Site icon Tarksheel Society Bharat (Regd.)

ਸਭ ਲਈ ਖਾਣਾ ਸਰਕਾਰ ਵੱਲੋਂ…(16)

ਮੇਘ ਰਾਜ ਮਿੱਤਰ

ਅਸੀਂ ਸਾਰਿਆਂ ਨੇ ਰਲ-ਮਿਲ ਕੇ ਕੁਝ ਸੁਆਲਾਂ ਦੀ ਚੋਣ ਕੀਤੀ ਜਿਹੜੇ ਚੀਨੀ ਜਨਤਾ ਵੱਲੋਂ ਸਾਨੂੰ ਪੁੱਛੇ ਜਾਣੇ ਸਨ। ਪੂਰਾ ਦਿਨ ਲਗਭਗ ਉਹ ਇਨ੍ਹਾਂ ਸੁਆਲਾਂ ਲਈ ਦਿੱਤੇ ਜਾਣ ਵਾਲੇ ਜੁਆਬਾਂ ਦੀ ਰਹਿਰਸਲ ਕਰਵਾਉਂਦੇ ਰਹੇ। ਅਗਲੇ ਦਿਨ ਲਗਭਗ 11 ਕੁ ਵਜੇ ਸਾਨੂੰ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਮੁੱਖ ਦਫਤਰ ਵਿੱਚ ਲਿਜਾਇਆ ਗਿਆ। ਇਹ ਇੱਕ ਬਹੁਤ ਹੀ ਵੱਡੀ ਬਹੁ-ਮੰਜ਼ਿਲੀ ਸੁੰਦਰ ਇਮਾਰਤ ਹੈ। ਇਸ ਦੀ ਹੇਠਲੀ ਮੰਜ਼ਿਲ ਉੱਤੇ ਸਟੂਡੀਓ ਬਣੇ ਹੋਏ ਹਨ। ਇਸ ਵਿੱਚ ਕੁਝ ਦੁਕਾਨਾਂ ਅਤੇ ਰੈਸਟੋਰੈਂਟ ਵੀ ਹਨ। ਸਾਡੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਦੁਪਹਿਰ ਦਾ ਖਾਣਾ ਆ ਗਿਆ ਜਿਸ ਵਿੱਚ ਖਾਣ ਲਈ ਮੀਟ ਦੀਆਂ ਵੰਨ-ਸੁਵੰਨੀਆਂ ਵੰਨਗੀਆਂ ਦੇ ਨਾਲ ਪੀਣ ਲਈ ਵੀ ਬਹੁਤ ਸਾਰੇ ਸ਼ਰਬਤ, ਕੋਕਾ ਕੋਲਾ ਦੀਆਂ ਬੰਦ ਡੱਬੀਆਂ ਸਨ। ਸਾਡੇ ਦੋ-ਭਾਸ਼ੀਏ ਨੇ ਸਾਨੂੰ ਦੱਸਿਆ ਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਦੁਪਹਿਰ ਦਾ ਭੋਜਨ ਦਫਤਰਾਂ (ਸਰਕਾਰ) ਵੱਲੋਂ ਦਿੱਤਾ ਜਾਂਦਾ ਹੈ ਅਤੇ ਇਹ ਸਭ ਲਈ ਇੱਕੋ-ਸਾਰ ਦਾ ਹੁੰਦਾ ਹੈ। ਸਟੂਡੀਓ ਇੱਕ ਕਾਫੀ ਲੰਬਾ-ਚੌੜਾ ਹਾਲ ਸੀ। ਜਿਸ ਦੇ ਉੱਪਰ ਕੁਝ ਕੈਬਿਨ ਬਣੇ ਹੋਏ ਸਨ। ਜਿਨ੍ਹਾਂ ਵਿੱਚ ਡਾਇਰੈਕਟਰ, ਪ੍ਰਬੰਧਕ ਆਦਿ ਵੀ ਬੈਠ ਕੇ ਆਪਣੀਆਂ ਹਦਾਇਤਾਂ ਦਿੰਦੇ ਸਨ। ਉਹਨਾਂ ਨੇ ਮੈਨੂੰ ਤੇ ਜਗਦੇਵ ਨੂੰ ਅਜਿਹੇ ਮਾਈਕਰੋ ਫੋਨ ਦਿੱਤੇ ਜਿਨ੍ਹਾਂ ਤੋਂ ਸਾਡੀ ਗੱਲ ਦੋ-ਭਾਸ਼ੀਏ ਨੂੰ ਸੁਣਦੀ ਸੀ ਅਤੇ ਸਾਡੇ ਦੋ-ਭਾਸ਼ੀਏ ਦੀ ਗੱਲ ਸਾਨੂੰ ਸੁਣਦੀ ਸੀ। ਚੀਨੀ ਜਨਤਾ ਨੂੰ ਅਜਿਹੇ ਮਾਈਕਰੋ ਫੋਨ ਦਿੱਤੇ ਗਏ ਜਿਨ੍ਹਾਂ ਰਾਹੀਂ ਚੀਨੀ ਜਨਤਾ ਦੀ ਆਵਾਜ਼ ਟੈਲੀਵਿਜ਼ਨ ਕੈਮਰੇ ਵਿੱਚ ਰਿਕਾਰਡ ਹੋ ਜਾਂਦੀ ਸੀ ਅਤੇ ਸਾਡਾ ਦੋ-ਭਾਸ਼ੀਆ ਪ੍ਰੋ. ਵਾਂਗ ਸਾਨੂੰ ਉਹਨਾਂ ਦਾ ਪੁੱਛਿਆ ਹੋਇਆ ਸਵਾਲ ਦੱਸ ਦਿੰਦਾ ਸੀ ਅਤੇ ਸਾਡੇ ਦੁਆਰਾ ਦਿੱਤੇ ਹੋਏ ਜਵਾਬ ਦਾ ਮੌਕੇ `ਤੇ ਹੀ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਕੇ ਦੁਹਰਾ ਦਿੰਦਾ ਸੀ। ਇਸ ਤਰ੍ਹਾਂ ਸੁਆਲਾਂ-ਜੁਆਬਾਂ ਦਾ ਇਹ ਸਿਲਸਿਲਾ ਚਲਦਾ ਰਿਹਾ। ਇੱਥੇ ਮੈਂ ਇਸ 45 ਮਿੰਟ ਦੇ ਐਪੀਸੋਡ ਲਈ ਚੀਨੀ ਜਨਤਾ ਵੱਲੋਂ ਮੈਥੋਂ ਪੁੱਛੇ ਗਏ ਸੁਆਲ ਅਤੇ ਮੇਰੇ ਦੁਆਰਾ ਦਿੱਤੇ ਗਏ ਸੰਖੇਪ ਜੁਆਬ ਦੱਸ ਰਿਹਾ ਹਾਂ :-
? ਭਾਰਤ ਦੇ ਢੌਂਗੀ ਤੇ ਪਾਖੰਡੀ ਲੋਕਾਂ ਨੂੰ ਕਿਵੇਂ ਠਗਦੇ ਹਨ ?
– ਭਾਰਤ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ ਅਤੇ ਲੋਕ ਅਨਪੜ੍ਹ ਤੇ ਗਰੀਬ ਹਨ। ਇੱਥੇ ਜ਼ਾਤਾਂ-ਪਾਤਾਂ ਤੇ ਧਰਮਾਂ ਦਾ ਬੋਲਬਾਲਾ ਹੈ। ਉਪਰੋਕਤ ਸਾਰੇ ਕਾਰਨ ਗਿਆਨ ਦੀ ਘਾਟ ਪੈਦਾ ਕਰਦੇ ਹਨ। ਗਿਆਨਹੀਣ ਵਿਅਕਤੀਆਂ ਨੂੰ ਸੁਖਾਲੇ ਢੰਗ ਨਾਲ ਹੀ ਡਰਾਇਆ ਜਾ ਸਕਦਾ ਹੈ। ਇਸ ਲਈ ਢੌਂਗੀ ਉਨ੍ਹਾਂ ਵਿੱਚ ਸਹਿਮ ਪੈਦਾ ਕਰ ਦਿੰਦੇ ਹਨ। ਡਰੇ ਅਤੇ ਸਹਿਮੇ ਹੋਏ ਵਿਅਕਤੀਆਂ ਨੂੰ ਲੁੱਟਣਾ ਬੜਾ ਆਸਾਨ ਹੁੰਦਾ ਹੈ। ਡਰ ਅਤੇ ਵਹਿਮ ਹਮੇਸ਼ਾ ਗਿਆਨ ਦੀ ਘਾਟ ਵਿੱਚੋਂ ਹੀ ਪੈਦਾ ਹੁੰਦੇ ਹਨ।
? ਸਾਨੂੰ ਪਤਾ ਲੱਗਿਆ ਹੈ ਕਿ ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਲੋਕ ਵੱਡੀ ਮਾਤਰਾ ਵਿੱਚ ਤਰਕਸ਼ੀਲ ਮੇਲੇ ਦੇਖਣ ਲਈ ਆਉਂਦੇ ਹਨ। ਤੁਸੀਂ ਮੇਲਿਆਂ ਵਿੱਚ ਉਨ੍ਹਾਂ ਨੂੰ ਕੀ ਦਿਖਾਉਂਦੇ ਹੋ ?
– ਤਰਕਸ਼ੀਲ ਮੇਲਿਆਂ ਰਾਹੀਂ ਅਸੀਂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਬਾਹਰ ਨਿਕਲਣ ਦਾ ਜ਼ੋਰਦਾਰ ਸੱਦਾ ਦੇਣਾ ਹੁੰਦਾ ਹੈ। ਇਸ ਲਈ ਅਸੀਂ ਅਜਿਹੇ ਨਾਟਕ ਹੀ ਵਿਖਾਉਂਦੇ ਹਾਂ ਜਿਹੜੇ ਇਸ ਵਿਸ਼ੇ ਨੂੰ ਲੈ ਕੇ ਹੀ ਲਿਖੇ ਗਏ ਹੋਣ। ਇਨ੍ਹਾਂ ਨਾਟਕਾਂ ਵਿੱਚ ਕਿਸੇ ਜੋਤਸ਼ੀ ਜਾਂ ਬਾਬੇ ਦੇ ਲੋਕਾਂ ਨੂੰ ਲੁੱਟਣ ਦੇ ਢੰਗਾਂ ਦਾ ਪਰਦਾਫਾਸ਼ ਕੀਤਾ ਗਿਆ ਹੁੰਦਾ ਹੈ ਤੇ ਇਸੇ ਤਰ੍ਹਾਂ ਹੀ ਚਮਤਕਾਰਾਂ ਦੇ ਪਾਜ ਉਧੇੜੇ ਜਾਂਦੇ ਹਨ। ਬਹੁਤੇ ਪ੍ਰੋਗਰਾਮਾਂ ਵਿੱਚ ਜਾਦੂ ਦੇ ਅਜਿਹੇ ਟ੍ਰਿੱਕਾਂ ਦੀ ਹੀ ਚੋਣ ਕੀਤੀ ਜਾਂਦੀ ਹੈ ਜਿੰਨ੍ਹਾਂ ਦੀ ਵਰਤੋਂ ਢੌਂਗੀਆਂ ਦੁਆਰਾ ਲੋਕਾਂ ਨੂੰ ਲੁੱਟਣ ਲਈ ਆਮ ਹੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਅਜਿਹੇ ਮੇਲਿਆਂ ਵਿੱਚ ਅਜਿਹੀਆਂ ਪੁਸਤਕ ਪ੍ਰਦਰਸ਼ਨੀਆਂ ਹੀ ਲਗਾਈਆਂ ਜਾਂਦੀਆਂ ਹਨ ਜਿਹੜੀਆਂ ਵਹਿਮਾਂ-ਭਰਮਾਂ ਤੋਂ ਮੁਕਤ ਹੋਣ ਦਾ ਲੋਕਾਂ ਨੂੰ ਸੱਦਾ ਦਿੰਦੀਆਂ ਹੋਣ। ਜਾਦੂ ਲੋਕਾਂ ਨੂੰ ਵਿਖਾਉਣਾ ਕੋਈ ਸ਼ੌਕ ਨਹੀਂ, ਤੇ ਨਾ ਹੀ ਇਹ ਸਾਡਾ ਕੋਈ ਧੰਦਾ ਹੈ। ਇਹ ਤਾਂ ਸਾਡਾ ਲੋਕਾਂ ਨਾਲ ਨੇੜਲਾ ਰਿਸ਼ਤਾ ਪੈਦਾ ਕਰਨ ਦਾ ਇੱਕ ਢੰਗ ਹੈ। ਇਸ ਦੇ ਨਾਲ ਹੀ ਸਾਡੇ ਬੁਲਾਰੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੰਦੇ ਹਨ। ਦਹੇਜ ਪ੍ਰਥਾ ਅਤੇ ਨਸ਼ਿਆਂ ਦੇ ਸਤਾਏ ਲੋਕਾਂ ਦੀ ਅਸਲੀਅਤ ਨੂੰ ਪੇਸ਼ ਕਰਦੀਆਂ ਹੋਈਆਂ ਕੁਝ ਕੋਰੀਓ ਗ੍ਰਾਫੀਆਂ ਵੀ ਦਿਖਾਈਆਂ ਜਾਂਦੀਆਂ ਹਨ।
