Site icon Tarksheel Society Bharat (Regd.)

2. ਬਰਫ਼ ਤੇ ਸਿਗਰਟ

– ਮੇਘ ਰਾਜ ਮਿੱਤਰ

ਇੰਦਰਗੜ੍ਹ
6-1-1985
ਲਾਲ ਸਲਾਮ
ਅਸੀਂ ਆਪ ਜੀ ਨੂੰ ਪਹਿਲਾਂ ਇਕ ਖ਼ਤ ਪਾਇਆ ਸੀ ਅਤੇ ਇਕ ਟਿਕਟ ਵੀ ਭੇਜੀ ਸੀ ਅਤੇ ਤੁਸੀਂ ਉੱਤਰ ਵਿਚ ਕਿਹਾ ਸੀ ਕਿ ਅਸੀਂ ਹਰ ਸੁਆਲ ਦਾ ਜੁਆਬ ਦੇਵਾਂਗੇ ਅਤੇ ਡਾਕ ਖ਼ਰਚ ਭੇਜਣ ਦੀ ਜ਼ਰੂਰਤ ਨਹੀਂ। ਅਸੀਂ ਆਪ ਦੇ ਅਤਿ ਧੰਨਵਾਦੀ ਹੋਵਾਂਗੇ ਜੇ ਤੁਸੀਂ ਸਾਡੇ ਥੋੜ੍ਹੇ ਜਿਹੇ ਸਵਾਲਾਂ ਦੇ ਜੁਆਬ ਦੇ ਦਿਉ।
1. ਹੱਡੀਆਂ ਨਾਲ ਕਿਹੜਾ ਰਸਾਇਣਕ ਪਦਾਰਥ ਲਾਇਆ ਹੁੰਦਾ ਹੈ ਜਿਸ `ਤੇ ਪਾਣੀ ਛਿੜਕਣ ਨਾਲ ਅੱਗ ਲੱਗ ਜਾਂਦੀ ਹੈ।
2. ਕੀ ਬਰਫ਼ ਨਾਲ ਸਿਗਰਟ ਸੁਲਗਾਈ ਜਾ ਸਕਦੀ ਹੈ? ਜੇ ਹਾਂ ਤਾਂ ਸਿਗਰਟ ਨਾਲ ਕਿਹੜਾ ਰਸਾਇਣਕ ਪਦਾਰਥ ਲਾਇਆ ਜਾਂਦਾ ਹੈ?
3. ਜਦੋਂ ਕਿਸੇ ਵਿਅਕਤੀ (ਆਦਮੀ, ਔਰਤ ਜਾਂ ਬੱਚੇ) ਵਿਚ ਪੌਣ (ਭੂਤ ਦੀ ਰੂਹ) ਆਉਂਦੀ ਹੈ ਤਾਂ ਉਸ ਵਿਚ ਕੀ ਚੱਕਰ ਹੁੰਦਾ ਹੈ? ਛੋਟੇ-2 ਬੱਚਿਆਂ ਵਿਚ ਭੂਤ ਆਉਣ ਦਾ ਕੀ ਕਾਰਣ ਹੈ?
4. ਜਦੋਂ ਮਦਾਰੀ ਤਮਾਸ਼ਾ ਕਰਦੇ ਗੋਲੀਆਂ (ਪਤਾਲੂ) ਉਡਾ ਦਿੰਦੇ ਹਨ ਤਾਂ ਉਸ ਪਿੱਛੇ ਕੀ ਰਾਜ਼ ਹੈ?
