Site icon Tarksheel Society Bharat (Regd.)

ਮੀਡੀਆ ਸੈਂਟਰ…(7)

ਮੇਘ ਰਾਜ ਮਿੱਤਰ

ਚਾਈਨਾ ਸੈਂਟਰਲ ਟੈਲੀਵਿਜ਼ਨ ਵੱਲੋਂ ਸਾਨੂੰ ਆਪਣੇ ਹੋਟਲ ਮੀਡੀਆ ਸੈਂਟਰ ਵਿੱਚ ਠਹਿਰਾਇਆ ਗਿਆ। ਇਸ ਹੋਟਲ ਵਿੱਚ 253 ਕਮਰੇ ਹਨ। ਇਹ ਹੋਟਲ ਬਹੁਤ ਹੀ ਵਧੀਆ ਢੰਗ ਨਾਲ ਜਪਾਨੀਆਂ ਦੀ ਯੋਜਨਾਬੰਦੀ ਨਾਲ ਬਣਿਆ ਹੋਇਆ ਹੈ। ਸੀ. ਸੀ. ਟੀ. ਵੀ. ਦੀ ਆਪਣੀ ਇਮਾਰਤ ਹੈ। ਆਪਣੇ ਮਹਿਮਾਨਾਂ ਨੂੰ ਉਹ ਇੱਥੇ ਠਹਿਰਾਉਂਦੇ ਹਨ। ਮੀਡੀਆ ਸੈਂਟਰ ਵਿੱਚ ਪ੍ਰਵੇਸ਼ ਕਰਨ ਲਈ ਦਰਵਾਜ਼ਾ ਇਸ ਢੰਗ ਨਾਲ ਬਣਿਆ ਹੋਇਆ ਹੈ ਕਿ ਉਹ ਹਮੇਸ਼ਾ ਘੁੰਮਦਾ ਰਹਿੰਦਾ ਹੈ। ਜਦੋਂ ਉਸ ਦਾ ਨਿਕਾਸ ਤੁਹਾਡੇ ਵੱਲ ਆ ਜਾਂਦਾ ਹੈ ਤਾਂ ਤੁਸੀਂ ਉਸ ਵਿੱਚ ਦਾਖ਼ਲ ਹੋ ਜਾਂਦੇ ਹੋ। ਜਦੋਂ ਇਹ ਨਿਕਾਸ ਹੋਟਲ ਦੇ ਅੰਦਰ ਵੱਲ ਆ ਜਾਂਦਾ ਹੈ ਤਾਂ ਇਸ ਵਿੱਚੋਂ ਦੀ ਹੁੰਦੇ ਹੋਏ ਤੁਸੀਂ ਹੋਟਲ ਦੇ ਅੰਦਰ ਦਾਖਲ ਹੋ ਜਾਂਦੇ ਹੋ। ਏਅਰ ਟਿਕਟਾਂ ਲਈ ਕ੍ਰਾਂਸੀ ਐਕਸਚੇਂਜ ਆਦਿ ਦਾ ਵਧੀਆ ਪ੍ਰਬੰਧ ਹੈ। ਥੋੜ੍ਹਾ-ਬਹੁਤ ਘਰੇਲੂ ਸਮਾਨ ਵੀ ਖਰੀਦਿਆਂ ਜਾ ਸਕਦਾ ਹੈ। ਕਿਤਾਬਾਂ ਦੀ ਇੱਕ ਸਟਾਲ ਵੀ ਹੈ। ਵੱਡੀਆਂ ਮੀਟਿੰਗਾਂ ਕਰਨ ਲਈ ਕਾਨਫਰੰਸ ਹਾਲ ਬਣੇ ਹੋਏ ਹਨ। ਅੱਗ ਤੋਂ ਬਚਣ ਲਈ ਥਾਂ-ਥਾਂ ਅੱਗ ਬੁਝਾਉ ਯੰਤਰ ਰੱਖੇ ਹੋਏ ਹਨ। ਸਾਰਾ ਹੋਟਲ ਹੀ ਸੈਂਟਰਲੀ ਏਅਰ ਕੰਡੀਸ਼ਨਡ ਹੈ। ਪੋਸਟ ਆਫਿਸ ਅਤੇ ਬੈਂਕ ਦੀਆਂ ਸਹੂਲਤਾਂ ਵੀ ਹੋਟਲ ਵਿੱਚ ਉਪਲਬਧ ਹਨ। ਕਾਰ ਪਾਰਕਿੰਗ ਲਈ ਵੀ ਵਧੀਆ ਇੰਤਜ਼ਾਮ ਹੈ। ਹੋਟਲ ਦੀ ਹੇਠਲੀ ਮੰਜ਼ਿਲ `ਤੇ ਚਾਰ-ਪੰਜ ਕਿਸਮ ਦੇ ਰੈਸਟੋਰੈਂਟ ਬਣੇ ਹੋਏ ਹਨ। ਇਹਨਾਂ ਵਿੱਚੋਂ ਇੱਕ ਪੱਛਮੀ ਖਾਣੇ ਦਾ, ਦੂਜਾ ਚੀਨੀ ਖਾਣੇ ਦਾ ਤੇ ਤੀਜਾ ਸ਼ਰਾਬ ਆਦਿ ਲਈ ਬਾਰ ਹੈ। ਆਉਣ ਜਾਣ ਲਈ ਚਾਰ ਲਿਫਟਾਂ ਹਨ। ਇਹ ਹੋਟਲ ਗਿਆਰਾਂ ਮੰਜ਼ਿਲਾ ਹੈ।
ਸਾਨੂੰ ਅੱਠਵੀਂ ਮੰਜ਼ਿਲ `ਤੇ ਠਹਿਰਾਇਆ ਗਿਆ। ਕਮਰੇ ਨੂੰ ਖੋਲ੍ਹਣ ਅਤੇ ਲਾਕ ਕਰਨ ਲਈ ਸਾਨੂੰ ਕੋਈ ਚਾਬੀ ਨਹੀਂ ਦਿੱਤੀ ਗਈ ਸੀ ਸਗੋਂ ਇੱਕ ਕਾਰਡ ਦਿੱਤਾ ਗਿਆ ਜਿਸ ਨੂੰ ਦਰਵਾਜੇ ਦੇ ਲਾਕ ਵਿੱਚ ਪਾਉਣ ਨਾਲ ਲਾਕ ਖੁੱਲ੍ਹ ਜਾਂਦਾ ਸੀ ਤੇ ਇਸੇ ਕਾਰਡ ਨੂੰ ਜਦੋਂ ਅਸੀਂ ਕਮਰੇ ਦੀ ਮੇਨ ਸਵਿੱਚ ਵਿੱਚ ਪਾਉਂਦੇ ਸਾਂ ਤਾਂ ਲਾਈਟਾਂ ਆਪਣੇ-ਆਪ ਜਗ ਪੈਂਦੀਆਂ ਸਨ ਤੇ ਕੱਢਣ `ਤੇ ਬੁਝ ਜਾਂਦੀਆਂ ਸਨ। ਸਾਰੇ ਕਮਰੇ ਵਿੱਚ ਭੂਰੇ ਰੰਗ ਦਾ ਇੱਕ ਗਲੀਚਾ ਵਿਛਿਆ ਹੋਇਆ ਸੀ ਅਤੇ ਰਾਹਦਾਰੀ ਵਿੱਚ ਲਾਲ ਰੰਗ ਦਾ ਗਲੀਚਾ ਸੀ। ਕਮਰੇ ਵਿੱਚ ਫਰਿੱਜ, ਟੈਲੀਵਿਜ਼ਨ, ਟੈਲੀਫੋਨ, ਚਾਹ ਬਣਾਉਣ ਵਾਲੀ ਕੇਤਲੀ, ਇੱਕ ਇਲੈਕਟ੍ਰਾਨਿਕ ਸੇਫ, ਜੋ ਨਕਦੀ ਆਦਿ ਸੰਭਾਲਣ ਲਈ ਰੱਖੇ ਹੋਏ ਸਨ। ਬਾਹਰਲੇ ਨਜ਼ਾਰੇ ਦੇਖਣ ਲਈ ਇੱਕ ਵੱਡੀ ਖਿੜਕੀ ਸੀ। ਫਰਿੱਜ ਵਿੱਚ ਪੀਣ ਲਈ ਮਾਇਨਰਲ ਵਾਟਰ, ਕੋਕਾ ਕੋਲਾ, ਸਪਰਾਈਟ, ਕਈ ਕਿਸਮ ਦੀ ਬੀਅਰ ਅਤੇ ਕਈ ਕਿਸਮ ਦੀਆਂ ਵਿਸਕੀ ਅਤੇ ਵਾਈਨ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਬਾਥਰੂਮ ਅਤੇ ਲੈਟਰੀਨ ਇਕੱਠੇ ਹੀ ਸਨ। ਨਹਾਉਣ ਵਾਲਾ ਟੱਬ ਬਾਥਰੂਮ ਵਿੱਚ ਹੀ ਸੀ। ਹੱਥ ਧੋਣ ਲਈ, ਨਹਾਉਣ ਲਈ ਅਲੱਗ-ਅਲੱਗ ਕਿਸਮ ਦੇ ਤੌਲੀਏ ਹੋਟਲ ਵੱਲੋਂ ਹੀ ਕਮਰੇ ਵਿੱਚ ਰਖਵਾ ਦਿੱਤੇ ਗਏ ਸਨ। ਕੱਪੜੇ ਧੋਣ ਲਈ ਅਤੇ ਪ੍ਰੈਸ ਕਰਨ ਲਈ ਲਾਂਡਰੀ ਦਾ ਇੰਤਜ਼ਾਮ ਸੀ। ਠੰਡਾ ਅਤੇ ਗਰਮ ਪਾਣੀ ਹਰ ਸਮੇਂ ਉਪਲਬਧ ਸੀ। ਨਹਾਉਣ ਲਈ ਪਾਣੀ ਦਾ ਟੱਬ, ਹੱਥ ਧੋਣ ਤੋਂ ਬਾਅਦ ਸੁਕਾਉਣ ਲਈ ਗਰਮ ਹਵਾ ਵਾਲੇ ਪੱਖੇ ਦਾ ਪ੍ਰਬੰਧ ਸੀ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਫੋਨ ਕਰਨ ਲਈ ਫੋਨ ਕਮਰੇ ਵਿੱਚ ਹੀ ਸਨ। ਇੰਟਰਨੈਟ ਸੁਵਿਧਾ ਹੋਟਲ ਵਿੱਚ ਹਰੇਕ ਯਾਤਰੀ ਲਈ ਉਪਲਬਧ ਸੀ।
