Site icon Tarksheel Society Bharat (Regd.)

? ਮੈਂ ਅਤੇ ਹਰਜੀਤ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹਾਂ। ਹਰਜੀਤ ਲੜਕੀ ਮੇਰੇ ਰਿਸ਼ਤੇਦਾਰਾਂ ਵਿੱਚੋਂ ਹੀ ਮਾਮੇ ਦੀ ਲੜਕੀ ਹੈ। ਅਸੀਂ ਦੋਵੇਂ ਇੱਕ ਦੂਜੇ ਨਾਲ ਸ਼ਾਦੀ ਕਰਨਾ ਚਾਹੁੰਦੇ ਹਾਂ। ਪਰ ਸਮਾਜ ਅਤੇ ਸਾਡੇ ਦੋਵਾਂ ਦੇ ਘਰ ਦੇ ਸਾਨੂੰ ਇਹ ਆਗਿਆ ਜ਼ਿੰਦਗੀ ਭਰ ਨਹੀਂ ਦੇਣਗੇ। ਕੀ ਅਸੀਂ ਦੋਵਾਂ ਨੇ ਪਿਆਰ ਕਰਕੇ ਕੋਈ ਗੁਨਾਹ ਕੀਤਾ ਹੈ ? ਮੈਂ ਤੁਹਾਡੇ ਕੋਲੋਂ ਸਲਾਹ ਲੈਣੀ ਚਾਹੁੰਦਾ ਹਾਂ ਕਿ ਸਾਨੂੰ ਦੋਵਾਂ ਨੂੰ ਕੀ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇਮਾਨਦਾਰੀ ਨਾਲ ਘਰਦਿਆਂ ਨੂੰ ਦੱਸ ਦੇਈਏ ਤਾਂ ਉਹ ਸਾਡੀ ਸ਼ਾਦੀ ਲਈ ਕਦੀ ਵੀ ਨਹੀਂ ਮੰਨਣਗੇ। ਅਸੀਂ ਇਸ ਮਸਲੇ ਸੰਬੰਧੀ ਬਹੁਤ ਪ੍ਰੇਸ਼ਾਨ ਹਾਂ। ਕਿਰਪਾ ਕਰਕੇ ਮਿੱਤਰ ਜੀ ਸਾਨੂੰ ਦੋਵਾਂ ਨੂੰ ਇਸ ਦਾ ਹੱਲ ਦੱਸਿਆ ਜਾਵੇ।

