Site icon Tarksheel Society Bharat (Regd.)

ਚਾਈਨਾ ਦੀ ਤਰਕਸ਼ੀਲ ਜਥੇਬੰਦੀ…(36)

ਮੇਘ ਰਾਜ ਮਿੱਤਰ

ਜਿਸ ਦਿਨ ਸਾਡੀ ਚਾਈਨਾ ਸੀ. ਸੀ. ਟੀ. ਵੀ. ਵਾਲਿਆਂ ਦੇ ਸਟੂਡੀਓ ਵਿੱਚ ਇੰਟਰਵਿਉ ਚੱਲ ਰਹੀ ਸੀ ਉਸ ਦਿਨ ਸਾਨੂੰ ਬੀਜ਼ਿੰਗ ਵਿੱਚ ਕੰਮ ਕਰਦੀ `ਚਾਈਨਾ ਐਂਟੀਕਲਟ ਐਸੋਸ਼ੀਏਸ਼ਨ’ ਦੇ ਪ੍ਰਧਾਨ ਸ਼ੀਮਾ ਨੈਣ ਨੇ ਰਾਤ ਦੇ ਭੋਜਨ ਦਾ ਸੱਦਾ ਦਿੱਤਾ। ਨਿਸ਼ਚਿਤ ਦਿਨ ਅਤੇ ਸਮੇਂ `ਤੇ ਚੰਦਰਮਾ ਆਪਣੇ ਇੱਕ ਦੋਸਤ ਨੂੰ ਕਾਰ ਸਮੇਤ ਲੈ ਆਈ ਅਤੇ ਅਸੀਂ ਚਾਰੇ ਨਿਸ਼ਚਿਤ ਸਥਾਨ `ਤੇ ਪੁੱਜ ਗਏ। ਇਹ ਇੱਕ ਬਹੁਤ ਵੱਡਾ ਹੋਟਲ ਸੀ। ਸਾਡੇ ਨਾਲ ਇਸ ਪਾਰਟੀ ਵਿੱਚ ਡਾ. ਵਾਂਗ-ਯੂ-ਸੈਂਗ ਜਿਹੜਾ ਕਿ `ਚਾਈਨਾ ਸਾਇੰਸ ਐਂਡ ਟੈਕਨਾਲੋਜੀ’ ਮਿਉਜ਼ੀਅਮ ਦਾ ਡਾਇਰੈਕਟਰ ਜਨਰਲ ਸੀ। ਪ੍ਰੋ. ਗੋ-ਯੈਂਗ-ਜ਼ੀ ਜਿਹੜਾ ਚਾਈਨਾ ਦੇ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਮਹਿਕਮੇ ਦਾ ਮੋਢੀ ਸੀ ਅਤੇ ਇੱਕ ਜਾਦੂਗਰਨੀ ਯੂ-ਕਾਈ ਅਤੇ ਪ੍ਰੋ. ਲਾਈ-ਯਾਂਗ ਜਿਹੜਾ ਕਿ ਇੱਕ ਰਿਸਾਲੇ ‘ਬਿਉੂ-ਪੁਆਇੰਟ’ ਦਾ ਸੰਪਾਦਕ ਸੀ ਅਤੇ ਹੋਰ ਅੱਧੀ ਦਰਜਨ ਦੇ ਕਰੀਬ ਮੈਂਬਰ ਸ਼ਾਮਿਲ ਸਨ। ਲਗਭਗ ਦੋ ਵੀਡੀਓ ਕੈਮਰੇ ਵਾਲੇ ਅਤੇ ਦੋ ਫੋਟੋਗ੍ਰਾਫਰ ਇਸ ਰਾਤ ਦੇ ਖਾਣੇ ਦੀਆਂ ਫੋਟੋਆਂ ਲੈਣ ਲਈ ਹਾਜ਼ਰ ਸਨ। ਗੱਲਾਂ-ਬਾਤਾਂ ਰਾਹੀਂ ਉਹਨਾਂ ਨੇ ਸਾਥੋਂ ਸਾਡੀ ਜਥੇਬੰਦੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਸੰਸਾਰ ਵਿੱਚ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰਦੀਆਂ ਤਰਕਸ਼ੀਲ ਜਥੇਬੰਦੀਆਂ ਬਾਰੇ ਵੀ ਗੱਲਬਾਤ ਹੋਈ। ਚੀਨ ਦੀ ਜਥੇਬੰਦੀ ਨੇ ਸਾਨੂੰ ਦੱਸਿਆ ਕਿ ਅਗਲੇ ਸਾਲ ਉਹ ਸੰਸਾਰ ਪੱਧਰ ਦੇ ਤਰਕਸ਼ੀਲਾਂ ਦੀ ਇੱਕ ਮੀਟਿੰਗ ਬੀਜ਼ਿੰਗ ਵਿੱਚ ਬੁਲਾਉਣ ਜਾ ਰਹੇ ਹਨ। ਇਸ ਸਬੰਧੀ ਉਹ ਸਾਨੂੰ ਵੀ ਸੱਦਾ-ਪੱਤਰ ਭੇਜਣਗੇ। ਉਹਨਾਂ ਨੇ ਸਾਡੇ ਲਈ ਰਾਤ ਦੇ ਇਸ ਖਾਣੇ ਦਾ ਪ੍ਰਬੰਧ ਇੱਕ ‘ਪੰਜ-ਤਾਰਾ’ ਸ਼ਾਨਦਾਰ ਹੋਟਲ ਵਿੱਚ ਕੀਤਾ ਹੋਇਆ ਸੀ ਤੇ ਇਸ ਰਾਤੀ-ਭੋਜ ਤੇ ਉਹਨਾਂ ਨੇ ਲਗਭਗ 35,000 ਰੁਪਏ ਦਾ ਖਰਚਾ ਇੱਕ ਖਾਣੇ ੳੁੱਪਰ ਹੀ ਕਰ ਦਿੱਤਾ। ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਡੀ ‘ਤਰਕਸ਼ੀਲ ਸੁਸਾਇਟੀ ਭਾਰਤ’ ਦਾ ਦੋ ਸਾਲਾਂ ਦਾ ਬਜਟ ਸਿਰਫ 12,000 ਰੁਪਏ ਹੈ, ਪਰ ਤੁਸੀਂ ਕੁਝ ਬੰਦਿਆਂ ਦੇ ਖਾਣੇ ਤੇ ਹੀ 35,000 ਰੁਪਏ ਖਰਚ ਕਰ ਦਿੱਤੇ ਹਨ ਤਾਂ ਉਹ ਕਹਿਣ ਲੱਗੇ ਕਿ, ‘‘ਮਹਿਮਾਨਾਂ ਦਾ ਆਦਰ-ਸਤਿਕਾਰ ਕਰਨਾ ਸਾਡੇ ਲਈ ਅਹਿਮ ਹੈ। ਸਰਕਾਰ ਵੱਲੋਂ ਵੱਡੀਆਂ ਗ੍ਰਾਂਟਾਂ ਸਾਨੂੰ ਇਸ ਕੰਮ ਲਈ ਮਿਲਦੀਆਂ ਹਨ।’’ ਇਸ ਫੰਕਸ਼ਨ ਵਿੱਚ ਅਸੀਂ ਆਪਣੇ ਵੱਲੋਂ ਡਾਕਟਰ ਕਾਵੂਰ ਦੀਆਂ ਅੰਗਰੇਜ਼ੀ ਵਿੱਚ ਲਿਖੀਆਂ ਕੁਝ ਕਿਤਾਬਾਂ ਦੇ ਸੈੱਟ ਉਹਨਾਂ ਨੂੰ ਭੇਟ ਕੀਤੇ। ਬੀਜ਼ਿੰਗ ਦੇ ਤਰਕਸ਼ੀਲਾਂ ਵੱਲੋਂ ਸਾਨੂੰ ਵੀ ਸ਼ੀਮਾ ਨੈਣ ਵੱਲੋਂ ਤਿਆਰ ਕੀਤੀਆਂ ਗਈਆਂ ਵੀਡੀਓ ਸੀ. ਡੀਜ਼ ਦਾ ਇੱਕ ਸੈੱਟ ਅਤੇ ਚਾਈਨਾ ‘ਦਿ ਕਲਟ ਐਸੋਸੀਏਸ਼ਨ’ ਵੱਲੋਂ ਆਪਣੀ ਪਲੇਠੀ ਕਿਤਾਬ ਦੀਆਂ ਦੋ ਕਾਪੀਆਂ ਸਾਨੂੰ ਭੇਟ ਕੀਤੀਆਂ। ਇਸ ਰਾਤ ਦੇ ਖਾਣੇ ਲਈ ਸਾਡੀ ਦੋ-ਭਾਸ਼ੀਆ ਚੰਦਰਿਮਾ ਨੇ ਸਾਨੂੰ ਪਹਿਲਾਂ ਹੀ ਹਦਾਇਤ ਕਰ ਦਿੱਤੀ ਸੀ ਕਿ ਇਹ ਖਾਣਾ ਲਗਭਗ 3 ਘੰਟੇ ਚੱਲੇਗਾ। ਤੁਸੀਂ ਹੌਲੀ-ਹੌਲੀ ਖਾਂਦੇ ਰਹਿਣਾ। ਜੇ ਰੁਕ ਗਏ ਤਾਂ ਚੀਨੀ ਇਸ ਗੱਲ ਦਾ ਬੁਰਾ ਮਨਾਉਂਦੇ ਹਨ ਕਿ ਸਾਡਾ ਮਹਿਮਾਨ ਖਾ-ਪੀ ਨਹੀਂ ਰਿਹਾ ਹੈ।
ਉਂਝ ਇਹਨਾਂ ਦਾਅਵਤਾਂ ਦਾ ਮੰਤਵ ਗੱਲਾਂ ਬਾਤਾਂ ਕਰਨਾ ਹੀ ਹੁੰਦਾ ਹੈ। ਇਸ ਦਾਅਵਤ ਵਿੱਚ ਸ਼ੀਮਾ ਨੈਣ ਨੇ ਚਮਚੇ ਤੋੜਨ-ਮਰੋੜਨ ਦੇ ਟ੍ਰਿੱਕ ਦੀ ਸਾਨੂੰ ਪ੍ਰੈਕਟਿਸ ਕਰਵਾਈ। ਜਗਦੇਵ ਨੇ ਵੀ ਕੁਝ ਟ੍ਰਿੱਕਾਂ ਦੀ ਜਾਣਕਾਰੀ ਸਾਨੂੰ ਦਿੱਤੀ। ਦਾਅਵਤ ਵਿੱਚ ਸ਼ਾਮਿਲ ਜਾਦੂਗਰਨੀ ਯੂ-ਕਾਈ ਨੇ ਜਗਦੇਵ ਨੂੰ ਕਿਹਾ ਕਿ ਉਹ ਉਸ ਤੋਂ ਕੁਝ ਟ੍ਰਿੱਕਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹੈ ਅਤੇ ਇਸ ਤਰ੍ਹਾਂ ਹੀ ਕੁਝ ਟ੍ਰਿੱਕਾਂ ਬਾਰੇ ਜਾਣਕਾਰੀ ਦੇਣਾ ਵੀ ਚਾਹੁੰਦੀ ਹੈ। ਅਸੀਂ ਉਸਨੂੰ ਅਗਲੇ ਦਿਨ ਸਾਡੇ ਕਮਰੇ ਵਿੱਚ ਹਾਜ਼ਰ ਹੋਣ ਲਈ ਕਿਹਾ। ਇਸੇ ਦਾਅਵਤ ਵਿੱਚ ਸਾਨੂੰ ਚੀਨ ਵਿਚਲੀ ਤਰਕਸ਼ੀਲਾਂ ਦੀ ਜਥੇਬੰਦੀ ਦੀ ਜਾਣਕਾਰੀ ਪ੍ਰਾਪਤ ਹੋਈ, ਜੋ ਹੇਠ ਲਿਖੇ ਅਨੁਸਾਰ ਹੈ। ਚੀਨ ਦੀ ‘ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ’ ਨੇ ਆਪਣੀ 30 ਅਕਤੂਬਰ 1999 ਦੀ ਮੀਟਿੰਗ ਵਿੱਚ ਕੀਤੇ ਇੱਕ ਫੈਸਲੇ ਰਾਹੀਂ ਚੀਨ ਵਿੱਚੋਂ ‘ਈਵਲਕਲਟ ਜਥੇਬੰਦੀਆਂ’ ਨੂੰ ਕਾਨੂੰਨ ਵਿਰੋਧੀ ਕਰਾਰ ਦੇ ਦਿੱਤਾ ਸੀ। ਇਸ ਲਈ ਉਹਨਾਂ ਨੇ ‘ਫਾਲਨ ਗੌਂਗ’ ਦੀ ‘ਡਾਟਾ ਰਿਸਰਚ ਸੁਸਾਇਟੀ’ ਦੇ ਕਾਰਕੁਨਾਂ ਲਾਈ-ਚਾਂਗ, ਵਾਂਗ-ਜ਼ਾਈ-ਵੈਨ, ਜਾਈ-ਲਾਈ-ਵੂ ਅਤੇ ਜਾ-ਓ-ਜਾਈ ਨੂੰ ਉਹਨਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਲਈ ਲੰਬੀਆਂ ਸਜ਼ਾਵਾਂ ਦੇ ਦਿੱਤੀਆਂ।
ਫਾਲਨ-ਗੌਂਗ ਦੇ ਸੱਤ ਕਾਰਕੁਨਾਂ ਨੇ ਤਿਆਨਮਿਨ ਚੌਕ ਵਿੱਚ 23 ਜਨਵਰੀ 2001 ਨੂੰ ਆਪਣੇ-ਆਪ ਨੂੰ ਅੱਗ ਲਾ ਲਈ ਸੀ। ਇਹਨਾਂ ਦੇ ਆਗੂ ਲਾਈ-ਹੌਂਗ-ਜੀ ਨੇ ਕਿਹਾ ਸੀ ਕਿ ‘‘ਇਸ ਤਰ੍ਹਾਂ ਤੁਸੀਂ ਮੁਕਤੀ ਪ੍ਰਾਪਤ ਕਰਕੇ ਸਵਰਗ ਵਿੱਚ ਪਹੁੰਚ ਜਾਵੋਗੇ।’’ ਇਹਨਾਂ ਸੱਤ ਕਾਰਕੁਨਾਂ ਵਿੱਚ ਇੱਕ 12 ਸਾਲਾ ਚੁਲਬੁਲੀ ਲੜਕੀ ਲਾਈ-ਸਾਈਂਗ ਵੀ ਸੀ। ਉਸਨੂੰ ਵਿਸ਼ਵਾਸ ਸੀ ਕਿ ਸਵਰਗ ਵਿੱਚ ਫਰਸ਼ ਵੀ ਸੋਨੇ ਦੇ ਹੁੰਦੇ ਹਨ। ਇਸ ਤਰ੍ਹਾਂ ਇੱਕ 19 ਸਾਲਾ ਲੜਕੀ ਚੈਨ-ਗੂਓ ਵੀ ਸੀ ਜਿਹੜੀ ਵਧੀਆ ਢੰਗ ਨਾਲ ਬੰਸਰੀ ਵਜਾ ਸਕਦੀ ਸੀ ਤੇ ਗਾ ਸਕਦੀ ਸੀ। ਫਾਲਨ-ਗੌਂਗ ਦੀਆਂ ਘਟਨਾਵਾਂ ਸਿਰਫ ਚੀਨ ਤੱਕ ਹੀ ਸੀਮਤ ਨਹੀਂ ਹਨ ਬਲਕਿ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਵੀ ਅਜਿਹਾ ਕੁਝ ਵਾਪਰਦਾ ਰਹਿੰਦਾ ਹੈ।
28 ਜਨਵਰੀ 1993 ਨੂੰ 24 ਬੱਚਿਆਂ ਸਮੇਤ 86 ਵਿਅਕਤੀਆਂ ਨੇ ਆਪਣੇ-ਆਪ ਨੂੰ ਅੱਗ ਲਾ ਲਈ ਸੀ। ਉਹ ਡੈਬਡੀਅਨ ਕਾਸਟ ਨਾਲ ਸਬੰਧਿਤ ਸਨ। ਦੱਖਣੀ ਅਮਰੀਕਾ ਵਿੱਚ ਨਵੰਬਰ 1978 ਵਿੱਚ 276 ਬੱਚਿਆਂ ਸਮੇਤ 914 ਅਜਿਹੇ ਚੇਲਿਆਂ ਨੇ ਪੋਟਾਸ਼ੀਅਮ ਸਾਇਆਨਾਈਡ ਖਾ ਕੇ ਖੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ 21 ਮਾਰਚ 1995 ਨੂੰ ਜਪਾਨ ਵਿੱਚ ‘ਓਮ ਟਰੁੱਥ ਸੈਕਟ’ ਦੇ ਵਰਕਰਾਂ ਨੇ ਇੱਕ ਚਲਦੀ ਹੋਈ ਗੱਡੀ ਵਿੱਚ ਗੈਸ ਛੱਡ ਕੇ 12 ਬੰਦਿਆਂ ਨੂੰ ਮਾਰ ਦਿੱਤਾ ਸੀ ਤੇ 5500 ਨੂੰ ਗੈਸ ਚੜ੍ਹ ਗਈ ਸੀ।
ਯੂਗਾਂਡਾ ਵਿੱਚ 17 ਮਾਰਚ 2000 ਨੂੰ ਅਜਿਹੇ ਇੱਕ ਕਲਟ ਦੇ 530 ਮੈਂਬਰਾਂ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ।
