-ਮੇਘ ਰਾਜ ਮਿੱਤਰ
ਪਾਵੇਲ ਤੇ ਅਮਨ ਮੇਰੇ ਦੋ ਪੋਤੇ ਹਨ। ਪੰਜ ਸੱਤ ਦਿਨਾਂ ਬਾਅਦ ਜਦੋਂ ਵੀ ਮੈਂ ਅਮਨ ਨੂੰ ਮਿਲਦਾ ਹਾਂ। ਮੈਂ ਉਸਨੂੰ ਪੁੱਛਦਾ ਹਾਂ ”ਬਈ ਫਿਰ ਆਪਾਂ ਤੇਰਾ ਸਕੂਲ ਨੇੜੇ ਕਦੋਂ ਕਰਨਾ ਹੈ? ਇਹ ਆਪਾਂ ਕਿਵੇਂ ਕਰਾਂਗੇ?” ਸਕੀਮਾਂ ਅਸੀਂ ਦਾਦੇ ਪੋਤੇ ਨੇ ਪਹਿਲਾਂ ਹੀ ਬਣਾਈਆਂ ਹੋਈਆਂ ਹਨ। ਇਸ ਤਰ•ਾਂ ਸਾਡੇ ਹਲਕੇ ਫੁਲਕੇ ਮਜ਼ਾਕ ਇਕ ਦੂਜੇ ਨਾਲ ਚਲਦੇ ਰਹਿੰਦੇ ਹਨ। ਕਈ ਵਾਰ ਮੈਂ ਦੋਵਾਂ ਨੂੰ ਉਨ•ਾਂ ਦੇ ਸਾਈਕਲਾਂ ਤੇ ਦਾਣਾ ਮੰਡੀ ਵੀ ਲੈ ਜਾਂਦਾ ਹਾਂ। ਇੱਥੇ ਬੱਚਿਆਂ ਦੇ ਸਾਈਕਲ ਚਲਾਉਣ ਲਈ ਸੁਰੱਖਿਅਤ ਤੇ ਸਾਫ਼ ਸੜਕਾਂ ਹਨ ਤੇ ਨਾਲ ਹੀ ਇੱਥੇ ਟੱਪਰੀਵਾਸਾਂ ਦੀਆਂ ਕੁੱਲੀਆਂ ਹਨ। ਇਨ•ਾਂ ਕੁੱਲੀਆਂ ਵਾਲੇ ਬੱਚਿਆਂ ਲਈ ਸਾਈਕਲ ਵੀ ਦੁਰਲੱਭ ਹਨ। ਮੈਂ ਪਾਵੇਲ ਤੇ ਅਮਨ ਨੂੰ ਇਨ•ਾਂ ਬੱਚਿਆਂ ਨਾਲ ਘੁਲਣਾ ਮਿਲਣਾ ਵੀ ਸਿਖਾਉਂਦਾ ਹਾਂ। ਕਦੇ ਉਹ ਉਨ•ਾਂ ਨੂੰ ਸਾਈਕਲ ‘ਤੇ ਬਿਠਾ ਕੇ ਝੂਟੇ ਦਿੰਦੇ ਹਨ। ਕਦੇ ਉਹ ਆਪਣੇ ਸਾਈਕਲ ਉਨ•ਾਂ ਬੱਚਿਆਂ ਨੂੰ ਚਲਾਉਣ ਲਈ ਵੀ ਦੇ ਦਿੰਦੇ ਹਨ। ਇਸ ਪਿੱਛੇ ਮੇਰਾ ਉਦੇਸ਼ ਇਹ ਹੁੰਦਾ ਹੈ ਕਿ ਮੇਰੇ ਪੋਤੇ ਚੰਗੇ ਨਾਗਰਿਕ ਬਣਨ। ਮਨੁੱਖਤਾ ਨੂੰ ਬਗੈਰ ਜਾਤਾਂ-ਪਾਤਾਂ ਤੇ ਧਾਰਮਿਕ ਵਖਰੇਵਿਆਂ ਤੋਂ ਪਿਆਰ ਕਰਨਾ ਸਿੱਖਣ। ਇੱਥੇ ਮੈਂ ਆਪਣੇ ਪੋਤਿਆਂ ਨੂੰ ਪੁੱਛਦਾ ਹਾਂ ਕਿ ਇਨ•ਾਂ ਕੋਲ ਕਾਰਾਂ, ਕੁਰਸੀਆਂ ਅਤੇ ਬੈੱਡ ਆਦਿ ਕਿਉਂ ਨਹੀਂ? ਉਨ•ਾਂ ਦਾ ਜੁਆਬ ਹੁੰਦਾ ਹੈ ਕਿ ”ਇਹ ਗਰੀਬ ਲੋਕ ਹਨ।” ਇਸ ਤਰ•ਾਂ ਮੇਰੇ ਪੋਤੇ ਇਹ ਸਿੱਖਦੇ ਹਨ ਕਿ ਕਿਵੇਂ ਫਜੂਲ ਖਰਚੀ ਤੋਂ ਬਚਣਾ ਹੈ ਤਾਂ ਜੋ ਉਹ ਗਰੀਬ ਲੋਕ ਨਾ ਬਣ ਜਾਣ।
