Site icon Tarksheel Society Bharat (Regd.)

? ਕੀ ਹੋਮੀਓਪੈਥੀ ਵਿਗਿਆਨਕ ਹੈ ? ਜੇਕਰ ਹਾਂ ਤਾਂ ਕਿਵੇਂ ਅਤੇ ਜੇਕਰ ਨਹੀਂ ਤਾਂ ਕਿਉਂ ?

ਮੇਘ ਰਾਜ ਮਿੱਤਰ

? ਤੁਸੀਂ ਲਿਖਿਆ ਸੀ ਕਿ ਇੱਕ ਵਾਰ ਤੁਸੀਂ ਮਾਤਾ ਦੇ ਮੰਦਿਰ `ਚ ਗਏ ਸੀ। ਤੁਸੀਂ ਪੁਜਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਸਦੀਆਂ ਤੋਂ ਜਗ ਰਹੀਆਂ ਲਾਟਾਂ ਕੁਝ ਮਿੰਟਾਂ ਵਿੱਚ ਬੁਝਾ ਸਕਦੇ ਹੋ। ਪਰ ਪੁਜਾਰੀਆਂ ਨੇ ਤੁਹਾਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ ਦਿੱਤੀ। ਤੁਸੀਂ ਵਾਪਸ ਪਰਤ ਆਏ ਸੀ। ਪਰ ਜੇਕਰ ਪੁਜਾਰੀ ਇਸ ਦੀ ਆਗਿਆ ਦੇ ਦਿੰਦੇ ਤਾਂ ਤੁਸੀਂ ਇਹ ਕੰਮ ਕਿਵੇਂ ਕਰਦੇ ? ਕੀ ਤੁਹਾਡੇ ਕੋਲ ਉਹ ਲੋੜੀਂਦੀ ਸਮੱਗਰੀ ਸੀ ਜਿਸ ਨਾਲ ਤੁਸੀਂ ਲਾਟਾਂ ਬੁਝਾ ਸਕਦੇ ? ਸਾਨੂੰ ਜੋਤਾਂ ਬੁਝਾਉਣ ਬਾਰੇ ਜਾਣਕਾਰੀ ਦਿਓ, ਕਿਵੇਂ ਬੁਝਾਈਆਂ ਜਾ ਸਕਦੀਆਂ ਹਨ।

? ਕੀ ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਗਾਏ ਜਾਂਦੇ ਔਕਰੀਟੋਸ਼ਨ ਦੇ ਟੀਕੇ ਦਾ ਦੁੱਧ ਪੀਣ ਵਾਲਿਆਂ ਉੱਪਰ ਵੀ ਕੋਈ ਬੁਰਾ ਪ੍ਰਭਾਵ ਪੈਂਦਾ ਹੈ। ਕੀ ਇਸਦਾ ਪਸ਼ੂ ਉੱਪਰ ਵੀ ਕੋਈ ਬੁਰਾ ਪ੍ਰਭਾਵ ਪੈਂਦਾ ਹੈ।
? ਕੀ ਵਿਗਿਆਨਕ ਵਿਚਾਰਧਾਰਾ ਅਨੁਸਾਰ ਗ੍ਰਹਿਆਂ ਦਾ ਸਾਡੇ ਉੱਪਰ ਕੋਈ ਅਸਰ ਹੁੰਦਾ ਹੈ ? ਜੇਕਰ ਹਾਂ ਤਾਂ ਕਿਵੇਂ।
? ਕੀ ਹਿਪਨੋਟਿਜ਼ਮ ਰਾਹੀਂ ਕਿਸੇ ਵਿਅਕਤੀ ਤੋਂ ਸੱਚਾਈ ਜਾਣੀ ਜਾ ਸਕਦੀ ਹੈ।

