ਭਾਰਤੀ ਪਖਾਨੇ
ਉਹਨਾਂ ਦੇ ਪਖਾਨੇ ਵੀ ਅਜਿਹੇ ਬਣੇ ਹੋਏ ਸਨ ਕਿ ਸੱਚੀਉਂ ਹੀ ਜਿਨ੍ਹਾਂ ਵਿੱਚ ਬੈਠ ਕੇ ਖਾਣਾ ਵੀ ਖਾਧਾ ਜਾ ਸਕਦਾ ਸੀ। ਪਰ ਇਸਦੇ ਮੁਕਾਬਲੇ ਜਦੋਂ ਮੈਂ ਭਾਰਤ, ਖਾਸ ਕਰਕੇ ਪੰਜਾਬ ਦੇ ਪਿਸ਼ਾਬ ਘਰਾਂ ਜਾਂ ਪਖਾਨਿਆਂ ਦੀ ਹਾਲਤ ਦਾ ਖਿਆਲ ਕਰਦਾ ਹਾਂ ਤਾਂ ਮੇਰਾ ਘਰ ਬੈਠੇ ਦਾ ਹੀ ਜੀਅ ਉਲਟੀ ਕਰਨ ਨੂੰ ਕਰਦਾ ਹੈ। ਨਾ ਸਰਕਾਰ ਦਾ, ਨਾ ਅਫਸਰਾਂ ਦਾ, ਨਾ ਸਫਾਈ ਕਰਮਚਾਰੀਆਂ ਦਾ ਹੀ ਇਸ ਗੱਲ ਵੱਲ ਕੋਈ ਧਿਆਨ ਹੈ। ਚੀਨ ਵਿੱਚ ਮੈਂ ਕੋਈ ਵਿਅਕਤੀ ਵੀ ਕਿਸੇ ਥਾਂ `ਤੇ ਖੜ੍ਹਾ ਹੋ ਕੇ ਪਿਸ਼ਾਬ ਕਰਦਾ ਨਹੀਂ ਦੇਖਿਆ। ਪਰ ਇੱਥੇ ਤਾਂ ਥਾਂ-ਥਾਂ `ਤੇ ਲਿਖਿਆ ਹੁੰਦਾ ਹੈ ਕਿ ‘‘ਇੱਥੇ ਕੁੱਤੇ ਦਾ ਪੁੱਤ ਮੂਤ ਰਿਹਾ ਹੈ’’, ‘‘ਇੱਥੇ ਗਧਾ ਪਿਸ਼ਾਬ ਕਰ ਰਿਹਾ ਹੈ’’, ਜਾਂ ‘‘ਕੁੱਤੇ ਦੇ ਪੂਤ, ਇੱਥੇ ਨਾ ਮੂਤ’’ ਆਦਿ। ਫਿਰ ਵੀ ਲੋਕ ਇਹਨਾਂ ਸਥਾਨਾਂ `ਤੇ ਪਿਸ਼ਾਬ ਕਰਕੇ ਖੁਸ਼ੀ ਹੀ ਮਹਿਸੂਸ ਕਰਦੇ ਹਨ ਕਿ ਸੱਚੀਉਂ ਹੀ ਕੁੱਤੇ ਦੇ ਪੁੱਤ ਹਾਂ, ਗਧੇ ਹਾਂ, ਵਗੈਰਾ ਵਗੈਰਾ। ਸਾਡੇ ਸ਼ਹਿਰ ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਜਦੋਂ ਅਧਿਕਾਰੀਆਂ ਦੇ ਲੱਖਾਂ ਯਤਨਾਂ ਨਾਲ ਵੀ ਆਮ ਜਨਤਾ ਨੇ ਰਿਹਾਇਸ਼ੀ ਕੁਆਟਰਾਂ ਸਾਹਮਣੇ ਪਿਸ਼ਾਬ ਕਰਨਾ ਬੰਦ ਨਾ ਕੀਤਾ ਤਾਂ ਅੱਕ ਕੇ ਕੁਆਟਰਾਂ ਵਿੱਚ ਰਹਿਣ ਵਾਲਿਆਂ ਨੇ ਇੱਕ ਚਬੂਤਰਾ ਜਿਹਾ ਬਣਾ ਦਿੱਤਾ। ਜਿਸ ਉੱਤੇ ਲਿਖ ਦਿੱਤਾ ਗਿਆ, ‘‘ਇੱਥੇ ਮਿਤੀ 2.2.99 ਨੂੰ ਨਾਗ ਦੇਵਤਾ ਜੀ ਪ੍ਰਗਟ ਹੋਏ ਸਨ।’’ ਹੁਣ ਲੋਕ ਉਸ ਥਾਂ `ਤੇ ਪਿਸ਼ਾਬ ਕਰਨ ਦੀ ਬਜਾਏ ਮੱਥਾ ਟੇਕ ਕੇ ਹੀ ਲੰਘਦੇ ਹਨ।
ਮੈਂ ਵੇਖਿਆ ਹੈ ਕਿ ਇੱਥੋਂ ਦੇ ਸਰਕਾਰੀ ਦਫਤਰਾਂ ਕੋਲ ਆਪਣੇ ਰੱਖਿਆ ਗਾਰਡ ਹੁੰਦੇ ਹਨ। ਜਿਹੜੇ ਨਿਸ਼ਚਿਤ ਥਾਂਵਾਂ `ਤੇ ਬੇ-ਹਰਕਤ ਖੜ੍ਹੇ ਹੋ ਕੇ ਬੜੀ ਬਕਾਇਦਗੀ ਨਾਲ ਆਮ ਜਨਤਾ ਉੱਤੇ ਨਜ਼ਰ ਰਖਦੇ ਹਨ। ਕਹਿੰਦੇ ਭਾਵੇਂ ਕੁਝ ਨਹੀਂ ਹਨ, ਪਰ ਚੌਕਸ ਜ਼ਰੂਰ ਰਹਿੰਦੇ ਹਨ।
ਕਮਰੇ ਵਿੱਚ ਆ ਕੇ ਅਸੀਂ ਦੋਵਾਂ ਨੇ ਆਪਣੇ ਆਪਣੇ ਘਰਾਂ ਨੂੰ ਆਪਣੇ ਸਹੀ-ਸਲਾਮਤ ਪੁੱਜਣ ਬਾਰੇ ਫੋਨ `ਤੇ ਸੂਚਨਾ ਦਿੱਤੀ। ਫਿਰ ਮੈਂ ਤੇ ਜਗਦੇਵ ਨੇ ਦਿਖਾਉਣ ਵਾਲੇ ਟਿੱ੍ਰਕਾਂ ਵਿੱਚੋਂ ਲੋੜੀਂਦੇ ਸਮਾਨ ਦੀ ਲਿਸਟ ਤਿਆਰ ਕੀਤੀ, ਤਾਂ ਜੋ ਇਹ ਅਗਲੇ ਦਿਨ ਸਵੇਰੇ ਨੌਂ ਵਜੇ ਚਾਈਨਾ ਸੀ. ਸੀ. ਟੀ. ਵੀ. ਵਾਲਿਆਂ ਦੇ ਸਪੁਰਦ ਕੀਤੀ ਜਾ ਸਕੇ।

