Site icon Tarksheel Society Bharat (Regd.)

ਕੰਮ ਦੇ ਕਦਰਦਾਨ…(ix)

ਮੇਘ ਰਾਜ ਮਿੱਤਰ

ਦਸਵੀਂ ਕਰਨ ਤੋਂ ਬਾਅਦ ਇੱਕ ਸਾਲ ਦਾ ਵੀਜਾ ਲੈਕੇ ਜਦੋਂ ਅਵਤਾਰ ਨਿਊਜੀਲੈਂਡ ਪੁੱਜਿਆ। ਤਾਂ ਉਹ ਉੱਥੇ ਇੱਕ ਗੋਰੇ ਦੀ ਫੈਕਟਰੀ ਵਿੱਚ ਮਜਦੂਰੀ ਕਰਨ ਲੱਗ ਪਿਆ। ਇੱਕ ਦਿਨ ਉਹ ਗੋਰੇ ਨੂੂੰ ਕਹਿਣ ਲੱਗਿਆ ਕਿ ‘‘ਸ੍ਰੀਮਾਨ ਜੀ ਕੋਈ ਵੀ ਕੰਮ ਕਿਸੇ ਤੋਂ ਨਾ ਹੋ ਸਕਦਾ ਹੋਵੇ ਤਾਂ ਮੈਨੂੰ ਦੱਸਣਾ ਮੈਂ ਕਰਾਂਗਾ।’’ ਇੱਕ ਦਿਨ ਗੋਰੇ ਨੇ ਅਵਤਾਰ ਨੂੰ ਬੁਲਾਇਆ ਤੇ ਕਿਹਾ ਕਿ ‘‘ਆਪਣੀ ਮਸ਼ੀਨ ਖਰਾਬ ਹੋ ਗਈ ਹੈ ਕਲ ਮਕੈਨਿਕ ਬੁਲਾਇਆ ਸੀ ਉਸ ਤੋਂ ਇਹ ਠੀਕ ਨਹੀਂ ਹੋਈ ਤੂੰ ਇਸਨੂੰ ਵੇਖ ਕਿ ਕੀ ਨੁਕਸ ਹੈ।’’ ਅਵਤਾਰ ਨੇ ਉਸੇ ਸਮੇਂ ਉਸ ਮਸ਼ੀਨ ਦੀ ਜਾਣਕਾਰੀ ਦੇਣ ਵਾਲੀ ਕਿਤਾਬ ਖੋਲ ਲਈ। ਪੂਰਾ ਇੱਕ ਦਿਨ ਉਸਦੀ ਬਣਤਰ ਤੇ ਕਾਰਜ ਢੰਗ ਨੂੰ ਪੜ੍ਹਦਾ ਰਿਹਾ। ਦੂਸਰੇ ਦਿਨ ਉਸਨੇ ਮਸ਼ੀਨ ਖੋਲ ਲਈ ਅਤੇ ਨੁਕਸ ਲੱਭ ਲਿਆ ਤੇ ਠੀਕ ਕਰ ਦਿੱਤੀ।’’ ਇਕ ਦਿਨ ਫਿਰ ਗੋਰੇ ਨੇ ਉਸਨੂੰ ਬੁਲਾਇਆ ਤੇ ਕਿਹਾ, ‘‘ਅਵਤਾਰ ਆਪਣੀ ਫੈਕਟਰੀ ਦੀ ਪੈਦਾਵਾਰ ਘੱਟ ਗਈ ਹੈ। ਨੁਕਸ ਲੱਭ ਤੇ ਦੂਰ ਕਰ।’’ ਅਵਤਾਰ ਨੇ ਫਿਰ ਕਾਰਨਾਂ ਨੂੰ ਸਟੱਡੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੇਖਿਆ ਕਿ ਕੰਮ ਤਾਂ ਮੋਹਰਾਂ ਲਾਉਣ ਵਾਲੇ ਵਿਅਕਤੀ ਦੇ ਉਲਝਣ ਕਰਕੇ ਪਛੜ ਰਿਹਾ ਹੈ। ਉਸਨੇ ਮੋਹਰਾਂ ਨੂੰ ਰੱਖਣ ਦਾ ਢੰਗ ਤਰਤੀਬਵਾਰ ਕਰ ਦਿੱਤਾ। ਮੋਹਰਾਂ ਛੇਤੀ ਲੱਗਣ ਲੱਗ ਪਈਆਂ। ਪੈਦਾਵਾਰ ਵੀ ਵੱਧ ਗਈ।