ਕਈ ਵਾਰ ਮੈਂ ਆਪਣੇ ਪੋਤਿਆਂ ਨੂੰ ਘਰ ਦੇ ਬਗੀਚੇ ਵਿਚ ਵਿਗਿਆਨ ਸਿਖਾਉਣਾ ਸ਼ੁਰੂ ਕਰ ਦਿੰਦਾ ਹਾਂ। ਉਨ•ਾਂ ਨੂੰ ਸਜੀਵ ਤੇ ਨਿਰਜੀਵ ਵਿਚ ਫਰਕ ਦਾ ਪਤਾ ਲੱਗਦਾ ਹੈ। ਉਹ ਪੌਦਿਆਂ ਦੇ ਟੁੱਟਣ ਦਾ ਦਰਦ ਮਹਿਸੂਸ ਕਰਦੇ ਹਨ। ਉਹ ਆਪਣੀ ਹਰ ਹਰਕਤ ਨੂੰ ਆਪਣੀ ਸਕੂਲੀ ਪੜ•ਾਈ ਨਾਲ ਜੋੜਨ ਦਾ ਯਤਨ ਕਰਦੇ ਹਨ। ਬਗੀਚੇ ਵਿਚੋਂ ਹੀ ਕਈ ਵਾਰ ਉਨ•ਾਂ ਨੇ ਤਿੱਤਲੀਆਂ, ਟਿਟੈਹਿਣਿਆਂ, ਜੋਕਾਂ ਤੇ ਹਰੇ ਪੱਤੇ ਖਾਣ ਵਾਲੀਆਂ ਸੁੰਡੀਆਂ ਨੂੰ ਫੜਿਆ ਹੈ। ਉਨ•ਾਂ ਨੂੰ ਬੋਤਲਾਂ ਵਿਚ ਬੰਦ ਕੀਤਾ ਹੈ। ਇਨ•ਾਂ ਸਾਰੀਆਂ ਗਤੀਵਿਧੀਆਂ ਨੇ ਉਨ•ਾਂ ਨੂੰ ਸਾਇੰਸ ਸਿਖਾਈ ਹੈ ਤੇ ਜੀਵ ਜੰਤੂਆਂ ਤੇ ਪੌਦਿਆਂ ਨੂੰ ਪਿਆਰ ਕਰਨਾ ਸਿਖਾਇਆ ਹੈ ਉਹ ਹੁਣ ਇਨ•ਾਂ ਜੀਵਾਂ ਤੋਂ ਡਰਦੇ ਵੀ ਨਹੀਂ। ਕਦੇ ਕਦੇ ਅਸੀਂ ਇਕੱਠੇ ਬੈਠ ਕੇ ਟੀ. ਵੀ. ਵੀ ਵੇਖਦੇ ਹਾਂ। ਟੀ. ਵੀ. ‘ਤੇ ਵਿਖਾਏ ਜਾਂਦੇ ਦ੍ਰਿਸ਼ਾਂ ਵਿਚ ਕਿਹੜਾ ਸੰਭਵ ਹੈ ਜਾਂ ਕਿਹੜਾ ਸੰਭਵ ਨਹੀਂ ਪੁੱਛਣ ਦਾ ਵੀ ਮੌਕਾ ਮੈਂ ਗਵਾਉਂਦਾ ਨਹੀਂ, ਕਿਉਂਕਿ ਅਜਿਹੇ ਸੁਆਲਾਂ ਨੇ ਵੀ ਬੱਚੇ ਦੀ ਸੋਚ ਨੂੰ ਸੇਧ ਦੇਣੀ ਹੁੰਦੀ ਹੈ। ਅਖਬਾਰੀ ਖਬਰਾਂ ਜਾਂ ਕਿਤਾਬੀ ਤਸਵੀਰਾਂ ਵਿਚਲੀਆਂ ਕਹਾਣੀਆਂ ਤੇ ਚੁਟਕਲੇ ਵੀ ਉਹ ਪਸੰਦ ਕਰਦੇ ਹਨ। ਕਈ ਵਾਰ ਇਹ ਵੀ ਸਾਡੀ ਵਿਚਾਰ ਚਰਚਾ ਨੂੰ ਸਹੀ ਸੇਧ ਦੇਣ ਦਾ ਵਸੀਲਾ ਬਣ ਜਾਂਦੇ ਹਨ।
