ਮੇਘ ਰਾਜ ਮਿੱਤਰ
ਇੱਥੇ ਪੰਜਾਬ ਵਾਂਗੂੰ ਗਰਭਵਤੀ ਇਸਤਰੀ ਦੇ ਪੇਟ ਵਿਚਲੇ ਬੱਚੀ ਦੀ ਲਿੰਗ ਪ੍ਰੀਖਿਆ ਨਹੀਂ ਹੁੰਦੀ। ਮੁੰਡੇ ਤੇ ਕੁੜੀ ਵਿੱਚ ਫਰਕ ਨਹੀਂ ਸਮਝਿਆ ਜਾਂਦਾ ਹੈ। ਸਗੋਂ ਜੇ ਕੋਈ ਬੱਚੇ ਦਾ ਲਿੰਗ ਪੁੱਛਦਾ ਹੈ ਇਸ ਗੱਲ ਦਾ ਬੁਰਾ ਮਨਾਇਆ ਜਾਂਦਾ ਹੈ। ਹਰੇਕ ਗਰਭਵਤੀ ਇਸਤਰੀ ਨੂੰ ਇਹ ਪਤਾ ਹੁੰਦਾ ਹੈ ਕਿ ਉਸਦੇ ਪੇਟ ਵਿਚਲਾ ਬੱਚਾ ਲੜਕਾ ਹੈ ਜਾਂ ਲੜਕੀ ਹੈ ਪਰ ਫਿਰ ਵੀ ਭਰੂਣ ਹੱਤਿਆ ਨਾ ਕੋਈ ਕਰਦਾ ਹੈ ਤੇ ਨਾ ਕੋਈ ਕਰਵਾਉਂਦਾ ਹੈ।
ਗਰਭਵਤੀ ਇਸਤਰੀ ਤੇ ਬੱਚਿਆਂ ਲਈ ਡਾਕਟਰੀ ਸਹੂਲਤਾਂ ਮੁਫਤ ਹਨ। ਬੱਚਿਆਂ ਦੇ ਜਨਮ ਤੋਂ ਬਾਅਦ ਵੀ ਘਰ ਵਿੱਚ ਨਰਸਾਂ ਬੱਚੇ ਤੇ ਮਾਂ ਦੀ ਦੇਖਭਾਲ ਕਰਨ ਲਈ ਹਰ ਹਫਤੇ ਵਿਜਟ ਜ਼ਰੂਰ ਕਰਦੀਆਂ ਹਨ। ਭਗਤ ਸਿੰਘ ਚੈਰੀਟੇਬਲ ਟਰੱਸਟ ਦੀ ਇੱਕ ਮੈਂਬਰ ਮਮਤਾ ਦੀ ਬੇਟੀ ਨੇਹਾ ਦਾ ਪਤਾ ਲੈਣ ਲਈ ਆਈ ਨਰਸ ਨੇ ਜਦੋਂ ਵੇਖਿਆ ਕਿ ਬੱਚੀ ਦੇ ਭਾਰ ਵਿੱਚ ਵਾਧਾ ਨਹੀਂ ਹੋ ਰਿਹਾ ਤਾਂ ਉਸਨੇ ਬੱਚੀ ਨੂੰ ਤੁਰੰਤ ਡਾਕਟਰ ਕੋਲ ਭੇਜ ਦਿੱਤਾ। ਡਾਕਟਰਾਂ ਨੇ ਟੈਸਟ ਕਰਕੇ ਜਦੋਂ ਇਹ ਦੱਸਿਆ ਕਿ ਬੱਚੀ ਦੀ ਵੱਡੀ ਹਰਟ ਸਰਜਰੀ ਹੋਵੇਗੀ ਕਿਉਂਕਿ ਬੱਚੀ ਦੇ ਦਿਲ ਨੂੰ ਖੂਨ ਪਹੁੰਚਾਉਣ ਵਾਲੀ ਕਿਸੇ ਨਾੜੀ ਵਿੱਚ ਕੋਈ ਗੜਬੜ ਹੈ ਤਾਂ ਪਰਿਵਾਰ ਘਬਰਾ ਗਿਆ। ਪਰ ਡਾਕਟਰਾਂ ਨੇ ਉਹਨਾਂ ਨੂੰ ਸਮੁੱਚੇ ਉਪਰੇਸ਼ਨ ਦੀ ਜਾਣਕਾਰੀ ਤਾਂ ਦਿੱਤੀ ਹੀ ਅਤੇ ਨਾਲ ਹੀ ਉਸਦੀ ਸਫਲਤਾ ਦੀਆਂ ਸੰਭਾਵਨਾਵਾਂ ਬਾਰੇ ਵੀ ਦੱਸਿਆ। ਉਸੇ ਦਿਨ ਉਪਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਉਪਰੇਸ਼ਨ ਕਰ ਦਿੱਤਾ ਗਿਆ। ਇੱਕ ਦੋ ਹਫ਼ਤੇ ਵਿੱਚ ਹੀ ਬੱਚੀ ਨੌ ਬਰ ਨੌ ਹੋ ਗਈ।