ਜਦੋਂ ਤੋਂ ਤੁਹਾਡੀਆਂ ਪ੍ਰਕਾਸ਼ਤ ਕੀਤੀਆਂ ਦੋਵੇਂ ਕਿਤਾਬਾਂ ਪੜ੍ਹੀਆਂ ਹਨ ਤਾਂ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲਿਆਂ ਨਾਲ ਪੰਗੇ ਲੈਣ ਲੱਗ ਪਏ ਹਾਂ। ਪਰ ਬੇਰੁਜ਼ਗਾਰ ਹੋਣ ਕਰਕੇ ਵੱਡੀ ਪੱਧਰ ਤੇ ਹਰ ਥਾਂ ਜਾ ਕੇ ਪੜਤਾਲ ਨਹੀਂ ਕਰ ਸਕਦੇ। ਇਕ ਦੋ ਥਾਵਾਂ ਤੇ ਅਸੀਂ ਕਾਮਯਾਬ ਹੋਏ ਹਾਂ।
ਫਰੀਦਕੋਟ ਕੋਲ ਪਿੰਡ ਧੂਰਕੋਟ ਗਏ। ਉੁੱਥੇ ਇਕ ਸਿਆਣਾ ਸੀ। ਸਾਡੇ ਸਾਥੀ ਨੇ ਉਸ ਨਾਲ ਬਹਿਸ ਕੀਤੀ ‘‘ਤੁਸੀਂ ਲੋਕਾਂ ਨੂੰ ਉਲਟੇ ਰਾਹ ਪਾ ਕੇ ਠੱਗ ਵੀ ਰਹੇ ਹੋ ਤੇ ਗੁੰਮਰਾਹ ਵੀ ਕਰ ਰਹੇ ਹੋ। ਮੈਨੂੰ ਬੈਠੇ-ਬੈਠੇ ਨੂੰ ਕੁਝ ਕਰ ਕੇ ਵਿਖਾਉ। ਜਿਸ ਨਾਲ ਮਿਥੇ ਸਮੇਂ ਦੇ ਅੰਦਰ-ਅੰਦਰ ਮੇਰੇ ਸੱਟ ਲੱਗ ਸਕੇ।’’ ਬਾਬੇ ਨੇ ਕਿਹਾ ‘‘ਕਿ ਤੁਸੀਂ ਵੱਡੇ ਕਾਮਰੇਡ (ਨਾਸਤਿਕ) ਹੋ ਤਾਂ ਸਾਹਮਣੇ ਖੇਤ ਵਿਚੋਂ ਦਿਨ ਦਿਹਾੜੇ ਗੰਨਾ ਪੁੱਟ ਕੇ ਵਿਖਾਉ, ਕਿਉਂਕਿ ਉਥੇ ਕੁਆਰੀ ਕੁੜੀ ਮਰੀ ਹੈ। ਲੋਕ ਕਹਿੰਦੇ ਹਨ ਕਿ ਉਹ ਇਥੇ ਹੀ ਰਹਿੰਦੀ ਹੈ ਤੇ ਕਿਸੇ ਨੂੰ ਗੰਨਾ ਨਹੀਂ ਤੋੜਨ ਦਿੰਦੀ। ਪਰ ਸਾਥੀ ਇਕੱਲਾ ਹੋਣ ਕਰਕੇ ਪਿੰਡ ਗਿਆ ਤੇ ਸਾਡੇ ਨਾਲ ਸਲਾਹ ਕੀਤੀ। ਇਸ ਲਈ ਹੋ ਸਕੇ ਤਾਂ ਤੁਸੀਂ ਆਪ ਹੀ ਧੂਰਕੋਟ ਜਾ ਕੇ ਗੰਨਾ ਪੁੱਟ ਕੇ ਲਿਆਉ। ਨਹੀਂ ਤਾਂ ਸਾਡੀ ਡਿਊੂਟੀ ਲਗਾਉ। ਪਰ ਜੇ ਕੁਝ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਕਿਉਂਕਿ ਅਸੀਂ ਤਾਂ ਬੇਰੁਜ਼ਗਾਰ ਹਾਂ।
ਇਹਨਾਂ ਸੁਆਲਾਂ ਦਾ ਜੁਆਬ ਦੇਣ ਦੀ ਛੇਤੀ ਹੀ ਕੋਸ਼ਿਸ਼ ਕਰਨੀ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ।
ਆਪ ਜੀ ਦੇ ਹਮਰਾਹੀ,
ਬਲਵਿੰਦਰ ਸਿੰਘ ਤੇ ਸਾਥੀ
ਜੇ ਅਸੀਂ ਹੱਡੀਆਂ ਨਾਲ ਸੋਡੀਅਮ ਨਾਂ ਦੀ ਧਾਤ ਲਾ ਦੇਵਾਂਗੇ ਤਾਂ ਹੱਡੀਆਂ `ਤੇ ਪਾਣੀ ਛਿੜਕਣ ਨਾਲ ਇਨ੍ਹਾਂ ਨੂੰ ਅੱਗ ਲੱਗ ਜਾਵੇਗੀ।