ਕਈ ਵਾਰੀ ਇਹ ਦੋਵੇਂ ਜਣੇ ਮੈਨੂੰ ਇਹ ਵੀ ਕਹਿ ਦਿੰਦੇ ਹਨ ਕਿ ਇਹ ਗੱਲਾਂ ਸਾਡੀਆਂ ਕਿਤਾਬਾਂ ਵਿਚ ਪਹਿਲਾਂ ਹੀ ਲਿਖੀਆਂ ਹੋਈਆਂ ਹਨ।
ਘਰ ਵਿਚਲੇ ਖਰਾਬ ਉਪਕਰਣ ਮੈਂ ਅਕਸਰ ਹੀ ਬੱਚਿਆਂ ਦੇ ਹਵਾਲੇ ਕਰ ਦਿੰਦਾ ਹਾਂ ਤਾਂ ਜੋ ਉਹ ਉਸਦੀ ਬਣਤਰ ਤੇ ਕਾਰਜ ਵਿਧੀ ਸਮਝ ਸਕਣ। ਜਾਦੁ ਦੇ ਖੇਲ ਸਿਖਾਉਂਣਾ ਜਾਂ ਉਹਨਾਂ ਨੂੰ ਸਾਇੰਸ ਸਿਟੀ ਕਪੂਰਥਲਾ ਦਿਖਾਉਣਾ, ਵਿਗਿਆਨਕ ਖਿਲੌਣੇ ਖ੍ਰੀਦ ਕੇ ਦੇਣਾ ਜਾਂ ਵਿਗਿਆਨਕ ਨੁਮਾਇਸ਼ਾਂ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਅਜਿਹਾ ਸਾਰਾ ਕੁਝ ਹੀ ਉਹਨਾਂ ਨੂੰ ਵਿਗਿਆਨਕ ਸਿਖਾਉਣ ਦੇ ਕੁਝ ਯਤਨ ਹਨ।
ਰਾਤ ਨੂੰ ਕਦੇ ਕਦੇ ਛੱਤ ਤੇ ਲਿਜਾ ਕੇ ਉਹਨਾਂ ਨੂੰ ਬ੍ਰਹਿਮੰਡ ਬਾਰੇ ਜਾਣਕਾਰੀ ਦੇਣਾ ਵੀ ਮੈਂ ਯਾਦ ਰੱਖਦਾ ਹਾਂ ਇਹ ਸਾਰਾ ਕੁਝ ਮੈਂ ਇਸ ਲਈ ਵੀ ਕਰਦਾ ਹਾਂ ਕਿ ਮੈਂ ਇਹ ਜਾਣਕਾਰੀ ਆਪਣੇ ਅਧਿਆਪਕਾਂ, ਮਾਪਿਆਂ ਤੇ ਕਿਤਾਬਾਂ ਤੋਂ ਪ੍ਰਾਪਤ ਕੀਤੀ ਹੈ, ਇਸ ਲਈ ਇਸ ਜਾਣਕਾਰੀ ਨੂੰ ਅਗਲੀ ਪੀੜੀ ਨੂੰ ਸੌਂਪ ਜਾਣਾ ਮੇਰਾ ਵਿਖਲਾਕੀ ਫਰਜ਼ ਹੈ। ਮੇਰਾ ਇਹ ਯਤਨ ਹੈ ਕਿ ਮੇਰੇ ਪੋਤੇ ਵੀ ਮੇਰੇ ਪੁੱਤਰਾਂ ਦੀ ਤਰਾਂ ਮੇਰੀ ਰਾਹ ਦੇ ਚਾਨਣ ਮੁਨਾਰੇ ਹੋਣ, ਮੈਂ ਇਹ ਵੀ ਚਾਹਾਂਗਾ ਕਿ ਮੇਰੇ ਪਾਠਕਾਂ ਦੇ ਬੱਚੇ ਵੀ ਅਜਿਹੀ ਸੋਚ ਦੇ ਧਾਰਨੀ ਬਣਕੇ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ ਸਰ ਕਰਨ।