ਗੋਰੇ ਨੇ ਅਵਤਾਰ ਨੂੰ ਫੈਕਟਰੀ ਦਾ ਮੈਨੇਜਰ ਬਣਾ ਦਿੱਤਾ ਅਤੇ ਉਸਦੀ ਤਨਖਾਹ ਸਵਾ ਲੱਖ ਡਾਲਰ ਸਲਾਨਾ ਕਰ ਦਿੱਤੀ। ਇਹ ਤਨਖਾਹ ਗੋਰੇ ਦੀ ਖੁਦ ਦੀ ਤਨਖਾਹ ਨਾਲੋਂ ਪੱਚੀ ਹਜ਼ਾਰ ਡਾਲਰ ਜਿਆਦਾ ਸੀ। ਇਸ ਤਰ੍ਹਾਂ ਜ਼ਿਆਦਾ ਗੋਰੇ ਕੰਮ ਦੇ ਕਦਰਦਾਨ ਹੁੰਦੇ ਹਨ। ਮੁਫਤ ਦੇ ਖੇਖਣ ਕਰਨੇ ਉਹਨਾਂ ਨੂੰ ਆਉਂਦੇ ਹੀ ਨਹੀਂ। ਇੱਥੇ ਹਰ ਪੰਜਾਬੀ ਜਦੋਂ ਕਿਸੇ ਦੀ ਮੌਤ ’ਤੇ ਕਿਸੇ ਦੇ ਘਰ ਅਫਸੋਸ ਕਰਨ ਜਾਂਦਾ ਹੈ ਤਾਂ ਜੇ ਰੋਂਦਾ ਨਹੀਂ ਤਾਂ ਮੂੰਹ ਰੋਣ ਵਰਗਾ ਜ਼ਰੂਰ ਬਣਾਉਂਦਾ ਹੈ। ਪਰ ਗੋਰੇ ਇਸ ਤਰ੍ਹਾਂ ਨਹੀਂ ਕਰਦੇ ਉਹ ਅਫਸੋਸ ਕਰਨ ਗਏ ਵੀ ਹੱਸਦੇ ਖੇਡਦੇ ਰਹਿੰਦੇ ਹਨ ਤੇ ਕਹਿੰਦੇ ਵੀ ਹਨ ਕਿ ਉਸਨੇ ਆਪਣੇ ਦਿਨ ਪੂਰੇ ਕਰ ਲਏ ਸਨ ਤੇ ਹੁਣ ਤੁਰ ਗਿਆ ਹੈ।
ਪਹਿਲਾਂ ਪਹਿਲ ਤਾਂ ਗੋਰਿਆਂ ਨੂੰ ਪੰਜਾਬੀ ਮਸਾਲਿਆਂ ਵਿੱਚੋਂ ਬਹੁਤ ਬਦਬੂ ਆਉਂਦੀ ਸੀ ਪਰ ਹੁਣ ਉਹਨਾਂ ਨੇ ਆਪਣੇ ਆਪ ਨੂੰ ਢਾਲ ਲਿਆ ਹੈ। ਬਹੁਤ ਸਾਰੇ ਗੋਰੇ ਪੰਜਾਬੀ ਖਾਣੇ ਵੀ ਪਸੰਦ ਕਰਨ ਲੱਗ ਪਏ ਹਨ। ਹਰ ਪੰਜਾਬੀ ਰੈਸਟੋਰੈਂਟ ਤੇ ਕੋਈ ਨਾ ਕੋਈ ਗੋਰਾ ਵੀ ਖਾਂਦਾ ਪੀਂਦਾ ਨਜ਼ਰੀ ਪੈ ਜਾਂਦਾ ਹੈ।

Exit mobile version