ਮੇਘ ਰਾਜ ਮਿੱਤਰ
ਨਿਊਜੀਲੈਂਡ ਵਿੱਚ ਵਿਦਿਆਰਥੀਆਂ ਨੂੰ ਪੜ੍ਹਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਹੋਮਵਰਕ ਦਿੱਤਾ ਜਾਂਦਾ ਹੈ। ਕੋਈ ਵੀ ਅਧਿਆਪਕ ਵਿਦਿਆਰਥੀਆਂ ਨੂੰ ਇਹ ਨਹੀਂ ਕਹਿੰਦਾ ਕਿ ਆਓ ਪੜ੍ਹੀਏ। ਸਗੋਂ ਪੜ੍ਹਾਈ ਲਈ ਸਿਰਫ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਛੋਟੇ ਬੱਚਿਆਂ ਦੇ ਸਕੂਲਾਂ ਵਿੱਚ ਹਰ ਕਿਸਮ ਦੇ ਸੰਦ ਤੇ ਖਿਡਾਉਣੇ ਰੱਖੇ ਹੁੰਦੇ ਹਨ। ਬੱਚੇ ਖੁਦ ਹੀ ਉਹਨਾਂ ਦੇ ਨਾਂ ਸਿੱਖਦੇ ਹਨ ਅਤੇ ਉਹਨਾਂ ਨੂੰ ਵਰਤਣ ਦਾ ਯਤਨ ਕਰਦੇ ਹਨ। ਕਾਗਜ, ਪੈਨ ਤੇ ਪੈਨਸਲਾਂ ਉਹਨਾਂ ਕੋਲ ਹੁੰਦੀਆਂ ਹਨ। ਗਲਤ ਫਲਤ ਢੰਗ ਨਾਲ ਖੁਦ ਹੀ ਲਿਖਣ ਦਾ ਯਤਨ ਕਰਦੇ ਹਨ। ਅਧਿਆਪਕ ਕਿਸੇ ਵਿਦਿਆਰਥੀ ਦੇ ਪੁੱਛਣ ਤੇ ਉਸਨੂੰ ਦੱਸ ਸਕਦਾ ਹੈ, ਠੀਕ ਕਰ ਸਕਦਾ ਹੈ ਪਰ ਖੁਦ ਉਸਨੂੰ ਨਹੀਂ ਦੱਸੇਗਾ। ਸੁਆਲ ਕਰਨ ਦੀ ਵਿਰਤੀ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਟਰੱਸਟ ਦੇ ਇੱਕ ਮੈਂਬਰ ਦਾ ਬੇਟਾ ਚਲਦੀ ਕਾਰ ਵਿੱਚ ਹੀ ਪੰਜਾਹ ਕਿਸਮ ਦੇ ਸੁਆਲ ਕਰ ਗਿਆ। ਵਿਦਿਆਰਥੀਆਂ ਨੂੰ ਬੈਂਕਾਂ, ਡਾਕਖਾਨਿਆਂ, ਰੇਲਵੇ ਸਟੇਸ਼ਨ, ਬੱਸ ਸਟੈਂਡਾਂ, ਟੈਕਸੀ ਸਟੈਡਾਂ ਪਾਰਕਾਂ, ਹਸਪਤਾਲਾਂ, ਚਿੜੀਆ ਘਰਾਂ, ਮਿਊਜੀਅਮਾਂ, ਸਮੁੰਦਰੀ ਕਿਨਾਰਿਆਂ ਅਤੇ ਪਹਾੜਾਂ ਤੇ ਲੈ ਜਾਇਆ ਜਾਂਦਾ ਹੈ ਉੱਥੋਂ ਦੇ ਕੰਮ ਢੰਗਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਉਥੋਂ ਦੀ ਪੜ੍ਹਾਈ ਦਾ ਇੱਕੋ ਇੱਕ ਉਦੇਸ਼ ਦੇਸ਼ ਲਈ ਚੰਗੇ ਨਾਗਰਿਕ ਪੈਦਾ ਕਰਨਾ ਹੈ।
