Site icon Tarksheel Society Bharat (Regd.)

11. ਅੱਗ ਤੇ ਇਕ ਮਿੰਟ ਖੜਾਂਗਾ

-ਮੇਘ ਰਾਜ ਮਿੱਤਰ

ਰਟੋਲਾਂ
3-11-85
ਅਸੀਂ ਤੁਹਾਡੇ ਵੱਲੋਂ ਪ੍ਰਕਾਸ਼ਤ ਡਾ. ਕਾਵੂਰ ਦੀਆਂ ਦੋਵੇਂ ਪੁਸਤਕਾਂ ਪੜ੍ਹੀਆਂ ਹਨ ਤੇ ਵਿਗਿਆਨਕ ਦ੍ਰਿਸ਼ਟੀ ਤੋਂ ਵਹਿਮਾਂ-ਭਰਮਾਂ ਵਿਰੋਧੀ ਕਾਫ਼ੀ ਗਿਆਨ ਹਾਸਲ ਕੀਤਾ ਹੈ। ਪੜ੍ਹੇ-ਲਿਖੇ ਹੋਣ ਕਾਰਨ ਅਸੀਂ ਅਕਸਰ ਵਹਿਮਾਂ-ਭਰਮਾਂ ਵਿਚ ਫ਼ਸੇ ਲੋਕਾਂ ਕੋਲ ਇਨ੍ਹਾਂ ਕਿਤਾਬਾਂ ਦਾ ਜ਼ਿਕਰ ਕਰਦੇ ਰਹਿੰਦੇ ਹਾਂ। ਸਾਡਾ ਪਿੰਡ ਵੀ ਭਾਰਤ ਦੇ ਹੋਰ ਬਹੁਤੇ ਪਿੰਡਾਂ ਦੀ ਤਰ੍ਹਾਂ ਅਨਪੜ੍ਹ ਅਤੇ ਭੂਤਾਂ-ਪ੍ਰੇਤਾਂ ਤੇ ਅਲੌਕਿਕ ਸ਼ਕਤੀਆਂ ਦੇ ਚੱਕਰ ਤੋਂ ਮੁਕਤ ਨਹੀਂ ਹੈ। ਅਚਾਨਕ ਕੱਲ੍ਹ ਸਾਡੀ ਮੁਲਾਕਾਤ ਸਾਡੇ ਹੀ ਪਿੰਡ ਦੇ ਇਕ ਨੌਜਵਾਨ ‘ਸਿਆਣੇ’ (ਬਾਬੇ) ਨਾਲ ਹੋਈ ਜੋ ਕਈ ਸਾਲਾਂ ਤੋਂ ਲੋਕਾਂ ਦੇ ਅਖੌਤੀ ਭੂਤ, ਪੇ੍ਰਤ ਤੇ ਕਸਰਾਂ ਬਗੈਰਾ ਕੱਢਦਾ ਹੈ। ਅਸੀਂ ਤੁਹਾਡੀ ਕਿਤਾਬ ਬਾਰੇ ਜ਼ਿਕਰ ਕਰ ਰਹੇ ਸਾਂ ਜਦੋਂ ਉਹ ਅਚਾਨਕ ਆ ਗਿਆ ਅਤੇ ਅਸੀਂ ਉਸਨੂੰ ਤੁਹਾਡੇ ਵੱਲੋਂ ਪ੍ਰਕਾਸ਼ਤ ਚੁਣੌਤੀ ਦੀਆਂ ਸ਼ਰਤਾਂ ਸੁਣਾ ਦਿੱਤੀਆਂ। ਕਾਫ਼ੀ ਲੋਕਾਂ ਦੇ ਸਾਹਮਣੇ ਉਸਨੇ ਦੋ ਚੁਣੌਤੀਆਂ ਸਵੀਕਾਰ ਕਰ ਲਈਆਂ। ਪਹਿਲੀ ਅੱਗ ਉੱਤੇ ਇਕ ਮਿੰਟ ਖੜ੍ਹ ਸਕਣ ਦੀ ਤੇ ਦੂਜੀ ਬੰਦ ਜਿੰਦੇ ਵਾਲੇ ਕਮਰੇ ਵਿਚੋਂ ਸ਼ਕਤੀ ਰਾਹੀਂ ਬਾਹਰ ਨਿਕਲਣ ਦੀ। ਜ਼ਮਾਨਤ ਦਾ 1000/- ਰੁਪਿਆ ਉਹ ਦੇਣ ਲਈ ਤਿਆਰ ਹੈ। ਸੋ ਉਸਦੀ ਇਸ ਸ਼ਕਤੀ ਦੀ ਪੜਤਾਲ ਬਾਰੇ ਅਸੀਂ ਤੁਹਾਡੇ ਨਾਲ ਵਿਸਥਾਰ-ਪੂਰਵਕ ਗੱਲ ਕਰਨਾ ਚਾਹੁੰਦੇ ਹਾਂ। ਸਾਨੂੰ ਕਿਸੇ ਛੁੱਟੀ ਵਾਲੇ ਦਿਨ ਦਾ ਸਮਾਂ ਤੇ ਪਤਾ ਦਿਉ ਤਾਂ ਕਿ ਅਸੀਂ ਤੁਹਾਡੇ ਨਾਲ ਵਿਚਾਰ ਕਰ ਸਕੀਏ। ਸਿਧਾਂਤਕ ਵਿਰੋਧੀ ਹੋਣ ਕਰਕੇ, ਪਿੰਡ ਵਿਚ ਰਹਿੰਦੇ ਹੋਏ ਵੀ ਭਾਵੇਂ ਅਸੀਂ ਉਸਦੀ ਕਿਸੇ ਸ਼ਕਤੀ ਨੂੰ ਅੱਖੀ ਨਹੀਂ ਦੇਖਿਆ ਤੇ ਨਾ ਹੀ ਗੌਲਿਆ ਹੈ। ਪਰ ਪਿੰਡ ਦੇ ਕਾਫ਼ੀ ਲੋਕਾਂ ਦੇ ਕਹਿਣ ਅਨੁਸਾਰ ਉਹ ਅੱਗ ਖਾ ਜਾਂਦਾ ਹੈ ਤੇ ਪਾਥੀਆਂ ਦੀ ਅੱਗ ਦੀ ਧੂੰਈਂ (ਲਾਲ ਹੋਏ ਤੋਂ) ਵਿਚ ਖੜ੍ਹ ਜਾਂਦਾ ਹੈ।
ਸੋ ਗੱਲ ਵਿਗਿਆਨ ਦੀ ਤਰਕਸ਼ੀਲਤਾ ਤੇ ਕਰਾਮਾਤ ਵਿਚਕਾਰ ਟੱਕਰ ਦੀ ਹੈ, ਇਸਦਾ ਨਿਪਟਾਰਾ ਹੋਣਾ ਚਾਹੀਦਾ ਹੈ। ਸੋ ਜਿੰਨੀ ਛੇਤੀ ਹੋ ਸਕੇ ਸਾਨੂੰ ਇਸ ਪਤੇ ਤੇ ਸੂਚਿਤ ਕਰੋ ਕਿ ਤੁਹਾਨੂੰ ਕਦੋਂ ਤੇ ਕਿੱਥੇ ਮਿਲੀਏ। ਉਸ ਸਿਆਣੇ ਨੇ ਵੀ ਸਮੇਂ, ਸਥਾਨ ਤੇ ਤਾਰੀਖਾਂ ਬਾਰੇ ਕੁਝ ਸ਼ਰਤਾਂ ਰੱਖੀਆਂ ਹਨ। ਉਹ ਵੀ ਤੁਹਾਡੇ ਨਾਲ ਵਿਚਾਰਾਂਗੇ। ਇਕ ਗੱਲ ਹੋਰ, ਸੁਸਾਇਟੀ ਦੇ ਮਾਸਿਕ ਪੱਤਰ ਦਾ ਨਾਂ ਲਿਖਣਾ ਤਾਂ ਕਿ ਸੁਸਾਇਟੀ ਦੇ ਕੀਤੇ ਤੇ ਪੜਤਾਲੇ ਕੰਮਾਂ ਤੋਂ ਜਾਣੂ ਹੋ ਸਕੀਏ।
