ਮੇਘ ਰਾਜ ਮਿੱਤਰ
ਅਗਲੇ ਦਿਨ ਸਾਡਾ ਦੋ-ਭਾਸ਼ੀਆ ਪ੍ਰੋਫੈਸਰ ਵਾਂਗ ਫੈਂਗ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਪੁੱਜ ਗਿਆ। ਉਸਨੇ ਸਾਨੂੰ ਦੱਸਿਆ ਕਿ 20, 21, 22 ਮਈ ਤਿੰਨ ਦਿਨਾਂ ਲਈ ਅਸੀਂ ਲਗਾਤਾਰ ਸਾਡੇ ਦੁਆਰਾ ਟੈਲੀਵਿਜ਼ਨ `ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਦੀ ਤਿਆਰੀ ਕਰਾਂਗੇ। 23 ਤਾਰੀਖ ਨੂੰ ਉਹ ਬੀਜ਼ਿੰਗ ਦੀਆਂ ਪ੍ਰਸਿੱਧ ਇਮਾਰਤਾਂ ਸਾਨੂੰ ਦਿਖਾਵੇਗਾ। 24 ਤਾਰੀਖ ਨੂੰ ਸਾਡੀ ਸਟੂਡੀਓ ਤੋਂ ਬਾਹਰਲੀ ਸ਼ੂਟਿੰਗ ਹੋਵੇਗੀ। 25 ਤਾਰੀਖ ਨੂੰ ਸਾਡੀ ਸ਼ੂਟਿੰਗ ਪਹਿਲਾਂ 1 ਤੋਂ 4 ਵਜੇ ਤੱਕ ਹੋਵੇਗੀ। ਤੇ ਬਾਕੀ ਸ਼ੂਟਿੰਗ 6 ਤੋਂ 9 ਵਜੇ ਦੇ ਵਿਚਕਾਰ ਹੋਵੇਗੀ। ਉਸਨੇ ਸਾਥੋਂ ਸਮਾਨ ਦੀ ਲਿਸਟ ਲੈ ਲਈ। ਇੰਨੇ ਸਮੇਂ ਬਾਅਦ ਚਾਇਨਾ ਸੈਂਟਰਲ ਟੈਲੀਵਿਜ਼ਨ ਦਾ ਡਾਇਰੈਕਟਰ ਮਿਸਟਰ ਸੌਂਗ ਪੈਂਗ ਅਤੇ ਸਹਾਇਕ ਡਾਇਰੈਕਟਰ ਮੈਡਮ ਵੂ-ਜਿਆਓ-ਲਿਆਂਗ ਆ ਗਏ। ਮਿਸਟਰ ਸੌਂਗ ਪੈਂਗ 35 ਵਰਿ੍ਹਆਂ ਦਾ ਨੌਜਵਾਨ ਸੀ। ਉਸਨੇ ਅਜੇ ਤੱਕ ਸ਼ਾਦੀ ਨਹੀਂ ਸੀ ਕਰਵਾਈ। ਉਸਨੇ ਕਿਹਾ ਕਿ, ‘‘ਮੇਰੀ ਇੱਕ ਸਹੇਲੀ ਹੈ। ਮੈਂ ਉਸ ਨਾਲ ਛੇਤੀ ਹੀ ਸ਼ਾਦੀ ਕਰ ਰਿਹਾ ਹਾਂ।’’ ਮੈਡਮ ਵੂ ਜਿਆਓ ਲਿਆਂਗ ਵੀ 24 ਕੁ ਵਰਿ੍ਹਆਂ ਦੀ ਲੜਕੀ ਸੀ। ਉਸਨੇ ਵੀ ਅਜੇ ਤੱਕ ਸ਼ਾਦੀ ਨਹੀਂ ਸੀ ਕਰਵਾਈ। ਉਹਨਾਂ ਨੇ ਸਾਨੂੰ ਦੱਸਿਆ ਕਿ ‘‘ਚਾਈਨਾ ਸੈਂਟਰਲ ਟੈਲੀਵਿਜ਼ਨ ਵਾਲੇ ਇੱਕ ਇੱਕੀ ਕਿਸ਼ਤਾਂ ਦੀ ਲੜੀ ਜਿਸਦਾ ਨਾਂ Tell it like it is ਹੈ, ਤਿਆਰ ਕਰ ਰਹੇ ਹਨ। ਜਿਸ ਦੀਆਂ 15 ਕਿਸ਼ਤਾਂ ਪਹਿਲਾਂ ਹੀ ਤਿਆਰ ਹੋ ਚੁੱਕੀਆਂ ਹਨ। ਇਸ ਪ੍ਰੋਗਰਾਮ ਵਿੱਚ ਅਸੀਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਚਲਦੀਆਂ ਗੈਰ-ਵਿਗਿਆਨਕ ਗੱਲਾਂ ਬਾਰੇ ਅਤੇ ਉੱਥੇ ਉਸਰ ਰਹੀਆਂ ਤਰਕਸ਼ੀਲ ਜਥੇਬੰਦੀਆਂ ਦੀ ਸੱਚੀ-ਸੁੱਚੀ ਜਾਣਕਾਰੀ ਪੇਸ਼ ਕਰਨੀ ਹੈ। ਅਸੀਂ ਤੁਹਾਡੇ ਕੰਮ ਬਾਰੇ ਤਿੰਨ ਕਿਸ਼ਤਾਂ ਤਿਆਰ ਕਰਨੀਆਂ ਚਾਹੁੰਦੇ ਹਾਂ। ਸਾਨੂੰ ਚਾਈਨਾ ਦੀ ਤਰਕਸ਼ੀਲਾਂ ਦੀ ਜਥੇਬੰਦੀ ਦੇ ਪ੍ਰਧਾਨ ਮਿਸਟਰ ਸ਼ੀਮਾ ਨੈਣ ਵੱਲੋਂ ਅਤੇ ਦੁਨੀਆਂ ਦੇ ਵੱਖ-ਵੱਖ ਮੈਗਜ਼ੀਨਾਂ ਵਿੱਚੋਂ ਤੁਹਾਡੇ ਕੰਮ ਬਾਰੇ ਜਾਣਕਾਰੀ ਮਿਲੀ ਹੈ। ਅਸੀਂ ਸਮਝਦੇ ਹਾਂ ਕਿ ਤੁਹਾਡੀ ਜਥੇਬੰਦੀ ਦਾ ਭਾਰਤ ਵਿੱਚੋਂ ਅੰਧ-ਵਿਸ਼ਾਵਾਸ ਖਤਮ ਕਰਨ ਲਈ ਇੱਕ ਵੱਡਾ ਯੋਗਦਾਨ ਹੈ। ਸਾਡੇ ਦੇਸ਼ ਵਿੱਚ ਭਾਵੇਂ ਅੰਧ-ਵਿਸ਼ਵਾਸ ਬਹੁਤੇ ਨਹੀਂ ਹਨ ਪਰ ਪੱਛਮੀ ਪ੍ਰਭਾਵ ਵਧਣ ਨਾਲ ਉਹਨਾਂ ਦੇ ਅੰਧ-ਵਿਸ਼ਵਾਸ ਵੀ ਸਾਡੇ ਦੇਸ਼ ਵਿੱਚ ਆ ਰਹੇ ਹਨ। ਇਸ ਲਈ ਸਾਡੀ ਸੈਂਟਰਲ ਕਮੇਟੀ ਚਾਹੁੰਦੀ ਹੈ ਕਿ ਲੋਕਾਂ ਦੀ ਸੋਚ ਹੋਰ ਵਿਗਿਆਨਿਕ ਬਣਾਈ ਜਾਵੇ। ਇਹ ਪ੍ਰੋਗਰਾਮ ਠੲਲਲ ਟਿ ਲਕਿੲ ਟਿ ਸਿ iਂੲੱਕ ਬਹੁਤ ਹੀ ਹਰਮਨ ਪਿਆਰਾ ਲੜੀਵਾਰ ਹੈ। ਇਸ ਪ੍ਰੋਗਰਾਮ ਨੂੰ ਸਾਡੇ ਵਜ਼ੀਰ ਵੀ ਬਕਾਇਦਗੀ ਨਾਲ ਦੇਖਦੇ ਹਨ। ਇਹ ਪ੍ਰੋਗਰਾਮ ਅਸੀਂ ਸਾਡੇ ਦੇਸ਼ ਦੇ ਅੱਸੀ ਕਰੋੜ ਲੋਕਾਂ ਨੂੰ ਦਿਖਾ ਸਕਾਂਗੇ। ਸੋ ਪ੍ਰੋਗਰਾਮ ਦੀ ਵਧੀਆ ਪੇਸ਼ਕਾਰੀ ਤੁਹਾਡੇ `ਤੇ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।’’