ਮੇਘ ਰਾਜ ਮਿੱਤਰ
1. ਕੀ ਦੁਨੀਆਂ ਵਿੱਚ ਕੋਈ ਅਜਿਹਾ ਜੀਵ ਹੈ ਜਿਸਦੇ ਦਿਲ ਨਹੀਂ ਹੈ, ਜੇ ਕੋਈ ਅਜਿਹਾ ਜੀਵ ਹੈ ਤਾਂ ਉਹ ਦਿਲ ਤੋਂ ਬਿਨਾਂ ਕਿਵੇਂ ਜਿਉਂਦਾ ਰਹਿੰਦਾ ਹੈ?
2. ਕੀ ਪਸ਼ੂ ਰੰਗ ਪਹਿਚਾਣਦੇ ਹਨ। ਜੇ ਨਹੀਂ ਤਾਂ ਇਸਦਾ ਕੀ ਕਾਰਨ ਹੈ?
3. ਜਦੋਂ ਰਾਕਟ ਨੂੰ ਛੱਡਿਆ ਜਾਂਦਾ ਹੈ ਤਾਂ ਉਹ ਉਜ਼ੋਨ ਪਰਤ ਨੂੰ ਪਾਰ ਕਰ ਜਾਂਦਾ ਹੈ। ਉੱਧਰ ਸੂਰਜ ਤੋਂ ਆ ਰਹੀਆਂ ਪਰਾਵੈਂਗਣੀ ਕਿਰਨਾਂ ਖਤਰਨਾਕ ਸਿੱਧ ਹੋਈਆਂ ਹਨ। ਪਰ ਜਦੋਂ ਰਾਕਟ ਓਜ਼ੋਨ ਪਰਤ ਪਾਰ ਕਰ ਜਾਂਦਾ ਹੈ ਤਾਂ ਕੀ ਸੂਰਜ ਦੀ ਕਿਰਨਾਂ ਰਾਕਟ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ? ਜੇ ਨਹੀਂ ਤਾਂ ਕਿਉਂ?
– ਗੁਰਵਿੰਦਰ ਸਿੰਘ ਸਿੱਧੂ, ਪਿੰਡ ਬੋੜਾਵਾਲ
ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ
– ਧਰਤੀ ਉੱਤੇ ਜੀਵਾਂ ਦੀਆਂ ਲੱਖਾਂ ਹੀ ਕਿਸਮ ਅਜਿਹੀਆਂ ਹਨ ਜਿਨ੍ਹਾਂ ਦੇ ਦਿਲ ਨਹੀਂ ਹੁੰਦਾ। ਜਿਵੇਂ ਅਮੀਬਾ, ਪੈਰਾਮੀਸ਼ੀਅਮ ਆਦਿ। ਬਹੁਤ ਸਾਰੇ ਜੀਵ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਖੂਨ ਵੀ ਨਹੀਂ ਹੁੰਦਾ ਸਗੋਂ ਕੁਝ ਰਸ ਹੀ ਹੁੰਦੇ ਹਨ। ਉਹ ਆਪਣੀ ਚਮੜੀ ਤੋਂ ਹੀ ਦਿਲ ਦਾ ਕੰਮ ਲੈਂਦੇ ਹਨ।
– ਬਾਂਦਰ, ਮਨੁੱਖ, ਬੈਲ ਆਦਿ ਕੁਝ ਜਾਨਵਰ ਅਜਿਹੇ ਹਨ ਜਿਨ੍ਹਾਂ ਨੂੰ ਰੰਗਾਂ ਦੀ ਥੋੜ੍ਹੀ ਪਹਿਚਾਨ ਹੁੰਦੀ ਹੈ। ਰੰਗਾਂ ਦਾ ਸਬੰਧ ਦਿਮਾਗ ਨਾਲ ਹੁੰਦਾ ਹੈ। ਜੇ ਦਿਮਾਗ ਵਿਕਸਿਤ ਹੈ ਤਾਂ ਰੰਗਾਂ ਦੀ ਪਹਿਚਾਣ ਹੋ ਜਾਂਦੀ ਹੈ।
– ਪਰਾਵੈਂਗਣੀ ਕਿਰਨਾਂ ਰਾਕੇਟ ਵਿੱਚ ਬੈਠੇ ਮਨੁੱਖਾਂ ਲਈ ਖਤਰਨਾਕ ਤਾਂ ਹੁੰਦੀਆਂ ਹਨ। ਪਰ ਮਨੁੱਖ ਜਾਂ ਤਾਂ ਆਪਣੇ ਪੁਲਾੜੀ ਸੂਟ ਵਿੱਚ ਬੰਦ ਹੁੰਦਾ ਹੈ ਜਾਂ ਰਾਕੇਟ ਦੇ ਵਿੱਚ ਹੁੰਦਾ ਹੈ। ਇਸ ਲਈ ਇਹ ਮਨੁੱਖ ਨੂੰ ਉਸੇ ਹਾਲਤ ਵਿੱਚ ਨੁਕਸਾਨ ਪੁਚਾ ਸਕਦੀਆਂ ਹਨ ਜੇ ਇਹ ਸਿੱਧਾ ਉਸਦੀ ਚਮੜੀ `ਤੇ ਪੈਂਦੀਆਂ ਹਨ।