? ਤੁਸੀਂ ਢੌਂਗੀਆਂ ਦੇ ਪਰਦੇਫਾਸ਼ ਕਰਨ ਦਾ ਕੰਮ ਕਦੋਂ ਅਤੇ ਕਿਉਂ ਸ਼ੁਰੂ ਕੀਤਾ।
– ਮੈਂ ਮੂਰਤੀਆਂ, ਮੰਦਰਾਂ ਅਤੇ ਗ੍ਰੰਥਾਂ ਨਾਲੋਂ ਇਨਸਾਨੀਅਤ ਨੂੰ ਵੱਧ ਪਿਆਰ ਕਰਦਾ ਹਾਂ। ਮੈਂ ਸਮਝਦਾ ਹਾਂ ਕਿ ਮੰਦਰਾਂ, ਮੂਰਤੀਆਂ ਤੇ ਗ੍ਰੰਥਾਂ ਦਾ ਸਿਰਜਣਹਾਰਾ ਵੀ ਇਨਸਾਨ ਹੀ ਹੈ। ਇਸ ਲਈ ਲੋਕਾਂ ਨੂੰ ਇਹ ਸਮਝਾਉਣ ਲਈ 1984 ਤੋਂ ਮੈਂ ਇਹ ਕੰਮ ਸ਼ੁਰੂ ਕੀਤਾ। 1984 ਵਿੱਚ ਮੈਨੂੰ ਸ਼੍ਰੀਲੰਕਾ ਦੇ ਡਾ. ਕਾਵੂਰ ਦੀ ਲਿਖੀ ਇੱਕ ਪੁਸਤਕ ਜਿਸਦਾ ਨਾਂ ‘ਭੲਗੋਨੲ ਘੋਦਮੲਨ’ ਮਿਲੀ ਸੀ, ਨੂੰ ਮੈਂ ਪੰਜਾਬੀ ਵਿੱਚ ਉਲਥਾਇਆ। ਇਹ ਕਿਤਾਬ ਪੜ੍ਹ ਕੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਸਾਡੇ ਕੋਲ ਆਉਣ ਲੱਗ ਪਏ। ਇਸ ਤਰ੍ਹਾਂ ਤਰਕਸ਼ੀਲ ਸੁਸਾਇਟੀ ਦੀ ਪਹਿਲੀ ਇਕਾਈ 1984 ਵਿੱਚ ਭਾਰਤ ਦੇ ਸੂਬੇ ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਹੀ ਹੋਂਦ ਵਿੱਚ ਆ ਗਈ ਸੀ।
? ਤੁਹਾਡੀ ਲਹਿਰ ਨੇ ਅਤੇ ਤੁਸੀਂ ਹੁਣ ਤੱਕ ਕੀ ਕੁਝ ਕੀਤਾ ਹੈ।
– ਸਾਡੀ ਲਹਿਰ ਨੇ ਹੁਣ ਤੱਕ 45, 000 ਦੇ ਕਰੀਬ ਅਜਿਹੇ ਕੇਸਾਂ ਨੂੰ ਸਮਝਾ-ਬੁਝਾ ਕੇ ਠੀਕ ਕੀਤਾ ਹੈ, ਜਿਨ੍ਹਾਂ ਨੂੰ ਕਸਰਾਂ ਹੁੰਦੀਆਂ ਸਨ। 300 ਦੇ ਕਰੀਬ ਅਜਿਹੇ ਕੇਸ ਹੱਲ ਕੀਤੇ ਹਨ ਜਿਨ੍ਹਾਂ ਵਿੱਚ ਘਰਾਂ ਵਿੱਚ ਘਟਨਾਵਾਂ ਵਾਪਰਦੀਆਂ ਸਨ। ਕਿਸੇ ਘਰ ਅੱਗ ਲਗਦੀ ਸੀ, ਕਿਸੇ ਘਰ ਵਿੱਚ ਇੱਟਾਂ-ਰੋੜੇ ਡਿਗਦੇ ਸਨ। ਇਸ ਤੋਂ ਇਲਾਵਾ ਅਸੀਂ ਹਰ ਸਾਲ ਸੈਂਕੜਿਆਂ ਦੀ ਤਾਦਾਦ ਵਿੱਚ ਅਜਿਹੇ ਮੇਲੇ ਲਾਉਂਦੇ ਹਾਂ ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੁੰਦੇ ਹਨ। ਸੁਸਾਇਟੀ ਵੱਲੋਂ 50 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬੀ ਵਿੱਚ ‘ਤਰਕਬੋਧ’, ‘ਵਿਗਿਆਨ ਜੋਤ’ ਅਤੇ ਹਿੰਦੀ ਵਿੱਚ ‘ਤਰਕਜੋਤੀ’, ‘ਤਰਕਸ਼ੀਲ ਆਕਾਸ਼’ ਆਦਿ ਦੋਮਾਹੀ ਜਾਂ ਤਿਮਾਹੀ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਲੋਕ ਵੱਡੀ ਗਿਣਤੀ ਵਿੱਚ ਪੜ੍ਹਦੇ ਹਨ।
? ਕੀ ਤੁਹਾਨੂੰ ਇਸ ਖੇਤਰ ਵਿੱਚ ਕੰਮ ਕਰਦਿਆਂ ਧਮਕੀਆਂ ਵੀ ਮਿਲੀਆਂ?
– ਇਸ ਲਹਿਰ ਵਿੱਚ ਮੇਰੇ ਕੰਮ ਕਰਨ ਦੇ 17 ਸਾਲਾਂ ਦੇ ਵਕਫੇ ਦੌਰਾਨ ਮੈਨੂੰ ਵੱਖ-ਵੱਖ ਕਿਸਮ ਦੇ ਅਤਿਵਾਦੀ ਸੰਗਠਨਾਂ ਅਤੇ ਵਿਅਕਤੀਆਂ ਵੱਲੋਂ 29 ਕਿਸਮ ਦੇ ਧਮਕੀ ਵਾਲੇ ਪੱਤਰ ਮਿਲੇ ਹਨ। ਇਹਨਾਂ ਵਿੱਚੋਂ ਖਾਲਿਸਤਾਨ ਕਮਾਂਡੋ ਫੋਰਸ, ਬੱਬਰ ਖਾਲਸਾ, ਸ਼ਿਵ ਸੈਨਾ, ਬਜ਼ਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਸ਼ਾਮਿਲ ਹਨ। ਇੱਕ ਰਾਧਾ-ਸੁਆਮੀ ਨੇ ਵੀ ਲਿਖਿਆ ਹੈ ਕਿ, ‘‘ਤੇਰੀਆਂ ਪੁਸਤਕਾਂ ਪੜ੍ਹ ਕੇ ਮੇਰਾ ਪੁੱਤ ਨਾਸਤਿਕ ਬਣ ਗਿਆ ਹੈ। ਇਸ ਲਈ ਤੇਰੇ ਹੱਥ ਪੈਰ ਕੱਟ ਦੇਣੇ ਚਾਹੀਦੇ ਹਨ ਅਤੇ ਤੇਰੇ ਮੂੰਹ `ਤੇ ਥੁੱਕ ਦੇਣਾ ਚਾਹੀਦਾ ਹੈ।’’ ਇਸੇ ਢੰਗ ਨਾਲ ਰਾਮਾ-ਕ੍ਰਿਸ਼ਨ ਮਿਸ਼ਨ ਵੱਲੋਂ ਵੀ ਅਜਿਹੀਆਂ ਧਮਕੀਆਂ ਮੈਨੂੰ ਪ੍ਰਾਪਤ ਹੋਈਆਂ ਹਨ।
? ਤੁਸੀਂ ਚੀਨੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ?