ਸਾਰੇ ਸੰਸਾਰ ਵਿੱਚ ਮਾਨਵੀ ਅਧਿਕਾਰ ਮਨੁੱਖਾਂ ਦੇ ਮੁਢਲੇ ਅਧਿਕਾਰ ਹਨ। ਚੀਨ ਵੀ ਯੂ. ਐਨ. ਓ. ਦੇ ਮਾਨਵੀ ਅਧਿਕਾਰਾਂ ਬਾਰੇ ਯਤਨਾਂ ਦਾ ਪ੍ਰਸੰਸਕ ਹੈ ਅਤੇ ਆਪਣੇ ਦੇਸ਼ ਵਿੱਚ ਇਹਨਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ।
ਇਸੇ ਤਰ੍ਹਾਂ ਜੀਵਨ-ਨਿਰਬਾਹ ਕਰਨ ਦਾ ਅਧਿਕਾਰ ਵੀ ਮਾਨਵੀ ਅਧਿਕਾਰਾਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਆਜ਼ਾਦੀ ਅਤੇ ਵਿਕਾਸ ਦਾ ਅਧਿਕਾਰ ਵੀ ਮਾਨਵੀ ਅਧਿਕਾਰਾਂ ਵਿੱਚ ਸ਼ਾਮਿਲ ਹੈ। ਚੀਨ ਦਾ ਵਿਧਾਨ ਕਹਿੰਦਾ ਹੈ ਕਿ ਚੀਨੀ ਗਣਰਾਜ ਦੀਆਂ ਸਾਰੀਆਂ ਸ਼ਕਤੀਆਂ ਲੋਕਾਂ ਦੀਆਂ ਹਨ। ਲੋਕ ਹੀ ਦੇਸ਼ ਦੇ ਮਾਲਕ ਹਨ। ਉਹ ਯਕੀਨ ਕਰਦੇ ਹਨ ਕਿ ਅਜਿਹਾ ਸੰਸਾਰ ਜਿਸ ਵਿੱਚ ਸਾਰਿਆਂ ਨੂੰ ਜਮਹੂਰੀਅਤ, ਬਰਾਬਰੀ ਅਤੇ ਆਜ਼ਾਦੀ ਦੇ ਸਾਰੇ ਅਧਿਕਾਰ ਹੋਣਗੇ, ਹੀ ਵਧੀਆ ਸੰਸਾਰ ਹੋਵੇਗਾ।
ਚੀਨ ਵਿੱਚ ਇਨ੍ਹਾਂ ਬੁਰੇ ਕਲਟਾਂ ਨੇ 1980 ਤੋਂ ਬਾਅਦ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਲਟਾਂ ਵਿੱਚ ਕਿੰਗ ਸੈਕਟ, ਹਾਉਲਿੰਗ ਸੈਕਟ, ਸੁਪਰੀਮ ਗਾਡ, ਧਰਮਾ ਅਤੇ ਫਾਲਨ-ਗੌਂਗ ਸ਼ਾਮਿਲ ਹਨ। ਪਹਿਲਾਂ ਇਹਨਾਂ ਦੀਆਂ ਹਰਕਤਾਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਸੀਮਤ ਸਨ ਪਰ 1990 ਤੋਂ ਬਾਅਦ ਇਹਨਾਂ ਨੇ ਲਗਭਗ ਸਾਰੇ ਸ਼ਹਿਰਾਂ ਵਿੱਚ ਪੈਰ ਜਮਾ ਲਏ। ਵਿਚਾਰਧਾਰਕ ਤੌਰ `ਤੇ ਇਹਨਾਂ ਦੀਆਂ ਤਿੰਨ ਕਿਸਮਾਂ ਸਨ।
1. ਅਜਿਹੇ ਮੱਤ ਜਿਹੜੇ ਬਾਈਬਲ ਵਿੱਚੋਂ ਜਾਂ ਕਿਸੇ ਹੋਰ ਧਾਰਮਿਕ ਪੁਸਤਕ ਵਿੱਚੋਂ ਇੱਕ ਜਾਂ ਦੋ ਸ਼ਬਦਾਂ ਨੂੰ ਚੁਣ ਲੈਂਦੇ ਅਤੇ ਇਹਨਾਂ ਦੇ ਆਗੂ ਆਪਣੇ ਘਟੀਆ ਸੁਆਰਥਾਂ ਦੀ ਪੂਰਤੀ ਲਈ ਲੋਕਾਂ ਨੂੰ ਇਹਨਾਂ ਸ਼ਬਦਾਂ ਰਾਹੀਂ ਗੁਮਰਾਹ ਕਰਨਾ ਸ਼ੁਰੂ ਕਰ ਦਿੰਦੇ।
2. ਅਜਿਹੇ ਮੱਤ ਬੋਧੀ ਮੱਤ, ਤਾਓਇਜ਼ਮ ਜਾਂ ਕਨਫਿਉਸੀਅਸੀ ਮੱਤ ਵਿੱਚੋਂ ਕੁਝ ਗੱਲਾਂ ਨੂੰ ਚੁਣ ਲੈਂਦੇ ਜਿਵੇਂ ਸਾਕਾਹਾਰੀ ਸਾਧਨਾ, ਸਮਾਧੀ ਆਦਿ। ਇਸ ਰਾਹੀਂ ਲੋਕਾਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੰਦੇ।
