ਮੇਘ ਰਾਜ ਮਿੱਤਰ
ਇੰਝ ਇੱਕ ਦਿਨ ਉਹਨਾਂ ਨੇ ਸਾਨੂੰ ਕਿਹਾ ਕਿ ਅੱਜ ਅਸੀਂ ਤੁਹਾਨੂੰ ਬੱਤਖ ਖੁਆਵਾਂਗੇ। ਉਹ ਸਾਨੂੰ ਇੱਕ ਅਜਿਹੇ ਹੋਟਲ ਵਿੱਚ ਲੈ ਗਏ ਜਿਹੜਾ ਬੱਤਖ ਦੇ ਮੀਟ ਲਈ ਪ੍ਰਸਿੱਧ ਸੀ। ਉਸ ਹੋਟਲ ਵਿੱਚ ਅਜਿਹੇ ਵੇਟਰਾਂ ਦੀਆਂ ਵੱਡੀਆਂ-ਵੱਡੀਆਂ 10-12 ਤਸਵੀਰਾਂ ਲੱਗੀਆਂ ਹੋਈਆਂ ਸਨ ਜਿਹੜੇ ਆਪਣੇ-ਆਪਣੇ ਸਮਿਆਂ ਵਿੱਚ ਬੱਤਖ ਦਾ ਮੀਟ ਪਕਾਉਣ ਲਈ ਬੜੇ ਮਾਹਿਰ ਰਹੇ ਸਨ। ਉਹ ਇੱਕ ਜਿਉਂਦੀ ਬੱਤਖ ਲੈ ਆਏ। ਉਸ ਨੂੰ ਸਾਡੇ ਸਾਹਮਣੇ ਤੋਲਿਆ ਗਿਆ। ਫਿਰ ਉਹਨਾਂ ਨੇ ਅੱਧੇ ਘੰਟੇ ਬਾਅਦ ਇਹ ਬੱਤਖ ਸਾਡੇ ਸਾਹਮਣੇ ਲਿਆ ਰੱਖੀ। ਬਣਾਉਣ ਲਈ ਮਿਰਚ-ਮਸਾਲਾ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ। ਆਪਣੀ ਹੀ ਚਰਬੀ ਵਿੱਚ ਪਕਾਈ ਗਈ ਇਹ ਬੱਤਖ ਬਹੁਤ ਸੁਆਦਲੀ ਸੀ।
ਚੀਨੀਆਂ ਦੀ ਮੈਂ ਇੱਕ ਹੋਰ ਖੂਬੀ ਦਾ ਜ਼ਿਕਰ ਕਰੇ ਬਗੈਰ ਨਹੀਂ ਰਹਿ ਸਕਦਾ। ਉਹ ਹੋਟਲਾਂ ਵਿੱਚ ਵੀ ਖਾਣਾ ਵਿਅਰਥ ਨਹੀਂ ਜਾਣ ਦਿੰਦੇ। ਸਾਡਾ ਦੋ-ਭਾਸ਼ੀਆ ਪ੍ਰੋ. ਵਾਂਗ ਸੀ ਜਿਸਦਾ ਰੁਤਬਾ ਹਿੰਦੋਸਤਾਨ ਦੇ ਡਿਪਟੀ ਕਮਿਸ਼ਨਰ ਨਾਲੋਂ ਭੋਰਾ ਵੀ ਘੱਟ ਨਹੀਂ ਸੀ ਪ੍ਰੰਤੂ ਉਹ ਵੀ ਸਾਡੇ ਖਾਣ ਮਗਰੋਂ ਬਚਿਆ-ਖੁਚਿਆ ਖਾਣਾ ਤੇ ਸ਼ਰਾਬ ਪੈਕ ਕਰਵਾ ਕੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਲੈ ਜਾਂਦਾ ਸੀ। ਘਰ ਵਿੱਚ ਉਹਦੇ ਸਿਰਫ਼ ਚਾਰ ਜੀਅ ਸਨ। ਜਿਨ੍ਹਾਂ ਵਿੱਚ ਉਸਦੀ ਪ੍ਰੋ. ਪਤਨੀ ਅਤੇ ਦੋ ਨੌਜਵਾਨ ਬੇਟੇ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਇੱਕ ਡਾਕਟਰ ਅਤੇ ਇੱਕ ਵੱਡਾ ਵਪਾਰੀ ਸੀ।
ਚੀਨ ਵਿੱਚ ਮਾਓ ਸਮੇਂ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦਿੱਤੀ ਗਈ ਸੀ। ਸਮੂਹ ਕਾਮਿਆਂ ਮਜ਼ਦੂਰਾਂ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੇ ਕਮਿਊਨਾਂ ਵਿੱਚ ਹੀ ਅਲੱਗ-ਅਲੱਗ ਕੰਮਾਂ `ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਅੱਜਕੱਲ੍ਹ ਦੇ ਸਮੇਂ ਵਿੱਚ ਜਦੋਂ ਕਿ ਖੁੱਲ੍ਹੀ ਮੰਡੀ ਵਾਲੀਆਂ ਨੀਤੀਆਂ ਆ ਰਹੀਆਂ ਹਨ ਬਹੁਤ ਸਾਰੇ ਕਾਰਖਾਨੇ ਤੇ ਫੈਕਟਰੀਆਂ ਬੰਦ ਹੋ ਗਈਆਂ ਹਨ ਜਾਂ ਬੰਦ ਹੋਣ ਦੇ ਕਿਨਾਰੇ ਪੁੱਜੀਆਂ ਖੜ੍ਹੀਆਂ ਹਨ। ਅਜਿਹੇ ਕਾਰਖਾਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੰਦੇ ਹਨ ਪਰ ਉਹਨਾਂ ਨੂੰ ਤਨਖਾਹ ਦਿੰਦੇ ਰਹਿੰਦੇ ਹਨ, ਭੱਤੇ ਨਹੀਂ। ਭੱਤੇ ਵੀ ਲਗਭਗ ਤਨਖਾਹ ਦੇ ਬਰਾਬਰ ਦੇ ਹੀ ਹੁੰਦੇ ਹਨ। ਜਿਹੜੇ ਕਾਰਖਾਨੇ ਬਿਲਕੁਲ ਦਿਵਾਲੀਆ ਹੋ ਜਾਂਦੇ ਹਨ, ਉਹ ਆਪਣੇ ਮੁਲਾਜ਼ਮਾਂ ਨੂੰ ਕੱਢ ਦਿੰਦੇ ਹਨ ਪਰ ਉਹਨਾਂ ਦੀ ਰਜਿਸ਼ਟਰੇਸ਼ਨ ਭਲਾਈ ਵਿਭਾਗ ਕੋਲ ਹੋ ਜਾਂਦੀ ਹੈ ਜਿੱਥੋਂ ਉਹਨਾਂ ਨੂੰ ਹਰ ਮਹੀਨੇ 300 ਜੁਆਨ ਮਿਲਦੇ ਰਹਿੰਦੇ ਹਨ। ਜੁਆਨ ਚੀਨੀ ਕ੍ਰੰਸੀ ਹੈ ਜਿਸ ਵਿੱਚ 1 ਜੁਆਨ ਭਾਰਤ ਦੇ ਛੇ ਰੁਪਇਆਂ ਦੇ ਬਰਾਬਰ ਹੁੰਦਾ ਹੈ। ਪਰ ਇਸ ਨਾਲ ਵੀ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਇਸ ਲਈ ਉਹ ਇਸ ਭੱਤੇ ਦੇ ਨਾਲ-ਨਾਲ ਕੁਝ ਨਾ ਕੁਝ ‘ਪਾਰਟ ਟਾਈਮ’ ਕੰਮ ਲੱਭ ਹੀ ਲੈਂਦੇ ਹਨ। ਕੋਈ ਫਿਰ-ਤੁਰ ਕੇ ਅਖਬਾਰਾਂ, ਰਸਾਲੇ ਜਾਂ ਮੈਗਜ਼ੀਨ ਵੇਚਣ ਲੱਗ ਜਾਂਦਾ ਹੈ। ਕੋਈ ਟੈਕਸੀ ਡਰਾਈਵਰ ਬਣ ਜਾਂਦਾ ਹੈ।
ਤਨਖਾਹ ਦੇ ਮਾਮਲੇ ਵਿੱਚ ਮਜ਼ਦੂਰਾਂ ਨੂੰ ਬੁੱਧੀਜੀਵੀਆਂ ਦੇ ਮੁਕਾਬਲੇ ਵੱਧ ਤਨਖਾਹ ਮਿਲਦੀ ਸੀ। ਕਾਰਖਾਨੇ ਦਾ ਮਜ਼ਦੂਰ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲੋਂ ਅੱਗੇ ਸੀ। ਇਹ ਰਵਾਇਤ ਹੁਣ ਤੱਕ ਜਾਰੀ ਹੈ। ਪ੍ਰੋਫੈਸਰਾਂ ਨੂੰ ਜਾਂ ਬੁੱਧੀਜੀਵੀਆਂ ਨੂੰ ਹੋਰ ਸਹੂਲਤਾਂ ਤਾਂ ਮਜ਼ਦੂਰਾਂ ਦੇ ਮੁਕਾਬਲੇ ਵੱਧ ਹਨ। ਜਿਵੇਂ ਰਹਿਣ ਲਈ ਖੁੱਲ੍ਹਾ ਮਕਾਨ ਆਦਿ ਜ਼ਰੂਰ ਮਿਲਦਾ ਹੈ ਅਤੇ ਸਨਮਾਨ ਪੱਖੋਂ ਵੀ ਉਹ ਅੱਗੇ ਹੁੰਦੇ ਹਨ ਪਰ ਤਨਖਾਹ ਦੇ ਮਾਮਲੇ ਵਿੱਚ ਨਹੀਂ।