Site icon Tarksheel Society Bharat (Regd.)

4. ਮੈਂ ਜੈਬੀ ਹਾਂ

– ਮੇਘ ਰਾਜ ਮਿੱਤਰ

ਰੋਪੜ,
16-3-85
ਬੇਨਤੀ ਹੈ ਕਿ ਮਿਤੀ 14/3/85 ਦੇ ‘ਅਜੀਤ’ ਵਿਚ ਆਪ ਜੀ ਨੇ ਜੋ ਇਹ ਲਿਖਿਆ ਹੈ ਕਿ ਦੁਨੀਆ `ਤੇ ਕੋਈ ਚੁੜੇਲਾਂ ਜਾਂ ਭੂਤਾਂ-ਪੇ੍ਰਤਾਂ ਦੀ ਹੋਂਦ ਨਹੀਂ। ਇਸ ਬਾਰੇ ਮੈਂ ਇਕ ਕੇਸ ਜੋ 12/3/85 ਨੂੰ ਰੋਪੜ ਤੇ ਸ੍ਰੀ ਆਨੰਦਪੁਰ ਸੜਕ `ਤੇ ਰੋਪੜ ਤੋਂ ਪੰਜ ਕਿਲੋਮੀਟਰ ਦੀ ਦੂਰੀ ਤੇ ਵਾਕਿਆ ਪਿੰਡ ਮਲਕਪੁਰ ਵਿਚ ਵਾਪਰਿਆ ਆਪ ਜੀ ਦੀ ਰੈਸ਼ਨੇਲਿਸਟ ਸੁਸਾਇਟੀ ਦੀ ਖੋਜ ਲਈ ਲਿਖਦਾ ਹਾਂ।
ਮੇਰੇ ਭਤੀਜੇ ਅਵਤਾਰ ਸਿੰਘ ਪੁੱਤਰ ਹਾਕਮ ਸਿੰਘ ਦਾ 15 ਸਾਲਾ ਲੜਕਾ ਬਲਜੀਤ ਸਿੰਘ ਰਾਤੀਂ ਨੌਗਜੇ ਪੀਰ ਦੀ ਕਬਰ ਤੇ ਨਾਟਕ ਵੇਖਦਾ ਰਿਹਾ ਤੇ ਦਿਨੇ ਘਰ ਆ ਕੇ ਸੌਂ ਗਿਆ। ਜਦ ਦੁਪਹਿਰ ਤੋਂ ਬਾਅਦ ਘਰਦਿਆਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਲਕੁਲ ਬੇਜਾਨ ਹੋ ਚੁੱਕਾ ਸੀ। ਨਬਜ਼ ਅਤੇ ਸਾਹ ਬੰਦ ਸਨ। ਸਾਰੇ ਘਰ ਵਿਚ ਹਾਹਾਕਾਰ ਮੱਚ ਗਈ। ਲੋਕ ਇਕੱਠੇ ਹੋ ਗਏ ਤੇ ਪਿੰਡ ਵਿਚ ਖੜ੍ਹੀ ਇਕ ਕਾਰ ਵਿਚ ਪਾ ਕੇ ਨੌਗਜੇ ਪੀਰ ਦੀ ਕਬਰ ਤੇ ਬੈਠੇ ਇਕ ਸਿਆਹ ਪੋਸ਼ ਬਾਬਾ ਲੱਡੂ ਜੀ ਨਾਮੀ ਸੰਤ ਕੋਲ ਲੈ ਗਏ ਤਾਂ ਉਹ ਬਿਲਕੁਲ ਠੰਡਾ ਹੋ ਚੁੱਕਿਆ ਸੀ ਤੇ ਸਰੀਰ ਆਕੜ ਗਿਆ ਸੀ। ਲੋਕਾਂ ਨੇ ਤਾਂ ਬਿਲਕੁਲ ਮੁਰਦਾ ਹੀ ਸਮਝ ਲਿਆ ਸੀ। ਇਸ ਕਾਲੇ ਇਲਮ ਜਾਨਣ ਵਾਲੇ ਬਾਬੇ ਨੇ ਬਹੁਤ ਕੋਸ਼ਿਸ਼ ਕੀਤੀ। ਉਸ ਦਾ ਕੰਨ ਤੇ ਨੱਕ ਮਰੋੜਿਆ ਪ੍ਰੰਤੂ ਉਹ ਨਾ ਹਿੱਲਿਆ ਫਿਰ ਬਾਬੇ ਨੇ ਕਲਾਮ ਜਾਂ ਮੰਤਰ ਪੜ੍ਹ ਕੇ ਇਸ ਲੜਕੇ ਦੇ ਮੂੰਹ ਤੇ ਜ਼ੋਰ-ਜ਼ੋਰ ਦੀ ਤਿੰਨ ਚਪੇੜਾਂ ਮਾਰੀਆਂ ਤਾਂ ਉਸਦੀ ਅੱਖ ਖੁੱਲ੍ਹੀ। ਬਾਬੇ ਨੇ ਪੁੱਛਿਆ ਕੌਣ ਹੈ ਤੂੰ! ਤਾਂ? ਅੰਦਰੋਂ ਆਵਾਜ਼ ਆਈ ‘‘ਮੈਂ ਜੈਬੀ ਹਾਂ।’’ ਹੋਰ ਕੌਣ ਹੈ ਤੇਰੇ ਨਾਲ, ਬਾਬੇ ਨੇ ਪੁੱਛਿਆ। ਉਸ ਨੇ ਕਿਹਾ ‘‘ਬੰਤਾ ਹੈ।’’ ਇਹ ਦੋਵੇਂ ਸਵਰਗਵਾਸੀ ਇਸ ਲੜਕੇ ਦਾ ਚਾਚਾ ਤੇ ਭੁੂਆ ਦੇ ਨਾਮ ਹਨ। ਜੋ ਕਈ ਸਾਲ ਪਹਿਲਾਂ ਮਰ ਚੁੱਕੇ ਹਨ। ਬਾਬੇ ਨੇ ਪੁੱਛਿਆ ਤੁਸੀਂ ਕਿੱਥੇ ਜਾਣਾ ਹੈ? ਉਸਨੇ ਕਿਹਾ ‘‘ਕੀਰਤਪੁਰ ਸਾਹਿਬ ਜਾਣਾ ਹੈ, ਅਤੇ ਗਾਜਰ ਅਤੇ ਆਲੂਆਂ ਦੀ ਸਬਜ਼ੀ ਖਾਣੀ ਹੈ।’’ ਤਾਂ ਬਾਬਾ ਜੀ ਰਾਤ ਨੂੰ ਹੀ ਲੜਕੇ ਨੂੰ ਕਾਰ ਵਿਚ ਪਾ ਕੇ ਕੀਰਤਪੁਰ ਲੈ ਗਏ ਤੇ ਪਤਾਲਪੁਰੀ ਇਸ਼ਨਾਨ ਕਰਵਾਇਆ ਤੇ ਲੜਕਾ ਹੁਣ ਬਿਲਕੁਲ ਤੰਦਰੁਸਤ ਹੋ ਕੇ ਦੱਸਦਾ ਹੈ ਕਿ ਦੋ ਬੰਦੇ ਉਸਨੂੰ ਦਰਿਆ ਵਿਚੋਂ ਖਿੱਚ ਕੇ ਲੈ ਗਏ ਤੇ ਬਾਅਦ ਵਿਚ ਤਿੰਨ ਬੰਦੇ ਉਸਨੂੰ ਬਾਹਰ ਕੱਢਣ ਲੱਗੇ ਤਾਂ ਉਹ ਬਚਿਆ। ਇਹ ਤਿੰਨ ਸ਼ਕਤੀਆਂ ਬਾਬੇ ਨੇ ਮੰਤਰ ਦੁਆਰਾ ਬਚਾਉਣ ਲਈ ਛੱਡੀਆਂ ਸਨ।
ਮੈਂ ਖ਼ੁਦ ਗੁਰਸਿੱਖ ਹਾਂ ਤੇ ਸਾਰਾ ਘਰਾਣਾ ਗੁਰਸਿੱਖ ਹੈ। ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦਾ ਸਾਬਕਾ ਮੈਨੇਜਰ ਹਾਂ। ਮੈਂ ਵੀ ਆਪ ਜੀ ਦੀ ਤਰ੍ਹਾਂ ਭੂਤਾਂ, ਪ੍ਰੇਤਾਂ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ ਪ੍ਰੰਤੂ ਇਸ ਕਰਾਮਾਤੀ ਬਾਬੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਰੂਹਾਂ ਮੌਜੂਦ ਹਨ।
ਤੁਹਾਡੀ ਲਿਖਤ ਬਾਰੇ ਤੇ 10000 ਰੁਪਏ ਬਾਰੇ ਬਾਬਾ ਜੀ ਨਾਲ ਮੈਂ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਜੇ ਕੋਈ ਭੂਤਾਂ ਜਾਂ ਚੁੜੇਲਾਂ ਦੇਖਣਾ ਚਾਹੁੰਦਾ ਹੈ ਉਹ ਮਲਕਪੁਰ ਜ਼ਿਲ੍ਹਾ ਰੋਪੜ ਨੌਗਜੇ ਦੀ ਕਬਰ ਤੇ ਉਹਨਾਂ ਦੀ ਕੁੱਲੀ ਵਿਚ ਆ ਜਾਵੇ ਤਾਂ ਉਹ ਪ੍ਰਤੱਖ ਸਬੂਤ ਦੇ ਦੇਣਗੇ।
ਸੋ ਮੈਂ ਆਪ ਜੀ ਤੇ ਆਪ ਜੀ ਦੀ ਰੈਸ਼ਨੇਲਿਸਟ ਸੁਸਾਇਟੀ ਨੂੰ ਬਾਬੇ ਜੀ ਵੱਲੋਂ ਬੇਨਤੀ ਕਰਦਾ ਹਾਂ ਕਿ ਆਪ ਜੀ ਇੱਥੇ ਮਲਕਪੁਰ ਪੁੱਜੋ। ਮਲਕਪੁਰ ਰੋਪੜ ਤੋਂ ਆਨੰਦਪੁਰ ਵਾਲੀ ਸੜਕ ਤੇ ਪੰਜਵੇਂ ਕਿਲੋਮੀਟਰ ਦੀ ਵਿੱਥ `ਤੇ ਹੈ। ਨਾਲਾਗੜ੍ਹ ਜਾਣ ਵਾਲੀ ਬੱਸ ਇੱਥੇ ਰੁਕਦੀ ਹੈ।
ਸੋ ਜੇ ਆਪ ਜੀ ਲੋੜ ਸਮਝੋ ਕਿ ਇਨ੍ਹਾਂ ਗੱਲਾਂ ਬਾਰੇ ਸਚਾਈ ਜਾਨਣੀ ਹੈ ਤਾਂ ਇਕ ਵਾਰੀ ਜ਼ਰੂਰ ਮਲਕਪੁਰ ਆਵੋ ਤੇ ਬਾਬੇ ਨੂੰ ਮਿਲਕੇ ਆਪਣਾ ਇਹ ਵਹਿਮ ਦੂਰ ਕਰ ਲਵੋ ਤੇ ਫਿਰ ਅਜੀਤ ਅਖ਼ਬਾਰ ਨੂੰ ਲਿਖੋ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਹੈ। ਕਿਉਂਕਿ ਗੁਰਬਾਣੀ ਵਿਚ ਵੀ ਪ੍ਰੇਤ ਦੀ ਜੂਨ ਮੰਨੀ ਗਈ ਹੈ।
ਜੇ ਆਪ ਜੀ ਦੀ ਸੁਸਾਇਟੀ ਇਸ ਬਾਰੇ ਦ੍ਰਿੜ੍ਹਤਾ ਪੂਰਵਕ ਖੋਜ ਕਰੇਗੀ ਤਾਂ ਕਈਆਂ ਨੂੰ ਲਾਭ ਪੁੱਜੇਗਾ।