3. ਇਸ ਵਿੱਚ ਮਾਨਵੀ ਸਰੀਰਕ ਵਿਗਿਆਨ ਨੂੰ ਲਿਆ ਜਾਂਦਾ ਸੀ ਜਿਵੇਂ ਸਾਹ ਰੋਕਣਾ, ਹਵਾ ਵਿੱਚ ਉੱਡਣਾ। ਇਹ ਪਾਖੰਡ ਸਾਰੇ ਸੰਸਾਰ ਵਿੱਚ ਵੱਖ-ਵੱਖ ਨਾਵਾਂ ਥੱਲੇ ਚਲਦੇ ਹੋਏ ਲਗਭਗ ਇੱਕ ਹੀ ਹਨ।
(1) ਇਹ ਸਾਰੇ ਅਗਲੇ ਜਨਮ ਵਿੱਚ ਸਵਰਗ ਪ੍ਰਾਪਤੀ ਲਈ ਆਪਣੇ ਸ਼ਰਧਾਲੂਆਂ ਨੂੰ ਇਸ ਜ਼ਿੰਦਗੀ ਵਿਚਲੀਆਂ ਐਸ਼ੋ-ਇਸ਼ਰਤਾਂ ਨੂੰ ਛੱਡਣ ਲਈ ਕਹਿੰਦੇ ਹਨ। ਕੁਝ ਤਾਂ ਆਪਣੇ ਚੇਲਿਆਂ ਨੂੰ ਖੁਦਕੁਸ਼ੀਆਂ ਕਰਵਾਉਣ ਤੱਕ ਲੈ ਜਾਂਦੇ ਹਨ। ਜਿਵੇਂ 18 ਨਵੰਬਰ 1978 ਨੂੰ 914 ਸ਼ਰਧਾਲੂਆਂ ਨੇ ਜ਼ਹਿਰ ਪੀਣ ਵੇਲੇ ਆਪਣੇ ਗੁਰੂ ਜੌਂਜ ਨੂੰ ਕਿਹਾ ਸੀ, ‘‘ਗੁਰੂ ਜੀ, ਹੁਕਮ ਦਿਓ ਅਸੀਂ ਮੌਤ ਤੱਕ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ।’’
(2) ਇਹ ਮੱਤ ਆਮ ਤੌਰ `ਤੇ ਮਨੁੱਖੀ ਰਿਸ਼ਤਿਆਂ ਵਿੱਚ ਪਿਆਰ ਘੱਟ ਕਰਨ ਲਈ ਕਹਿੰਦੇ ਹਨ। ਕੁਝ ਮੱਤ ਵਿਆਹ ਕਰਨੋਂ ਰੋਕਦੇ ਹਨ। ਕੁੜੀਆਂ, ਮੁੰਡਿਆਂ ਨੂੰ ਕੁਆਰੇ ਰਹਿਣ ਲਈ ਪ੍ਰੇਰਨਾ ਦਿੰਦੇ ਹਨ। ਕੁਝ ਕਾਮ ਨੂੰ ਘੱਟ ਕਰਨ ਲਈ ਕਹਿੰਦੇ ਹਨ।
(3) ਅਜਿਹੇ ਮੱਤਾਂ ਵਿੱਚ ਜਮਹੂਰੀਅਤ ਨਹੀਂ ਸਗੋਂ ਡਿਕਟੇਟਰਸ਼ਿਪ ਹੁੰਦੀ ਹੈ। ਗੁਰੂ ਦਾ ਹੁਕਮ ਚਲਦਾ ਹੈ।
ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ 13 ਨਵੰਬਰ 2000 ਨੂੰ `ਚਾਈਨਾ ਕਲਟ ਵਿਰੋਧੀ’ ਜਥੇਬੰਦੀ ਦੀ ਸਥਾਪਨਾ ਕੀਤੀ ਗਈ। ਇਸ ਜਥੇਬੰਦੀ ਵਿੱਚ ਵਿਗਿਆਨ ਅਤੇ ਟੈਕਨਾਲੋਜੀ ਦੇ ਮਾਹਿਰ ਵਿਗਿਆਨਕ, ਪੱਤਰਕਾਰ, ਵਕੀਲ, ਡਾਕਟਰ ਮੈਂਬਰ ਲਏ ਗਏ। ਇਹ ਐਸੋਸੀਏਸ਼ਨ ਚੀਨ ਵਿੱਚ ਇਹਨਾਂ ਬੁਰੇ ਕਲਟਾਂ ਦਾ ਖੁਰਾ-ਖੋਜ ਮਿਟਾਉਣ ਲਈ ਅਤੇ ਇਸ ਖੇਤਰ ਵਿੱਚ ਖੋਜ-ਪੜਤਾਲ ਕਰਵਾਉਣ ਲਈ ਵਚਨਬੱਧ ਹੈ।
23 ਦਸੰਬਰ 2000 ਨੂੰ ਇਸਦੀ ਪਹਿਲੀ ਮੀਟਿੰਗ ਹੋਈ। ਜਿਸ ਵਿੱਚ ਮੁੱਖ ਏਜੰਡੇ ਸਨ 1. ਬੁਰੇ ਕਲਟਾਂ `ਤੇ ਕਾਬੂ ਪਾਉਣਾ, 2. ਮਾਨਵੀ ਅਧਿਕਾਰਾਂ ਦੀ ਰੱਖਿਆ ਕਰਨਾ, 3. ਦੇਸ਼ ਵਿੱਚ ਬੁਰੇ ਕਲਟਾਂ ਦੀ ਮੌਜੂਦਾ ਹਾਲਤ ਬਾਰੇ ਅਧਿਐਨ ਕਰਨਾ ਅਤੇ ਇਹਨਾਂ `ਤੇ ਕਾਬੂ ਪਾਉਣ ਲਈ ਸਰਕਾਰ ਨੂੰ ਸੁਝਾਉ ਦੇਣਾ। ਇਸੇ ਦਿਨ ਉਨ੍ਹਾਂ ਨੇ `ਚਾਈਨਾ ਐਂਟੀਕਲਟ ਬੈਵਸਾਈਟ’ ਵੀ ਬਣਾਈ। ਇਸ ਜਥੇਬੰਦੀ ਨੇ ਜਨਵਰੀ 2001 ਵਿੱਚ ਬੁਰੇ ਕਲਟ ਸਬੰਧੀ ਦਸ ਲੱਖ ਹਸਤਾਖਰ ਕਰਵਾਉਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ।