ਬ੍ਰਹਿਮੰਡ ਬਾਰੇ ਬਹੁਤੀ ਜਾਣਕਾਰੀ, ਪੋਸਟਰਾਂ, ਤਸਵੀਰਾਂ, ਸੀਡੀਆਂ, ਪ੍ਰੋਜੈਕਟਰਾਂ ਰਾਹੀਂ ਦੇ ਦਿੱਤੀ ਜਾਂਦੀ ਹੈ। ਅਤੇ ਨਾਲ ਹੀ ਹਰ ਕਿਸਮ ਦੇ ਰਾਕਟਾਂ, ਜਹਾਜਾਂ, ਹੈਲੀਕਾਪਟਰਾਂ, ਮੀਜਾਇਲਾਂ, ਬੰਬਾਂ, ਡੁਬਕਣੀਆਂ, ਬਿਜਲੀ ਘਰਾਂ ਫੈਕਟਰੀਆਂ ਸਬੰਧੀ ਗਿਆਨ ਵੀ ਉਹਨਾਂ ਸਾਹਮਣੇ ਰੱਖ ਦਿੱਤਾ ਜਾਂਦਾ ਹੈ। ਹਰ ਸਕੂਲ ਤੇ ਨਗਰ ਪਾਲਿਕਾ ਕੋਲ ਵੱਡੀਆਂ ਲਾਇਬਰੇਰੀਆਂ ਹਨ ਤੇ ਹਰ ਵਿਦਿਆਰਥੀ ਅਠਾਈ ਕਿਤਾਬਾਂ ਇਕੋ ਸਮੇਂ ਇੱਕ ਮਹੀਨੇ ਲਈ ਆਪਣੇ ਘਰ ਲੈ ਜਾ ਸਕਦਾ ਹੈ। ਨਿਊਜੀਲੈਂਡ ਦੇ ਸਕੂਲ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਵਿਦਿਆਰਥੀ ਕਦੇ ਵੀ ਨਾ ਤਾਂ ਝੂਠ ਬੋਲਣਗੇ, ਨਾ ਹੀ ਸਕੂਲ ਨਾ ਆਉਣ ਲਈ ਕੋਈ ਬਹਾਨਾ ਲਾਉਣਗੇ। ਸਗੋਂ ਹੱਸਦੇ ਹੱਸਦੇ ਸਕੂਲਾਂ ਨੂੰ ਜਾਣਗੇ। ਸਾਰੀ ਪੜ੍ਹਾਈ ਮੁਫਤ ਹੈ। ਉਚ ਵਿਦਿਆ ਪ੍ਰਾਪਤ ਕਰਨੀ ਬਹੁਤ ਮਹਿੰਗਾ ਕੰਮ ਹੈ ਪਰ ਬੈਂਕਾਂ ਵਲੋਂ ਬਹੁਤੀਆਂ ਹਾਲਤਾਂ ਵਿੱਚ ਕਰਜੇ ਮਿਲ ਜਾਂਦੇ ਹਨ ਜੋ ਕਈ ਹਾਲਤਾਂ ਵਿੱਚ ਮੁਆਫ ਵੀ ਹੋ ਜਾਂਦੇ ਹਨ। ਉਪਰੋਕਤ ਹਾਲਤਾਂ ਕਾਰਨ ਹੀ ਉੱਥੇ ਆਮ ਤੌਰ ’ਤੇ ਇਹ ਗੱਲ ਪੰਜਾਬੀਆਂ ਵਿੱਚ ਪ੍ਰਚਲਤ ਹੋ ਗਈ ਹੈ ਕਿ ਪੜੇ ਪੰਜਾਬੀ ਵੱਧ ਹੁੰਦੇ ਹਨ ਪਰ ਗੁੜੇ ਜਿਆਦਾ ਗੋਰੇ ਹੁੰਦੇ ਹਨ। ਬੱਚਿਆਂ ਨੂੰ ਖੇਡਾਂ ਖੇਡਣ ਲਈ ਪੂਰੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ, ਇਸ ਲਈ ਤਾਂ ਨਿਊਜੀਲੈਂਡ ਦੇ ਸਾਇਕਲਿਸਟਾਂ, ਫੁਟਬਾਲਰਾਂ, ਕ੍ਰਿਕੇਟ ਤੇ ਰੱਗਬੀ ਦੇ ਖਿਡਾਰੀਆਂ ਨੇ ਸੰਸਾਰ ਪੱਧਰ ਤੇ ਆਪਣੀ ਦਿੱਖ ਬਣਾਈ ਹੈ ਭਾਵੇਂ ਉਹਨਾਂ ਦੀ ਆਬਾਦੀ ਪੰਜਾਬ ਨਾਲੋਂ ਵੀ ਪੰਜਵਾਂ ਹਿੱਸਾ ਹੈ।