Site icon Tarksheel Society Bharat (Regd.)

ਜਗਦੇਵ ਬਾਰੇ ਜਾਣਕਾਰੀ…(12)

ਮੇਘ ਰਾਜ ਮਿੱਤਰ

ਸਾਡੀ ਸੰਸਥਾ ਦੇ ਬਾਰੇ ਦਿੱਤੀ ਜਾਣਕਾਰੀ ਤੇ ਤਸੱਲੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਮੈਨੂੰ ਆਪਣੇ ਬਾਰੇ ਅਤੇ ਸਾਥੀ ਜਗਦੇਵ ਬਾਰੇ ਜਾਣਕਾਰੀ ਦੇਣ ਲਈ ਕਿਹਾ। ਭਾਵੇਂ ਉਹਨਾਂ ਕੋਲ ਸਾਡੇ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਪਹਿਲਾਂ ਵੀ ਮੌਜੂਦ ਸੀ ਪਰ ਫੇਰ ਵੀ ਮੈਂ ਉਨ੍ਹਾਂ ਨੂੰ ਦੱਸਿਆ ਕਿ, ‘‘ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੰਧ-ਵਿਸ਼ਵਾਸਾਂ ਦੇ ਖਾਤਮੇ ਲਈ ਵਧੀਆ ਭੂਮਿਕਾ ਨਿਭਾਉਣ ਵਾਲੀ ਇਹ ਉੱਘੀ ਜਥੇਬੰਦੀ ‘ਤਰਕਸ਼ੀਲ ਸੁਸਾਇਟੀ ਭਾਰਤ’ ਮੇਰੇ ਯਤਨਾਂ ਨਾਲ ਹੋਂਦ ਵਿੱਚ ਆਈ ਸੀ। ਇਸ ਲਈ ਮੈਨੂੰ ਇਸ ਦਾ ਮੁਢਲਾ ਖਾਕਾ ਤਿਆਰ ਕਰਨ ਦਾ ਅਤੇ ਮੁਢਲੇ ਕੇਸਾਂ ਨੂੰ ਸਭ ਤੋਂ ਪਹਿਲਾਂ ਹੱਲ ਕਰਨ ਦਾ ਤਜਰਬਾ ਹਾਸਿਲ ਹੋਇਆ ਹੈ। ਹੁਣ ਤੱਕ ਮੈਂ ਹਜ਼ਾਰਾਂ ਹੀ ਅਜਿਹੇ ਕੇਸਾਂ ਨੂੰ ਹੱਲ ਕਰ ਚੁੱਕਿਆ ਹਾਂ। ਬਹੁਤ ਸਾਰੇ ਜਨਤਕ ਇਕੱਠਾ ਨੂੰ ਸੰਬੋਧਨ ਕਰਨ ਦਾ ਮੌਕਾ ਵੀ ਮਿਲਿਆ ਹੈ। ਭਾਰਤੀ ਦੂਰਦਰਸ਼ਨ ਤੋਂ ਤਿੰਨ ਵਾਰੀ ਲੋਕਾਂ ਦੇ ਰੂ-ਬ-ਰੂ ਹੋਇਆ ਹਾਂ। 15 ਕੁ ਕਿਤਾਬਾਂ ਦਾ ਲੇਖਕ ਹੋਣ ਦੇ ਨਾਲ-ਨਾਲ ਇੱਕ ਮੈਗਜ਼ੀਨ ‘ਵਿਗਿਆਨ ਜੋਤ’ ਦਾ ਮੁੱਖ ਸੰਪਾਦਕ ਵੀ ਹਾਂ। ਤਰਕਸ਼ੀਲ ਪੁਸਤਕਾਂ ਦੇ ਪ੍ਰਕਾਸ਼ਨ ਦੀ ਮੁੱਖ ਜ਼ਿੰਮੇਵਾਰੀ ਨਿਭਾਉਣ ਵਾਲਾ ਅਦਾਰਾ ‘ਤਰਕਭਾਰਤੀ ਪ੍ਰਕਾਸ਼ਨ’ ਵੀ ਮੇਰੀ ਦੇਖ-ਰੇਖ ਹੇਠ ਅੱਗੇ ਵਧ ਰਿਹਾ ਹੈ। ਇਸ ਮੌਕੇ `ਤੇ ਮੈਂ ਉਹਨਾਂ ਨੂੰ ਕੁਝ ਅਜਿਹੀਆਂ ਪੰਜਾਬੀ ਪੁਸਤਕਾਂ ਵੀ ਦਿਖਾਈਆਂ ਜਿਹੜੀਆਂ ਚੀਨੀ ਲੇਖਕਾਂ ਨੇ ਲਿਖੀਆਂ ਹੋਈਆਂ ਸਨ। ਇਹਨਾਂ ਪੁਸਤਕਾਂ ਵਿੱਚ `ਚਮਕਦਾ ਲਾਲ ਸਿਤਾਰਾ’ ਨਾਂ ਦਾ ਇੱਕ ਨਾਵਲ ਅਤੇ ਇੱਕ ਪੁਸਤਕ ਜਿਸਦਾ ਨਾਂ `ਚੀਨੀਆਂ ਭੂਤ ਇੰਝ ਭਜਾਏ’ ਇਹ ਪੁਸਤਕਾਂ ਦੇਖ ਕੇ ਉਹ ਬਹੁਤ ਹੀ ਖੁਸ਼ ਹੋਏ।
ਸਾਥੀ ਜਗਦੇਵ ਕੰਮੋਮਾਜਰਾ ਬਾਰੇ ਮੈਂ ਦੱਸਿਆ ਕਿ ਉਹ ਇੱਕ ਅਣਥੱਕ ਮੈਂਬਰ ਹੈ ਜਿਹੜਾ ਪੁਲਿਸ ਵਿਭਾਗ ਵਿੱਚ ਹੁੰਦਿਆਂ ਹੋਇਆਂ ਵੀ ਸੁਸਾਇਟੀ ਲਈ ਦਿਨ-ਰਾਤ ਇੱਕ ਕਰਦਾ ਰਹਿੰਦਾ ਹੈ। ਵਧੀਆ ਬੁਲਾਰੇ ਦੇ ਨਾਲ-ਨਾਲ ਉਹ ਇੱਕ ਵਧੀਆ ਪਾਠਕ ਵੀ ਹੈ। ਪੜ੍ਹਨ ਦੀ ਰੁਚੀ ਕਰਕੇ ਹੀ ਉਸਨੇ ਤਰਕਸ਼ੀਲ ਲਹਿਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਅੱਜ ਉਹ ਸਮੁੱਚੇ ਤਰਕਸ਼ੀਲਾਂ ਵਿੱਚ ਸਭ ਤੋਂ ਵਧੀਆ ਜਾਦੂਗਰ ਦੇ ਤੌਰ `ਤੇ ਪੰਜਾਬ ਵਿੱਚ ਪ੍ਰਸਿੱਧ ਹੋਇਆ ਹੈ।
ਉਸੇ ਦਿਨ ਠੀਕ ਦੋ ਘੰਟੇ ਬਾਅਦ ਮੈਡਮ ਵੂ ਜਿਆਓ ਲਿਆਂਗ ਤੇ ਸੌਂਗ ਪੈਂਗ ਆਏ। ਉਹਨਾਂ ਦੇ ਨਾਲ ਸਾਡਾ ਦੋ-ਭਾਸ਼ੀਆ ਪ੍ਰੋ. ਵਾਂਗ ਵੀ ਸੀ। ਉਹ ਦੋਵੇਂ ਚੀਨੀ ਭਾਸ਼ਾ ਵਿੱਚ ਗੱਲਬਾਤ ਕਰਕੇ ਪ੍ਰੋ. ਵਾਂਗ ਨੂੰ ਸਮਝਾ ਦਿੰਦੇ ਸਨ ਤੇ ਪ੍ਰੋ. ਵਾਂਗ ਹਿੰਦੀ ਅਤੇ ਅੰਗਰੇਜ਼ੀ ਵਿੱਚ ਗੱਲਬਾਤ ਦੀ ਜਾਣਕਾਰੀ ਸਾਨੂੰ ਦੇ ਦਿੰਦਾ ਸੀ ਤੇ ਇਸੇ ਤਰ੍ਹਾਂ ਮੋੜਵੇਂ ਰੂਪ ਵਿੱਚ ਸਾਡੇ ਦੁਆਰਾ ਦਿੱਤੇ ਗਏ ਜੁਆਬ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦੇ ਸਨ। ਟੈਲੀਵਿਜ਼ਨ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਸਾਡੀ ਦਸ ਦਿਨਾਂ ਦੀ ਬੀਜ਼ਿੰਗ ਵਿੱਚ ਠਹਿਰ ਦੌਰਾਨ ਸਾਡੇ ਲਈ ਹੇਠ ਲਿਖਿਆ ਪ੍ਰੋਗਰਾਮ ਤੈਅ ਕੀਤਾ ਹੈ।