1 ਫਰਵਰੀ 2001 ਨੂੰ ਚਾਈਨਾ ਕਲਟ ਵਿਰੋਧੀ ਜਥੇਬੰਦੀ ਨੇ ਸਮਾਜਿਕ ਖੇਤਰ ਦੀਆਂ ਵੱਖ-ਵੱਖ ਸਖਸ਼ੀਅਤਾਂ ਨੂੰ ਫਾਲਨ ਗੌਂਗ ਦੇ ਕਾਰਿਆਂ ਦਾ ਵਿਰੋਧ ਕਰਨ ਲਈ ਸੱਦਿਆ। ਅੱਜਕੱਲ੍ਹ ਇਸ ਜਥੇਬੰਦੀ ਦੀਆਂ ਬ੍ਰਾਂਚਾਂ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਨ। ਸਾਨੂੰ ਵੀ ਇਸੇ ਜਥੇਬੰਦੀ ਦੇ ਸੁਝਾਉ ਤੇ ਬੁਲਾਇਆ ਗਿਆ। ਇਸ ਦਾਅਵਤ ਦੇ ਅੰਤ ਵਿੱਚ ਚੀਨ ਦੀ ਤਰਕਸ਼ੀਲਾਂ ਦੀ ਜਥੇਬੰਦੀ ਵੱਲੋਂ ਸਾਡੇ ਰਾਹੀਂ ਭਾਰਤੀ ਲੋਕਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਗਿਆ ਕਿ ‘‘ਚੀਨ ਵੀ ਵੱਧ ਆਬਾਦੀ ਵਾਲਾ ਦੇਸ਼ ਹੈ। ਭਾਰਤ ਦੀ ਆਬਾਦੀ ਵੀ ਬਹੁਤ ਹੈ। ਇਸ ਲਈ ਦੋਹਾਂ ਦੇਸ਼ਾਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਹੋਣ ਕਰਕੇ ਇਹਨਾਂ ਦੇਸ਼ਾਂ ਦੇ ਲੋਕਾਂ ਵਿੱਚ ਦੋਸਤੀ ਹੋਣੀ ਹੀ ਚਾਹੀਦੀ ਹੈ।’’
27 ਮਈ ਨੂੰ ਠੀਕ 10 ਵਜੇ ਦੇ ਨਿਸ਼ਚਿਤ ਸਮੇਂ ਤੇ ਸਾਡੇ ਕਮਰੇ ਦੀ ਘੰਟੀ ਵੱਜੀ। ਉਹ ਜਾਦੂਗਰਨੀ ਹਾਜ਼ਰ ਸੀ, ਜਿਸਦਾ ਅਸੀਂ ਇੰਤਜ਼ਾਰ ਕਰ ਰਹੇ ਸੀ। ਦੇਖਣ ਨੂੰ ਤਾਂ ਇਸ ਇਸਤਰੀ ਦੀ ਉਮਰ 20-22 ਸਾਲਾਂ ਦੀ ਨਜ਼ਰ ਆਉਂਦੀ ਸੀ ਪਰ ਉਸਦੇ ਦੱਸਣ ਅਨੁਸਾਰ ਉਸਦੀ ਉਮਰ 38 ਸਾਲ ਸੀ। ਉਹ ਆਪਣੇ 12 ਸਾਲ ਦੇ ਲੜਕੇ ਨਾਲ ਬੀਜ਼ਿੰਗ ਵਿੱਚ ਆਪਣੇ ਘਰ ਵਿੱਚ ਰਹਿ ਰਹੀ ਸੀ। ਉਸਦਾ ਪਤੀ ਹਾਂਗ-ਕਾਂਗ ਵਿਖੇ ਕਿਸੇ ਦਫਤਰ ਵਿੱਚ ਮੁਲਾਜ਼ਮ ਸੀ। ਉਸਨੇ ਆਪਣੇ ਪਤੀ ਦੇ ਪਿਤਾ ਜੀ ਤੋਂ ਜਾਦੂ ਦੇ ਕੰਮ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਸੀ। ਚੀਨੀ ਰਵਾਇਤਾਂ ਅਨੁਸਾਰ ਤੋਹਫੇ ਦੇ ਤੌਰ `ਤੇ ਉਹ ਬਹੁਤ ਹੀ ਸ਼ਾਨਦਾਰ ਡੱਬਿਆਂ ਵਿੱਚ ਬੰਦ ਚੀਨ ਦੀ ਦੇਸੀ ਸ਼ਰਾਬ ਦੀਆਂ ਦੋ ਬੋਤਲਾਂ ਸਾਡੇ ਦੋਹਾਂ ਲਈ ਲੈ ਕੇ ਆਈ ਸੀ। ਉਸਨੇ ਕਿਹਾ ਕਿ, ‘‘ਮੈਂ ਤੁਹਾਨੂੰ ਜਾਦੂ ਦੀਆਂ ਆਈਟਮਾਂ ਸਿਖਾਉਣਾ ਚਾਹੁੰਦੀ ਹਾਂ ਅਤੇ ਤੁਹਾਥੋਂ ਕੁਝ ਸਿੱਖਣਾ ਵੀ ਚਾਹੁੰਦੀ ਹਾਂ।’’
