– ਮੇਘ ਰਾਜ ਮਿੱਤਰ
ਧਰਤੀ ਉੱਤੇ ਰਹਿਣ ਵਾਲੇ ਮਨੁੱਖਾਂ ਦੀ ਨਸਲ ਭਾਵੇਂ ਇੱਕ ਹੀ ਹੈ ਪਰ ਇਨ•ਾਂ ਮਨੁੱਖਾਂ ਵਿੱਚ ਅੰਤਰ ਜ਼ਮੀਨ ਅਸਮਾਨ ਦਾ ਹੋ ਜਾਂਦਾ ਹੈ। ਇੱਕ ਮਨੁੱਖ ਉਹ ਹਨ ਜਿਹੜੇ ਪੁਲਾੜ ਵਿੱਚ ਉੱਡੇ ਫਿਰਦੇ ਹਨ, ਦੂਜੇ ਪਾਸੇ ਅੱਜ ਵੀ ਅਜਿਹੇ ਮਨੁੱਖ ਹਨ ਜਿਹੜੇ ਗੁਫਾਵਾਂ ਵਿੱਚ ਰਹਿੰਦੇ ਹਨ। ਮਨੁੱਖਾਂ ਵਿੱਚ ਇਹ ਅੰਤਰ ਸੋਚ, ਆਰਥਿਕਤਾ, ਨਾਗਰਿਕਤਾ ਆਦਿ ਕਰਕੇ ਹੁੰਦਾ ਹੈ। ਸਾਡਾ ਤਰਕਸ਼ੀਲਾਂ ਦਾ ਜ਼ਿਆਦਾ ਸਬੰਧ ਸੋਚ ਨਾਲ ਹੈ। ਆਓ ਵੇਖੀਏ ਕਿ ਸੋਚ ਨਾਲ ਮਨੁੱਖਤਾ ਵਿੱਚ ਕੀ ਫ਼ਰਕ ਪੈ ਜਾਂਦੇ ਹਨ।
1. ਸਿਹਤ ਪੱਖੋਂ – ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਹੋਏ ਸਰਵੇ ਦਸਦੇ ਹਨ ਕਿ ਤਰਕਸ਼ੀਲ ਸੋਚ ਦੇ ਮਨੁੱਖਾਂ ਨਾਲੋਂ ਧਾਰਮਿਕ ਸੋਚ ਵਾਲੇ ਘੱਟ ਔਸਤ ਉਮਰ ਜਿਉਂਦੇ ਹਨ। ਇਹ ਇਸ ਕਰਕੇ ਹੁੰਦਾ ਕਿ ਉਹ ਆਪਣੇ ਧਾਰਮਿਕ ਵਿਸ਼ਵਾਸ ਹੋਣ ਕਰਕੇ ਆਪਣੇ ਧਰਮ ਦੀਆਂ ਦਵਾਈਆਂ ਆਦਿ ਦਾ ਇਸਤੇਮਾਲ ਵੱਧ ਕਰਦੇ ਹਨ।ਇਸੇ ਤਰ•ਾਂ ਉਹ ਦਵਾਈਆਂ ਦੇ ਪੱਖੋ ਸਾਰੀ ਦੁਨੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਬਜਾਏ ਆਪਣੇ ਇਲਾਕੇ ਦੀਆਂ ਦਵਾਈਆਂ ਪਸੰਦ ਕਰਦੇ ਹਨ। ਉਨ•ਾਂ ਦਾ ਆਤਮਵਿਸਵਾਸ਼ ਵੀ ਘੱਟ ਹੁੰਦਾ ਹੈ। ਇਸ ਲਈ ਵਾਰ-ਵਾਰ ਦਵਾਈਆਂ ਬਦਲਦੇ ਰਹਿੰਦੇ ਹਨ।
2. ਨਜ਼ਰੀਆ – ਤਰਕਸ਼ੀਲ ਮਨੁੱਖਾਂ ਦਾ ਨਜ਼ਰੀਆ ਬਹੁਤ ਵਿਸ਼ਾਲ ਹੋ ਜਾਂਦਾ ਹੈ। ਉਨ•ਾਂ ਨੂੰ ਸਾਰੀ ਦੁਨੀਆਂ ਦੇ ਲੋਕ, ਸਾਰੀਆਂ ਜਾਤਾਂ ਦੇ ਲੋਕ ਅਤੇ ਸਾਰੇ ਧਰਮਾਂ ਦੇ ਲੋਕ ਚੰਗੇ ਲੱਗਣ ਲੱਗ ਜਾਂਦੇ ਹਨ। ਇਸ ਤਰ•ਾਂ ਖਾਣ-ਪੀਣ ਵੀ ਉਨ•ਾਂ ਦਾ ਵਧੀਆ ਹੋ ਜਾਂਦਾ ਹੈ। ਉਹ ਹਰ ਇਲਾਕੇ, ਹਰ ਧਰਮ, ਹਰ ਜਾਤੀ ਦੇ ਚੰਗੇ ਅਤੇ ਸਾਫ਼-ਸੁਥਰੇ ਖਾਣੇ ਪਸੰਦ ਕਰਨ ਲੱਗ ਜਾਂਦੇ ਹਨ। ਉਨ•ਾਂ ਦਾ ਪਹਿਰਾਵਾ ਵੀ ਵਧੀਆ ਹੋ ਜਾਂਦਾ ਹੈ। ਲੋਕਾਂ ਨਾਲ ਸਹਿਯੋਗ ਵੀ ਵਧ ਜਾਂਦਾ ਹੈ। ਪਰ ਧਾਰਮਿਕ ਲੋਕ ਆਪਣੇ ਖਾਣਿਆਂ ਅਤੇ ਪਹਿਰਾਵਿਆਂ ਉੱਪਰ ਬੇਲੋੜੀਆਂ ਬੰਦਸ਼ਾਂ ਲਾ ਦਿੰਦੇ ਹਨ। ਕੋਈ ਲਸਣ ਨਹੀਂ ਖਾਂਦਾ, ਕੋਈ ਪਿਆਜ ਨਹੀਂ ਖਾਂਦਾ, ਕੋਈ ਆਂਡਾ ਛੱਡ ਦਿੰਦਾ ਹੈ, ਕੋਈ ਮੀਟ ਛੱਡ ਦਿੰਦਾ ਹੈ, ਕਿਸੇ ਨੂੰ ਖੀਰ ਪਸੰਦ ਹੈ, ਕਿਸੇ ਨੂੰ ਕੜਾਹ।
3. ਸੁਭਾਅ – ਤਰਕਸ਼ੀਲਾਂ ਦਾ ਸੁਭਾਅ ਜ਼ਿਆਦਾ ਸਹਿਣਸ਼ੀਲ ਹੋ ਜਾਂਦਾ ਹੈ। ਉਨ•ਾਂ ਲਈ ਬੇਅਦਬੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਧਾਰਮਿਕ ਲੋਕ, ਇਸਤਰੀ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਲੱਗ ਪੈਂਦੇ ਹਨ ਪਰ ਤਰਕਸ਼ੀਲ ਇਸਤਰੀ ਨੂੰ ਬਰਾਬਰ ਮੰਨ ਕੇ ਚੱਲਦੇ ਹਨ। ਧਾਰਮਿਕ ਲੋਕ ਕਾਮ ਤੋਂ ਵੀ ਗੁਰੇਜ਼ ਕਰਨ ਲੱਗ ਜਾਂਦੇ ਹਨ ਪਰ ਤਰਕਸ਼ੀਲਾਂ ਲਈ ਇਸ ਕਿਸਮ ਦੀ ਕੋਈ ਬੰਦਸ਼ ਨਹੀ ਹੁੰਦੀ। ਧਾਰਮਿਕ ਲੋਕਾਂ ਦਾ ਆਪਣੇ ਬੱਚਿਆਂ ਨੂੰ ਦੇਣ ਲਈ ਸਮਾਂ ਘਟ ਜਾਂਦਾ ਹੈ ਕਿਉਂਕਿ ਉਹ ਘੰਟਿਆਂ ਬੱਧੀ ਪਾਠ-ਪੂਜਾ ਵਿੱਚ ਰੁੱਝੇ ਰਹਿੰਦੇ ਹਨ। ਉਂਝ ਵੀ ਧਾਰਮਿਕ ਲੋਕ ਮੋਹ ਤਿਆਗ ਦਿੰਦੇ ਹਨ ਪਰ ਤਰਕਸ਼ੀਲ ਤਾਂ ਪਰਿਵਾਰਕ ਮੈਂਬਰਾਂ ਪ੍ਰਤੀ ਮੋਹ ਵਧਾਉਂਦੇ ਹਨ।
4. ਗਿਆਨ -ਧਾਰਮਿਕ ਵਿਅਕਤੀਆਂ ਦਾ ਗਿਆਨ ਆਪਣੇ ਧਾਰਮਿਕ ਗ੍ਰੰਥ ਜਾਂ ਕੁੱਝ ਸੀਮਿਤ ਗ੍ਰੰਥਾਂ ਤੱਕ ਹੁੰਦਾ ਹੈ। ਪਰ ਤਰਕਸ਼ੀਲਾਂ ਦਾ ਗਿਆਨ ਇਸ ਲਈ ਵਧੇਰੇ ਹੁੰਦਾ ਹੈ ਕਿਉਂਕਿ ਉਨ•ਾਂ ਨੇ ਹਜ਼ਾਰਾਂ ਕਿਤਾਬਾਂ,ਅਖ਼ਬਾਰਾਂ, ਰਸਾਲਿਆਂ ਅਤੇ ਇੰਟਰਨੈੱਟ ਤੋਂ ਗਿਆਨ ਪ੍ਰਾਪਤ ਕੀਤਾ ਹੁੰਦਾ ਹੈ। ਧਾਰਮਿਕ ਵਿਅਕਤੀ ਜੇ ਘੁੰਮਣ-ਫਿਰਨ ਲਈ ਜਾਂਦੇ ਹਨ ਤਾਂ ਉਹ ਵੀ ਆਪਣੇ ਹੀ ਧਾਰਮਿਕ ਸਥਾਨਾਂ ਤੇ ਜਾਂਦੇ ਹਨ ਪਰ ਤਰਕਸ਼ੀਲ ਮਨੁੱਖਾਂ ਲਈ ਤਾਂ ਉਡਾਰੀਆਂ ਲਾਉਣ ਵਾਸਤੇ ਸਾਰਾ ਸੰਸਾਰ ਹੁੰਦਾ ਹੈ। ਧਾਰਮਿਕ ਵਿਅਕਤੀਆਂ ਵਿੱਚ ਕੀਰਤਨ ਅਤੇ ਕਥਾਵਾਂ ਕਰਨ ਵਾਲੇ ਕਲਪਿਤ ਕਿੱਸੇ ਕਹਾਣੀਆਂ ਭਰ ਦਿੰਦੇ ਹਨ। ਇਸ ਤਰ•ਾਂ ਉਹ ਸੱਚ ਤੋਂ ਦੂਰ ਹੋ ਜਾਂਦੇ ਹਨ। ਪਰ ਤਰਕਸ਼ੀਲਾਂ ਨੇ ਤਾਂ ਸੱਚ ਨੂੰ ਲੱਭਣਾ ਹੁੰਦਾ ਹੈ ਜਿਹੜਾ ਉਹ ਹਜ਼ਾਰਾਂ ਵਿਅਕਤੀਆਂ ਦੇ ਭਾਸ਼ਨਾਂ, ਰਚਨਾਵਾਂ ਆਦਿ ਵਿੱਚੋਂ ਭਾਲਦੇ ਹਨ।
5. ਕਾਰੋਬਾਰ – ਮੈਂ ਬਹੁਤ ਸਾਰੇ ਧਾਰਮਿਕ ਵਿਅਕਤੀਆਂ ਨੂੰ ਦੇਖਿਆ ਹੈ। ਉਹ ਆਪਣੀ ਭਗਤੀ ਦੀ ਲਗਨ ਕਾਰਨ ਡਿਊਟੀ ਪ੍ਰਤੀ ਵੀ ਇਮਾਨਦਾਰ ਨਹੀਂ ਹੁੰਦੇ। ਉਨ•ਾਂ ਦਾ ਗਿਆਨ ਸੀਮਿਤ ਹੋਣ ਕਰਕੇ ਵਿਦਿਆਰਥੀਆਂ ਨੂੰ ਵਧੀਆ ਗਿਆਨ ਨਹੀਂ ਦੇ ਸਕਦੇ। ਤਰਕਸ਼ੀਲਾਂ ਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ। ਆਪਣੇ ਕਾਰੋਬਾਰਾਂ ਵਿੱਚ ਮੁਕਾਬਲਾ ਕਰਨ ਲਈ ਉਨ•ਾਂ ਨੂੰ ਦੂਜਿਆਂ ਨਾਲੋਂ ਬਿਹਤਰ ਹੋਣਾ ਹੀ ਪਵੇਗਾ। ਉਂਝ ਵੀ ਤਰਕਸ਼ੀਲਾਂ ਦਾ ਕਿਸਮਤਵਾਦ ਵਿੱਚ ਕੋਈ ਵਿਸ਼ਵਾਸ਼ ਨਹੀਂ ਹੁੰਦਾ। ਇਸ ਲਈ ਉਹ ਆਪਣੇ ਉਹ ਕਾਰੋਬਾਰਾਂ ਵਿੱਚ ਵੀ ਸਫ਼ਲ ਹੋ ਜਾਂਦੇ ਹਨ।
ਸੋ ਆਓ ! ਤਰਕਸ਼ੀਲ ਸੋਚ ਨੂੰ ਅਪਣਾਈਏ। ਇਹ ਤੁਹਾਡੀ ਜ਼ਿੰਦਗੀ ਦੀ ਸਫ਼ਲਤਾ ਲਈ ਬੇਹੱਦ ਜ਼ਰੂਰੀ ਹੈ।