ਮੇਘ ਰਾਜ ਮਿੱਤਰ
ਨਿਊਜੀਲੈਂਡ ਦਾ ਸਰਕਾਰੀ ਪ੍ਰਬੰਧ ਇੰਗਲੈਂਡ ਦੇ ਨਾਲ ਮਿਲਦਾ-ਜੁਲਦਾ ਹੈ। ਇੱਥੇ ਕੋਈ ਲਿਖਤੀ ਸੰਵਿਧਾਨ ਨਹੀਂ। ਪਾਰਲੀਮੈਂਟ ਦੁਆਰਾ ਪਾਸ ਕੀਤੇ ਬਿਲ, ਅਦਾਲਤਾਂ ਦੁਆਰਾ ਕੀਤੇ ਫੈਸਲੇ ਇੰਗਲੈਂਡ ਦੀ ਮਹਾਰਾਣੀ ਦੁਆਰਾ ਕੀਤੇ ਹੁਕਮ ਸਭ ਕੁਝ ਮਿਲਾ ਕੇ ਏਥੋਂ ਦੇ ਸੰਵਿਧਾਨ ਦਾ ਕੰਮ ਕਰਦਾ ਹੈ। ਇੰਗਲੈਂਡ ਦੀ ਮਲਕਾ ਮਹਾਰਾਣੀ ਏਲਜਬੈਥ ਹੀ ਇਸ ਦੇਸ਼ ਦੀ ਮੁਖੀ ਹੈ। ਉਹ ਆਪਣੇ ਗਵਰਨਰ ਜਨਰਲ ਰਾਹੀਂ ਰਾਜ ਕਰਦੀ ਹੈ। ਉਂਝ ਇੱਥੇ ਜਮਹੂਰੀਅਤ ਹੈ। ਇੱਥੋਂ ਦੇ ਨਾਗਰਿਕ ਤਿੰਨ ਸਾਲਾਂ ਬਾਅਦ ਪਾਰਲੀਮੈਂਟ ਦੇ ਮੈਂਬਰਾਂ ਦੀ ਚੋਣ ਕਰਦੇ ਹਨ। ਹਰੇਕ ਮੈਂਬਰ ਦੋ ਵੋਟਾਂ ਪਾਉਂਦਾ ਹੈ। ਇੱਕ ਵੋਟ ਪਾਰਲੀਮੈਂਟ ਦੇ ਮੈਂਬਰ ਚੁਨਣ ਲਈ ਹੁੰਦੀ ਹੈ। ਆਪਣੀ ਸੀਟ ਤੋਂ ਵੱਧ ਵੋਟਾਂ ਲੈਣ ਵਾਲਾ ਪਾਰਲੀਮੈਂਟ ਦਾ ਮੈਂਬਰ ਬਣ ਜਾਂਦਾ ਹੈ। ਦੂਜੀ ਵੋਟ ਪਾਰਟੀਆਂ ਲਈ ਹੁੰਦੀ ਹੈ 5% ਤੋਂ ਵੱਧ ਵੋਟਾਂ ਲੈਣ ਵਾਲੀ ਪਾਰਟੀਆਂ ਪਾਰਲੀਮੈਂਟ ਦੇ ਲਗਭੱਗ ਅੱਧੇ ਮੈਂਬਰਾਂ ਨੂੰ ਨਾਮਜ਼ਦ ਕਰਦੀਆਂ ਹਨ। ਪਾਰਲੀਮੈਂਟ ਵੱਖ-ਵੱਖ ਪਾਰਟੀਆਂ ਨੂੰ ਪਾਰਲੀਮੈਂਟ ਹਾਲ ਵਿੱਚ ਥਾਂ ਅਲਾਟ ਕਰ ਦਿੰਦੀ ਹੈ। ਉਸ ਥਾਂ ਤੇ ਪਾਰਟੀਆਂ ਆਪਣੇ ਮੈਂਬਰਾਂ ਨੂੰ ਉਹਨਾਂ ਦੀ ਸੀਨੀਆਰਤਾ ਦੇ ਆਧਾਰ ਤੇ ਸੀਟਾਂ ਅਲਾਟ ਕਰ ਦਿੰਦੀਆਂ ਹਨ।