ਮੇਘ ਰਾਜ ਮਿੱਤਰ

-ਨਵੀ-ਹਰਜੀਤ, ਬੱਚੀਵਿੰਡ (ਅੰਮ੍ਰਿਤਸਰ)
– ਹਿੰਦੂ ਅਤੇ ਸਿੱਖ ਸਮਾਜ ਵਿੱਚ ਨਜ਼ਦੀਕੀ ਰਿਸ਼ਤੇਦਾਰੀਆਂ ਵਿੱਚ ਸ਼ਾਦੀ ਦੀ ਮਨਾਹੀ ਹੈ। ਉਂਝ ਇਹਨਾਂ ਮਨਾਹੀਆਂ ਦੀ ਪ੍ਰਵਾਹ ਕੌਣ ਕਰਦਾ ਹੈ ? ਸਾਡੇ ਨਜ਼ਦੀਕੀ ਸ਼ਹਿਰ ਰਾਏਕੋਟ ਵਿੱਚ ਇੱਕ ਸਕੇ ਭੈਣ-ਭਰਾ ਨੇ ਹੀ ਵਿਆਹ ਕਰਵਾਇਆ ਹੋਇਆ ਹੈ! ਪਰ ਵਿਆਹ ਕੋਈ ਦੋ ਵਿਅਕਤੀਆਂ ਦਾ ਹੀ ਮਸਲਾ ਨਹੀਂ ਹੁੰਦਾ, ਇਸ ਨਾਲ ਹੋਰ ਸੈਂਕੜੇ ਨਜ਼ਦੀਕੀ, ਮਾਂ-ਪਿਓ, ਭੈਣ-ਭਾਈਆਂ ਦੀਆਂ ਭਾਵਨਾਵਾਂ ਬੱਝੀਆਂ ਹੁੰਦੀਆਂ ਹਨ। ਸੋ, ਉਨ੍ਹਾਂ ਸਾਰਿਆਂ ਦੇ ਸਲਾਹ-ਮਸ਼ਵਰੇ ਨਾਲ ਚੱਲਣ ਦਾ ਯਤਨ ਕਰੋ। ਜੇ ਤੁਸੀਂ ਬਗ਼ਾਵਤ ਦਾ ਫੈਸਲਾ ਕਰ ਲਿਆ ਹੈ ਤਾਂ ਅੜਚਨਾਂ ਦੇ ਬਾਵਜੂਦ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ।
***
? ਤਰਕਸ਼ੀਲ ਤਪਦੇ ਸੰਗਲਾਂ ਨੂੰ ਹੱਥਾਂ ਨਾਲ ਠੰਢਾ ਕਿਵੇਂ ਕਰ ਦਿੰਦੇ ਹਨ।
? ਕੀ ਗਾਂ, ਮੱਝ ਆਦਿ ਦਾ ਦੁੱਧ ਮਾਸਾਹਾਰੀ ਹੈ, ਕੀ ਮਨੁੱਖ ਵੱਲੋਂ ਇਸ ਨੂੰ ਵਰਤਣਾ ਜਾਇਜ਼ ਹੈ।
? ਆਮ ਲੋਕ ਬੱਦਲਾਂ ਦੀ ਗਰਜ-ਚਮਕ `ਚ ਜ਼ਖਮਾਂ ਨੂੰ ਕਿਸੇ ਕੱਪੜੇ ਆਦਿ ਨਾਲ ਢਕ ਦਿੰਦੇ ਹਨ। ਕੀ ਬੱਦਲਾਂ ਦੀ ਗਰਜ-ਚਮਕ ਖੁੱਲ੍ਹੇ ਜ਼ਖਮਾਂ ਲਈ ਨੁਕਸਾਨਦੇਹ ਹੈ।
-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ : ਖੋਸਾ ਪਾਂਡੋ, (ਮੋਗਾ)
– ਤਰਕਸ਼ੀਲ ਤਪਦੇ ਸੰਗਲਾਂ ਨੂੰ ਠੰਡਾ ਕਰਨ ਲਈ ਪੈਟਰੋਲੀਅਮ ਯੈਲੀ ਦਾ ਇਸਤੇਮਾਲ ਕਰਦੇ ਹਨ। ਹੱਥਾਂ ਨੂੰ ਪੈਟਰੋਲੀਅਮ ਯੈਲੀ ਮਲ ਕੇ ਉਹ ਸੰਗਲਾਂ ਨੂੰ ਹੱਥ ਪਾਉਂਦੇ ਹਨ ਜਿਸ ਨਾਲ ਲਾਟਾਂ ਵੀ ਪੈਦਾ ਹੁੰਦੀਆਂ ਹਨ। ਪੈਟਰੋਲੀਅਮ ਯੈਲੀ ਦੀ ਤਹਿ ਕੁਚਾਲਕ ਹੋਣ ਕਰਕੇ ਹੱਥਾਂ ਨੂੰ ਵੀ ਇਸ ਦਾ ਨੁਕਸਾਨ ਨਹੀਂ ਪਹੁੰਚਦਾ। ਵਧੇਰੇ ਜਾਣਕਾਰੀ ਲਈ ਬੀ. ਪ੍ਰੇਮਾਨੰਦ ਦੀ ਲਿਖੀ ਕਿਤਾਬ `ਚਮਤਕਾਰਾਂ ਪਿੱਛੇ ਵਿਗਿਆਨ’ ਦਾ ਅਧਿਐਨ ਕਰ ਸਕਦੇ ਹੋ।
– ਮੱਝਾਂ ਅਤੇ ਗਾਵਾਂ ਦਾ ਦੁੱਧ ਬਹੁਤ ਸਾਰੇ ਪ੍ਰੋਟੀਨਾਂ ਅਤੇ ਵਿਟਾਮਿਨਾਂ ਦਾ ਸੋਮਾ ਹੈ। ਇਸ ਲਈ ਤੰਦਰੁਸਤ ਸਰੀਰ ਲਈ ਇਸ ਦੀ ਵਰਤੋਂ ਜਰੂਰੀ ਹੈ। ਇਸ ਵਿੱਚ ਮੱਝਾਂ ਅਤੇ ਗਾਵਾਂ ਦੀ ਚਰਬੀ ਦੇ ਕੁਝ ਅੰਸ਼ ਵੀ ਹੁੰਦੇ ਹਨ। ਇਸ ਲਈ ਦੁੱਧ ਨੂੰ ਵਿਗਿਆਨਿਕ ਨਜ਼ਰੀਏ ਤੋਂ ਸਾਕਾਹਾਰੀ ਨਹੀਂ ਕਿਹਾ ਜਾ ਸਕਦਾ।
– ਬੱਦਲਾਂ ਦੀ ਗਰਜ ਅਤੇ ਚਮਕ ਦਾ ਜਖਮਾਂ ਉੱਪਰ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਜਖਮਾਂ ਦੇ ਖਰਾਬ ਹੋਣ ਦਾ ਕਾਰਨ ਤਾਂ ਉਹ ਨਿੱਕੇ-ਨਿੱਕੇ ਜੀਵਾਣੂ ਹੁੰਦੇ ਹਨ ਜਿਹੜੇ ਹਵਾ ਜਾਂ ਪਾਣੀ ਵਿੱਚੋਂ ਨੰਗੇ ਜਖਮਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।
***

Exit mobile version