– 1. ਮੈਂ ‘ਤਰਕਸ਼ੀਲ ਸੁਸਾਇਟੀ ਭਾਰਤ’ ਵੱਲੋਂ ਚੀਨੀ ਜਨਤਾ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਇਨਸਾਨੀਅਤ ਮੰਦਰਾਂ, ਗ੍ਰੰਥਾਂ ਅਤੇ ਮੂਰਤੀਆਂ ਤੋਂ ਵੱਡੀ ਹੁੰਦੀ ਹੈ।
2. ਸੰਸਾਰ ਦੀ ਹਰੇਕ ਘਟਨਾ ਪਿੱਛੇ ਵਿਗਿਆਨ ਦਾ ਕੋਈ ਨਾ ਕੋਈ ਨਿਯਮ ਹੁੰਦਾ ਹੈ।
3. ਤੰਦਰੁਸਤ ਹੁੰਦੇ ਹੋਏ ਵੀ ਬਸਾਖੀਆਂ ਸਹਾਰੇ ਤੁਰਨਾ, ਅੱਖਾਂ ਹੁੰਦੇ ਹੋਏ ਵੀ ਨਾ ਵੇਖਣਾ ਅੰਧਵਿਸ਼ਵਾਸੀ ਵਿਅਕਤੀ ਦੇ ਪ੍ਰਮੁੱਖ ਗੁਣ ਹੁੰਦੇ ਹਨ। ਯਾਦ ਰੱਖੋ, ਧਰਤੀ ਉੱਤੇ ਕਦੇ ਵੀ ਕੋਈ ਚਮਤਕਾਰ ਨਹੀਂ ਹੋਇਆ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਸਵਾਲ ਸ਼ੀਮਾ ਨੈਣ ਨੂੰ ਵੀ ਪੁੱਛੇ। ਜਿੰਨਾਂ ਦੇ ਜੁਆਬ ਉਸ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਦਿੱਤੇ ਗਏ। ਪ੍ਰੋਗਰਾਮ ਦੀ ਰੌਚਕਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੇ ਇੱਕ ਚੀਨੀ ਜਾਦੂਗਰ ਨੂੰ ਵੀ ਬੁਲਾਇਆ ਹੋਇਆ ਸੀ ਅਤੇ ਮੇਰੇ ਨਾਲ ਗਏ ਜਗਦੇਵ ਸਿੰਘ ਕੰਮੋਮਾਜਰਾ ਦਾ ਵੀ ਭਰਪੂਰ ਫਾਇਦਾ ਉਠਾਇਆ। ਇੱਕ ਚੀਨੀ ਬੱਚੀ ਭਾਰਤੀ ਨਾਚ ਵਿਖਾ ਰਹੀ ਸੀ। ਸ਼੍ਰੀ ਕੰਮੋਮਾਜਰਾ ਨੇ ਆਪਣੇ ਖਾਲੀ ਡੱਬੇ ਵਿੱਚੋਂ ਰਿਬਨ ਪ੍ਰਗਟ ਕਰ ਦਿੱਤਾ। ਇਸ ਤਰ੍ਹਾਂ ਚੀਨੀ ਜਾਦੂਗਰ ਇੱਕ ਬਰੀਕ ਜਿਹੀ ਰੱਸੀ ਲੈ ਕੇ ਚੀਨੀ ਜਨਤਾ ਵਿੱਚ ਗਿਆ। ਅੱਖਾਂ ਦੇ ਝਪਕਣ ਜਿੰਨੀ ਦੇਰੀ ਲਾਏ ਬਿਨਾਂ ਹੀ ਉਸ ਨੇ ਇੱਕ ਜਿਉਂਦੀ ਮੱਛੀ ਪ੍ਰਗਟ ਕਰ ਦਿੱਤੀ। ਫਿਰ ਜਗਦੇਵ ਸਿੰਘ ਨੇ ਗੁਬਾਰੇ ਵਿੱਚੋਂ ਹੀ ਤਾਸ਼ ਪ੍ਰਗਟ ਕਰ ਦਿੱਤੀ ਤੇ ਇਸੇ ਤਰ੍ਹਾਂ ਚੀਨੀ ਜਾਦੂਗਰ ਨੇ ਵੀ ਕਈ ਅਜਿਹੇ ਹੈਰਾਨ ਕਰਨ ਵਾਲੇ ਟ੍ਰਿੱਕ ਵਿਖਾਏ। ਜਗਦੇਵ ਨੇ ਮਸ਼ੀਨ ਰਾਹੀਂ ਨੋਟ ਬਣਾ ਕੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤਰ੍ਹਾਂ ਅਸੀਂ 45 ਮਿੰਟ ਦਾ ਇਹ ਐਪੀਸੋਡ ਵੀ ਵੱਡੀ ਸਫਲਤਾਪੂਰਵਕ ਸਿਰੇ ਚੜ੍ਹਾ ਲਿਆ।

Exit mobile version