Site icon Tarksheel Society Bharat (Regd.)

ਵੱਡਅਕਾਰੀ, ਫਲ ਤੇ ਜੀਵ …(ii)

ਮੇਘ ਰਾਜ ਮਿੱਤਰ

ਪਤਾ ਨਹੀਂ ਇੱਥੋਂ ਦੀ ਮਿੱਟੀ ਐਨੀ ਜਰਖੇਜ ਕਿਉਂ ਹੈ? ਇੱਥੇ ਦਰੱਖਤ ਹੀ ਨਹੀਂ ਕੱਦੂ ਵੀ ਕਵਿੰਟਲ ਕਵਿੰਟਲ ਦੇ ਹੋ ਜਾਂਦੇ ਹਨ ਅਤੇ ਲਿਫਟਾਂ ਨਾਲ ਚੁੱਕਣੇ ਪੈਂਦੇ ਹਨ। ਇਥੋਂ ਦੀ ਆਬੋ ਹਵਾ ਵਿੱਚ ਪਤਾ ਨਹੀਂ ਕੀ ਵੜਿਆ ਹੋਇਆ ਹੈ ਕਿ ਜੀਵ ਵੀ ਭਾਰਤੀ ਜੀਵਾਂ ਨਾਲ ਡਿਉਢੇ ਤੇ ਪੰਛੀ ਵੀ ਆਕਾਰ ਪੱਖੋਂ ਵੱਡੇ ਹੁੰਦੇ ਹਨ। ਪਰ ਇਥੋਂ ਦੇ ਲੋਕ ਦਰੱਖਤਾਂ ਤੇ ਜੀਵਾਂ ਪ੍ਰਤੀ ਬਹੁਤ ਹੀ ਸ਼ਰਧਾ ਰੱਖਦੇ ਹਨ। ਦਰੱਖਤਾਂ ਨੂੰ ਹੱਥ ਲਾ ਲਾ ਕੇ ਵੇਖਦੇ ਹਨ। ਪੰਛੀਆਂ ਨੂੂੰ ਆਪਣੀ ਮੌਜ ਮਸਤੀ ਵਿੱਚ ਹੀ ਰਹਿਣ ਦਿੰਦੇ ਹਨ। ਨਾਸਤਿਕ ਬਹੁ ਗਿਣਤੀ ਵਾਲੇ ਦੇਸ਼ ਦੇ ਲੋਕਾਂ ਦੇ ਇਸ ਵਤੀਰੇ ਨੇ ਮੈਨੂੰ ਤਾਂ ਕੀਲ ਹੀ ਲਿਆ। ਚੌਦਵੀਂ ਸਦੀ ਤੋਂ ਰਹਿ ਰਹੇ ਮੌਰੀ ਲੋਕ ਸਿਹਤ ਪੱਖੋਂ ਬਹੁਤ ਹੀ ਭਾਰੇ ਹੁੰਦੇ ਹਨ। ਸਦੀਆਂ ਤੋਂ ਖਾਣ ਪੀਣ ਦੀ ਖੁੱਲ੍ਹ ਤੇ ਆਬੋ ਹਵਾ ਨੇ ਇਨ੍ਹਾਂ ਨੂੰ ਸੇਹਤ ਪੱਖੋਂ ਵਿਗਾੜ ਦਿੱਤਾ ਹੈ।
ਅਸਲ ਵਿੱਚ ਇਹ ਲੋਕ ਕੁਦਰਤ ਪ੍ਰੇਮੀ ਹਨ। ਕੁਦਰਤ ਨੂੰ ਨਸ਼ਟ ਕਰਨਾ ਇਹਨਾਂ ਲਈ ਸਮਾਜ ਵਿਰੋਧੀ ਕੰਮ ਹੈ। ਇਹਨਾਂ ਨੇ ਤਾਂ ਆਪਣੇ ਖੇਤਾਂ ਦੇ ਟਿੱਬਿਆਂ ਨੂੰ ਵੀ ਪੱਧਰ ਨਹੀਂ ਕੀਤਾ ਹੈ। ਸਗੋਂ ਉਹਨਾਂ ਨੂੰ ਕਾਇਮ ਰੱਖ ਕੇ ਹੀ ਉਹਨਾਂ ਤੇ ਘਾਹ ਲਾਇਆ ਹੈ। ਚਾਰੇ ਪਾਸੇ ਤੁਹਾਨੂੰ ਵੱਡੀਆਂ ਵੱਡੀਆਂ ਚਾਰਗਾਹਾਂ ਵਿਖਾਈ ਦੇਣਗੀਆਂ। ਜਿਹਨਾਂ ਵਿੱਚ ਸਿਰਫ ਗਊਆਂ ਜਾਂ ਭੇਡਾਂ ਹੀ ਚਰਦੀਆਂ ਨਜ਼ਰ ਆਉਣਗੀਆਂ। ਘੱਟ ਆਬਾਦੀ ਵਾਲਾ ਦੇਸ਼ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਵੱਡੀਆਂ ਫੈਕਟਰੀਆਂ ਲਾਉਣਾ ਅਸੰਭਵ ਹੈ। ਆਬਾਦੀ ਸਿਰਫ ਬਿਆਲੀ ਲੱਖ ਹੈ। ਸੋ ਇਸ ਦੇਸ਼ ਨੂੰ ਆਪਣੀ ਆਬਾਦੀ ਲਈ ਬਹੁਤਾ ਸਮਾਨ ਬਾਹਰਲੇ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਅੱਜ ਕੱਲ੍ਹ ਚੀਨ ਦੇ ਸਮਾਨ ਦੀ ਖਪਤ ਸਾਰੇ ਦੇਸ਼ਾਂ ਵਿੱਚ ਹੀ ਜਿਆਦਾ ਹੈ। ਨਿਊਜੀਲੈਂਡ ਵਿੱਚ ਸੂਈ ਤੋਂ ਲੈ ਕੇ ਜਾਹਾਜ਼ ਤੱਕ ਸਾਰਾ ਸਮਾਨ ਇੱਥੋਂ ਦੇ ਸਟੋਰਾਂ ਵਿੱਚ ਭਰਿਆ ਪਿਆ ਹੈ ਜਿਸ ਵਿੱਚੋਂ ਬਹੁਤਾ ਚੀਨੀ ਮਾਰਕੇ ਦਾ ਹੈ।

Exit mobile version