ਇਨ੍ਹਾਂ ਵਿੱਚੋਂ ਤਿੰਨ ਦਿਨ ਤਾਂ ਟੈਲੀਵਿਜ਼ਨ ਦੇ ਪ੍ਰੋਗਰਾਮ ਲਈ ਸਾਡੀ ਸ਼ੂਟਿੰਗ ਹੋਵੇਗੀ। ਇਨ੍ਹਾਂ ਤਿੰਨ ਦਿਨਾਂ ਵਿੱਚੋਂ ਵੀ ਇੱਕ ਦਿਨ ਦੀ ਸ਼ੂਟਿੰਗ ਬੀਜ਼ਿੰਗ ਤੋਂ ਬਾਹਰ ਇੱਕ ਸਟੂਡੀਓ ਵਿੱਚ ਹੋਵੇਗੀ ਕਿਉਂਕਿ ਚੀਨੀ ਟੈਲੀਵਿਜ਼ਨ ਸਟੂਡੀਓ ਅੰਦਰ ਅੱਗ ਨਾਲ ਸਬੰਧਿਤ ਕੋਈ ਵੀ ਸ਼ੂਟਿੰਗ ਕਰਨ ਦੀ ਮਨਾਹੀ ਹੈ। ਇਸ ਲਈ ਇੱਕ ਦਿਨ ਦੀ ਸ਼ੂਟਿੰਗ ਆਊਟ-ਡੋਰ ਹੋਵੇਗੀ। ਜਿਹੜੀ ਦੋ ਦਿਨਾਂ ਦੀ ਸ਼ੂਟਿੰਗ ਸਟੂਡੀਓ ਅੰਦਰ ਹੋਵੇਗੀ, ਉਸ ਵਿੱਚ ਇੱਕ ਦਿਨ ਲਈ ਚੀਨੀ ਜਨਤਾ ਬੁਲਾਈ ਜਾਵੇਗੀ। ਜਿਹੜੀ ਤੁਹਾਨੂੰ ਤੁਹਾਡੇ ਦੇਸ਼ ਦੇ ਅੰਧ-ਵਿਸ਼ਵਾਸ ਬਾਰੇ ਅਤੇ ਚੀਨ ਵਿਚਲੇ ਅੰਧ-ਵਿਸ਼ਵਾਸ ਬਾਰੇ ਸਵਾਲ ਪੁੱਛੇਗੀ। ਤੁਸੀਂ ਉਸਦੇ ਜਵਾਬ ਦੇਣੇ ਹੋਣਗੇ। ਤੀਸਰੀ ਕਿਸ਼ਤ ਵਿੱਚ ਬੀਜ਼ਿੰਗ ਯੂਨੀਵਰਸਿਟੀ ਵਿੱਚ ਪੜ੍ਹਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਬੁਲਾਇਆ ਜਾਵੇਗਾ। ਉਹ ਆਪਣੇ ਦੇਸ਼ ਦੇ ਅੰਧ-ਵਿਸ਼ਵਾਸਾਂ ਬਾਰੇ ਅਤੇ ਭਾਰਤ ਦੇ ਅੰਧ-ਵਿਸ਼ਵਾਸਾਂ ਬਾਰੇ ਸੁਆਲ-ਜੁਆਬ ਕਰਨਗੇ ਅਤੇ ਦੋ ਦਿਨ ਲਈ ਉਹ ਸਾਨੂੰ ਬੀਜ਼ਿੰਗ ਵਿਚਲੀਆਂ ਇਤਿਹਾਸਕ ਥਾਵਾਂ ਦੀ ਯਾਤਰਾ ਲਈ ਲੈ ਕੇ ਜਾਣਗੇ। ਸੋ, ਮਿਥੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਲਈ ਸਾਨੂੰ ਤਿਆਰੀ ਕਰਨ ਲਈ ਆਖਿਆ ਗਿਆ।

Exit mobile version