-ਰਘਬੀਰ ਚੰਦ
ਵੀ. ਪੀ. ਓ. ਸਮਾਧ ਭਾਈ, ਜ਼ਿਲ੍ਹਾ ਮੋਗਾ।

– ਹੋਮਿਓਪੈਥੀ ਗੈਰ-ਵਿਗਿਆਨਕ ਹੈ। ਇਸ ਸਬੰਧੀ ਵਿਗਿਆਨ ਜੋਤ ਦੇ ਪਿਛਲੇ ਅੰਕ `ਚ ਪੜ੍ਹ ਸਕਦੇ ਹੋ।

– ਮੈਂ ਜਵਾਲਾ ਜੀ ਵਿਖੇ ਬਲ ਰਹੀਆਂ ਲਾਟਾਂ ਬੁਝਾਉਣ ਦੇ ਹੱਕ ਵਿੱਚ ਨਹੀਂ ਹਾਂ। ਪਰ ਮੈਂ ਉਹਨਾਂ ਜੋਤਾਂ ਦੇ ਆਸਰੇ ਐਸ਼ੋ-ਇਸ਼ਰਤ ਕਰ ਰਹੇ, ਉਨ੍ਹਾਂ ਦਲਾਲਾਂ ਦੇ ਵਿਰੁੱਧ ਜ਼ਰੁੂਰ ਹਾਂ ਜਿਹੜੇ ਇੱਥੋਂ ਦੀ ਭੋਲੀ-ਭਾਲੀ ਜਨਤਾ ਨੂੰ ਕੁਦਰਤੀ ਕ੍ਰਿਸ਼ਮਿਆਂ ਰਾਹੀਂ ਲੁੱਟ ਕੇ ਖਾ ਰਹੇ ਹਨ। ਅੱਗ ਬੁਝਾਉ ਯੰਤਰ ਰਾਹੀਂ ਛੋਟੀਆਂ-ਮੋਟੀਆਂ ਲਾਟਾਂ ਨੂੰ ਬੁਝਾਇਆ ਹੀ ਜਾ ਸਕਦਾ ਹੈ।
– ਦੁੱਧ ਚੋਣ ਵੇਲੇ ਲਗਾਏ ਜਾਂਦੇ ਟੀਕਿਆਂ ਦਾ ਮਨੁੱਖੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਸ਼ੂਆਂ ਤੇ ਵੀ ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਹੁੰਦਾ। ਇਸਦੀ ਵਰਤੋਂ ਘੱਟ ਤੋਂ ਘੱਟ ਹੀ ਹੋਣੀ ਚਾਹੀਦੀ ਹੈ।
– ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗ੍ਰਹਿ ਜਾਂ ਗ੍ਰਹਿਣ ਮਨੁੱਖੀ ਸਰੀਰਾਂ ਉੱਪਰ ਥੋੜ੍ਹਾ ਬਹੁਤ ਅਸਰ ਜ਼ਰੂਰ ਪਾਉਂਦੇ ਹਨ ਜਿਵੇਂ ਚੰਦਰਮਾ ਦੇ ਗ੍ਰਹਿਣ ਸਮੇਂ ਸਮੁੰਦਰ ਵਿੱਚ ਲਹਿਰਾਂ ਉੱਚੀਆਂ ਉਠਦੀਆਂ ਹਨ। ਪਰ ਅੱਜ ਤੱਕ ਸਾਨੂੰ ਕੋਈ ਵਿਅਕਤੀ ਅਜਿਹਾ ਨਹੀਂ ਮਿਲਿਆ ਜਿਹੜਾ ਇਹ ਸਿੱਧ ਕਰ ਸਕਦਾ ਹੋਵੇ ਰਾਮ ਤੇ ਸ਼ਾਮ ਉੱਤੇ ਇਨ੍ਹਾਂ ਦਾ ਅਸਰ ਵੱਖਰਾ ਵੱਖਰਾ ਕਿਵੇਂ ਹੁੰਦਾ ਹੈ। ਨਾ ਹੀ ਕੋਈ ਅਜਿਹਾ ਵਿਅਕਤੀ ਮਿਲਿਆ ਹੈ ਜਿਹੜਾ ਇਹ ਦੱਸ ਸਕਦਾ ਹੋਵੇ ਕਿ ਕਿਸੇ ਜੋਤਸ਼ੀ ਜਾਂ ਰੱਬ ਦੇ ਦਲਾਲ ਨੂੰ ਦਿੱਤਾ ਹੋਇਆ ਦਾਨ ਉਸ ਅਸਰ ਨੂੰ ਕਿਵੇਂ ਘਟਾ ਜਾਂ ਵਧਾ ਦਿੰਦਾ ਹੈ।
– ਹਿਪਨੋਟਿਜ਼ਮ ਸਿਰਫ ਉਸੇ ਵਿਅਕਤੀ ਨੂੰ ਕੀਤਾ ਜਾ ਸਕਦਾ ਹੈ ਜੋ ਹਿਪਨੋਟਾਈਜ਼ ਹੋਣਾ ਚਾਹੁੰਦਾ ਹੋਵੇ। ਇਸ ਲਈ ਸਿਰਫ ਅਜਿਹੇ ਵਿਅਕਤੀ ਹਿਪਨੋਟਾਈਜ਼ ਕੀਤੇ ਜਾ ਸਕਦੇ ਹਨ ਜੋ ਹਿਪਨੋਟਾਈਜ਼ ਹੋਣਾ ਚਾਹੁੰਦੇ ਹਨ। ਸੋ, ਅਜਿਹੇ ਵਿਅਕਤੀ ਤੋਂ ਸੱਚਾਈ ਜਾਨਣਾ ਕੋਈ ਔਖੀ ਗੱਲ ਨਹੀਂ ਹੁੰਦੀ।
***

Exit mobile version