ਜੇ ਅਸੀਂ ਦੋ ਪਲੇਟਾਂ ਨੂੰ ਪਾਣੀ ਨਾਲ ਭਰਕੇ ਫ਼ਰਿੱਜ ਵਿਚ ਰੱਖ ਦੇਵਾਂਗੇ। ਤਾਂ ਕੁਝ ਸਮੇਂ ਬਾਅਦ ਇਨ੍ਹਾਂ ਵਿਚਲਾ ਪਾਣੀ ਜੰਮ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਪਲੇਟਾਂ ਵਿਚਲੀਆਂ ਬਰਫ਼ ਦੀਆਂ ਟੁਕੜੀਆਂ ਨੂੰ ਕੱਢ ਕੇ ਜੋੜਨ ਨਾਲ ਇਹ ਇਕ ਉੱਤਲ ਲੈਨਜ਼ ਬਣ ਜਾਵੇਗਾ। ਜਿਸ ਨੂੰ ਸੂਰਜ ਦੀ ਧੁੱਪ ਵਿਚ ਰੱਖ ਕੇ ਕਿਰਣਾਂ ਨੂੰ ਸਿਗਰਟ ਤੇ ਪਾ ਕੇ ਸਿਗਰਟ ਸੁਲਗਾਈ ਜਾ ਸਕਦੀ ਹੈ। ਸਿਗਰਟ ਨੂੰ ਪਾਣੀ ਨਾਲ ਸੁਲਗਾਉਣ ਦਾ ਦੂਸਰਾ ਢੰਗ ਹੈ ਕਿ ਜੇ ਸਿਗਰਟ ਦੇ ਅੱਗੇ ਥੋੜ੍ਹਾ ਜਿਹਾ ਸੋਡੀਅਮ ਲਾ ਲਿਆ ਜਾਵੇ ਤੇ ਫਿਰ ਉਸ ਨੂੰ ਬਰਫ ਨਾਲ ਛੁਹਾ ਦਿੱਤਾ ਜਾਵੇ ਤਾਂ ਵੀ ਸਿਗਰਟ ਬਰਫ਼ ਨਾਲ ਸੁਲਗਾਈ ਜਾ ਸਕਦੀ ਹੈ।
ਦਿਮਾਗੀ ਤੌਰ `ਤੇ ਕਮਜ਼ੋਰ ਲੋਕਾਂ ਵਿਚ ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ਼ ਹੋਣ ਕਰਕੇ ਇਕ ਵਹਿਮ ਪੈਦਾ ਹੋ ਜਾਂਦਾ ਹੈ। ਜਿਸ ਨੂੰ ਪੌਣ ਆਉਣਾ, ਹਵਾ ਆਉਣਾ, ਅਸਰ ਹੋਣਾ, ਕਸਰ ਹੋਣਾ ਤੇ ਖੇਲਣ ਲੱਗ ਜਾਣਾ ਆਦਿ ਕਿਹਾ ਜਾਂਦਾ ਹੈ। ਕਈ ਲੋਕ ਅਜਿਹੇ ਵਿਅਕਤੀਆਂ ਦੀਆਂ ਹਰਕਤਾਂ ਨੂੰ ਹੀ ਭੂਤ-ਪੇ੍ਰਤ ਸਮਝ ਲੈਂਦੇ ਹਨ। ਇਹ ਸਾਰਾ ਕੁਝ ਵਿਗਿਆਨਕ ਜਾਣਕਾਰੀ ਦੀ ਘਾਟ ਕਾਰਨ ਹੀ ਵਾਪਰ ਰਿਹਾ ਹੈ।
ਜਾਦੂਗਰ ਆਪਣੀਆਂ ਗੱਲਾਂ ਬਾਤਾਂ ਰਾਹੀਂ ਸਾਹਮਣੇ ਬੈਠੇ ਵਿਅਕਤੀ `ਤੇ ਮਨੋਵਿਗਿਆਨਕ ਢੰਗ ਨਾਲ ਇਹ ਪ੍ਰਭਾਵ ਪਾ ਦਿੰਦੇ ਹਨ ਕਿ ਉਸਦੀਆਂ ਗੋਲੀਆਂ ਉੱਡ ਗਈਆਂ ਹਨ। ਕੁਝ ਵਿਅਕਤੀ ਨੰਗੇ ਹੋਣ ਦੇ ਡਰੋਂ ਵੀ ਜਾਦੂਗਰ ਦੀ ਆਖੀ ਹੋਈ ਇਹ ਗੱਲ ਕਬੂਲ ਕਰ ਲੈਂਦੇ ਹਨ। ਅਸਲ ਵਿਚ ਅਜਿਹਾ ਕੁਝ ਨਹੀਂ ਵਾਪਰਦਾ ਹੈ।

Exit mobile version