ਤੁਹਾਡਾ ਹਮਰਾਹੀ,
ਮੇਜਰ ਸਿੰਘ ਗੁਰਨਾ
ਇਸ ਸਿਆਣੇ ਨੇ ਸਾਡੀ ਚੁਣੌਤੀ ਸਵੀਕਾਰ ਨਹੀਂ ਕੀਤੀ। ਜੇਕਰ ਲੈਂਦਾ ਤਾਂ ਅਸੀਂ ਇਸਨੂੰ ਐਲੂਮੀਨੀਅਮ ਦੀ ਗਰਮ ਪਲੇਟ ਤੇ ਖੜ੍ਹਾ ਕਰ ਦੇਣਾ ਸੀ। ਕਿਉਂਕਿ ਐਲੂਮੀਨੀਅਮ ਬਹੁਤ ਹੀ ਛੇਤੀ ਗਰਮ ਤੇ ਠੰਡੀ ਹੋਣ ਵਾਲੀ ਧਾਤ ਹੈ। ਸੋ ਉਸ ‘‘ਅਖੌਤੀ ਸਿਆਣੇ ਨੇ ਇਕ ਮਿੰਟ ਤਾਂ ਕੀ ਇਕ ਸਕਿੰਟ ਵਿਚ ਹੀ ਹੱਥ ਖੜੇ੍ਹ ਕਰ ਦੇਣੇ ਸੀ। ਜੇ ਅਸੀਂ ਉਸ ਨੂੰ ਕਮਰੇ ਵਿਚ ਬੰਦ ਕਰਨਾ ਹੁੰਦਾ ਤਾਂ ਅਸੀਂ ਉਸਨੂੰ ਕਿਸੇ ਬੈਂਕ ਦੇ ਸਟਰਾਂਗ ਰੂਮ ਵਿਚ ਬੰਦ ਕਰ ਦਿੰਦੇ, ਜਿਥੋਂ ਤੋੜ ਫੋੜ ਰਾਹੀਂ ਵੀ ਨਿਕਲਣ ਲਈ ਉਸ ਨੂੰ ਜ਼ਰੂਰ ਹੀ ਮਹੀਨੇ ਲੱਗ ਜਾਣੇ ਸਨ।
ਅੱਗ ਖਾਣਾ ਕੋਈ ਅਜੂਬਾ ਨਹੀਂ। ਇਹ ਤਾਂ ਮੂੰਹ ਵਿਚ ਥੁੱਕ ਇਕੱਠਾ ਕਰਕੇ ਰੱਖਿਆ ਮੁਸ਼ਕ ਕਾਫੂਰ ਹੀ ਹੁੰਦਾ ਹੈ। ਜਿਸ ਨੂੰ ਅੰਦਰ ਨਹੀਂ ਲੰਘਾਇਆ ਜਾਂਦਾ ਸਗੋਂ ਕੁਝ ਸਮੇਂ ਬਾਅਦ ਬਾਹਰ ਹੀ ਕੱਢ ਦਿੱਤਾ ਜਾਂਦਾ ਹੈ।
‘‘ਕੁਝ ਸਮੇਂ ਦੇ ਅਭਿਆਸ ਬਾਅਦ ਕੋਈ ਵੀ ਵਿਅਕਤੀ ਪਾਥੀਆਂ ਦੀਆਂ ਧੂਣੀਆਂ ਵਿਚਕਾਰ ਬੈਠ ਸਕਦਾ ਹੈ।’’

Exit mobile version