ਮੇਘ ਰਾਜ ਮਿੱਤਰ
ਨਿਊਜੀਲੈਂਡ ਦੇ ਵਸਨੀਕ ਮਹਿਸੂਸ ਕਰਦੇ ਹਨ ਕਿ ਉਹਨਾਂ ਕੋਲ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਸਿਰਫ ਘਾਹ ਹੈ। ਘਾਹ ਤੇ ਹੀ ਉਹਨਾਂ ਦਾ ਡੇਅਰੀ ਦਾ ਧੰਦਾ ਨਿਰਭਰ ਹੈ। ਡੇਅਰੀ ਪ੍ਰੋਡਕਟਸ ਉਹ ਬਾਹਰਲੇ ਦੇਸ਼ਾਂ ਨੂੰ ਵੱਡੀ ਮਾਤਰਾ ਵਿੱਚ ਸਪਲਾਈ ਕਰਦੇ ਹਨ। ਗਊਆਂ, ਭੇਡਾਂ ਦਾ ਮਾਸ ਜਾਂ ਦੁੱਧ ਘਿਓ ਇਥੋਂ ਬਾਹਰ ਭੇਜਿਆ ਜਾਂਦਾ ਹੈ।
ਘਾਹ ਲਾਉਣਾ, ਸੰਭਾਲਣਾ ਤੇ ਕਟਿੰਗ ਕਰਨ ਦੀ ਪ੍ਰਵਿਰਤੀ ਦਾ ਤੁਸੀਂ ਇਸ ਗੱਲ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਦੋ ਦੋ ਸਾਲ ਤੁਹਾਨੂੰ ਜੁਤੀਆਂ ਪਾਲਸ਼ ਕਰਨ ਦੀ ਲੋੜ ਨਹੀਂ ਪੈਂਦੀ ਮੈਂ ਤਾਂ ਸਿਰਫ ਮਹੀਨਾ ਹੀ ਇਸ ਦੇਸ਼ ਵਿੱਚ ਰਿਹਾ ਹਾਂ ਮੈਨੂੰ ਤਾਂ ਪਾਲਸ ਕਰਨ ਦੀ ਲੋੜ ਹੀ ਨਹੀਂ ਪਈ। ਉਂਝ ਵੀ ਤੁਹਾਨੂੰ ਬੂਟ ਪਾਲਸ ਕਰਨ ਵਾਲੇ, ਪ੍ਰੈਸ ਕਰਨ ਵਾਲੇ, ਰਿਕਸ਼ੇ ਵਾਲੇ ਅਤੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਇਸਤਰੀਆਂ ਤੁਹਾਨੂੰ ਨਹੀਂ ਮਿਲਣਗੀਆਂ। ਕਿਉਂਕਿ ਇਹ ਸੇਵਾਵਾਂ ਖੁਦ ਹੀ ਪ੍ਰੀਵਾਰਕ ਮੈਂਬਰ ਕਰਦੇ ਹਨ।
ਨਿਊਜੀਲੈਂਡ ਦਾ ਜੰਗਲਾਤ ਮਹਿਕਮਾ ਪਹਾੜਾਂ ਤੇ ਛੋਟੀਆਂ ਛੋਟੀਆਂ ਝਰੀਟਾਂ ਜਿਹੀਆਂ ਮਾਰ ਕੇ ਹੈਲੀਕਾਪਟਰਾਂ ਰਾਹੀਂ ਇਹਨਾਂ ਵਿੱਚ ਬੀਜ ਖਿਲਾਰ ਦਿੰਦਾ ਹੈ, ਤੇ ਇੱਥੇ ਵੀ ਪੌਦੇ ਉੱਗ ਆਉਂਦੇ ਹਨ। ਇੱਥੋਂ ਦੀ ਮਿੱਟੀ ਦੀ ਇੱਕ ਹੋਰ ਵੀ ਵਿਸ਼ੇਸ਼ਤਾ ਹੈ ਕਿ ਇੱਥੇ ਸੱਪ ਨਹੀਂ ਹੁੰਦੇ, ਜੇ ਛੱਡ ਵੀ ਦਿੱਤੇ ਜਾਣ ਤਾਂ ਵੀ ਮਰ ਜਾਂਦੇ ਹਨ। ਸ਼ਾਇਦ ਇਹ ਮਿੱਟੀ ਵਿੱਚ ਗੰਧਕ ਮਿਲੀ ਹੋਣ ਕਰਕੇ ਹੈ। ਕਿਉਂਕਿ ਇਹ ਦੇਸ਼ ਜਵਾਲਾਮੁਖੀ ਦੀਪ ਸਮੂਹਾਂ ਦੀ ਪੈਦਾਵਾਰ ਹੈ। ਕਈ ਥਾਂ ਧਰਤੀ ਵਿੱਚ ਖੌਲਦੀ ਹੋਈ ਗਰਮੀ ਬਾਹਰ ਨਿਕਲਦੀ ਨਜ਼ਰ ਪੈਂਦੀ ਹੈ ਤੇ ਮਿੱਟੀ ਦਾ ਰੰਗ ਲਾਲ ਹੋਣਾ ਵੀ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਿੱਚ ਜਿਆਦਾ ਮਾਤਰਾ ਵਿੱਚ ਗੰਧਕ ਹੈ। ਨਿਊਜੀਲੈਂਡ ਦੇ ਇਮੀਗਰੇਸ਼ਨ ਅਧਿਕਾਰੀ ਬਾਹਰਲੇ ਦੇਸ਼ਾਂ ਤੋਂ ਕੋਈ ਵੀ ਬੀਜ, ਬੂਟਾ, ਪੰਛੀ ਆਦਿ ਉਨ੍ਹਾਂ ਦੇ ਦੇਸ਼ ਵਿੱਚ ਲਿਆਉਣ ਦੀ ਇਜਾਜ਼ਤ ਨਹੀਂ ਦਿੰਦੇ। ਉਹਨਾਂ ਅਨੁਸਾਰ ਬਾਹਰਲੇ ਬੀਜ, ਬੂਟੇ ਉੱਥੇ ਦੀ ਆਬੋ ਹਵਾ ਨੂੰ ਦੂਸ਼ਿਤ ਕਰਦੇ ਹਨ।