ਮੇਘ ਰਾਜ ਮਿੱਤਰ
ਚੀਨ ਵਿੱਚ 99% ਲੜਕੇ ਲੜਕੀਆਂ ਪ੍ਰੇਮ ਵਿਆਹ ਹੀ ਕਰਵਾਉਂਦੇ ਹਨ। ਬਹੁਤ ਸਰਵਜਨਕ ਥਾਂਵਾਂ ਦੇ ਉੱਪਰ ਲੜਕੇ ਲੜਕੀਆਂ ਨੂੰ ਅਤੇ ਇਸਤਰੀ ਪੁਰਸ਼ਾਂ ਨੂੰ ਪ੍ਰੇਮ ਵਿੱਚ ਗੜੁੱਚ ਇੱਕ ਦੂਜੇ ਨੂੰ ਗਲਵੱਕੜੀ ਪਾਈ ਜਾਂ ਚੁੰਮਣ ਕਰਦੇ ਦੇਖਿਆ ਜਾ ਸਕਦਾ ਹੈ। ਬਹੁਤ ਸਾਰੇ ਲੜਕੇ ਲੜਕੀਆਂ ਤਾਂ ਆਪਣੇ ਅਦਾਰਿਆਂ ਵਿੱਚ ਕੰਮ ਕਰਦੇ ਸਮੇਂ ਹੀ ਆਪਣੇ ਲਾੜੇ ਜਾਂ ਲਾੜੀਆਂ ਦੀ ਚੋਣ ਕਰ ਲੈਂਦੇ ਹਨ। ਉਸ ਤੋਂ ਬਾਅਦ ਉਹ ਆਪਣੇ ਫੈਸਲਿਆਂ ਬਾਰੇ ਆਪਣੇ ਮਾਪਿਆਂ ਨੂੰ ਸੂਚਿਤ ਕਰਦੇ ਹਨ। ਜਦੋਂ ਮਾਪੇ ਇਸ ਲਈ ਤਿਆਰ ਹੋ ਜਾਂਦੇ ਹਨ ਤਾਂ ਲਾੜਾ ਉਪਲਬਧ ਕਾਰਾਂ ਵਿੱਚੋਂ ਸਭ ਤੋਂ ਵੱਡੀ ਕਾਰ ਚੁਣਦਾ ਹੈ। ਇਸਨੂੰ ਫੁੱਲਾਂ ਅਤੇ ਬੂਟਿਆਂ ਨਾਲ ਸਜਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਆਪਣੇ ਨਾਲ ਕੁਝ ਵਿਅਕਤੀਆਂ ਅਤੇ ਕਾਰਾਂ ਦੇ ਕਾਫਲੇ ਨੂੰ ਲੈ ਕੇ ਦੁਲਹਨ ਦੇ ਘਰ ਨਿਸ਼ਚਿਤ ਸਮੇਂ ਅਤੇ ਦਿਨ `ਤੇ ਪੁੱਜ ਜਾਂਦਾ ਹੈ। ਕੁਝ ਖਾਣ-ਪੀਣ ਤੋਂ ਬਾਅਦ ਦੁਲਹਨ ਵਾਲੇ ਦੁਲਹਨ ਨੂੰ ਲਾੜੇ ਦੀ ਕਾਰ ਵਿੱਚ ਬਿਠਾ ਦਿੰਦੇ ਹਨ। ਕਿਸੇ ਕਿਸਮ ਦੀ ਕੋਈ ਵੀ ਧਾਰਮਿਕ ਰਸਮ ਨਹੀਂ ਕੀਤੀ ਜਾਂਦੀ। ਉਸੇ ਸਮੇਂ ਦੁਲਹਨ ਵਾਲੇ ਵੀ ਆਪਣੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਲਾੜੇ ਦੇ ਘਰ ਪੁੱਜ ਜਾਂਦੇ ਹਨ ਜਿੱਥੇ ਇੱਕ ਵੱਡੀ ਪਾਰਟੀ ਦਾ ਪ੍ਰਬੰਧ ਲਾੜੇ ਦੇ ਘਰਦਿਆਂ ਨੇ ਕੀਤਾ ਹੁੰਦਾ ਹੈ। ਹੋਣ ਵਾਲੀ ਜੋੜੀ ਲਈ ਮਕਾਨ ਦਾ, ਮਕਾਨ ਵਿਚਲੇ ਫਰਨੀਚਰ, ਟੀ. ਵੀ., ਫਰਿੱਜ ਆਦਿ ਦਾ ਸਾਰਾ ਪ੍ਰਬੰਧ ਲਾੜੇ ਨੂੰ ਜਾਂ ਲਾੜੇ ਦੇ ਪਰਿਵਾਰ ਵਾਲਿਆਂ ਨੂੰ ਕਰਨਾ ਪੈਂਦਾ ਹੈ। ਵਿਆਹ ਤੋਂ ਅਗਲੇ ਦਿਨ ਹੀ ਵਿਆਹ ਦੀ ਰਜਿਸਟੇ੍ਰਸ਼ਨ ਸਬੰਧਤ ਦਫਤਰ ਵਿੱਚ ਕਰਵਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਜੋੜਿਆਂ ਦੀ ਵਿਆਹੁਤਾ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ।