Site icon Tarksheel Society Bharat (Regd.)

ਸ਼ਾਹੀ ਸਫ਼ਰ ਅਤੇ ਸਹੂਲਤਾਂ…(4)

ਮੇਘ ਰਾਜ ਮਿੱਤਰ

ਏਅਰ ਹੋਸਟੈਸਾਂ ਸਾਰੇ ਯਾਤਰੀਆਂ ਨੂੰ ਇੱਕ ਛੋਟਾ ਜਿਹਾ ਰੰਗਦਾਰ ਲਿਫਾਫਾ ਫੜ੍ਹਾ ਰਹੀਆਂ ਸਨ, ਜਿਸ ਵਿੱਚ 15-15 ਗ੍ਰਾਮ ਸੂਰਜਮੁਖੀ ਦੇ ਭੁੰਨੇ ਹੋਏ ਨਮਕੀਨ ਬੀਜ ਸਨ। ਇਸ ਤੋਂ ਕੁਝ ਸਮੇਂ ਬਾਅਦ ਹੀ ਉਹ ਟਰੱਾਲੀਆਂ ਲੈ ਆਈਆਂ ਜਿੰਨ੍ਹਾਂ ਵਿੱਚ ਵੱਖ-ਵੱਖ ਕਿਸਮ ਦੀਆਂ, ਪੀਣ ਵਾਲੀਆਂ ਵਸਤੂਆਂ ਰੱਖੀਆਂ ਹੋਈਆਂ ਸਨ। ਭਾਵ ਕਿ ਕੋਕਾ ਕੋਲਾ, ਬੀਅਰ, ਵਿਸਕੀ, ਵਾਈਨ ਐਪਲ ਜਿਊਸ ਆਦਿ ਸਭ ਕੁਝ ਉਪਲਬਧ ਸੀ। ਮੈਂ ਭਾਵੇਂ ਦਾਰੂ ਬਹੁਤੀ ਜ਼ਿਆਦਾ ਕਦੇ ਨਹੀਂ ਪੀਂਦਾਂ ਪਰ ਫਿਰ ਵੀ ਨਾ-ਚਾਹੁੰਦੇ ਹੋਏ ਨੇ ਇੱਕ ਪੈੱਗ ਸਕੌਚ ਦਾ ਲਾ ਹੀ ਲਿਆ। ਮੇਰੇ ਸਾਥੀ ਜਗਦੇਵ ਨੇ ਦੋ-ਤਿੰਨ ਪੈੱਗ ਲਾ ਲਏ। ਇੱਕ ਪੈੱਗ ਨੇ ਹੀ ਮੇਰੀ ਸੁਰਤ ਬੌਂਦਲਾ ਦਿੱਤੀ ਅਤੇ ਮੈਂ ਬੇ-ਲੋੜੀਆਂ ਜਿਹੀਆਂ ਗੱਲਾਂ ਮਾਰਨ ਲੱਗ ਪਿਆ। ਇਸ ਤੋਂ ਬਾਅਦ ਏਅਰ ਹੋਸਟੈਸਾਂ ਖਾਣਾ ਲੈ ਆਈਆਂ। ਕੁਝ ਚਾਵਲ, ਬੱਤਖ ਦੇ ਮੀਟ ਦੇ ਟੁਕੜੇ, ਇੱਕ ਦੋ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਸਨ। ਜਗਦੇਵ ਤਾਂ ਮੈਨੂੰ ਮੇਰੀਆਂ ਇਸ ਸਥਿਤੀ ਵਿੱਚ ਬੋਲੀਆਂ ਹੋਈਆਂ ਗੱਲਾਂ ਹੀ ਦੁਹਰਾ-ਦੁਹਰਾ ਕੇ ਹਸਾਉਂਦਾ ਰਿਹਾ। ਸੂਰਜ ਦੀ ਲਾਲੀ ਅਜੇ ਚੜ੍ਹੀ ਵੀ ਨਹੀਂ ਸੀ ਕਿ ਸਾਡਾ ਜਹਾਜ਼ ਬੈਂਕਾਕ ਅੱਡੇ ਦੇ ਉੱਪਰ ਚੱਕਰ ਲਾਉਣ ਲੱਗਾ। ਉੱਚੀਆਂ-ਉੱਚੀਆਂ ਇਮਾਰਤਾਂ ਵਾਲਾ ਇਹ ਸ਼ਹਿਰ ਕਾਫੀ ਸੁੰਦਰ ਦਿਖਾਈ ਦੇ ਰਿਹਾ ਸੀ। ਇਸਦੀ ਸੁੰਦਰਤਾ ਨੂੰ ਦੇਖਦੇ ਹੋਏ ਅਸੀਂ ਫੈਸਲਾ ਕੀਤਾ ਕਿ ਅਸੀਂ ਜ਼ਰੂਰ ਵਾਪਸੀ ਉੱਤੇ ਕੁਝ ਦਿਨ ਇਸ ਸ਼ਹਿਰ ਦੇ ਨਜ਼ਾਰੇ ਵੀ ਮਾਣਾਂਗੇ। ਏਅਰ ਹੋਸਟੈਸਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਸਵੇਰ ਦੇ ਸਾਢੇ ਪੰਜ ਵੱਜ ਚੁੱਕੇ ਹਨ। ਪਰ ਸਾਡੀਆਂ ਘੜੀਆਂ ਅਜੇ ਚਾਰ ਹੀ ਵਜਾ ਰਹੀਆਂ ਸਨ। ਸੋ ਇੱਥੇ ਉਤਰਨ ਸਾਰ ਹੀ ਅਸੀਂ ਆਪਣੀ ਇੱਕ ਘੜੀ ਉੱਤੇ ਟਾਈਮ ਚਾਰ ਵਜੇ ਹੀ ਰਹਿਣ ਦਿੱਤਾ ਪਰ ਦੂਜੀ ਘੜੀ ਉੱਤੇ ਸਾਢੇ ਪੰਜ ਵਜੇ ਦਾ ਟਾਈਮ ਕਰ ਲਿਆ।

Exit mobile version