ਚੀਨ ਵਿੱਚ ਇਸਤਰੀਆਂ ਨੂੰ ਏਨੀ ਆਜ਼ਾਦੀ ਹੈ ਕਿ ਉਹ ਕਿਤੇ ਵੀ ਦਿਨ-ਰਾਤ ਆਜ਼ਾਦੀ ਨਾਲ ਘੁੰਮ ਸਕਦੀਆਂ ਹਨ। ਉਹਨਾਂ ਦੀ ਸਹਿਮਤੀ ਤੋਂ ਬਗੈਰ ਕੋਈ ਵੀ ਮਰਦ ਉਨ੍ਹਾਂ ਨੂੰ ‘ਓਏ’ ਤੱਕ ਨਹੀਂ ਕਹਿ ਸਕਦਾ। ਇਹ ਜਾਦੂਗਰਨੀ ਸਾਡੇ ਕਮਰੇ ਵਿੱਚ ਦੋ ਮਰਦਾਂ ਕੋਲ ਇਕੱਲੀ ਹੀ ਆਈ ਸੀ। ਅਜਿਹੇ ਮੌਕਿਆਂ `ਤੇ ਭਾਰਤੀ ਇਸਤਰੀਆਂ ਤਾਂ ਆਪਣੇ ਨਾਲ ਇੱਕ-ਦੋ ਸਹਿਯੋਗੀਆਂ ਨੂੰ ਲਏ ਬਗੈਰ ਨਹੀਂ ਤੁਰਦੀਆਂ। ਤੇ ਬਿਨਾਂ ਕਿਸੇ ਗੱਲ ਤੋਂ ਸੰਗਦੀਆਂ ਰਹਿੰਦੀਆਂ ਹਨ। ਅਸਲ ਵਿੱਚ ਉਹਨਾਂ ਨੂੰ ਭਾਰਤੀ ਮਰਦਾਂ ਤੇ ਇਤਬਾਰ ਹੀ ਨਹੀਂ ਹੁੰਦਾ ਅਤੇ ਨਾ ਹੀ ਭਾਰਤੀ ਮਰਦ ਅਜਿਹੇ ਮੌਕਿਆਂ `ਤੇ ਕੋਈ ਛੇੜ-ਖਾਨੀ ਕਰੇ ਬਿਨਾਂ ਰਹਿ ਸਕਦੇ ਹਨ। ਇਸ ਜਾਦੂਗਰਨੀ ਜ਼ੂ-ਕਾਈ ਨੇ ਸਾਨੂੰ ਬਹੁਤ ਹੀ ਹੈਰਾਨੀਜਨਕ ਆਈਟਮਾਂ ਦਿਖਾਈਆਂ ਤੇ ਸਿਖਾਈਆਂ, ਜਿਵੇਂ ਹੱਥ ਵਿੱਚ ਫੜੇ ਰੁਮਾਲਾਂ ਦਾ ਫੁੱਲ ਬਣਾ ਕੇ ਪੇਸ਼ ਕਰਨਾ, ਜਾਂ ਗੇਂਦ ਨੂੰ ਹੱਥ ਵਿੱਚ ਹੀ ਅਲੋਪ ਕਰ ਦੇਣਾ ਤੇ ਪ੍ਰਗਟ ਕਰ ਦੇਣਾ। ਉਸਨੇ ਫਿਰ ਇੱਕ ਨੋਟ ਵਿਖਾਇਆ। ਉਸ ਵਿੱਚੋਂ ਇੱਕ ਪੈਨ ਆਰ-ਪਾਰ ਕੱਢ ਦਿੱਤਾ ਤੇ ਫਿਰ ਉਸ ਨੋਟ ਨੂੰ ਸਾਬਤ ਕਰ ਦਿੱਤਾ। ਫਿਰ ਉਸਨੇ ਕੁਝ ਰੁਮਾਲ ਲਏ। ਜਾਦੂ ਦੀ ਸਹਾਇਤਾ ਨਾਲ ਉਹਨਾਂ ਵਿੱਚ ਕੁਝ ਗੱਠਾਂ ਪਾ ਦਿੱਤੀਆਂ। ਫਿਰ ਉਸਨੇ ਇਹਨਾਂ ਗੱਠਾਂ ਨੂੰ ਗਾਇਬ ਕਰ ਦਿੱਤਾ। ਇਸ ਤੋਂ ਬਾਅਦ ਜਗਦੇਵ ਦੀ ਵਾਰੀ ਆਈ। ਉਸਨੇ ਵੀ ਬਹੁਤ ਸਾਰੀਆਂ ਆਈਟਮਾਂ ਕਰਕੇ ਉਸਨੂੰ ਦਿਖਾਈਆਂ ਅਤੇ ਸਿਖਾਈਆਂ। ਜਗਦੇਵ ਨਾਲ ਉਸਨੇ ਜਾਦੂ ਦੀਆਂ ਕੁਝ ਆਈਟਮਾਂ ਦੀ ਅਦਲਾ-ਬਦਲੀ ਵੀ ਕੀਤੀ। ਕਿਉਂਕਿ ਉਸ ਵਾਲੀਆਂ ਆਈਟਮਾਂ ਸਾਨੂੰ ਭਾਰਤ ਵਿੱਚੋਂ ਮਿਲਣੀਆਂ ਮੁਸ਼ਕਿਲ ਸਨ ਤੇ ਉਸਨੂੰ ਵੀ ਸਾਡੇ ਵਾਲੀਆਂ ਆਈਟਮਾਂ ਚਾਈਨਾ ਵਿੱਚੋਂ ਮਿਲ ਨਹੀਂ ਸਕਦੀਆਂ ਸਨ। ਇਸ ਦੌਰ ਦੇ ਅੰਤ ਵਿੱਚ ਅਸੀਂ ਹੇਠਾਂ ਰੈਸਟੋਰੈਂਟ ਵਿੱਚ ਗਏ ਅਤੇ ਦੁਪਹਿਰ ਦਾ ਖਾਣਾ ਇਕੱਠਿਆਂ ਨੇ ਖਾਧਾ। ਮੁੜ ਮਿਲਣ ਦਾ ਵਾਅਦਾ ਕਰਕੇ ਅਸੀਂ ਇੱਕ-ਦੂਜੇ ਤੋਂ ਵਿਦਾਇਗੀ ਲਈ।