ਸੌਂਗ ਅਤੇ ਵਾਂਗ ਨੇ ਸਾਨੂੰ ਇਸ ਕਮਰੇ ਵਿੱਚ ਪਹੁੁੰਚਾ ਦਿੱਤਾ। ਕਮਰੇ ਅਤੇ ਕਮਰੇ ਵਿੱਚ ਰੱਖੀਆਂ ਹੋਈਆਂ ਵਸਤੂਆਂ ਦੀ ਜਾਣ-ਪਹਿਚਾਣ ਕਰਵਾ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਨੇ ਇੱਕ ਕਾਰਡ ਸਾਡੇ ਹੱਥ ਫੜ੍ਹਾ ਦਿੱਤਾ। ਕਹਿਣ ਲੱਗੇ ਕਿ ‘‘ਹੇਠਲੀ ਮੰਜ਼ਿਲ `ਤੇ ਰੈਸਟੋਰੈਂਟ ਹਨ। ਤੁਸੀਂ ਜੋ ਕੁਝ ਵੀ ਖਾਣਾ ਹੋਵੇ, ਹੇਠਲੀ ਮੰਜ਼ਿਲ `ਤੇ ਚਲੇ ਜਾਣਾ। ਉਹਨਾਂ ਨੂੰ ਕਾਰਡ ਦਿਖਾ ਦੇਣਾ, ਉਹ ਤੁਹਾਨੂੰ ਖਾਣਾ ਖੁਆ ਕੇ ਬਿਲ `ਤੇ ਦਸਤਖਤ ਕਰਨ ਲਈ ਕਹਿਣਗੇ। ਤੁਸੀਂ ਉਹ ਕਰ ਦਿਆ ਕਰਨੇ।’’ ਅਸੀਂ ਹਰ-ਰੋਜ਼ ਇਸ ਹੋਟਲ ਵਿੱਚ ਖਾਣਾ ਖਾਂਦੇ ਰਹੇ। ਸ਼ਾਮ ਦੇ ਸਮੇਂ ਜਗਦੇਵ ਸ਼ਰਾਬ ਜਾਂ ਬੀਅਰ ਦੇ ਕੁਝ ਪੈੱਗ ਵੀ ਲੈ ਲੈਂਦਾ ਸੀ। ਮੈਂ ਤਾਂ ਅਕਸਰ ਦਾਰੂ ਤੋਂ ਗੁਰੇਜ਼ ਹੀ ਕਰਦਾ ਰਿਹਾ ਹਾਂ, ਐਵੇਂ ਬੱਸ, ਨਾ ਹੋਈ ਵਰਗੀ……। ਖਾਣਾ ਹਜ਼ਾਰਾਂ ਕਿਸਮ ਦਾ ਸੀ, ਇਸ ਲਈ ਅਸੀਂ ਤਾਂ ਦਸ ਦਿਨ ਵੱਖ-ਵੱਖ ਖਾਣਿਆਂ ਦਾ ਸੁਆਦ ਹੀ ਦੇਖਦੇ ਰਹੇ ਕਿਉਂਕਿ ਸਾਡਾ ਸੁਆਦ ਤਾਂ ਭਾਰਤੀ ਖਾਣਿਆਂ ਅਨੁਸਾਰ ਹੀ ਢਲਿਆ ਹੋਇਆ ਹੈ। ਇਸ ਲਈ ਸਾਨੂੰ ਉਹਨਾਂ ਦਾ ਕੀਮਤੀ ਤੋਂ ਕੀਮਤੀ ਖਾਣਾ ਵੀ ਸਰੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦੇ ਬਰਾਬਰ ਦਾ ਨਜ਼ਰੀਂ ਨਾ ਆਇਆ। ਚੀਨੀ ਆਮ ਤੌਰ `ਤੇ ਖਾਣਾ ਖਾਣ ਲਈ ਛੋਟੀਆਂ ਛੋਟੀਆਂ ਸੀਖਾਂ ਦੀ ਵਰਤੋਂ ਕਰਦੇ ਹਨ। ਇਹ ਸੀਖਾਂ ਵੀ ਵਰਤਣੀਆਂ ਅਸੀਂ ਨਾ ਸਿੱਖ ਸਕੇ।

Exit mobile version