ਸੋ ਆਸ ਹੈ ਆਪ ਜੀ ਇਸ ਚਿੱਠੀ ਸੰਬੰਧੀ ਸੁਸਾਇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਕਿਸੇ ਦਿਨ ਪ੍ਰੋਗਰਾਮ ਬਣਾ ਕੇ ਆਉਗੇ ਤੇ ਮੈਨੂੰ ਇਤਲਾਹ ਵੀ ਦੇ ਦੇਣਾ ਤਾਂ ਕਿ ਮੈਂ ਵੀ ਹਾਜ਼ਰ ਹੋ ਜਾਵਾਂ।
ਤੁਹਾਡਾ ਸਨੇਹੀ,
ਗੁਰਬਚਨ ਸਿੰਘ ਕੰਵਲ
ਦਿਮਾਗੀ ਤੌਰ `ਤੇ ਕਮਜ਼ੋਰ ਵਿਅਕਤੀਆਂ ਵਿਚ ਕੁਝ ਸਥਾਨਾਂ ਪ੍ਰਤੀ ਸ਼ਰਧਾ ਹੋਣ ਕਰਕੇ ਅਚਾਨਕ ਹੀ ਅਣਜਾਣ ਤੌਰ `ਤੇ ਆਪਣੇ ਵੱਲੋਂ ਹੋਈ ਉਹਨਾਂ ਦੀ ਕਲਪਿਤ ਬੇਅਦਬੀ ਕਾਰਨ ਇਹ ਵਹਿਮ ਖੜ੍ਹਾ ਹੋ ਜਾਂਦਾ ਹੈ। ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਹੁਣ ਇਸ ਸਾਧ ਜਾਂ ਸੰਤ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਉਸਦੀ ਭੁੱਲ ਬਖ਼ਸ਼ਾ ਦਿੱਤੀ ਹੈ ਤਾਂ ਉਹ ਵਿਅਕਤੀ ਠੀਕ ਵੀ ਹੋ ਜਾਂਦਾ ਹੈ। ਅਸੀਂ ਤਰਕਸ਼ੀਲ ਅਜਿਹੇ ਵਿਅਕਤੀਆਂ ਨੂੰ ਠੀਕ ਕਰਨ ਲਈ ਉਹਨਾਂ ਦਾ ਵਿਸ਼ਵਾਸ ਵੀ ਭੂਤਾਂ, ਪ੍ਰੇਤਾਂ, ਮੜ੍ਹੀਆਂ ਤੇ ਮਸਾਨੀਆਂ ਵਿਚੋਂ ਖ਼ਤਮ ਕਰ ਦਿੰਦੇ ਹਾਂ। ਸੋ ਬਲਜੀਤ ਦਾ ਇਸ ਤਰ੍ਹਾਂ ਗੁੰਮ ਹੋਣਾ ਤੇ ਸੰਤ ਲੱਡੂ ਰਾਹੀਂ ਉਸਦਾ ਠੀਕ ਹੋਣਾ ਇਸ ਵਰਤਾਰੇ ਕਰਕੇ ਹੈ। ਅਨਪੜ੍ਹ ਸੁਆਰਥੀ, ਅੰਧ ਵਿਸ਼ਵਾਸੀ ਤੇ ਨੀਮ ਪਾਗਲ ਹੋਣ ਕਾਰਨ ਸਾਧ ਸੰਤ ਕਿਸੇ ਅਜਿਹੇ ਰੋਗੀ ਨੂੰ ਵਕਤੀ ਤੌਰ `ਤੇ ਹੀ ਠੀਕ ਕਰਦੇ ਹਨ ਸਦਾ ਲਈ ਨਹੀਂ।

Exit mobile version