ਪਾਰਲੀਮੈਂਟ ਕਾਨੂੰਨ ਬਣਾਉਂਦੀ ਹੈ ਤੇ ਉਹਨਾਂ ਵਿੱਚ ਤਬਦੀਲੀ ਕਰਦੀ ਹੈ। ਕਾਨੂੰਨ ਨੂੰ ਲਾਗੂ ਕਰਵਾਉਣਾ ਵਜਾਰਤ ਦਾ ਕੰਮ ਹੈ। ਅਦਾਲਤਾਂ ਕਾਨੂੰਨ ਦੀ ਵਿਆਖਿਆ ਕਰਦੀਆਂ ਹਨ। ਇਸ ਤਰ੍ਹਾਂ ਇਹ ਸਿਸਟਮ ਕੰਮ ਕਰਦਾ ਰਹਿੰਦਾ ਹੈ। ਇੱਕ ਸਟੇਜ ’ਤੇ ਆ ਕੇ ਬਹੁਤਾ ਕੰਮ ਆਟੋਮੈਟਿਕ ਹੋ ਜਾਂਦਾ ਹੈ। ਤੁਸੀਂ ਸੋਚੋ ਪਹਿਲਾਂ-ਪਹਿਲ ਜਿਸਨੇ ਕਲਾਕ ਬਣਾਇਆ ਹੋਵੇਗਾ ਉਸਨੇ ਕਿੰਨੀ ਮਿਹਨਤ ਕੀਤੀ ਹੋਵੇਗੀ। ਹੁਣ ਤਾਂ ਇਹ ਕੰਧ ’ਤੇ ਟੰਗਿਆ ਹੀ ਸਾਲਾਂ ਬੱਧੀ ਆਪਣੇ ਆਪ ਕੰਮ ਕਰਦਾ ਰਹਿੰਦਾ ਹੈ। ਸਰਕਾਰਾਂ ਜਾਂ ਜਥੇਬੰਦੀਆਂ ਦਾ ਕੰਮ ਜਦੋਂ ਸਿਸਟੇਮਾਈਜ ਹੋ ਜਾਂਦਾ ਹੈ ਤਾਂ ਇਹ ਵੀ ਆਟੋਮੈਟਿਕ ਹੋ ਜਾਂਦਾ ਹੈ। ਚੰਗੇ ਪ੍ਰਬੰਧਕ ਇਸ ਵਿੱਚ ਸੁਧਾਰ ਕਰਦੇ ਰਹਿੰਦੇ ਨੇ ਤੇ ਮਾੜੇ ਪ੍ਰਬੰਧਕ ਇਸ ਨੂੰ ਵਿਗਾੜ ਦਿੰਦੇ ਨੇ ਜਿਵੇਂ ਭਾਰਤ ਵਿੱਚ ਹੋ ਰਿਹਾ ਹੈ।
ਨਿਊਜੀਲੈਂਡ ਵਿੱਚ ਦੋ ਹੀ ਮੁੱਖ ਪਾਰਟੀਆਂ ਹਨ। ਇੱਕ ਲੇਬਰ ਦੂਜੀ ਨੈਸ਼ਨਲ। ਕਦੇ ਲੇਬਰ ਅਤੇ ਕਦੇ ਨੈਸ਼ਨਲ ਅੱਗੇ ਆ ਜਾਂਦੀ ਹੈ। ਹੁਣ ਇੱਕ ਹੋਰ ਗਰੀਨ ਪਾਰਟੀ ਵੀ ਕਾਫੀ ਤਰੱਕੀ ਕਰ ਰਹੀ ਹੈ। ਇਹ ਵਾਤਾਵਰਣ ਪੱਖੀ ਪਾਰਟੀ ਹੈ ਤੇ ਕੁਝ ਲੋਕ ਇਸਨੂੰ ਇੱਥੋਂ ਦੀ ਕਮਿਊਨਿਸ਼ਟ ਪੱਖੀ ਪਾਰਟੀ ਵੀ ਕਹਿੰਦੇ ਹਨ। ਮੌਰੀਆ ਲਈ 7 ਸੀਟਾਂ ਰੀਜਰਵ ਹਨ।