ਚੀਨੀ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ, ‘‘ਦੋ ਦਿਨ ਤੁਸੀਂ ਆਪਣੀ ਮਰਜ਼ੀ ਨਾਲ ਬੀਜ਼ਿੰਗ ਵਿੱਚ ਜਿੱਥੇ ਚਾਹੋ ਜਾ ਸਕਦੇ ਹੋ। ਜੇ ਤੁਹਾਡੀ ਇੱਛਾ ਹੋਵੇ ਤਾਂ ਅਸੀਂ ਦੋਹਾਂ ਦੋ-ਭਾਸ਼ੀਆਂ ਨੂੰ ਜਾਂ ਇੱਕ ਦੋ-ਭਾਸ਼ੀਏ ਨੂੰ ਭੇਜ ਵੀ ਸਕਦੇ ਹਾਂ।’’ ਸੋ ਅਸੀਂ ਉਹਨਾਂ ਨੂੰ ਕਿਹਾ, ‘‘ਅਸੀਂ ਬਗੈਰ ਦੋ-ਭਾਸ਼ੀਆਂ ਦੇ ਹੀ ਫਿਰਨਾ-ਤੁਰਨਾ ਚਾਹਾਂਗੇ।’’ ਉਹਨਾਂ ਨੇ ਸਾਨੂੰ ਇੱਕ ਅਜਿਹਾ ਨਕਸ਼ਾ ਦੇ ਦਿੱਤਾ ਜਿਸ ਉੱਪਰ ਚੀਨੀ ਅਤੇ ਅੰਗਰੇਜ਼ੀ ਵਿੱਚ ਸਥਾਨਾਂ ਦੇ ਨਾਂ ਲਿਖੇ ਹੋਏ ਸਨ। ਉਹ ਕਹਿਣ ਲੱਗੇ ਕਿ ਕਿਸੇ ਵੀ ਚੀਨੀ ਟੈਕਸੀ ਡਰਾਈਵਰ ਨੂੰ ਤੁਸੀਂ ਇਹ ਨਕਸ਼ਾ ਦੇ ਦੇਵੋਗੇ ਤਾਂ ਉਹ ਤੁਹਾਨੂੰ ਸਬੰਧਿਤ ਸਥਾਨ `ਤੇ ਪਹੁੰਚਾ ਦੇਵੇਗਾ। ਉਹਨਾਂ ਦੀ ਇਹ ਵਿਉਂਤ ਸਾਡੇ ਬਹੁਤ ਕੰਮ ਆਈ। ਅਸੀਂ ਕੋਈ ਵੀ ਟੈਕਸੀ ਡਰਾਈਵਰ ਨੂੰ ਥਾਂ ਦੱਸ ਦਿੰਦੇ ਸਾਂ ਤੇ ਉਹ ਸਾਨੂੰ ਉੱਥੇ ਛੱਡ ਦਿੰਦਾ ਸੀ ਅਤੇ ਰਸੀਦ ਦੇ ਕੇ ਪੈਸੇ ਲੈ ਲੈਂਦਾ ਸੀ।
ਚੀਨ ਦੀ ਰਾਜਧਾਨੀ ਬੀਜ਼ਿੰਗ ਵਿੱਚ ਬਹੁਤ ਹੀ ਘੱਟ ਅਜਿਹੇ ਲੋਕ ਹਨ ਜਿਹੜੇ ਅੰਗਰੇਜ਼ੀ ਜਾਣਦੇ ਹਨ। ਸ਼ਾਇਦ ਹਜ਼ਾਰ ਮਗਰ ਇੱਕ ਹੀ ਹੋਵੇ।
ਤਿਆਨਮਿਨ ਚੌਕ ਵਿੱਚ ਘੁੰਮਦਿਆਂ ਇੱਕ ਲੜਕੀ ਨੇ ਮੈਨੂੰ ਆਖਿਆ ‘‘ਮੈਂ ਇੱਕ ਕਲਾਕਾਰ ਹਾਂ। ਮੈਂ ਬਹੁਤ ਸਾਰੀਆਂ ਪੇਂਟਿੰਗ ਬਣਾਈਆਂ ਹੋਈਆਂ ਹਨ। ਮੈਂ ਤੁਹਾਨੂੰ ਉਹ ਦਿਖਾਉਣਾ ਚਾਹੁੰਦੀ ਹਾਂ। ਸਾਡੀ ਇਹ ਪ੍ਰਦਰਸ਼ਨੀ ਤਿਆਨਮਿਨ ਚੌਕ ਤੋਂ ਸਿਰਫ 300 ਮੀਟਰ ਦੀ ਦੂਰੀ `ਤੇ ਹੈ, ਆਓ ਚੱਲੀਏ……।’’
ਮੈਂ ਵੀ ਅਜਿਹੀਆਂ ਕਲਾ-ਕ੍ਰਿਤਾਂ ਦੇਖਣੀਆਂ ਚਾਹੁੰਦਾ ਸਾਂ ਤਾਂ ਜੋ ਮੈਂ ਆਉਣ ਵਾਲੇ ਸਮੇਂ ਲਈ ਆਪਣੀਆਂ ਕਿਤਾਬਾਂ ਲਈ ਟਾਈਟਲਾਂ ਦੀ ਚੋਣ ਕਰ ਸਕਾਂ। ਸੋ ਮੈਂ ਖੁਸ਼ੀ-ਖੁਸ਼ੀ ਉਸ ਨਾਲ ਤੁਰ ਪਿਆ। ਉਹ ਮੈਨੂੰ ਇੱਕ ਬਹੁ-ਮੰਜ਼ਿਲੀ ਇਮਾਰਤ ਦੇ ਤਹਿਖਾਨੇ ਵਿੱਚ ਲੈ ਗਈ। ਉਸਦੇ ਅਧਿਆਪਕ ਅਤੇ ਕੁਝ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਹੋਇਆ ਸੀ। ਪ੍ਰਦਰਸ਼ਨੀ ਦੀਆਂ ਕਲਾ-ਕ੍ਰਿਤਾਂ ਪ੍ਰਸੰਸ਼ਾਯੋਗ ਸਨ। ਪਰ ਕਿਸੇ ਦੀ ਵੀ ਕੀਮਤ ਚਾਲੀ ਅਮਰੀਕੀ ਡਾਲਰਾਂ, ਭਾਵ ਦੋ ਹਜ਼ਾਰ ਭਾਰਤੀ ਰੁਪਿਆਂ ਤੋਂ ਘੱਟ ਨਹੀਂ ਸੀ। ਸਾਡੇ ਪਛੜੇ ਦੇਸ਼ਾਂ ਦੇ ਵਸਨੀਕਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਸੀ।

Exit mobile version