈ ਜਾਂ ਝੂਠ। ਜੇ ਸੱਚ ਹੈ ਤਾਂ ਕਿਵੇਂ? ਜੇ ਝੂਠ ਹੈ ਤਾਂ ਕਿਵੇਂ? ਕ੍ਰਿਪਾ ਕਰਕੇ ਪੱਤਰ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਾ। ਜੇ ਪੱਤਰ ਦਾ ਜਵਾਬ ਮੈਨੂੰ ਮਿਲ ਗਿਆ ਤਾਂ ਮੈਂ ਹੋਰ ਘਟਨਾਵਾਂ ਬਾਰੇ ਵੀ ਜਾਣਕਾਰੀ ਲੈਂਦੀ ਰਹਾਂਗੀ। ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ।
ਤੁਹਾਡੀ ਆਗਿਆਕਾਰੀ,
ਬੀ. ਕੇ. ਸੀ.
ਪੀ. ਸੀ. ਐੱਸ.
ਮਾਂ ਮਰੀਅਮ ਦੇ ਬੁੱਤ ਦੀਆਂ ਅੱਖਾਂ ਵਿਚੋਂ ਨਿਕਲਣ ਵਾਲੇ ਹੰਝੂ, ਪਸੀਨਾ ਤੇ ਖੂਨ ਦਾ ਇਹ ਮਾਮਲਾ ਇਕ ਬਹੁਤ ਵੱਡਾ ਤੇ ਸਾਜ਼ਿਸ਼ੀ ਢੰਗ ਨਾਲ ਰਚਿਆ ਗਿਆ ਇਕ ਫਰੇਬ ਸੀ। ਜਿਸ ਘਰ ਵਿਚ ਇਹ ਬੁੱਤ ਸਥਿਤ ਸੀ ਉਸ ਘਰ ਦੇ ਮਾਲਕ ਤੇ ਮਾਲਕਨ ਸ੍ਰੀ ਅਤੇ ਸ੍ਰੀਮਤੀ ਮਾਰੀਸ਼ ਗਿਰਾਰਡ ਨੂੰ ਜੱਜ ਬਿਊ ਰਿਗਾਰਡ ਨੇ ਇਹ ਐਲਾਨ ਕਰਨ `ਤੇ ਪਾਬੰਦੀ ਲਗਾ ਦਿੱਤੀ ਹੈ ਕਿ ‘‘ਉਹਨਾਂ ਦੇ ਘਰ ਦੇ ਕਿਸੇ ਬੁੱਤ ਵਿਚੋਂ ਹੰਝੂ ਤੇ ਖੂਨ ਨਿਕਲ ਰਿਹਾ ਹੈ।’’ ਤੇ ਜੱਜ ਨੇ ਆਪਣੇ ਫ਼ੈਸਲੇ ਵਿਚ ਉਪਰੋਕਤ ਪਰਿਵਾਰ ਨੂੂੰ ਇਹ ਐਲਾਨ ਕਰਨ ਲਈ ਵੀ ਕਿਹਾ ਹੈ ਕਿ ਮਾਂ ਮਰੀਅਮ ਦੇ ਇਸ ਬੁੱਤ ਵਿਚ ਕੋਈ ਕਰਾਮਾਤ ਨਹੀਂ ਹੈ।

Exit mobile version